
June 22, 2022 | By ਸਿੱਖ ਸਿਆਸਤ ਬਿਊਰੋ
ਟਰਾਂਟੋ, ਕਨੇਡਾ: ਖਾੜਕੂ ਸਿੱਖ ਸੰਘਰਸ਼ ਦੀਆਂ ਆਗੂ ਸਫਾ ਵਿਚ ਰਹੇ ਭਾਈ ਦਲਜੀਤ ਸਿੰਘ ਵਲੋਂ ਲਿਖੀ ਗਈ ਕਿਤਾਬ “ਖਾੜਕੂ ਸੰਘਰਸ਼ ਦੀ ਸਾਖੀ: ਅਣਗੌਲੇ, ਅਣਜਾਣੇ ਸਿਦਕੀ ਅਤੇ ਯੋਧੇ” ਕਨੇਡਾ ਦੇ ਸ਼ਹਿਰ ਟਰਾਂਟੋ ਵਿਚ ਜਾਰੀ ਕਰ ਦਿੱਤੀ ਗਈ ਹੈ। ਕਿਤਾਬ ਜਾਰੀ ਕਰਨ ਲਈ ਸਾਹਿਬ ਵਿਖੇ 18 ਜੂਨ ਨੂੰ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਟੋਰਾਂਟੋ ਦੀਆਂ ਸਿੱਖ ਸੰਗਤਾਂ, ਖਾੜਕੂ ਸੰਘਰਸ਼ ਦੌਰਾਨ ਸ਼ਹੀਦ ਹੋਏ ਜੀਆਂ ਦੇ ਪਰਿਵਾਰਾਂ, ਮੁਕਾਮੀ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਭਾਈ ਦਲਜੀਤ ਸਿੰਘ ਅਰਸ਼ੀ ਸਾਧਨ (ਇੰਟਰਨੈਟ) ਰਾਹੀਂ ਸੰਗਤਾਂ ਦੇ ਸਨਮੁਖ ਹੋਏ ਅਤੇ ਕਿਤਾਬ ਬਾਰੇ ਵਿਚਾਰ ਚਰਚਾ ਕੀਤੀ।
ਸਮਾਗਮ ਦੀ ਸ਼ੁਰੂਆਤ ਗੁਰੂ ਮਹਾਰਾਜ ਦੇ ਚਰਨਾਂ ਵਿਚ ਅਰਦਾਸ ਕਰਕੇ ਕੀਤੀ ਗਈ। ਇਸ ਤੋਂ ਬਾਅਦ ਬੁਲਾਰਿਆਂ, ਜਿਹਨਾਂ ਨੇ ਕਿਤਾਬ ਪੜ੍ਹੀ ਹੋਈ ਸੀ, ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਜਿਸ ਤੋਂ ਬਾਅਦ ਭਾਈ ਦਲਜੀਤ ਸਿੰਘ ਨੇ ਅਰਸ਼ੀ ਸਾਧਨ ਰਾਹੀਂ ਸੰਗਤਾਂ ਨਾਲ ਵਿਚਾਰ-ਵਟਾਂਦਰਾ ਕੀਤਾ।
ਭਾਈ ਦਲਜੀਤ ਸਿੰਘ ਨੇ ਕਿਹਾ ਕਿ ਇਤਿਹਾਸ ਵਿਚ ਸਦਾ ਹੀ ਕੁਝ ਬੰਦਿਆਂ ਅਤੇ ਘਟਨਾਵਾਂ ਨੂੰ ਜਿਆਦਾ ਥਾਂ ਮਿਲ ਜਾਂਦੀ ਹੈ ਅਤੇ ਇਤਿਹਾਸਕਾਰੀ ਮੁੜ ਓਹਨਾਂ ਦੁਆਲੇ ਹੀ ਘੁੰਮਦੀ ਰਹਿੰਦੀ ਹੈ। ਆਮ ਬੰਦਿਆਂ ਨੂੰ ਇਤਿਹਾਸ ਅਹਿਮੀਅਤ ਨਹੀਂ ਦਿੰਦਾ ਹਾਲਾਂਕਿ ਆਮ ਬੰਦਿਆਂ ਵਲੋਂ ਕਿਸੇ ਖਾਸ ਹਾਲਾਤ ਵਿਚ ਵਿਖਾਏ ਅਸਧਾਰਨ ਅਤੇ ਸਿਫਤੀ ਕਿਰਦਾਰ ਕਿਸੇ ਵੀ ਵੱਡੇ ਨਾਇਕ ਨਾਲੋਂ ਘੱਟ ਨਹੀਂ ਹੁੰਦੇ। ਜਿਵੇਂ ਸਮੁੱਚੀ ਸਿੱਖ ਸੰਗਤ ਦੀ ਖਾਮੋਸ਼ ਅਰਦਾਸ ਵਿਚੋਂ ਜੰਗਾਂ ਵਿਚ ਫਤਹਿ ਅਤੇ ਸ਼ਹਾਦਤਾਂ ਸਿਰਜਦੀ ਹੈ ਉਸੇ ਤਰ੍ਹਾਂ ਆਮ ਬੰਦਿਆਂ ਦੇ ਉਚੇ ਕਿਰਦਾਰ ਅਤੇ ਅਮਲ ਵੱਡੇ ਨਾਇਕਾਂ ਨੂੰ ਸਿਰਜਦੇ ਹਨ ਤੇ ‘ਖਾੜਕੂ ਸੰਘਰਸ਼ ਦੀ ਸਾਖੀ’ ਉਹਨਾ ਆਮ ਪਰ ਬੁਲੰਦ ਕਿਰਦਾਰਾਂ ਦਾ ਹੀ ਜ਼ਿਕਰ ਕਰਦੀ ਹੈ।
ਇਸ ਸਮਾਗਮ ਦੀ ਖਾਸੀਅਤ ਇਹ ਰਹੀ ਕਿ ਇਸ ਸਮਾਗਮ ਵਿਚ ਭਾਈ ਦਲਜੀਤ ਸਿੰਘ ਪਹਿਲੀ ਵਾਰ ਵਿਦੇਸ਼ਾਂ ਵਿਚ ਰਹਿੰਦੀ ਸੰਗਤ ਨਾਲ ਰੂ-ਬ-ਰੂ ਹੋਏ ਅਤੇ ਇਸ ਦੌਰਾਨ ਇਕ ਪਰਵਾਰ ਵਾਙ ਗੱਲਬਾਤ ਤੇ ਵਿਚਾਰ-ਵਟਾਂਦਰਾ ਹੋਇਆ। ਇਸ ਮੌਕੇ ਭਾਈ ਦਲਜੀਤ ਸਿੰਘ ਨੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਜਿਹਨਾਂ ਵਿਚ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਣੋਚਾਹਲ, ਸ਼ਹੀਦ ਮੇਜਰ ਬਲਦੇਵ ਸਿੰਘ ਘੁਮੰਣ ਤੇ ਸ਼ਹੀਦ ਬਲਦੇਵ ਸਿੰਘ ਘੁੰਮਣ ਦਾ ਪਰਿਵਾਰ ਵੀ ਸ਼ਾਮਿਲ ਸੀ, ਦਾ ਉਚੇਚੇ ਤੌਰ ਉੱਤੇ ਧੰਨਵਾਦ ਕੀਤਾ।
ਇਸ ਸਮਾਗਮ ਦੌਰਾਨ ਸ. ਸੁਖਦੇਵ ਸਿੰਘ, ਸ. ਹਰਵਰਿੰਦਰ ਸਿੰਘ ਮਾਨੋਚਾਹਲ, ਸ. ਬਲਜੀਤ ਸਿੰਘ ਘੁੰਮਣ, ਸ. ਕਥਾਵਾਚਕ ਭਾਈ ਬਲਵਿੰਦਰ ਸਿੰਘ ਅਤੇ ਆਨਟਾਰੀਓ ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰ ਸ. ਅਮਰਜੀਤ ਸਿੰਘ ਮਾਨ ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।
Related Topics: Bhai Daljit Singh Bittu, Sikh in Canada, Sikhs in Canada