ਚੋਣਵੀਆਂ ਲਿਖਤਾਂ » ਲੇਖ » ਸਾਹਿਤਕ ਕੋਨਾ » ਸਿੱਖ ਇਤਿਹਾਸਕਾਰੀ

ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨ ਕੋਇ

April 4, 2020 | By

ਕੌਮਾਂ ਦੀਆਂ ਬਣਾਵਟਾਂ ਸਦਾ ਹੀ ਜ਼ਿਹਨੀ ਤਬਦੀਲੀ ਨਾਲ ਬਦਲਦੀਆਂ ਰਹਿੰਦੀਆਂ ਹਨ। ਜਿਹੋ ਜਿਹੀ ਮਾਨਸਿਕ ਅਵਸਥਾ ਕਿਸੇ ਕੌਮ ਦੀ ਹੁੰਦੀ ਹੈ, ਉਹੋ ਜਿਹਾ ਵਿਵਹਾਰ ਕਰਨ ਕਰਕੇ ਹੀ ਉਹ ਸਹਿਜੇ ਸਹਿਜੇ ਉਸ ਰੂਪ ਵਿਚ ਢਲ ਜਾਂਦੀ ਹੈ। ਇਸੇ ਕਰਕੇ ਹੀ ਆਗੂ ਜੋ ਚਲਨ ਤੇ ਜੀਵਨ ਕੌਮਾਂ ਦਾ ਬਣਾਉਣਾ ਚਾਹੁਣ, ਉਹਨਾਂ ਭਾਵਾਂ ਨੂੰ ਦ੍ਰਿੜ ਕਰਾਉਣ ਲਈ ਉਹ ਖ਼ਾਸ ਖ਼ਾਸ ਗੱਲਾਂ ਦੇ ਸ੍ਵਾਧਿਆਇ ਤੇ ਅਭਿਆਸ ਨੂੰ ਰਿਵਾਜ ਦੇਂਦੇ ਹਨ ਤੇ ਕਈ ਚਿਰਾਂ ਦੇ ਅਭਿਆਸ ਦੇ ਮਗਰੋਂ ਜ਼ਿਹਨ-ਨਸ਼ੀਨ ਹੋਈਆਂ ਹੋਈਆਂ ਗੱਲਾਂ ਕੌਮਾਂ ਦੇ ਜੀਵਨ-ਵਿਵਹਾਰ ਦਾ ਇਕ ਅੰਗ ਬਣ ਜਾਂਦੀਆਂ ਹਨ।

ਉਪਰ ਦੱਸਿਆ ਨਿਯਮ ਭਾਵੇਂ ਕੌਮਾਂ ਵਿਚ ਆਮ ਕਰਕੇ ਵਰਤਿਆ ਜਾਂਦਾ ਹੈ, ਪਰ ਖ਼ਾਲਸੇ ਦਾ ਜੀਵਨ ਤਾਂ ਸਤਿਗੁਰਾਂ ਨੇ ਖ਼ਾਸ ਤੌਰ ‘ਤੇ ਇਸੇ ਹੀ ਸਾਂਚੇ ਵਿਚ ਢਾਲਿਆ ਹੈ। ਹਰ ਇਕ ਖ਼ਾਲਸੇ ਦੇ ਨਾਮ ਦੇ ਮਗਰ ‘ਸਿੰਘ’ ਸ਼ਬਦ ਆਉਣਾ, ਸਿੰਘ ਦਾ ਆਪਣੇ ਆਪ ਨੂੰ ‘ਸਵਾ ਲੱਖ’ ਕਹਿਣਾ ਤੇ ‘ਫ਼ੌਜ’ ਸਮਝਣਾ, ਦੋ ਸਿੰਘਾਂ ਦਾ ਮਿਲ ਕੇ ‘ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥’ ਬੁਲਾਉਣਾ, ਅਰਦਾਸੇ ਦੇ ਬਾਅਦ ‘ਸਤਿ ਸ੍ਰੀ ਅਕਾਲ’ ਦਾ ਜੈਕਾਰਾ ਛੱਡਣਾ ਤੇ ਗੜਗੱਜ ਬੋਲਿਆਂ ਦੀ ਵਰਤੋਂ ਕਰਨੀ, ਇਹ ਸਭ ਗੱਲਾਂ ਸਾਡੀ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਖ਼ਾਲਸੇ ਜੀ ਦਾ ਪ੍ਰਭਾਵਸ਼ਾਲੀ ਤੇ ਬਰਕਤ ਵਾਲਾ ਸੁਭਾਅ ਬਣਾਉਣ ਲਈ ਹੀ ਉਸਦੀ ਨਿਤ ਵਰਤੋਂ ਦੇ ‘ਬੋਲੇ’ ਉਤਸ਼ਾਹਜਨਕ ਬਣਾਏ ਗਏ ਹਨ। ਇਹੀ ਕਾਰਨ ਹੈ ਕਿ ਥੋੜੇ ਸਮੇਂ ਵਿਚ ਹੀ ਖ਼ਾਲਸਾ ਇਕ ਪ੍ਰਸਿੱਧ ਤਿਆਰ-ਬਰ-ਤਿਆਰ ਜਥਾ ਸਜ ਗਿਆ। ਜੇ ਅਸੀਂ ਗਹੁ ਕਰ ਕੇ ਤੱਕੀਏ ਤਾਂ ਖ਼ਾਲਸਈ ਵਰਤੋਂ ਦਾ ਹਰ ਇਕ ਫ਼ਿਕਰਾ ਕੋਈ ਨਾ ਕੋਈ ਤੁਅੱਲਕ ਇਸ ਕੌਮੀ ਉਸਾਰੀ ਨਾਲ ਰਖਦਾ ਹੈ, ਨਿਰਾਰਥ ਕੋਈ ਵੀ ਨਹੀਂ। ਇਹ ਗੱਲ ਅੱਡਰੀ ਹੈ ਕਿ ਅਸੀਂ ਉਸ ਦਾ ਸਹੀ ਮਤਲਬ ਸਮਝਣ ਵਿਚ ਟਪਲਾ ਖਾ ਗਏ ਹੋਈਏ।

ਖ਼ਾਲਸਾ ਜੋ ਸ਼ਬਦ ਰੋਜ਼ਾਨਾ ਵਰਤੋਂ ਵਿਚ ਦਹਰਾਉਂਦਾ ਹੈ, ਉਹਨਾਂ ਵਿਚੋਂ ਆਮ ਤੇ ਅਰਦਾਸ ਮਗਰੋਂ ਤਿੰਨ ਦੋਹਰੇ ਪੜ੍ਹੇ ਜਾਂਦੇ ਹਨ। ਪਹਿਲਿਆਂ ਦੋਹਾਂ ਵਿਚ ਸ੍ਰੀ ਅਕਾਲ ਪੁਰਖ ਦੀ ਆਗਿਆ ਨਾਲ ਪੰਥ ਦਾ ਕਾਇਮ ਹੋਣਾ ਤੇ ਸ੍ਰੀ ਗੁਰੂ ਜੀ ਦੀ ਅਰਸ਼ੀ ਬਾਣੀ ਦੀ ਤਾਬਿਆਦਾਰੀ ਕਰਨ ਦਾ ਈਮਾਨ ਰੋਜ਼ ਦੁਹਰਾਇਆ ਜਾਂਦਾ ਹੈ ਤੇ ਅਗਲੇ ਵਿਚ ਖ਼ਾਲਸੇ ਦਾ ਬ੍ਰਹਿਮੰਡੀ ਰਾਜ ਕਾਇਮ ਹੋਣ ਦਾ ਤੇ ਪ੍ਰਾਣੀ ਮਾਤਰ ਦੇ ਉਹਦੀ ਸ਼ਰਨ ਆਉਣ ਦਾ ਨਿਸਚਾ ਰੋਜ਼ ਯਾਦ ਕੀਤਾ ਜਾਂਦਾ ਹੈ। ਇਸ ਪਿਛਲੇ ਦੋਹਰੇ ਤੋਂ ਬਹੁਤ ਲੋਕਾਂ ਨੂੰ ਟਪਲਾ ਲਗਦਾ ਹੈ, ਕਈ ਤਾਂ ਇਹ ਸਮਝਦੇ ਹਨ ਕਿ ਇਸ ਦਾ ਪੜ੍ਹਨਾ ਮੌਜੂਦਾ ਰਾਜ ਦੇ ਕਰਮਚਾਰੀਆਂ ਨੂੰ ਨਰਾਜ਼ ਕਰਨਾ ਹੈ, ਤੇ ਕਈ ਇਹ ਸਮਝਦੇ ਹਨ ਕਿ ਇਹ ਫਿਰਕਾਦਾਰਾਨਾ ਰਾਜ ਦਾ ਨਿਸਚਾ ਹੋਣ ਕਰਕੇ ਦੇਸ਼ ਦੀ ਕੌਮੀ ਲਹਿਰ ਨੂੰ ਸੱਟ ਮਾਰਦਾ ਹੈ, ਇਸ ਲਈ ਇਹਨੂੰ ਨਹੀਂ ਪੜ੍ਹਨਾ ਚਾਹੀਦਾ। ਕਈਆਂ ਦਾ ਇਹ ਖ਼ਿਆਲ ਹੈ ਕਿ ਅਸੀਂ ਜਿਹੜੇ ੬੦ ਕੁ ਲੱਖ ਆਪਣੇ ਆਪ ਨੂੰ ਖ਼ਾਲਸਾ ਕਹਿਣ ਵਾਲੇ ਤੁਰੇ ਫਿਰਦੇ ਹਾਂ, ਸਾਡਾ ਰਾਜ ਕਿਥੇ ਹੋਣਾ ਹੈ? ਤੇ ਜੇ ਸਾਡੇ ਵਿਚ ਬਲ ਹੁੰਦਾ ਤਾਂ ਖ਼ਾਲਸਾ ਸਲਤਨਤ ਹੀ ਕਿਉਂ ਹੱਥੋਂ ਜਾਂਦੀ? ਇਸ ਲਈ ਇਸ ਸ਼ੇਖ਼-ਚਿਲੀ ਵਾਲੀ ਮਨੌਤ ਨੂੰ ਦੁਹਰਾਉਣ ਦਾ ਕੋਈ ਲਾਭ ਨਹੀਂ ।

ਸੋ, ਅਸੀਂ ਅੱਜ ਇਸ ਗੱਲ ‘ਤੇ ਵਿਚਾਰ ਕਰਨੀ ਹੈ ਕਿ ਕੀ ਸਾਨੂੰ ਇਹਨਾਂ ਦੋਹਾਂ ਖ਼ਿਆਲਾਂ ਵਿਚੋਂ ਕਿਸੇ ਇਕ ਦੇ ਮਗਰ ਲਗ ਕੇ ਇਹ ਦੋਹਰਾ ਪੜ੍ਹਨਾ ਚਾਹੀਦਾ ਹੈ?

ਇਸ ਦਾ ਜਵਾਬ ਨਿਸਚੇ ਹੀ ‘ਨਹੀਂ’ ਮਿਲੇਗਾ ਕਿਉਂਕਿ ਖ਼ਾਲਸੇ ਨੇ ਮੁੱਢ ਤੋਂ ਹੀ ਪੂਰਨ ਸ਼ਾਂਤ ਵਰਤਾਉਣ ਦਾ ਦਾਅਵਾ ਕੀਤਾ ਹੈ, ਤੇ ਕਲਗੀਧਰ ਪਿਤਾ ਨੇ ਇਸ ਨਾਦੀ ਪੁੱਤਰ ਦੇ ਰਾਹੀਂ ਜਗਤ ਦਾ ਨਕਸ਼ਾ ਇਸ ਤਰ੍ਹਾਂ ਬੰਨ੍ਹਣ ਦਾ ਐਲਾਨ ਕੀਤਾ ਹੋਇਆ ਹੈ :

ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ॥

ਜੀਵ ਜਿਤੇ ਜਲ ਮੈ ਥਲ ਮੈ ਪਲ ਹੀ ਪਲ ਮੈ ਸਭ ਥਾਪ ਥਪੈਂਗੇ॥

ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ॥

ਸਾਧ ਸਮੂਹ ਸੰਨ ਫਿਰੈ ਜਗ ਸੱਤ ਸਭੈ ਅਵਲੋਕ ਚਪੈਂਗੇ ॥੭॥

(ਤ੍ਵ-ਪ੍ਰਸਾਦਿ ਸਵੱਯੇ,ਪਾ:੧੦)

ਇਹ ਲੋਕ-ਸ਼ਾਂਤੀ ਦਾ ਨਕਸ਼ਾ ਤਦ ਹੀ ਕਾਇਮ ਹੋ ਸਕਦਾ ਹੈ ਜੇ ਧਾਰਮਿਕ ਭਾਈਚਾਰਕ ਤੇ ਰਾਜਨੀਤਿਕ ਅਵਸਥਾ ਧਰਮ ਮਰਯਾਦਾ ਅਨੁਸਾਰ ਕਾਇਮ ਕੀਤੀ ਜਾਏ। ਜਦ ਤਕ ਇਹ ਕਿਸੇ ਅਧਰਮ ਦੇ ਆਸਰੇ ‘ਤੇ ਕਾਇਮ ਹਨ, ਚਾਹੇ ਉਹ ਮਾਇਕੀ ਤਾਣ ਹੋਵੇ ਤੇ ਚਾਹੇ ਆਸੁਰੀ ਸ਼ਸਤਰ ਬਲ, ਜਗਤ ਵਿਚ ਕਦੇ ਸ਼ਾਂਤੀ ਕਾਇਮ ਨਹੀਂ ਹੋ ਸਕਦੀ। ਇਹੀ ਕਾਰਨ ਹੈ ਕਿ ਜਗਤ ਵਿਚ ਰੋਜ਼ ਰਾਜਨੀਤਿਕ ਤਬਦੀਲੀਆਂ ਹੋ ਰਹੀਆਂ ਹਨ, ਕੌਮਾਂ ਨਾਲ ਕੌਮਾਂ ਖਹਿ ਰਹੀਆਂ ਹਨ, ਮੁਲਕਾਂ ’ਤੇ ਮੁਲਕ ਚੜ੍ਹ ਰਹੇ ਹਨ, ਯੁੱਧ ਦੇ ਬੱਦਲ ਜਗਤ ਦੇ ਅਮਨ ਦੇ ਅਕਾਸ਼ ’ਤੇ ਹਰ ਵੇਲੇ ਘਿਰੇ ਰਹਿੰਦੇ ਹਨ। ਮਨੁੱਖ ਨੇ ਪਹਿਲੇ ਕਬੀਲਿਆਂ ਦੇ ਲੋਕ-ਰਾਜ ਤੋਂ ਅਰੰਭ ਕਰ ਕੇ ਇਕ ਸ਼ਹਿਨਸ਼ਾਹੀ ਰਾਜ ਕਾਇਮ ਕਰਨ ਤੁਕ ਤੇ ਫਿਰ ਉਸ ਤੋਂ ਉਪਰਾਮ ਹੋ ਮੜ ਕੇ ਲੋਕ-ਰਾਜ ਤਕ ਹਰ ਕਿਸਮ ਦੇ ਰਾਜ-ਪ੍ਰਬੰਧ ਦਾ ਤਰੀਕਾ ਅਜ਼ਮਾ ਦੇਖਿਆ ਹੈ, ਸ਼ਾਂਤੀ ਕਿਧਰੇ ਭੀ ਨਹੀਂ ਆਈ ਤੇ ਨਾ ਆਉਣੀ ਹੈ, ਕਿਉਂਜੋ ਹਰ ਇਕ ਪ੍ਰਬੰਧ ਵਿਚ ਦਵੈਸ਼ ਤੇ ਈਰਖਾ ਕੰਮ ਕਰਦੀ ਹੈ। ਜਿਥੇ ਰਾਜਾ ਤੇ ਸ਼ਹਿਨਸ਼ਾਹ ਹੈ, ਉਸ ਨੂੰ ਆਪਣੇ ਗੌਰਵ ਤੇ ਮਾਣ ਦਾ ਖ਼ਬਤ ਹੁੰਦਾ ਹੈ, ਜਿਥੇ ਗਰੀਬਾਂ ਦਾ ਇਕੱਠ ਹੁੰਦਾ ਹੈ, ਉਹ ਅਮੀਰਾਂ ਨਾਲ ਈਰਖਾ ਤੇ ਵਿਵਾਦ ਕਰਦੇ ਹਨ। ਜੇ ਕਿਸੇ ਇਕ ਪਾਤਸ਼ਾਹ ਦੇ ਹੱਥ ਸੈਨਾ ਦਾ ਬਲ ਆ ਜਾਂਦਾ ਹੈ ਤਾਂ ਉਹ ਰਿਆਇਆ ਨੂੰ ਟੈਕਸਾਂ ਤੇ ਉਗਰਾਹੀਆਂ ਦੇ ਪੱਜ ਲੱਟ ਲੈਂਦਾ ਹੈ। ਜੇ ਆਮ ਜਨਤਾ ਦਾ ਜ਼ੋਰ ਪੈਂਦਾ ਹੈ ਤਾਂ ਉਹ ਲੋਕ-ਵੰਡ ਦੇ ਬਹਾਨੇ ਅਮੀਰਾਂ ਨੂੰ ਲੈਂਦੇ ਹਨ। ਗੱਲ ਕੀ, ਹਰ ਤਰ੍ਹਾਂ ਕਲੇਸ਼ ਹੀ ਕਲੇਸ਼ ਹੈ। ਹੋਵੇ ਵੀ ਕਿਉਂ ਨਾ ? ਧੁਰੋਂ ਹੁਕਮ ਹੈ :

ਅੰਧਕਾਰ ਸੁਖਿ ਕਬਹਿ ਨ ਸੋਈ ਹੈ॥

 ਰਾਜਾ ਰੰਕੁ ਦੋਊ ਮਿਲਿ ਰੋਈ ਹੈ॥

(ਗਉੜੀ ਕਬੀਰ, ਪੰਨਾ ੩੨੫)

ਸੁੱਖ ਤਾਂ ਪ੍ਰਕਾਸ਼ ਵਿਚ ਹੋਣਾ ਹੈ ਤੇ ਪ੍ਰਕਾਸ਼ ਜਾਗਤ ਜੋਤਿ ਦੇ ਪੁਜਾਰੀਆਂ ਹਿਰਦੇ ਵਿਚ ਹੀ ਆਉਣਾ ਹੈ। ਜੋ ਜੋਤਿ ਦੇ ਉਪਾਸ਼ਕ ਨਹੀਂ ਹਨ, ਜਿਨ੍ਹਾਂ ਦੇ ਹਿਰਦੇ ਵਿਚ ਜਾਤਿ ਜੋਤਿ ਦੇ ਚਾਨਣੇ ਦੇ ਸਾਹਮਣੇ ਮਾਇਆ ਦੀ ਭੀਤ ਆਈ ਹੋਈ ਹੈ। ਉਹ ਤਾਂ ਹਨੇਰੇ ਵਿਚ ਹਨ ਭਾਵੇਂ ਉਹਨਾਂ ਦਾ ਜ਼ਾਹਿਰਾ ਭੇਖ ਸਿੱਖਾਂ ਵਾਲਾ ਹੀ ਕਿਉਂ ਨਾ ਹੋਵੇ। ਬਿਨਾਂ ਸੱਚੇ ਖ਼ਾਲਸੇ ਦੇ, ਜਗਤ ਹਨੇਰੇ ਵਿਚ ਹੈ ਤੇ ਹਨੇਰੇ ਦੇ ਰਾਜ-ਪ੍ਰਬੰਧ ਵਿਚ ਸੁਖ ਦੀ ਤਲਾਸ਼ ਅਕਾਸ਼ ਵਿਚੋਂ ਫੁਲ ਤੋੜਨੇ ਹਨ।

ਖ਼ਾਲਸੇ ਦੀ ਸਕੀਮ ਵਿਚ ਤਾਂ ਜੋ ਰਾਜ-ਪ੍ਰਬੰਧ ਲਿਖਿਆ ਹੈ, ਉਸ ਦਾ ਪਹਿਲਾ ਫ਼ਿਕਰਾ ਹੀ ਇਹ ਹੈ ਕਿ ਜਿਸ ਦਿਨ ਖ਼ਾਲਸਈ ਰਾਜ-ਪ੍ਰਬੰਧ ਹੋਵੇਗਾ, ਉਸ ਦਿਨ ਦੁਨੀਆ ਦਾ ਨਾਮ ਬਦਲ ਕੇ “ਬੇਗਮਪੁਰਾ’ ਰੱਖ ਦਿੱਤਾ ਜਾਏਗਾ ਤੇ ਦਸਤੂਰ ਇਹ ਵਰਤੇਗਾ :

ਬੇਗਮਪੁਰਾ ਸਹਰ ਕੋ ਨਾਉ ॥

ਦੂਖੁ ਅੰਦੋਹੁ ਨਹੀ ਤਿਹਿ ਠਾਉ ॥

ਨ ਲੇਕ ਨਾਂ ਤਸਵੀਸ ਖਿਰਾਜੁ ਨ ਮਾਲੁ॥

ਨੂੰ ਖਉਫੁ ਨ ਖਤਾ ਨ ਤਰਸੁ ਜਵਾਲੁ॥

(ਗਉੜੀ ਰਵਿਦਾਸ, ਪੰਨਾ ੩੪੫)

ਦੁਨੀਆ ਗਈ ਤਾਂ ਲਾਲਚ ਮੋਇਆ, ਜਿਥੇ ਲਾਲਚ ਨਹੀਂ ਉਥੇ ਖੋਹਣ-ਖਿੱਚਣ ਤੇ ਚੋਰੀ-ਧਾੜੇ ਕਾਹਦੇ ? ਜੇ ਚੋਰੀ ਨਹੀਂ ਤਾਂ ਰਾਖੀ ਕਿਉਂ ? ਜੇ ਰਖਵਾਲੀ ਨਹੀਂ ਤਾਂ ਖ਼ਰਾਜ ਕਿਉਂ ? ਇਹ ਤਾਂ ਸਾਰਾ ਢਾਂਚਾ ਹੀ ਲਾਲਚ ਦੇ ਸਿਰ ‘ਤੇ ਖਲੋਤਾ ਹੋਇਆ ਹੈ। ਜਦੋਂ ਖ਼ਲਕਤ ਵਿਚ ਖ਼ਾਲਕ ਨੂੰ ਸਮਝ ਕੇ ਪੂਜਿਆ ਗਿਆ, ਤਦ ਉਹ ਸਮੱਗਰੀ ਇਕ ਦੂਜੇ ਨੂੰ ਚਾੜ੍ਹੀ ਜਾਏਗੀ । ਆਪਾ ਧਾਪੀ ਤਾਂ ਰਹਿਣੀ ਨਹੀਂ, ਉਸ ਬੇਗਮਪੁਰੇ ਵਿਚ ਹੀ ਸਮੂਹ ਸੰਤ ਪ੍ਰਸੰਨ ਫਿਰਨਗੇ। ਸੋ, ਸਤਿਗੁਰਾਂ ਦੇ ਇਸ ਦਾਅਵੇ ਨੂੰ ਪੂਰਨ ਕਰਨ ਲਈ ਖ਼ਾਲਸੇ ਨੇ ਸਦਾ ਤਿਆਰ ਰਹਿਣਾ ਹੈ ਤੇ ਉੱਚ ਭਾਵਾਂ ਨੂੰ ਅੰਦਰ ਵਸਾਉਣਾ ਹੈ, ਕਿਉਂਕਿ ਇਹ ਸਕੀਮ ਪੂਰਨ ਗੁਰਮਤਿ ਦੀ ਰੌਸ਼ਨੀ ਵਿਚ ਹੀ ਹੋ ਸਕਦੀ ਹੈ। ਜਿਹੜੇ ਲੋਕਾਂ ਦਾ ਇਹ ਖ਼ਿਆਲ ਹੈ ਕਿ ਪੰਜਾਬ ਵਿਚ ਪਿਛਲੀ ਹਕੂਮਤ, ਜੋ ਸਿੱਖ ਰਾਜ ਕਹੀ ਜਾਂਦੀ ਹੈ, ਜੇ ਸੱਚਮੁੱਚ ਹੀ ਖ਼ਾਲਸਈ ਰਾਜ-ਪ੍ਰਬੰਧ ਅਮਨ ਦਾ ਜ਼ਾਮਨ ਤਾ ਉਹ ਕਿਉਂ ਬਦਲੀ ? ਇਸ ਦਾ ਉੱਤਰ ਇਹ ਹੈ ਕਿ ਬੜੇ ਬੜੇ ਆਲੀਸ਼ਾਨ ਮਹਿਲ ਬਣਾਉਣ ਲਈ ਪਹਿਲਾਂ ਛੋਟੇ ਛੋਟੇ ਮਾਡਲ ਤਿਆਰ ਕੀਤੇ ਜਾਂਦੇ ਹਨ। ਜੇ ਮਾਡਲ ਵਿਚ ਕੋਈ ਗਲਤੀ ਆ ਜਾਵੇ ਤਾਂ ਉਸਨੂੰ ਤੋੜ ਘੱਤੀਦਾ ਹੈ, ਪਰ ਮਾਡਲ ਦਾ ਮਹਿਲ ਤਾਂ ਢਹਿਣਾ ਨਹੀਂ ਹੈ। ਖ਼ਾਲਸੇ ਵਿਚ ਭਜਨ-ਬਲ ਕਰਕੇ ਤੇਜ ਆਇਆ ਸੀ, ਉਸ ਆਸਰੇ ਥੋੜੇ ਜਿਹੇ ਹਿੱਸੇ ਵਿਚ ਬੇਗਮਪੁਰੇ ਦੀ ਤਹਿਰੀਕ ਚਲਾਈ ਸੀ, ਪਰ ਛੇਤੀ ਹੀ ਭੇਖੀਆਂ ਵਿਚ ਸ਼ਾਮਲ ਹੋ ਜਾਣ ਕਰਕੇ, ਰਾਜ-ਮਦ ਤੇ ਅਯਾਸ਼ੀ ਨੇ ਉਸ ਮਾਡਲ ਟਾਊਨ (ਨਮੂਨੇ ਦੇ ਸ਼ਹਿਰ) ਵਿੱਚ ਡੇਰਾ ਜਮਾ ਲਿਆ। ਸੋ, ਸਤਿਗੁਰ ਨੇ ਉਹ ਮਾਡਲ ਭੰਨ ਘਤਿਆ। ਜੇ ਉਹ ਸਹੀ ਤੌਰ ‘ਤੇ ਖ਼ਾਲਸਈ ਰਾਜ-ਪ੍ਰਬੰਧ ਹੁੰਦਾ ਤਾਂ ਕਦੀ ਨਾ ਟੁੱਟਦਾ, ਸਗੋਂ ਵਧੇਰੇ ਫੈਲਦਾ।

ਬੱਸ ਉਪਰ ਲਿਖੀ ਸਾਰੀ ਵਾਰਤਾ ਤੋਂ ਸਾਡਾ ਭਾਵ ਇਹ ਹੈ ਕਿ ਜਾਗਤਿ ਜੋਤਿ ਉਪਾਸ਼ਕਾਂ ਤੋਂ ਬਿਨਾਂ ਕਿਸੇ ਕਿਸਮ ਦਾ ਪ੍ਰਬੰਧ ਸੁਖਦਾਈ ਨਹੀਂ ਹੋ ਸਕਦਾ । ਰਾਜ-ਪ੍ਰਬੰਧ ਦੇ ਮੌਜੂਦਾ ਤਰੀਕੇ ਇਕ ਇਕ ਕਰਕੇ ਅਜ਼ਮਾਏ ਜਾ ਰਹੇ ਹਨ।

ਮੁਸਲਮਾਨਾਂ ਦੀਆਂ ਕੁਲ ਰਾਜਧਾਨੀਆਂ ਵਿਚ ਖ਼ੁਦ-ਮੁਖ਼ਤਾਰ ਬਾਦਸ਼ਾਹ ਹਨ, ਅੰਗਰੇਜ਼ਾਂ ਤੇ ਜਾਪਾਨ ਦੇ ਰਾਜ ਵਿਚ ਬਾਦਸ਼ਾਹਾਂ ਨਾਲ ਕਾਨੂੰਨੀ ਪਾਰਲੀਮੈਂਟਾਂ ਹਨ, ਫ਼ਰਾਂਸ ਤੇ ਜਰਮਨੀ ਵਿਚ ਜਮਹੂਰੀ ਹਕੂਮਤ ਤੇ ਰੂਸ ਵਿਚ ਮਜ਼ਦੂਰ ਕਿਸਾਨ ਰਾਜ ਹੈ। ਪਰ ਇਹਨਾਂ ਸਾਰਿਆਂ ਪ੍ਰਬੰਧਾਂ ਵਿਚੋਂ ਕਿਸੇ ਨੂੰ ਭੀ ਆਦਰਸ਼ਕ ਪ੍ਰਬੰਧ ਨਹੀਂ ਕਿਹਾ ਜਾ ਸਕਦਾ, ਹਰ ਥਾਂ ਗੜਬੜੀ ਤੇ ਬੇਚੈਨੀ ਹੈ। ਇਹ ਕਿਉਂ ? ਇਸ ਲਈ ਕਿ ਰਾਜ ਕਰਮਚਾਰੀ ਜਾਗਤਿ ਜੋਤਿ ਦੇ ਉਪਾਸ਼ਕ ਨਹੀਂ, ਬਲਕਿ ਆਤਮ ਚਾਨਣ ਤੋਂ ਖ਼ਾਲੀ ਫੋਕੇ ਦਿਮਾਗਾਂ ਵਿਚ ਬੈਠ ਕੇ ਘਾੜਤਾਂ ਘੜਦੇ ਹਨ। ਦਿਮਾਗ ਪੰਜ ਤੱਤਾਂ ਦੀ ਅੰਸ਼ ਹੈ ਤੇ ਉਹਨਾਂ ਦਾ ਅਮਲ ਹੀ ਵਾਪਰਦਾ ਹੈ। ਇਸ ਲਈ ਜਗਤ ਨੂੰ ਸੁਖ ਕਦੇ ਨਹੀਂ ਹੋ ਸਕਦਾ, ਜਦ ਤਕ ਕਿ ਸੱਚਾ ਖ਼ਾਲਸਾ ਰਾਜ-ਪ੍ਰਬੰਧ ਸਾਰੇ ਜਗਤ ਵਿਚ ਕਾਇਮ ਨਾ ਕੀਤਾ ਜਾਵੇ।

ਹੁਣ ਉਹ ਹੋਵੇ ਕਿੱਦਾਂ ? ਇਸ ਦਾ ਉੱਤਰ ਇਹੀ ਹੈ ਕਿ ਜਿਸ ਤਰਾਂ ਅਜੇ ਅਸੀਂ ਪੂਰਨ ਖ਼ਾਲਸੇ ਨਹੀਂ, ਪਰ ਖ਼ਾਲਸਾ ਬਣਨ ਲਈ ਉਸਦੀ ਕਰਨੀ ਦਾ ਕਥਨ ਪੜਦੇ ਤੇ ਦੁਹਰਾਉਂਦੇ ਹੋਏ ਗੁਰਾਂ ਕੋਲੋਂ ਖ਼ਾਲਸਾ ਹੋਣ ਦੀ ਮੰਗ ਮੰਗਦੇ ਹਾਂ, ਓਦਾਂ ਹੀ ਜਦ ਤਕ ਸਰਬੱਤ ਜਗਤ ਉਤੇ ਸਾਧੂਆਂ ਦੇ ਪ੍ਰਸੰਨ ਫਿਰਕੇ ਵਾਲਾ, ਸ਼ਤਰੂਆਂ ਦੇ ਅਵਲੋਕ ਚਪਣ ਵਾਲਾ ਧਰਮ-ਰਾਜ ਕਾਇਮ ਨਹੀਂ ਹੋ ਜਾਂਦਾ, ਸਾਨੂੰ ਵਾਜਬ ਹੈ ਕਿ ਅਸੀਂ ਨਿਤਾਪ੍ਰਤਿ ਇਸ ਨਿਸਚੇ ਨੂੰ ਦੁਹਰਾਂਦੇ ਰਹੀਏ ਤੇ ਯਾਦ ਰਖੀਏ ਕਿ ਜੇ ਅਸੀਂ ਸੱਚੇ ਖ਼ਾਲਸੇ ਬਣਨਾ ਹੈ ਤਾਂ ਅਸਾਂ ਸਤਿਗੁਰਾਂ ਦੇ ਐਲਾਨ ਕੀਤੇ ਹੋਏ ਗੁਰਸਿੱਖਾਂ ਦੇ ਇਸ ਬਚਨ ਨੂੰ ਪੂਰਨ ਕਰਨ ਦਾ ਯਤਨ ਕਰਦੇ ਰਹਿਣਾ ਹੈ ਕਿ :

 

ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ॥

ਖ਼ਵਾਰ ਹੋਇ ਸਭ ਮਿਲੈਂਗੇ ਬਚੇ ਸ਼ਰਨ ਜੋ ਹੋਇ ॥

“ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨ ਕੋਇ” ਲਿਖਤ ਪਹਿਲਾਂ ਗਲਤੀ ਨਾਲ ਲੇਖਕ ਗੰਡਾ ਸਿੰਘ ਦੇ ਨਾਮ ਤੇ ਛਪ ਗਈ ਸੀ, ਇਹ ਗਲਤੀ ਪਾਠਕਾਂ ਵੱਲੋਂ ਸਾਡੇ ਧਿਆਨ ਵਿਚ ਲਿਆਉਣ ਉਪਰੰਤ ਅਸੀ ਲੇਖਕ ਪ੍ਰਿੰਸੀਪਲ ਗੰਗਾ ਸਿੰਘ ਕਰ ਦਿੱਤਾ ਹੈ। ਇਹ ਜਾਣਕਾਰੀ ਸਾਡੇ ਧਿਆਨ ਵਿਚ ਲਿਆਉਣ ਤੇ ਅਸੀ ਪਾਠਕਾਂ ਦਾ ਧੰਨਵਾਦ ਕਰਦੇ ਹਾਂ ਅਤੇ ਹੋਈ ਗਲਤੀ ਲਈ ਅਸੀ ਖਿਮਾ ਚਾਹੁੰਦੇ ਹਾਂ – ਸੰਪਾਦਕ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: