ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਕੇਜਰੀਵਾਲ 3 ਜੁਲਾਈ ਨੂੰ ਅੰਮ੍ਰਿਤਸਰ ‘ਚ 51 ਨੁਕਾਤੀ ‘ਯੂਥ ਮੈਨੀਫ਼ੈਸਟੋ’ ਜਾਰੀ ਕਰਨਗੇ

June 26, 2016 | By

ਚੰਡੀਗੜ੍ਹ: ਸਾਲ 2017 ‘ਚ ਹੋਣ ਵਾਲੀਆਂ ਪੰਜਾਬ ਚੋਣਾਂ ਲਈ ਆਮ ਆਦਮੀ ਪਾਰਟੀ ਦਾ ‘ਯੂਥ ਮੈਨੀਫ਼ੈਸਟੋ’ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਆਉਂਦੀ 3 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਜਾਰੀ ਕੀਤਾ ਜਾਵੇਗਾ। ਇਸ ਸਬੰਧੀ ਸਮਾਰੋਹ ਸ਼ਾਮ ਨੂੰ ਹੋਵੇਗਾ, ਜਿਸ ਦੇ ਸਥਾਨ ਅਤੇ ਹੋਰ ਸਮੁੱਚੇ ਵੇਰਵਿਆਂ ਬਾਰੇ ਫ਼ੈਸਲਾ ਇੱਕ ਜਾਂ ਦੋ ਦਿਨਾਂ ਵਿੱਚ ਲੈ ਲਿਆ ਜਾਵੇਗਾ।

ਪ੍ਰੈਸ ਕਾਨਫਰੰਸ ਦੌਰਾਨ ਆਸ਼ੀਸ਼ ਖੇਤਾਨ ਅਤੇ ਕੰਵਰ ਸੰਧੂ

ਪ੍ਰੈਸ ਕਾਨਫਰੰਸ ਦੌਰਾਨ ਆਸ਼ੀਸ਼ ਖੇਤਾਨ ਅਤੇ ਕੰਵਰ ਸੰਧੂ

ਸਨਿੱਚਰਵਾਰ ਨੂੰ ਮੀਡੀਆ ਨੂੰ ਸੰਬੋਧਨ ਕਰਦਿਆਂ ‘ਦਿੱਲੀ ਡਾਇਲਾੱਗ ਕਮਿਸ਼ਨ’ ਦੇ ਚੇਅਰਪਰਸਨ ਆਸ਼ੀਸ਼ ਖੇਤਾਨ ਅਤੇ ‘ਪੰਜਾਬ ਡਾਇਲਾੱਗ’ ਕਮੇਟੀ ਦੇ ਚੇਅਰਪਰਸਨ ਕੰਵਰ ਸੰਧੂ ਨੇ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਤਿੰਨ ਦਿਨਾ ਦੌਰੇ ਲਈ ਪੰਜਾਬ ਆਉਣਗੇ। ਮੈਨੀਫ਼ੈਸਟੋ ਜਾਰੀ ਕਰਨ ਤੋਂ ਇਲਾਵਾ, ਉਹ ਸਮਾਜ ਦੇ ਵੱਖੋ-ਵੱਖਰੇ ਵਰਗਾਂ ਨਾਲ ਮੁਲਾਕਾਤ ਵੀ ਕਰਨਗੇ। ਉਨ੍ਹਾਂ ਮੀਟਿੰਗਾਂ ਦੇ ਵੇਰਵੇ ਵੀ ਛੇਤੀ ਜਾਰੀ ਕਰ ਦਿੱਤੇ ਜਾਣਗੇ। ਪ੍ਰੈਸ ਕਾਨਫ਼ਰੰਸ ‘ਚ ‘ਪੰਜਾਬ ਡਾਇਲਾੱਗ’ ਕਮੇਟੀ ਦੇ ਮੈਂਬਰ ਚੰਦਰ ਸੁਤਾ ਡੋਗਰਾ, ਗੁਰਿੰਦਰ ਸਿੰਘ ਬੜਿੰਗ, ਗਗਨਦੀਪ ਸਿੰਘ ਚੱਢਾ, ਦਿਨੇਸ਼ ਚੱਢਾ, ਨਿਸ਼ਚਲ ਗੌੜ ਅਤੇ ਵਿਕਾਸ ਕੰਬੋਜ ਵੀ ਮੌਜੂਦ ਸਨ।

ਆਸ਼ੀਸ਼ ਖੇਤਾਨ ਨੇ ਦੱਸਿਆ ਕਿ ਆਉਂਦੀਆਂ ਚੋਣਾਂ ਲਈ ਮੈਨੀਫ਼ੈਸਟੋ ਤਿਆਰ ਕਰਨ ਵਾਸਤੇ ‘ਪੰਜਾਬ ਡਾਇਲਾੱਗ’ ਕਮੇਟੀ ਨੇ ਪੰਜਾਬ ਦੇ ਸਕੂਲਾਂ, ਕਾਲਜਾਂ, ਡਿਸਪੈਂਸਰੀਆਂ, ਉਦਯੋਗਾਂ ਤੇ ਹੋਰਨਾਂ ਸਥਾਨਾਂ ਦੇ ਦੌਰੇ ਕੀਤੇ ਹਨ। ਅਧਿਆਪਕਾਂ, ਉਦਯੋਗਪਤੀਆਂ ਤੇ ਸਮਾਜ ਦੇ ਹੋਰਨਾਂ ਵਰਗਾਂ ਨਾਲ ਗੱਲਬਾਤ ਤੋਂ ਬਾਅਦ ਹੀ ‘ਯੂਥ ਮੈਨੀਫ਼ੈਸਟੋ’ ਤਿਆਰ ਕੀਤਾ ਗਿਆ ਹੈ। ਇਨ੍ਹਾਂ ਸੰਵਾਦਾਂ ‘ਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਇਸੇ ਆਸ ਨਾਲ ਭਾਗ ਲਿਆ ਕਿ ਆਮ ਆਦਮੀ ਪਾਰਟੀ ਹੀ ਪੰਜਾਬ ਦੀ ਮੌਜੂਦਾ ਸਥਿਤੀ ਵਿੱਚ ਤਬਦੀਲੀ ਲਿਆ ਸਕਦੀ ਹੈ।

ਸੰਧੂ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਵਿਭਾਗਾਂ ਵਿੱਚ ਵੱਡੀ ਗਿਣਤੀ ‘ਚ ਆਸਾਮੀਆਂ ਖ਼ਾਲੀ ਪਈਆਂ ਹਨ। ਬਹੁਤ ਸਾਰੇ ਸਕੂਲ ਬਿਨਾ ਅਧਿਆਪਕਾਂ ਤੋਂ ਹੀ ਚੱਲ ਰਹੇ ਹਨ ਅਤੇ ਪੰਜਾਬ ਦੀਆਂ ਲਗਭਗ ਅੱਧੀਆਂ ਆਈ.ਟੀ.ਆਈਜ਼ ‘ਚ ਆਸਾਮੀਆਂ ਪੁਰੀਆਂ ਨਹੀਂ ਕੀਤੀਆਂ ਗਈਆਂ ਹਨ। ਸਕੂਲਾਂ ਵਿੱਚ ਖੇਡ ਅਧਿਆਪਕਾਂ ਦੀਆਂ ਆਸਾਮੀਆਂ ਲਈ ਵੀ ਕੋਈ ਭਰਤੀ ਨਹੀਂ ਕੀਤੀ ਜਾ ਰਹੀ, ਜਿਸ ਕਰ ਕੇ ਪੰਜਾਬ ਦਾ ਖੇਡ ਸਭਿਆਚਾਰ ਬਰਬਾਦ ਹੋ ਕੇ ਰਹਿ ਗਿਆ ਹੈ।

3 ਜੁਲਾਈ ਦਾ ਸਮਾਰੋਹ ਅਹਿਮ ਹੈ ਕਿਉਂਕਿ ਪੰਜਾਬ ‘ਚ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤਾ ਜਾਣ ਵਾਲਾ ਇਹ ਪਹਿਲਾ ਮੈਨੀਫ਼ੈਸਟੋ ਹੋਵੇਗਾ। ਪਾਰਟੀ ਨੌਜਵਾਨਾਂ ਨੂੰ ਬਹੁਤ ਅਹਿਮੀਅਤ ਦੇ ਰਹੀ ਹੈ, ਜਿਨ੍ਹਾਂ ਦੀ ਗਿਣਤੀ ਵਿੱਚ ਸੂਬੇ ਦੀ ਕੁੱਲ ਆਬਾਦੀ ਦਾ 30 ਫ਼ੀਸਦੀ ਹੈ। ਯੂਥ ਮੈਨੀਫ਼ੈਸਟੋ ਤੋਂ ਬਾਅਦ, ਪਾਰਟੀ ਦੀ ‘ਪੰਜਾਬ ਡਾਇਲਾੱਗ’ ਕਮੇਟੀ ਕਿਸਾਨਾਂ, ਦਲਿਤਾਂ, ਮਹਿਲਾਵਾਂ ਤੇ ਸਮਾਜ ਦੇ ਹੋਰ ਵਰਗਾਂ ਲਈ ਵੀ ਅਜਿਹੇ ਮੈਨੀਫ਼ੈਸਟੋ ਤਿਆਰ ਕਰ ਰਹੀ ਹੈ।

‘ਪੰਜਾਬ ਡਾਇਲਾੱਗ’ ਕਮੇਟੀ ਦੇ ਚੇਅਰਪਰਸਨ ਨੇ ਸੂਬੇ ਵਿੱਚ ਕੀਤੇ ਵੱਖੋ-ਵੱਖਰੇ ਸੰਵਾਦਾਂ ਦੌਰਾਨ ਹੋਏ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ,”ਵੱਖੋ-ਵੱਖਰੇ ਵਰਗਾਂ ਨਾਲ ਕੀਤੀ ਗੱਲਬਾਤ ਤੋਂ ਸੂਬੇ ਦੇ ਨੌਜਵਾਨਾਂ ਲਈ ਸਹੂਲਤਾਂ ਤੇ ਬੁਨਿਆਦੀ ਢਾਂਚੇ ਦੀ ਬਹੁਤ ਨਿਰਾਸ਼ਾਜਨਕ ਤਸਵੀਰ ਸਾਹਮਣੇ ਆਈ ਹੈ।”

ਯੂਥ ਮੈਨੀਫ਼ੈਸਟੋ ਤਿਆਰ ਕਰਨ ਲਈ ਬਹੁਤ ਮਿਹਨਤ ਕੀਤੀ ਗਈ ਹੈ ਤੇ ਉਸ ਤੋਂ ਪਹਿਲਾਂ ਨੌਜਵਾਨਾਂ ਨਾਲ 7 ਸੰਵਾਦ ਰਚਾਏ ਗਏ ਸਨ। ਇਨ੍ਹਾਂ ਸੰਵਾਦਾਂ ਵਿੱਚ 700 ਤੋਂ ਲੈ ਕੇ 2,000 ਤੱਕ ਦਾ ਇਕੱਠ ਹੁੰਦਾ ਰਿਹਾ ਸੀ। ਇਹ ਸੰਵਾਦ ਮੋਹਾਲੀ, ਸੰਗਰੂਰ, ਪਟਿਆਲਾ, ਬਠਿੰਡਾ, ਜਲੰਧਰ, ਮਲੇਰਕੋਟਲਾ ਅਤੇ ਰਾਏਕੋਟ ਜਿਹੇ ਸ਼ਹਿਰਾਂ ਵਿੱਚ ਰਚਾਏ ਗਏ ਸਨ। ਉਨ੍ਹਾਂ ਸੰਵਾਦਾਂ ਦੌਰਾਨ ਜਿੱਥੇ ਨੌਜਵਾਨਾਂ ਨਾਲ ਸਿੱਧੀ ਗੱਲਬਾਤ ਕੀਤੀ ਗਈ ਸੀ, ਉੱਥੇ 1,610 ਲਿਖਤੀ ਸੁਝਾਅ ਵੀ ਮਿਲੇ ਸਨ। ਡਾਕ ਤੇ ਈ-ਮੇਲਾਂ ਰਾਹੀਂ ਕੁੱਲ 340 ਸੁਝਾਅ ਮਿਲੇ ਸਨ ਅਤੇ ਟੀਮ ਨੇ ਫ਼ੇਸਬੁੱਕ ‘ਤੇ 6,000 ਵਿਅਕਤੀਆਂ ਨਾਲ ਗੱਲਬਾਤ ਕੀਤੀ ਸੀ। ਵੱਖੋ-ਵੱਖਰੇ ਖੇਤਰਾਂ ਦੇ 44 ਮਾਹਿਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਸਨ ਅਤੇ 6 ਯੂਨੀਅਨਾਂ ਨਾਲ ਸੰਪਰਕ ਕੀਤਾ ਗਿਆ ਸੀ। ਟੀਮ ਸੂਬੇ ਦੇ 10 ਵਿਦਿਅਕ ਅਦਾਰਿਆਂ ਦੇ ਨਾਲ-ਨਾਲ ਹੋਰਨਾਂ ਸਥਾਨਾਂ ‘ਤੇ ਵੀ ਗਈ ਸੀ।

ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਦਾਖ਼ਲਾ ਲੈਣ ਦੇ ਚਾਹਵਾਨ ਨੌਜਵਾਨਾਂ ਲਈ ‘ਡੋਪ-ਟੈਸਟ’ ਲਾਜ਼ਮੀ ਕਰਾਰ ਦਿੱਤੇ ਜਾਣ ਦੀਆਂ ਰਿਪੋਰਟਾਂ ਉੱਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਆਸ਼ੀਸ਼ ਖੇਤਾਨ ਨੇ ਕਿਹਾ ਕਿ ਅਜਿਹੀ ਨੀਤੀ ਨਾਲ ਤਾਂ ਨੌਜਵਾਨ ਹੋਰ ਵੀ ਨਿਰਾਸ਼ ਹੋਣਗੇ ਅਤੇ ਆਮ ਆਦਮੀ ਪਾਰਟੀ ਸੂਬਾ ਸਰਕਾਰ ਦੀ ਇਸ ਤਜਵੀਜ਼ ਨੂੰ ਮੁੱਢੋਂ ਰੱਦ ਕਰਦੀ ਹੈ। ਖੇਤਾਨ ਨੇ ਵਿਅੰਗਾਤਮਕ ਲਹਿਜੇ ਵਿੱਚ ਕਿਹਾ,”ਨੌਜਵਾਨਾਂ ਦਾ ਅਜਿਹਾ ਟੈਸਟ ਕਰਨ ਨਾਲੋਂ ਤਾਂ ਪੰਜਾਬ ਦੇ ਕੈਬਿਨੇਟ ਮੰਤਰੀਆਂ ਦਾ ਡੋਪ ਟੈਸਟ ਕੀਤਾ ਜਾਣਾ ਚਾਹੀਦਾ ਹੈ। ਅਜਿਹਾ ਘਟੀਆ ਵਿਚਾਰ ਲਾਗੂ ਕਰਨ ਤੋਂ ਪਹਿਲਾਂ, ਬਾਦਲ ਪਰਿਵਾਰ ਤੇ ਉਸ ਦੇ ਰਿਸ਼ਤੇਦਾਰ ਮੰਤਰੀਆਂ ਨੂੰ ਆਪਣੇ ਡੋਪ-ਟੈਸਟ ਕਰਵਾਉਣੇ ਚਾਹੀਦੇ ਹਨ।”

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,