ਲੇਖ

ਅੱਜ ਤੱਕ ਸਿੱਖਾਂ ਦੀ ਅਗਵਾਈ ਕਰਨ ਵਾਲਾ ਕੋਈ ਯੋਗ ਆਗੂ ਹੀ ਨਹੀਂ ਮਿਲਿਆ

August 16, 2010 | By

ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ। ਸਿੱਖ ਕਿਸੇ ਤੇ ਪਹਿਲਾਂ ਵਾਰ ਨਹੀਂ ਕਰਦਾ। ਸਿੱਖ ਜ਼ੁਲਮ ਤੇ ਅਨਿਆਂ ਵਿਰੁੱਧ ਲੜਦਾ ਹੈ। ਸਿੱਖ ਹਰ ਧਰਮ ਦਾ ਸਤਿਕਾਰ ਕਰਦਾ ਹੈ ਅਤੇ ਦੀਨ ਦੁਖੀ ਦੀ ਮਦਦ ਲਈ ਤਿਆਰ ਰਹਿੰਦਾ ਹੈ। ਸਾਨੂੰ ਇਹ ਗੁੜ੍ਹਤੀ ਸਾਡੇ ਗੁਰੂਆਂ ਨੇ ਦਿੱਤੀ ਹੈ। ਇਤਿਹਾਸ ਵਿਚ ਅਜਿਹਾ ਕੋਈ ਪੰਨਾ ਨਹੀਂ ਮਿਲਦਾ ਕਿ ਕਿਸੇ ਸੱਚੇ ਸਿੱਖ ਨੇ ਕਿਸੇ ਨਾਲ ਕੋਈ ਵਧੀਕੀ ਕੀਤੀ ਹੋਵੇ। ਪਰ ਫਿਰ ਵੀ ਸਾਨੂੰ ਵੱਖਵਾਦੀ ਅੱਤਵਾਦੀ ਅਤੇ ਜ਼ਰਾਇਮ ਪੇਸ਼ਾ ਕੌਮ ਵਜੋਂ ਕਿਉਂ ਪ੍ਰਚਾਰਿਆ ਜਾ ਰਿਹਾ ਹੈ। ਮੇਰੇ ਕੋਲ ਇਸਦਾ ਇਕ ਹੀ ਜਵਾਬ ਹੈ ਕਿ ਇਹ ਸਾਰਾ ਦੋਸ਼ ਸਿੱਖ ਕੌਮ ਦੀ ਅਗਵਾਈ ਕਰਨ ਵਾਲੇ ਸਾਡੇ ਬੇਈਮਾਨ ਆਗੂਆਂ ਦਾ ਹੈ।

ਅੰਗਰੇਜ਼ਾਂ ਨੂੰ ਭਾਰਤ ਵਿਚੋਂ ਕੱਢਣ ਲਈ ਸਿੱਖਾਂ ਨੇ 100 ਚੋਂ 99 ਸਿਰ ਦਿੱਤੇ। ਪਰ ਜਦ ਅਜ਼ਾਦੀ ਮਿਲਣ ਲੱਗੀ ਤਾਂ ਉਸ ਸਮੇਂ ਦੇ ਕੌਮ ਦੇ ਆਗੂ ਮਾਸਟਰ ਤਾਰਾ ਸਿੰਘ ਅਤੇ ਬਲਦੇਵ ਸਿੰਘ ਨੇ ਇਨ੍ਹਾ ਕੁਰਬਾਨੀਆਂ ਨੂੰ ਢੱਠੇ ਖੂਹ ਵਿਚ ਪਾ ਦਿੱਤਾ ਜਦੋਂ ਆਪਣੀ ਕਿਸਮਤ ਨੂੰ ਹਿੰਦੁਸਤਾਨ ਨਾਲ ਜੋੜਨ ਦਾ ਫੈਸਲਾ ਲੈ ਲਿਆ, ਜਿਸਦੇ ਫਲਸਰੂਪ ਅਸੀਂ ਐਨੀਆਂ ਕੁਰਬਾਨੀਆਂ ਦੇ ਕੇ ਵੀ ਗੁਲਾਮ ਦੇ ਗੁਲਾਮ ਹੀ ਰਹਿ ਗਏ। ਫੇਰ ਸੰਤ ਫਤਿਹ ਸਿੰਘ ਦੀ ਅਗਵਾਈ ਚ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ। ਇਸ ਵਿਚ ਵੀ ਸਿੱਖਾਂ ਨੇ ਜੇਲ੍ਹਾਂ ਕੱਟੀਆਂ ਕੁਰਬਾਨੀਆਂ ਦਿੱਤੀਆਂ ਤੇ ਫੇਰੂਮਾਨ ਵਰਗੇ ਸੱਚੇ ਸਿੱਖ ਸ਼ਹਾਦਤ ਦਾ ਜਾਮ ਪੀ ਗਏ। ਪਰ ਇਨ੍ਹਾ ਆਗੂਆਂ ਦੀ ਅਨਪੜ੍ਹਤਾ ਤੇ ਨਲਾਇਕੀ ਕਾਰਨ ਇਨ੍ਹਾ ਨੇ ਪੰਜਾਬ ਵਿਚੋਂ ਹਿਮਾਚਲ ਅਤੇ ਹਰਿਆਣਾ ਗਵਾਕੇ ਪੰਜਾਬੀ ਸੂਬੀ ਬਣਾ ਲਈ, ਤੇ ਕੁਰਬਾਨੀਆਂ ਫੇਰ ਅਜਾਈਂ ਗਈਆਂ। ਜਦੋਂ ਕਿ ਮਰਹੂਮ ਮੁੱਖ ਮੰਤਰੀ ਸ: ਪ੍ਰਤਾਪ ਸਿੰਘ ਕੈਰੋਂ ਇਨ੍ਹਾ ਸੂਬਿਆਂ ਨੂੰ ਵਿਚ ਲੈ ਕੇ ਮਹਾਂ ਪੰਜਾਬ ਬਣਾਉਣਾ ਚਾਹੁੰਦਾ ਸੀ। ਫੇਰ ਧਰਮ ਯੁੱਧ ਮੋਰਚਾ ਲੱਗਿਆ ਜਿਸਦੀ ਅਗਵਾਈ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਕੀਤੀ।

ਜਿਸ ਵਿਚ ਅਨੰਦਪੁਰ ਦੇ ਮਤੇ ਨੂੰ ਮਨਵਾਉਣ ਲਈ ਫੇਰ ਸਿੱਖ ਕੌਮ ਨੂੰ ਇਨ੍ਹਾ ਆਗੂਆਂ ਨੇ ਵੰਗਾਰਿਆ ਤੇ ਸਿੱਖਾਂ ਨੇ ਇਨ੍ਹਾ ਦੀ ਇਕ ਵੰਗਾਰ ਤੇ ਗ੍ਰਿਫਤਾਰੀਆਂ ਦੇ ਦੇ ਕੇ ਜੇਲ੍ਹਾਂ ਭਰ ਦਿੱਤੀਆਂ, ਲੱਖਾਂ ਦੀ ਤਾਦਾਦ ਵਿਚ ਸਿੱਖਾਂ ਨੇ ਅਕਾਲ ਤਖਤ ਤੇ ਮਰਜੀਵੜਿਆਂ ਦੀਆਂ ਕਸਮਾਂ ਚੁੱਕ ਲਈਆਂ ਪਰ ਇੱਥੇ ਵੀ ਯੋਗ ਆਗੂ ਦੀ ਘਾਟ ਕਾਰਨ ਇਹ ਧਰਮਯੁੱਧ ਮੋਰਚਾ ਕਿਸੇ ਨਤੀਜੇ ਤੇ ਨਾ ਪੁੱਜ ਸਕਿਆ ਅਤੇ ਆਖਿਰ ਇੰਦਰਾਂ ਗਾਂਧੀ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਦਰਬਾਰ ਸਾਹਿਬ ਚੋਂ ਕੱਢਣ ਦਾ ਬਹਾਨਾ ਬਣਾਕੇ ਜੂਨ 1984 ਚ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਅਤੇ ਧਰਮਯੁੱਧ ਮੋਰਚੇ ਦੀ ਅਗਵਾਈ ਕਰਨ ਵਾਲੇ ਸਾਰੇ ਆਗੂ ਸੰਤ ਲੌਂਗੋਵਾਲ, ਸ: ਬਾਦਲ, ਸ: ਟੌਹੜਾ, ਸ: ਤਲਵੰਡੀ ਅਕਾਲ ਤਖਤ ਤੇ ਖਾਧੀਆਂ ਕਸਮਾਂ ਭੁੱਲਕੇ ਸਰੰਡਰ ਕਰਕੇ ਆਪਣੀਆਂ ਜਾਨਾ ਪਿਆਰੀਆਂ ਕਰਕੇ ਬਾਹਰ ਨਿੱਕਲ ਗਏ ਅਤੇ ਆਮ ਸਿੱਖ ਸੰਗਤ ਨੂੰ ਫੌਜ ਦੀਆਂ ਗੋਲੀਆਂ ਖਾਣ ਲਈ ਖੜ੍ਹੇ ਛੱਡ ਗਏ। ਜੇ ਕਿਤੇ ਇਹ ਆਗੂ ਉਸ ਸਮੇਂ ਡਟ ਜਾਂਦੇ ਕਿ ਦਰਬਾਰ ਸਾਹਿਬ ਵਿਚ ਹੱਲਾ ਕਰਨ ਤੋਂ ਪਹਿਲਾਂ ਸਾਡੀਆਂ ਹਿੱਕਾਂ ਚ ਗੋਲੀਆਂ ਮਾਰੋ ਤਾਂ ਕਦੇ ਵੀ ਇਹ ਘਟਨਾ ਨਹੀਂ ਵਾਪਰ ਸਕਦੀ ਸੀ ਫੌਜ ਕਦੇ ਵੀ ਰਾਜਨੀਤਕ ਲੋਕਾਂ ਨੂੰ ਨਹੀਂ ਮਾਰ ਸਕਦੀ ਸੀ। ਇਸ ਗਲਤੀ ਨਾਲ ਇਹ ਘਟਨਾ ਵੀ  ਵਾਪਰ ਗਈ ਅਤੇ ਸਿੱਖ ਕੌਮ ਲਈ ਹਮੇਸ਼ਾ ਦਾ ਨਾਸੂਰ ਬਣ ਗਈ। ਜਦੋਂ ਕਿ ਇਹ ਆਗੂ ਅਖਬਾਰਾਂ ਵਿਚ ਬਿਆਨ ਦਿਆ ਕਰਦੇ ਸਨ ਕਿ ਜੇਕਰ ਦਰਬਾਰ ਸਾਹਿਬ ਤੇ ਅਟੈਕ ਹੋਇਆ ਤਾਂ ਫੌਜ ਸਾਡੀਆਂ ਲਾਸ਼ਾਂ ਉੱਤੋਂ ਦੀ ਲੰਘਕੇ ਜਾਵੇਗੀ ਪਰ ਜਦੋਂ ਕੁਰਬਾਨੀਆਂ ਦੇਣ ਦਾ ਸਮਾਂ ਆਇਆ ਤਾਂ ਇਹ ਕਾਗਜ਼ੀ ਸ਼ੇਰ ਦੁੰਬ ਦਬਾਕੇ ਨਿੱਕਲ ਗਏ।

ਇਸ ਵੱਡੀ ਗਲਤੀ ਨੇ ਜਿੱਥੇ ਦਿੱਲੀ ਨੂੰ ਪੰਜਾਬ ਵਿਚ ਨੌਜਵਾਨਾ ਦਾ ਸ਼ਿਕਾਰ ਕਰਨ ਦੀ ਖੁੱਲ੍ਹ ਦਿੱਤੀ,ਉੱਥੇ ਇਸ ਘਟਨਾ ਦੀ ਤ੍ਰਾਸਦੀ ਤੋਂ ਪ੍ਰਭਾਵਿਤ ਹੋ ਕੇ ਇੰਦਰਾਂ ਗਾਂਧੀ ਦੇ ਅੰਗ ਰੱਖਿਅਕ ਸ: ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੂੰ ਇੰਦਰਾਂ ਗਾਂਧੀ ਦਾ ਕਤਲ ਕਰਨਾ ਪਿਆ ਅਤੇ ਇਸਦੇ ਬਦਲੇ ਵਿਚ ਦਿੱਲੀ ਵਿਚ ਸਿੱਖਾਂ ਦੀ ਨਸਲਕੁਸ਼ੀ ਦਾ ਜੋ ਨੰਗਾ ਨਾਚ ਹੋਇਆ ਉਹ ਸਭ ਨੂੰ ਪਤਾ ਹੈ ਅਤੇ 26 ਸਾਲ ਬੀਤ ਜਾਣ ਤੇ ਵੀ ਹਜ਼ਾਰਾਂ ਸਿੱਖਾਂ ਨੂੰ ਕਤਲ ਕਰਵਾਉਣ ਵਾਲੇ ਸੱਜਣ ਕੁਮਾਰ ਵਰਗਿਆਂ ਨੂੰ ਅਜੇ ਤੱਕ ਝਰੀਟ ਨਹੀਂ ਆਈ ਤੇ ਇੰਦਰਾਂ ਗਾਂਧੀ ਨੂੰ ਤੇ ਹੋਰ ਸਿੱਖ ਦੋਖੀਆਂ ਨੂੰ ਮਾਰਨ ਵਾਲੇ ਜੁਝਾਰੂਆਂ ਨੂੰ ਕਦੋਂ ਦਾ ਫਾਂਸੀ ਦੇ ਤਖਤੇ ਤੇ ਲਟਕਾਇਆ ਜਾ ਚੁੱਕਾ ਹੈ। ਇਸਦੇ ਜਿੰਮੇਂਵਾਰ ਵੀ ਸਾਡੀ ਕੌਮ ਦੇ ਅਖੌਤੀ ਲੀਡਰ ਹੀ ਹਨ,ਕਿਉਂ ਕਿ ਜੇ ਇਸ ਮਾਮਲੇ ਵਿਚ ਇਹ ਸਾਰੀ ਕੌਮ ਨੂੰ ਇਕਮੁੱਠ ਕਰਕੇ ਇਸ ਅਨਿਆਂ ਵਿਰੁੱਧ ਸੱਚੇ ਦਿਲੋਂ ਲੜਾਈ ਲੜਦੇ ਤਾਂ ਅੱਜ ਤੱਕ ਕੌਮ ਦਾ ਇਹ ਹਸ਼ਰ ਨਾ ਹੁੰਦਾ। ਇਨ੍ਹਾ ਬੇਸ਼ਰਮ ਬੇ-ਹਯਾ,ਬੇਈਮਾਨ ਲੀਡਰਾਂ ਨੇ ਪਿਛਲੇ ਇਤਿਹਾਸ ਤੋਂ ਕੋਈ ਸਬਕ ਨਹੀਂ ਲਿਆ ਅਤੇ ਅੱਜ ਵੀ ਇਹ ਆਪਣੇ ਸਿਆਸੀ ਮੁਫਾਦਾਂ ਨੂੰ ਮੁੱਖ ਰੱਖਕੇ ਹੀ ਦਿੱਲੀ ਦੇ ਕਤਲੇਆਮ ਬਾਰੇ ਥੋੜ੍ਹਾ ਬਹੁਤਾ ਮੂੰਹ ਖੋਲ੍ਹਦੇ ਹਨ।

ਹੁਣ ਜਦੋਂ ਸੱਜਣ ਕੁਮਾਰ ਵਰਗੇ ਸਿੱਖਾਂ ਦੇ ਕਾਤਲਾਂ ਨੂੰ ਬੜੀ ਮੁਸ਼ਕਿਲ ਨਾਲ ਕਾਨੂੰਨ ਦੇ ਸ਼ਿਕੰਜੇ ਚ ਲਿਆਂਦਾ ਗਿਆ ਹੈ ਤਾਂ ਇਹ ਆਗੂ ਇੱਥੇ ਵੀ ਸ਼ਤਰੰਜੀ ਚਾਲਾਂ ਚੱਲ ਰਹੇ ਹਨ ਅਤੇ ਸਿੱਖਾਂ ਦੇ ਇਸ ਕਾਤਲ ਨੂੰ ਬਚਾਉਣ ਦਾ ਰਾਜ ਪੱਧਰਾ ਕਰ ਰਹੇ ਹਨ। ਇਸ ਸੰਬੰਧੀ ਸਰਨਾ ਭਰਾਵਾਂ ਨੇ ਇਹ ਕਹਿਕੇ ਸੀਨਂਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਦਿੱਲੀ ਦੇ ਕਤਲੇਆਮ ਦੇ ਕੇਸਾਂ ਵਿਚੋਂ 1 ਕਰੋੜ ਤੋਂ ਵੱਧ ਰੁਪਏ ਖੁਰਦ ਬੁਰਦ ਕਰ ਗਏ ਹਨ,ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਜਦੋਂ ਕਿ ਸ: ਫੂਲਕਾ ਕਹਿ ਰਹੇ ਹਨ ਕਿ ਮੈਨੂੰ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਿਰਫ 15 ਹਜ਼ਾਰ ਰੁਪਏ ਮਿਲੇ ਸਨ ਅਤੇ ਮੈਂ ਇਹ ਸਾਰੇ ਕੇਸ ਮੁਫਤ ਅਤੇ ਆਪਣੀ ਜਾਨ ਖਤਰੇ ਵਿਚ ਪਾਕੇ ਲੜ ਰਿਹਾ ਹਾਂ। ਸੋਚਣਵਾਲੀ ਗੱਲ ਹੈ ਕਿ ਸਰਨਾ ਭਰਾਵਾਂ ਨੇ ਇਹ ਗੱਲ ਅੱਜ ਹੀ ਕਿਉਂ ਆਖੀ ਜਦੋਂ ਇਹ ਕੇਸ ਕਿਸੇ ਨਤੀਜੇ ਤੇ ਪੁੱਜਣ ਵਾਲਾ ਹੈ। ਇਸ ਲਈ ਸਿੱਖ ਹਲਕੇ ਸ਼ੱਕ ਕਰ ਰਹੇ ਹਨ ਕਿ ਸਰਨਾ ਭਰਾ ਇਕ ਇਮਾਨਦਾਰ ਵਕੀਲ ਤੇ ਅਜਿਹਾ ਦੋਸ਼ ਮੜ੍ਹਕੇ, ਉਸਦਾ ਹੌਸਲਾ ਡੇਗਕੇ ਕਾਤਲਾਂ ਦੀ ਸਿੱਧੀ ਮਦਦ ਕਰ ਰਹੇ ਹਨ। ਭਾਵੇਂ ਉਨ੍ਹਾ ਨੇ ਇਸ ਸੰਬੰਧੀ ਸ਼ਪਸ਼ਟੀਕਰਨ ਦਿੱਤਾ ਹੈ ਕਿ ਉਨ੍ਹਾ ਨੇ ਦਿੱਲੀ ਕਤਲੇਆਮ ਦਾ ਅਜੇ ਤੱਕ ਨਿਆਂ ਨਾ ਮਿਲਣ ਸੰਬੰਧੀ ਕਾਰਨਾ ਦੀ ਜਾਂਚ ਲਈ ਕਮਿਸ਼ਨ ਬਣਾਇਆ ਹੈ ਜਿਸਦਾ ਸ: ਫੂਲਕਾ ਵਿਰੋਧ ਕਰ ਰਹੇ ਹਨ। ਪਰ ਹੁਣ ਕਮਿਸ਼ਨ ਬਣਾਉਣੇ ਬੇਸਮਝੀ ਵਾਲੀ ਗੱਲ ਹੈ ਕਿ ਪਿੱਛੇ ਜੋ ਕੁੱਝ ਹੋ ਗਿਆ ਠੀਕ ਹੈ ਜਦੋਂ ਅੱਜ ਉਸਦਾ ਕੋਈ ਨਤੀਜਾ ਆਉਣ ਲੱਗਾ ਹੈ ਤਾਂ ਤੁਸੀਂ ਹੁਣ ਪਿਛਲੇ ਪੋਤੜੇ ਫਰੋਲਕੇ ਕੀ ਲੈਣਾ ਹੈ ਅੱਜ ਦਾ ਮੌਕਾ ਸੰਭਾਲੋ ਅਤੇ ਸਾਰੇ ਸਿੱਖ ਆਗੂ ਰਾਜਸੀ ਹਿੱਤ ਭੁਲਾਕੇ ਕੌਮ ਦੀ ਇਸ ਤ੍ਰਾਸਦੀ ਦੀ ਜਿਮੇਂਵਾਰਾਂ ਨੂੰ ਸਜਾ ਦਿਵਾਉਣ ਲਈ ਸਿਰ ਜੋੜਕੇ ਬੈਠੋ। ਇਧਰ ਕੋਈ ਸੰਜੀਦਾ ਨਹੀਂ, ਉਧਰ ਅਕਾਲੀ ਦਲ ਬਾਦਲ ਨੂੰ ਸ: ਫੂਲਕਾ ਵੱਲੋਂ ਅਕਾਲ ਤਖਤ ਨੂੰ ਇਸ ਸੰਬੰਧੀ ਪੱਤਰ ਲਿਖਣ ਤੇ ਮਸਾਂ ਸਰਨਾ ਭਰਾਵਾਂ ਨਾਲ ਕਿੜ ਕੱਢਣ ਲਈ ਪਲੇਟਫਾਰਮ ਮਿਲਿਆ ਹੈ ਅਤੇ ਉਨ੍ਹਾ ਨੇ ਤੁਰੰਤ ਅਕਾਲ ਤਖਤ ਹੁਕਮਨਾਮਾ ਜਾਰੀ ਕਰਵਾਕੇ ਅਕਾਲ ਤਖਤ ਤੇ ਤਲਬ ਕਰ ਲਿਆ ਹੈ।

ਇੱਥੇ ਵੀ ਅਕਾਲ ਤਖਤ ਦੀ ਮਰਿਆਦਾ ਦੀ ਤੁਹੀਨ ਹੀ ਹੋਣੀ ਹੈ, ਕਿਉਂ ਕਿ ਸਰਨਾ ਭਰਾਵਾਂ ਨੇ ਦਿੱਤੇ ਸਮੇਂ ਵਾਲੇ ਦਿਨ ਅਕਾਲ ਤਖਤ ਤੇ ਹਾਜ਼ਰ ਹੋਣ ਤੋਂ ਅਸਮਰਥਾ ਪ੍ਰਗਟ ਕਰ ਦਿੱਤੀ ਹੈ ਕਿਉਂ ਕਿ ਇਸਤੋਂ ਜਰੂਰੀ ਉਨ੍ਹਾ ਨੂੰ ਆਪਣੇ ਰੁਝੇਵਿਆਂ ਦਾ ਫਿਕਰ ਹੈ। ਇੱਥੇ ਜਿਕਰਯੋਗ ਹੈ ਕਿ ਅਕਾਲੀ ਦਲ ਬਾਦਲ ਬੀ ਜੇ ਪੀ ਦੀ ਸਰਕਾਰ ਵੇਲੇ ਇਸ ਸਰਕਾਰ ਵਿਚ ਭਾਈਵਾਲ ਰਿਹਾ ਹੈ ,ਉਦੋਂ ਇਨ੍ਹਾ ਨੇ ਦਿੱਲੀ ਕਤਲੇਆਮ ਦੇ ਕਾਤਲਾਂ ਨੂੰ ਸਜਾ ਦਿਵਾਉਣ ਦੀ ਕੋਈ ਕੋਸ਼ਿਸ਼ ਕਿਉਂ ਨਹੀਂ ਕੀਤੀ। ਪੰਜਾਬ ਦੇ ਪਾਣੀਆਂ ਤੇ ਚੰਡੀਗੜ੍ਹ ਲੈਣ ਦੀਆਂ ਮੰਗਾਂ ਕਿਉਂ ਨਹੀਂ ਉਠਾਈਆਂ, ਕਿੱਧਰ ਗਏ ਕਪੂਰੀ ਦੇ ਮੋਰਚੇ ,ਕਿੱਧਰ ਗਈਆਂ ਧਾਰਾ 25 ਦੀਆਂ ਸਾੜੀਆਂ ਕਾਪੀਆਂ। ਹਾਂ ਹੁਣ ਦਿੱਲੀ ਚੋਂ ਅਕਾਲੀ ਦਲ ਬਾਦਲ ਨੂੰ ਗੁਰਦੁਆਰਾ ਕਮੇਟਂ ਦੇ ਕਬਜੇ ਤੋਂ ਖਦੇੜਨ ਵਾਲੇ ਸਰਨਾ ਭਰਾਵਾਂ ਨੂੰ ਬਦਨਾਮ ਕਰਕੇ ਅਗਲੀ ਵਾਰ ਦਿੱਲੀ ਗੁਰਦਆਰਾ ਕਮੇਟੀ ਤੇ ਕਬਜ਼ਾ ਕਰਨ ਦਾ ਮੁੱਦਾ ਜਰੂਰ ਮਿਲ ਗਿਆ ਹੈ , ਅੰਦਰੋਂ ਦਿੱਲੀ ਕਤਲੇਆਮ ਨਾਲ ਇਨ੍ਹਾ ਲੋਕਾਂ ਦੀ ਕੋਈ ਹਮਦਰਦੀ ਨਹੀ । ਗੱਲ ਇੱਥੇ ਮੁੱਕਦੀ ਹੈ ਕਿ ਸਾਡੇ ਨਾ ਕਾਬਲ ਸਿੱਖ ਆਗੂਆਂ ਨੇ ਅੱਜ ਤੱਕ ਸਿੱਖਾਂ ਦਾ ਨਜਾਇਜ਼ ਹੀ ਖੂਨ ਵਹਾਇਆ ਹੈ ਅਤੇ ਇਸਦਾ ਮੁੱਲ ਆਪਣੇ ਮੁਫਾਦਾਂ ਲਈ ਵੱਟਿਆ ਹੈ ਅਤੇ ਜਦੋਂ ਵੀ ਕੋਈ ਲਹਿਰ ਪ੍ਰਾਪਤੀ ਦੇ ਅਖੀਰਲੇ ਡੰਡੇ ਤੇ ਪੁੱਜਣ ਲੱਗੀ ਹੈ ਇਨ੍ਹਾ ਨੇ ਪੈਰਾਂ ਚੋਂ ਪੌੜੀ ਖਿੱਚਕੇ ਕੌਮ ਨੂੰ ਪਿੱਠ ਪਰਨੇ ਸੁੱਟਿਆ ਹੈ। ਮੇਰੀ ਕੌਮ ਦੇ ਸੱਚੇ ਤੇ ਹਮਦਰਦੀ ਰੱਖਣ ਵਾਲੇ ਵੀਰੋ ਬਚਾਲੋ ਕੌਮ ਨੂੰ ਇਨ੍ਹਾ ਤੋਂ ਬੜਾ ਨੁਕਸਾਨ ਕਰ ਦਿੱਤਾ ਇਨ੍ਹਾ ਨੇ ਕੌਮ ਦਾ। ਸ਼ਾਹ ਮੁਹੰਮਦ ਨੇ ਸਿੱਖ ਫੌਜਾਂ ਦੇ ਅੰਗਰੇਜ਼ਾਂ ਤੋਂ ਮੁੱਦਕੀ ਦੇ ਮੈਦਾਨ ਵਿਚ ਹਾਰ ਜਾਣ ਤੇ ਲਿਖਿਆ ਸੀ,‘ ਕਿ ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫੌਜਾਂ ਜਿੱਤਕੇ ਅੰਤ ਨੂੰ ਹਾਰੀਆਂ ਨੇ’, ਉਦੋਂ ਵੀ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਿੱਖਾਂ ਦੀ ਵਾਗਡੋਰ ਬੇਈਮਾਨ ਆਗੂਆਂ ਦੇ ਹੱਥ ਆ ਗਈ ਸੀ ਅਤੇ ਇਨ੍ਹਾ ਗਦਾਰਾਂ ਨੇ ਗਦਾਰੀਆਂ ਕਰਕੇ ਜਿੱਤੀ ਜੰਗ ਹਰਾ ਦਿੱਤੀ ਸੀ ਅੱਜ ਵੀ ਅਸੀਂ ਇਨ੍ਹਾ ਗਦਾਰਾਂ ਦੀ ਬਦੌਲਤ ਜੰਗਾਂ ਜਿੱਤ ਜਿੱਤ ਕੇ ਹਾਰ ਰਹੇ ਹਾਂ ਅਤੇ ਹਾਰਦੇ ਰਹਾਂਗੇ ਜੇ–।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,