ਆਮ ਖਬਰਾਂ

ਅਧਿਆਪਕਾਂ ਉੱਤੇ ਲਾਠੀਚਾਰਜ ਦੀ ਸਖਤ ਨਿਖੇਧੀ ਕੀਤੀ

February 21, 2011 | By

ਲੁਧਿਆਣਾ (19 ਫਰਵਰੀ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ 18 ਫਰਵਰੀ ਨੂੰ ਬਾਦਲ ਸਰਕਾਰ ਦੇ ਸਿੱਖਿਆ ਮੰਤਰੀ ਸੇਵਾ ਸਿੰਘ ਦੇ ਪਿੰਡ ਸੇਖਵਾਂ ਵਿਖੇ ਉਨ੍ਹਾਂ ਨੂੰ ਮੰਗ-ਪੱਤਰ ਦੇਣ ਜਾ ਰਹੇ ਅਧਿਆਪਕਾ ਉਪਰ ਪੁਲੀਸ ਵਲੋਂ ਅੰਨ੍ਹੇਵਾਹ ਲਾਠੀਚਾਰਜ ਕਰਨ ਅਤੇ ਮਹਿਲਾਵਾਂ ਨਾਲ ਬਦਸਲੂਕੀ ਕਰਨ ਦੀਆਂ ਸਰਮਨਾਕ ਘਟਨਾਵਾਂ ਦੀ ਪੁਰਜੋਰ ਨਿੰਦਾ ਕੀਤੀ ਹੈ।

ਪਾਰਟੀ ਦਫਤਰ ਲੁਧਿਆਣਾ ਤੋਂ ਜਾਰੀ ਇਕ ਸਾਂਝੇ ਬਿਆਨ ਵਿਚ ਪਾਰਟੀ ਦੇ ਕੌਮੀ ਪੰਚ ਕਮਿੱਕਰ ਸਿੰਘ, ਕੁਲਬੀਰ ਸਿੰਘ ਬੜ੍ਹਾ ਪਿੰਡ, ਜਨਰਲ ਸਕੱਤਰ ਅਮਰੀਕ ਸਿੰਘ ਈਸੜੂ,ਜਥੇਬੰਦਕ ਸਕੱਤਰ ਜਸਵੀਰ ਸਿੰਘ ਖੰਡੂਰ, ਲੁਧਿਆਣਾ ਇਕਾਈ ਦੇ ਮੁਖੀ ਸੁਲਤਾਨ ਸਿੰਘ ਸੋਢੀ ਤੇ ਯੂਥ ਇਕਾਈ ਦੇ ਪ੍ਰਧਾਨ ਕਰਮਜੀਤ ਸਿੰਘ ਧੱਜਲ ਨੇ ਕਿਹਾ ਕਿ ਲੋਕਤੰਤਰ ਵਿਚ ਹਰ ਇਕ ਨੂੰ ਅਧਿਕਾਰ ਹੈ ਕਿ ਉਹ ਸ਼ਾਂਤਮਈ ਤਰੀਕੇ ਨਾਲ ਆਪਣੀਆਂ ਮੰਗਾਂ ਤੇ ਮੁੱਦਿਆਂ ਨੂੰ ਸਰਕਾਰ ਸਾਹਮਣੇ ਰੱਖ ਸਕੇ।ਪਰ ਬਾਦਲ ਸਰਕਾਰ ਹੱਕੀਂ ਮੰਗਾਂ ਦੇ ਸਬੰਧ ਵਿਚ ਉਠ ਰਹੀ ਹਰ ਅਵਾਜ਼ ਨੂੰ ਡੰਡੇ ਨਾਲ ਬੰਦ ਕਰਵਾਉਣ ਦੇ ਰਾਹ ਤੁਰੀ ਹੋਈ ਹੈ। ਸੁਖਬੀਰ ਬਾਦਲ , ਸਰਕਾਰ ਨੂੰ ਆਪਣੀ ਨਿੱਜੀ ਜਗੀਰ ਸਮਝਕੇ ਉਨ੍ਹਾਂ ਲੋਕਾਂ ਨੂੰ ਹੀ ਕੁਟ ਰਿਹਾ ਹੈ ਜਿੰਨ੍ਹਾਂ ਨੇ ਉਸਨੂੰ ਸੱਤਾ ਦੀ ਕੁਰਸੀ ਤੇ ਬੈਠਾਇਆ ਹੈ।ਪਿਛਲੇ ਲੰਬੇ ਅਰਸੇ ਤੋਂ ਅਧਿਆਪਕ ਤੇ ਪੰਜਾਬ ਸਰਕਾਰ ਦੇ ਮੁਲਾਜਮ ਆਪਣੀਆਂ ਮੰਗਾਂ ਨੂੰ ਲੈਕੇ ਸੰਘਰਸ਼ ਕਰ ਰਹੇ ਹਨ ਪਰ ਉਨ੍ਹਾਂ ਦੀ ਗੱਲ ਸੁਣਨ ਜਾਂ ਮਸਲੇ ਹੱਲ ਕਰਨ ਦੀ ਵਜਾਏ ਉਨ੍ਹਾਂ ਉਪਰ ਡੰਡੇ ਵਰ੍ਹਾਏ ਜਾਂਦੇ ਹਨ ਤੇ ਉਨ੍ਹਾਂ ਦੀਆਂ ਪੱਗਾਂ ਪੈਰਾਂ ਵਿਚ ਰੋਲੀਆ ਜਾਂਦੀਆਂ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਮੰਤਰੀ ਜਾਂ ਸਰਕਾਰ ਨੂੰ ਮੰਗ ਪੱਤਰ ਦੇਣ ਜਾ ਰਹੇ ਲੋਕਾਂ ਨੂੰ ਕੁਟਣਾ ਤੇ ਮਹਿਲਾਵਾਂ ਨਾਲ ਬਦਸਲੂਕੀ ਕਰਨ ਨੂੰ ਹੀ ਉਹ ਵਿਕਾਸ ਦਾ ਨਾਅ ਦੇ ਰਹੇ ਹਨ ?ਇਕ ਪਾਸੇ ਤਾਂ ਸਰਕਾਰ ਨੀਂਹ ਪੱਥਰਾਂ,ਇਸਿਤਿਹਾਰਾਂ ਤੇ ਸੰਗਤ ਦਰਸ਼ਨਾਂ ਦੀ ਵੋਟ ਰਾਜਨੀਤੀ ਉਪਰ ਕਰੋੜਾਂ ਰੁਪੈ ਖਰਚ ਰਹੀ ਹੈ ਪਰ ਮੁਲਾਜਮਾਂ ਦੀਆਂ ਹੱਕੀ ਮੰਗਾਂ ਨੂੰ ‘ਸਰਕਾਰ ਕੋਲ ਪੈਸਾ ਨਹੀਂ’ ਕਹਿਕੇ ਦੁਰਕਾਰ ਰਹੀ ਹੈ। ਇਸ ਸਰਮਨਾਕ ਘਟਨਾ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਜੋ ਅਖਬਾਰਾਂ ਵਿਚ ਛੱਪੀਆਂ ਹਨ ਉਨ੍ਹਾਂ ਤੋਂ ਸਾਫ ਦਿਸਦਾ ਹੈ ਕਿ ਬਾਦਲ ਸਰਕਾਰ ਤਾਨਾਸ਼ਾਹ ਤੇ ਜਾਲਮ ਹੁਕਮਰਾਨਾਂ ਨਾਲੋਂ ਵੀ ਵੱਧ ਜਬਰ ਜੁਲਮ ਆਪਣੇ ਲੋਕਾਂ ਤੇ ਕਰ ਰਹੀ ਹੈ।ਇਸ ਘਟਨਾ ਵਿਚ ਘੋੜਾਂ ਪੁਲੀਸ ਦੀ ਮਦਦ ਨਾਲ ਮਹਿਲਾਵਾਂ ਨਾਲ ਬਦਸਲੂਕੀ ਕੀਤੀ ਗਈ ਤੇ ਅਧਿਆਪਕਾਂ ਦੀਆਂ ਪੱਗਾਂ ਪੈਰਾਂ ਵਿਚ ਰੋਲੀਆ ਗਈਆ ਅਤੇ ਉਨ੍ਹਾਂ ਨੂੰ ਬੇਰਹਿਮੀ ਨਾਲ ਛੱਲੀਆ ਵਾਂਗ ਕੁਟਿਆ ਗਿਆ।ਇਥੋਂ ਤਕ ਕਿ ਵਾਪਸ ਜਾ ਰਹੇ ਅਧਿਆਪਕਾਂ ਦਾ ਦੂਰ ਤਕ ਪਿਛਾ ਕਰਕੇ ਪੁਲੀਸ ਨੇ ਉਨ੍ਹਾਂ ਉਪਰ ਬੇਕਿਰਕੀ ਨਾਲ ਲਾਠੀਚਾਰਜ ਕੀਤਾ।

ਉਨ੍ਹਾਂ ਕਿਹਾ ਕਿ ਜਦੋਂ ਸਰਕਾਰਾਂ ਲੋਕਾਂ ਦੀਆਂ ਦੁਖ ਤਕਲੀਫਾਂ ਸੁਣਨ ਦੀ ਵਜਾਏ ਉਨ੍ਹਾਂ ਨੂੰ ਕੁੱਟਣ ਤੁਰ ਪੈਣ ਤਾਂ ਅਜਿਹੀਆਂ ਸਰਕਾਰਾਂ ਜਾਂ ਸ਼ਾਸਕਾਂ ਦਾ ਕੀ ਹਸਰ ਹੁੰਦਾ ਹੈ ਅਤੇ ਲੋਕ ਰੋਹ ਸਾਹਮਣੇ ਟੈਂਕਾਂ ਤੇ ਤੋਪਾਂ ਕਿਸ ਤਰ੍ਹਾਂ ‘ਮੋਮ’ ਬਣ ਜਾਂਦੀਆਂ ਹਨ ਉਸਦੀਆਂ ਉਦਾਹਰਣਾਂ ਸਾਡੇ ਸਾਹਮਣੇ ਹਨ ਤੇ ਬਾਦਲਕਿਆਂ ਨੂੰ ਚਾਹੀਦਾ ਹੈ ਕਿ ਉਹ ਇੰਨ੍ਹਾਂ ਘਟਨਾਵਾਂ ਤੋਂ ਸਬਕ ਸਿੱਖਣ।ਉਨ੍ਹਾਂ ਕਿਹਾ ਕਿ ਉਪ ਮੁਖ ਮੰਤਰੀ ਦੀ ਪਤਨੀ ਬੀਬੀ ਹਰਸਿਮਰਤ ਕੌਰ ਲੋਕਾਂ ਦੀਆਂ ਵੋਟਾਂ ਨਾਲ ਸਾਂਸਦ ਚੁਣੇ ਹੋਏ ਹਨ ਅਤੇ ਉਹ ‘ਨੰਨ੍ਹੀ ਛਾਂ’ਸੰਸਥਾ ਰਾਂਹੀ ਲੜਕੀਆਂ ਤੇ ਔਰਤਾਂ ਨੂੰ ਮਾਣ ਸਨਮਾਨ ਦਿਵਾਉਣ ਦਾ ਪ੍ਰਚਾਰ ਦਿਨ-ਰਾਤ ਕਰ ਰਹੇ ਹਨ।ਮਹਿਲਾਵਾਂ ਉਪਰ ਹੋ ਰਹੇ ਲਾਠੀਚਾਰਜ ਤੇ ਪੁਲੀਸ ਵਲੋਂ ਉਨ੍ਹਾਂ ਨਾਲ ਕੀਤੀ ਗਈ ਬਦਸਲੂਕੀ ਦੀ ਇਸ ਘਟਨਾ ਉਪਰ ਉਹ ਚੁਪ ਕਿਉਂ ਹਨ?

ਉਨ੍ਹਾਂ ਮੰਗ ਕੀਤੀ ਕਿ ਉਪਰੋਕਤ ਘਟਨਾਵਾਂ ਲਈ ਦੋਸ਼ੀ ਪੁਲੀਸ ਅਧਿਕਾਰੀਆਂ ਉਪਰ ਕਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਬਾਦਲ ਸਰਕਾਰ ਅਧਿਆਪਕਾਂ ਤੇ ਮਹਿਲਾਵਾਂ ਤੋਂ ਮਾਫੀ ਮੰਗਕੇ ਉਨ੍ਹਾਂ ਦੀਆਂ ਜਾਇਜ ਤੇ ਹੱਕੀ ਮੰਗਾਂ ਪ੍ਰਤੀ ਹਮਦਰਦੀ ਨਾਲ ਵਿਚਾਰ ਕਰੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: