ਸਿਆਸੀ ਖਬਰਾਂ

21 ਸਿੱਖਾਂ ਦਾ ਕਤਲ: ਮਨੁੱਖੀ ਅਧਿਕਾਰ ਕਮਿਸ਼ਨ ’ਚ ਅਮਰਿੰਦਰ ਖਿਲਾਫ਼ ਮੁਕਦਮਾ ਦਰਜ਼ ਕਰਵਾਏਗੀ ਦਿੱਲੀ ਕਮੇਟੀ

May 26, 2017 | By

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿਘ ਸਿਰਸਾ ਨੇ ਕਿਹਾ ਕਿ ਅਮਰਿੰਦਰ ਸਿੰਘ ਦੇ ਹੱਥ ਸਿੱਖਾਂ ਦੇ ਲਹੂ ਨਾਲ ਰੰਗੇ ਹੋਏ ਹਨ। ਦਿੱਲੀ ਕਮੇਟੀ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ’ਚ ਇਸ ਸਬੰਧੀ ਅਮਰਿੰਦਰ ਦੇ ਖਿਲਾਫ ਮੁਕਦਮਾ ਦਰਜ ਕਰਵਾਉਣ ਦਾ ਐਲਾਨ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਜ਼ਿਕਰਯੋਗ ਹੈ ਕਿ 17 ਮਈ 2017 ਨੂੰ ਕੈਪਟਨ ਨੇ ਆਪਣੇ ਟਵਿਟਰ ਅਕਾਉਂਟ ਤੋਂ ਟਵੀਟ ਕੀਤਾ ਸੀ ਕਿ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਕੋਲ 21 ‘ਖ਼ਾਲਿਸਤਾਨੀ ਖਾੜਕੂਆਂ’ ਦਾ ਆਤਮ ਸਮਰਪਣ ਕਰਵਾਇਆ ਸੀ। ਜਿਨ੍ਹਾਂ ਨੂੰ ਬਾਅਦ ‘ਚ ਝੂਠੇ ਮੁਕਾਬਲਿਆਂ ‘ਚ ਮਾਰ ਦਿੱਤਾ ਗਿਆ।

ਪ੍ਰੈਸ ਕਾਨਫਰੰਸ ਦੌਰਾਨ ਕੈਪਟਨ ਅਮਰਿੰਦਰ ਵਲੋਂ ਕੀਤੇ ਗਏ ਟਵੀਟ ਦੀ ਕਾਪੀ ਦਿਖਾਉਂਦੇ ਹੋਏ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ.

ਪ੍ਰੈਸ ਕਾਨਫਰੰਸ ਦੌਰਾਨ ਕੈਪਟਨ ਅਮਰਿੰਦਰ ਵਲੋਂ ਕੀਤੇ ਗਏ ਟਵੀਟ ਦੀ ਕਾਪੀ ਦਿਖਾਉਂਦੇ ਹੋਏ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ.

ਦਿੱਲੀ ਕਮੇਟੀ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇ.ਪੀ.ਐਸ. ਗਿੱਲ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਕੀ ਸਾਬਤ ਕਰਨਾ ਚਾਹੁੰਦੇ ਹਨ? ਜਦਕਿ ਕੇ.ਪੀ.ਐਸ. ਗਿੱਲ ਦਾ ਨਾਂ ਪੰਜਾਬ ਵਿਚ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਉਣ ‘ਚ ਮੋਹਰੀ ਹੈ। ਗਿਲ ਦੇ ਨਾਲ ਮੁਲਾਕਾਤ ਕਰਕੇ ਗੁਲਦਸਤਾ ਦੇਣਾ ਅਤੇ ਨਿਰਦੋਸ਼ ਸਿੱਖਾਂ ਦੇ ਕਤਲ ‘ਤੇ ਮਗਰਮੱਛ ਦੇ ਹੰਝੂ ਵਹਾਉਣਾ ਕੀ ਹੈ?

ਸਿਰਸਾ ਨੇ ਕਿਹਾ ਕਿ 25 ਸਾਲ ਤਕ ਚੁੱਪ ਰਹਿਣ ਵਾਲੇ ਅਮਰਿੰਦਰ ਦਾ ਹੁਣ ਬੋਲਣਾ ਉਨ੍ਹਾਂ ਦੇ ਗੁਨਾਹ ਨੂੰ ਘਟ ਨਹੀਂ ਕਰ ਸਕਦਾ ਕਿਉਂਕਿ 2002 ਤੋਂ 2007 ਤਕ ਉਹ ਖੁਦ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ। ਇਸਦੇ ਨਾਲ ਹੀ ਬਤੌਰ ਮੈਂਬਰ ਪਾਰਲੀਮੈਂਟ ਅਤੇ ਵਿਧਾਇਕ ਦੇ ਤੌਰ ‘ਤੇ ਸਾਰੇ ਸਦਨਾਂ ਵਿਚ ਇਸ ਮਸਲੇ ’ਤੇ ਉਨ੍ਹਾਂ ਦੀ ਚੁੱਪੀ ਹੈਰਾਨੀ ਭਰੀ ਰਹੀ ਹੈ। ਕਿਉਂਕਿ ਹੁਣ ਅਮਰਿੰਦਰ ਨੇ ਖੁਦ ਇਸ ਕਤਲੇਆਮ ਨੂੰ ਕਬੂਲ ਕੀਤਾ ਹੈ। ਇਸ ਲਈ ਉਨ੍ਹਾਂ ਦੀ ਜ਼ਿੰਮੇਵਾਰੀ ਵੱਧ ਗਈ ਹੈ ਕਿ ਉਹ ਖੁਦ ਹੁਣ ਸਾਹਮਣੇ ਆ ਕੇ ਦੋਸ਼ੀਆਂ ਦੇ ਖਿਲਾਫ ਮੁਕਦਮਾ ਦਰਜ ਕਰਵਾਉਣ। ਅਮਰਿੰਦਰ ਸਿੰਘ ਮੁਖ ਮੰਤਰੀ ਹਨ ਇਸ ਲਈ ਕੋਈ ਵੀ ਤਾਕਤ ਇਨ੍ਹਾਂ 21 ਨੌਜਵਾਨਾਂ ਦੇ ਕਾਤਲਾਂ ਨੂੰ ਪੰਜਾਬ ਪੁਲਿਸ ’ਚ ਲੱਭਣ ਵਿਚ ਉਨ੍ਹਾਂ ਨੂੰ ਨਹੀਂ ਰੋਕ ਸਕਦੀ। ਅਮਰਿੰਦਰ ਸਿੰਘ ਨੂੰ ਬਤੌਰ ਗਵਾਹ ਮਾਰੇ ਗਏ ਸਾਰੇ 21 ਨੌਜਵਾਨਾਂ ਦੇ ਨਾਂ ਅਤੇ ਘਟਨਾਂ ਦੇ ਸਾਲ ਨੂੰ ਜਨਤਕ ਕਰਨ ਦੀ ਸਿਰਸਾ ਨੇ ਅਪੀਲ ਕਰਦੇ ਹੋਏ ਅਮਰਿੰਦਰ ਨੂੰ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖਿਲਾਫ ਪੰਜਾਬ ਵਿਚ ਨਵਾਂ ਮੁਕਦਮਾ ਦਰਜ ਕਰਨ ਦੀ ਮੰਗ ਕੀਤੀ।

ਸਬੰਧਤ ਖ਼ਬਰ:

ਕੈਪਟਨ ਅਮਰਿੰਦਰ 21 ਸਿੱਖਾਂ ਦੇ ਕਤਲ ਦਾ ਪੂਰਾ ਸੱਚ ਲੋਕਾਂ ਸਾਹਮਣੇ ਰੱਖਣ: ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,