ਆਮ ਖਬਰਾਂ

ਭਾਰਤ ਵਿੱਚ ਬਣ ਚੱਕੇ ਹਨ ਬਗਾਵਤ ਵਾਲੇ ਅਸਾਰ; ਖਾਲਿਸਤਾਨ ਦੀ ਮੰਗ ਕਰਨਾ ਕੋਈ ਜੁਰਮ ਨਹੀਂ : ਜਸਟਿਸ ਕਾਟਜੂ

December 11, 2015 | By

ਬਾਦਲ ਪਰਿਵਾਰ ਤੇ ਚਲਾਏ ਤਿੱਖੇ ਸ਼ਬਦੀ ਵਾਰ

ਚੰਡੀਗੜ੍ਹ: ਕੱਲ੍ਹ ਚੰਡੀਗੜ੍ਹ ਦੇ ਮੱਖਣ ਸ਼ਾਹ ਲੁਬਾਣਾ ਹਾਲ ਵਿੱਚ ਮਨੁੱਖੀ ਅਧਿਕਾਰਾਂ ਅਤੇ ਭਾਰਤ ਵਿੱਚ ਫੈਲ ਰਹੀ ਅਸਹਿਣਸ਼ੀਲਤਾ ਬਾਰੇ ਕਰਵਾਈ ਗਈ ਕਾਨਫਰੰਸ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਭਾਰਤ ਦੀ ਸੁਪਰੀਮ ਕੌਰਟ ਦੇ ਸਾਬਕਾ ਮੁੱਖ ਜੱਜ ਮਾਰਕੰਡੇ ਕਾਟਜੂ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਭਾਰਤ ਵਿੱਚ ਸਦਨ, ਅਫਸਰਸ਼ਾਹੀ ਅਤੇ ਨਿਆ ਪ੍ਰਣਾਲੀ ਸਹੀ ਕੰਮ ਕਰਨ ਵਿੱਚ ਫੇਲ ਸਾਬਿਤ ਹੋਈ ਹੈ ਜਿਸ ਕਾਰਨ ਭਾਰਤ ਵਿੱਚ ਬਗਾਵਤ ਹੋਣ ਵਰਗੇ ਹਾਲਾਤ ਬਣ ਗਏ ਹਨ।

ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਸੁਪਰੀਮ ਕੋਰਟ ਦੇ ਸਾਬਕਾ ਮੁੱਖ ਜੱਜ ਮਾਰਕੰਡੇ ਕਾਟਜੂ

ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਸੁਪਰੀਮ ਕੋਰਟ ਦੇ ਸਾਬਕਾ ਮੁੱਖ ਜੱਜ ਮਾਰਕੰਡੇ ਕਾਟਜੂ

ਜਸਟਿਸ ਕਾਟਜੂ ਸਿੱਖਸ ਫਾਰ ਹਿਊਮਨ ਰਾਈਟਸ ਅਤੇ ਸਿੱਖ ਯੂਥ ਆਫ ਪੰਜਾਬ ਵੱਲੋਂ ਕੁਝ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਈ ਗਈ ਕਾਨਫਰੰਸ ਦੌਰਾਨ ਬੋਲ ਰਹੇ ਸਨ।ਸਰਬੱਤ ਖਾਲਸਾ ਸਮਾਗਮ ਦੇ ਪ੍ਰਬੰਧਕਾਂ ਤੇ ਪੰਜਾਬ ਸਰਕਾਰ ਵੱਲੋਂ ਪਾਏ ਗਏ ਦੇਸ਼ ਧਰੋਹ ਦੇ ਕੇਸਾਂ ਨੂੰ ਨਜਾਇਜ ਕਰਾਰ ਦਿੰਦਿਆਂ ਜਸਟਿਸ ਕਾਟਜੂ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਵੀਚਾਰਾਂ ਦੀ ਆਜ਼ਾਦੀ ਦਾ ਹੱਕ ਦਿੰਦਾ ਹੈ ਜਿਸ ਕਾਰਨ ਸ਼ਾਂਤਮਈ ਰਹਿ ਕੇ ਖਾਲਿਸਤਾਨ ਦੀ ਮੰਗ ਕਰਨ ਕੋਈ ਜੁਰਮ ਨਹੀਂ ਹੈ।ਹਲਾਂਕਿ ਉਨ੍ਹਾਂ ਕਿਹਾ ਕਿ ਉਹ ਸੰਯੁਕਤ ਭਾਰਤ ਦੇ ਹੱਕ ਵਿੱਚ ਹਨ, ਪਰ ਹਰ ਇਨਸਾਨ ਨੂੰ ਆਪਣੇ ਵੀਚਾਰ ਰੱਖਣ ਦੀ ਆਜ਼ਾਦੀ ਹੈ।

ਉਨ੍ਹਾਂ ਕਿਹਾ ਕਿ ਭਾਵੇਂ ਕਿ ਪ੍ਰੋ. ਭੁੱਲਰ ਨੂੰ ਉਹ ਜਾਣਦੇ ਨਹੀਂ ਸਨ ਪਰ ਜਿਸ ਦਿਨ ਉਨ੍ਹਾਂ ਨੂੰ ਫਾਂਸੀ ਦੀ ਸਜਾ ਦਾ ਐਲਾਨ ਹੋਇਆ ਤੇ ਉਨ੍ਹਾਂ ਨੇਂ ਪ੍ਰੋ. ਭੁੱਲਰ ਦਾ ਕੇਸ ਪੜਿਆ ਤਾਂ ਉਨ੍ਹਾਂ ਵੇਖਿਆ ਕਿ ਇੱਕ ਨਿਰਦੋਸ਼ ਨੂੰ ਫਾਂਸੀ ਦੀ ਸਜਾ ਹੋ ਰਹੀ ਹੈ।ਉਨ੍ਹਾਂ ਇਸ ਸੰਬੰਧ ਵਿੱਚ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਤੱਕ ਪਹੁੰਚ ਕੀਤੀ ਜਿਸ ਤੋਂ ਬਾਅਦ ਪ੍ਰੋ. ਭੁੱਲਰ ਦੀ ਫਾਂਸੀ ਦੀ ਸਜਾ ਰੱਦ ਹੋਈ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰੋ. ਭੁੱਲਰ ਨਿਰਦੋਸ਼ ਹੈ ਇਸ ਲਈ ਉਨ੍ਹਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਹੈ।

ਪੰਜਾਬ ਸਰਕਾਰ ਅਤੇ ਬਾਦਲ ਪਰਿਵਾਰ ਤੇ ਸਖਤ ਟਿੱਪਣੀਆਂ ਕਰਦੇ ਹੋਏ ਕਾਟਜੂ ਨੇ ਕਿਹਾ ਕਿ ਪੰਜਾਬ ਬਾਦਲ ਪਰਿਵਾਰ ਦੀ ਜਗੀਰ ਨਹੀਂ ਹੈ।ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਲੋਕਾਂ ਨੂੰ ਸਰਕਾਰ ਦੀ ਨਿੰਦਾ ਕਰਨ ਦਾ ਅਧਿਕਾਰ ਹੈ, ਪਰ ਜਿਸ ਤਰ੍ਹਾਂ ਪੰਜਾਬ ਸਰਕਾਰ ਲੋਕਾਂ ਤੇ ਦੇਸ਼ ਧਰੋਹ ਦੇ ਕੇਸ ਪਾ ਰਹੀ ਹੈ ਜੋ ਕਿ ਗੈਰਕਨੂੰਨੀ ਹੈ ਇਸ ਨਾਲ ਲੋਕ ਡਰੇ ਹੋਏ ਹਨ।

ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਸਿਆਸਤ ਨਹੀਂ ਵਪਾਰ ਕਰ ਰਿਹਾ ਹੈ।ੳਨਾਂ ਕਿਹਾ ਕਿ ਮੈਂ ਸੁਣਿਆ ਹੈ ਕਿ ਰੇਤਾ ਮਾਫੀਆ, ਨਸ਼ਾ ਮਾਫੀਆ, ਬਜਰੀ ਮਾਫੀਆ, ਕੇਬਲ, ਟਰਾਂਸਪੋਰਟ ਸਭ ਕੁਝ ਇਸ ਪਰਿਵਾਰ ਨੇਂ ਸਾਂਭਿਆ ਹੋਇਆ ਹੈ। ਉਨ੍ਹਾਂ ਬਾਦਲ ਪਰਿਵਾਰ ਨੂੰ ਸਲਾਹ ਦਿੱਤੀ ਕਿ ਉਹ ਸਿਆਸਤ ਛੱਡ ਕੇ ਵਪਾਰ ਹੀ ਕਰਨ।ਉਨ੍ਹਾਂ ਕਿਹਾ ਕਿ ਪੰਜਾਬ ਦਾ ਸਾਰਾ ਖਜਾਨਾ ਬਾਦਲ ਪਰਿਵਾਰ ਖਾ ਗਿਆ ਤੇ ਹੁਣ ਮੁਲਾਜਮਾਂ ਦੀਆਂ ਤਨਖਾਹਾਂ ਦੇਣ ਲਈ ਵਿਧਵਾ ਘਰ, ਜੇਲਾਂ ਗਿਰਵੀ ਰੱਖੇ ਜਾ ਰਹੇ ਹਨ ।

ਉਨ੍ਹਾਂ ਪੁਲਿਸ ਮੁਲਾਜਮਾ ਨੂੰ ਸਖਤ ਲਹਿਜੇ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ੳੋਹ ਕਨੂੰਨ ਦੀ ਉਲੰਘਣਾ ਕਰਦੇ ਹੋਏ ਲੋਕਾਂ ਤੇ ਝੂਠੇ ਕੇਸ ਬਣਾਉਣਗੇ ਜਾ ਝੂਠੇ ਮੁਕਾਬਲੇ ਕਰਨਗੇ ਤਾਂ ਇਸ ਦੀ ਸਜਾ ਉਨ੍ਹਾਂ ਨੂੰ ਜਰੂਰ ਮਿਲੇਗੀ।ਉਨ੍ਹਾਂ ਕਿਹਾ ਕਿ ਜਿਹੜਾ ਪੁਲਿਸ ਮੁਲਾਜਮ ਕਿਸੇ ਇਨਸਾਨ ਨੂੰ ਝੂਠੇ ਮੁਕਾਬਲੇ ਵਿੱਚ ਮਾਰਨ ਦਾ ਦੋਸ਼ੀ ਸਾਬਿਤ ਹੁੰਦਾ ਹੈ ਉਸ ਨੂੰ ਸਜਾ-ਏ-ਮੌਤ ਹੋਣੀ ਚਾਹੀਦੀ ਹੈ।

ਪੰਜਾਬ ਦੀ ਮਰ ਰਹੀ ਕਿਸਾਨੀ ਤੇ ਦੁੱਖ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਜਿਹੜੇ ਪੰਜਾਬੀ ਕਾਮਯਾਬ ਕਿਸਾਨ ਬਣੇ ਹਨ ਉਹ ਭਾਰਤ ਦਾ ਢਿੱਡ ਭਰਨ ਵਾਲੇ ਪੰਜਾਬ ਦੀ ਧਰਤੀ ਤੇ ਮਰ ਰਹੇ ਹਨ। ਇਸ ਪਿੱਛੇ ਕੋਈ ਵੱਡੀ ਗੜਬੜ ਹੈ ਜੋ ਹੁਣ ਬਰਦਾਸ਼ਤ ਨਹੀਂ ਹੋਣੀ ਚਾਹੀਦੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,