ਸਿੱਖ ਖਬਰਾਂ

ਮਸਲਾ ਤੀਸਰੇ ਘੱਲੂਘਾਰੇ ਦੀ ਯਾਦਗਾਰ ਬਣਾਉਣ ਦਾ: ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦਾ ਜਥੇਦਾਰ, ਅਕਾਲ ਤਖਤ ਸਾਹਿਬ ਦੇ ਨਾਂ ਪੱਤਰ

May 7, 2011 | By

ਸ਼੍ਰੀ ਅੰਮ੍ਰਿਤਸਰ, ਪੰਜਾਬ (7 ਮਈ, 2011): ਸਿੱਖ ਪ੍ਰੰਪਰਾ ਤੇ ਸਿਧਾਂਤਾ ਅਨੁਸਾਰ ਸ਼੍ਰੀ ਦਰਬਾਰ ਸਾਹਿਬ ਦੇ ਵਿਹੜੇ ਵਿਚ ਘੱਲੂਘਾਰਾ ਜੂਨ 1984 ਤੇ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਸ਼੍ਰੋਮਣੀ ਅਕਾਲ ਦਲ (ਪੰਚ ਪ੍ਰਧਾਨੀ) ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ 6 ਮਈ, 2011 ਨੂੰ ਸੌਂਪਿਆ ਗਿਆ ਪੱਤਰ ਪਾਠਕਾਂ ਦੀ ਜਾਣਕਾਰੀ ਹਿੱਤ ਹੇਠਾਂ ਛਾਪ ਰਹ ਹਾਂ: ਸੰਪਾਦਕ।

ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ,

ਜਥੇਦਾਰ, ਅਕਾਲ ਤਖਤ ਸਾਹਿਬ,
ਸ਼੍ਰੀ ਅੰਮ੍ਰਿਤਸਰ।

ਵਿਸ਼ਾ: ਦਰਬਾਰ ਸਾਹਿਬ ਦੇ ਵਿਹੜੇ ਵਿਚ “ਸ਼ਹੀਦੀ ਯਾਦਗਾਰ” ਕਾਇਮ ਕਰਨ ਤੇ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਵਿੱਚ “ਸ਼ਹੀਦੀ ਗੈਲਰੀ” ਨੂੰ ਸੰਗਤਾਂ ਲਈ ਖੋਲ੍ਹਣ ਸੰਬੰਧੀ।

ਸਤਿਕਾਰਯੋਗ ਜਥੇਦਾਰ ਜੀ,

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥

‘ਸ਼ਹੀਦੀ ਪ੍ਰੰਪਰਾ’ ਨੇ ਜੋ ਰੂਪ ਸਿੱਖ ਧਰਮ ਵਿੱਚ ਹਾਸਿਲ ਕੀਤਾ ਹੈ ਅਜਿਹਾ ਸੰਸਾਰ ਦੇ ਹੋਰ ਕਿਸੇ ਧਰਮ ਜਾਂ ਵਿਚਾਰਧਾਰਾ ਵਿਚ ਵੇਖਣ ਨੂੰ ਨਹੀਂ ਮਿਲਦਾ। ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਵੱਲੋਂ ਆਰੰਭੀ ਇਸ ਸ਼ਹੀਦੀ ਲੜੀ ਨੂੰ, ਗੁਰੂ ਆਸ਼ੇ ਤੇ ਸਿਧਾਂਤ ਉੱਤੇ ਪਹਿਰਾ ਦੇਂਦਿਆਂ ਅਨੇਕਾਂ ਸਿੰਘਾਂ, ਸਿੰਘਣੀਆਂ, ਭੁਜੰਗੀਆਂ ਤੇ ਮਹਾਂਪੁਰਖਾਂ ਨੇ ਅੱਗੇ ਤੋਰਿਆ, ਜੋ ਅਜੋਕੇ ਸਮੇਂ ਤੱਕ ਵੀ ਜਾਰੀ ਹੈ।

ਸਿੱਖ ਕਦਰਾਂ-ਕੀਮਤਾਂ ਮੁਤਾਬਕ ਸਿੱਖਾਂ ਵਿਚ ਸ਼ਹੀਦ ਦਾ ਸਤਿਕਾਰ ਅਤੇ ਰੁਤਬਾ ਬਹੁਤ ਉੱਚਾ ਹੈ, ਜਿਸ ਦੇ ਪ੍ਰਮਾਣ ਵੱਜੋਂ ਇਸ ਤੱਥ ਉੱਤੇ ਗੌਰ ਕੀਤਾ ਜਾ ਸਕਦਾ ਹੈ ਕਿ ਕਈ ਇਤਿਹਾਸਕ ਗੁਰਧਾਮ ਸਿੱਖ ਸ਼ਹੀਦਾਂ ਦੀਆਂ ਯਾਦਾਂ ਜਾਂ ਸ਼ਹਾਦਤਾਂ ਦੀਆਂ ਨਿਸ਼ਾਨੀਆਂ ਵਜੋਂ ਸਥਾਪਤ ਕੀਤੇ ਗਏ ਹਨ। ਡੇਹਰਾ ਸਾਹਿਬ (ਲਾਹੌਰ), ਸੀਸ ਗੰਜ ਸਾਹਿਬ ਤੇ ਰਕਾਬ ਗੰਜ ਸਾਹਿਬ (ਦਿੱਲੀ), ਫ਼ਤਹਿਗੜ੍ਹ ਸਾਹਿਬ ਤੇ ਜੋਤੀ ਸਰੂਪ ਸਾਹਿਬ (ਫ਼ਤਹਿਗੜ੍ਹ ਸਾਹਿਬ) ਅਜਿਹੇ ਪ੍ਰਮੁੱਖ ਸਥਾਨ ਹਨ ਜਿਨ੍ਹਾਂ ਦਾ ਸਿੱਧਾ ਸੰਬੰਧ ਸ਼ਹੀਦਾਂ ਨਾਲ ਹੈ। ਇਸ ਤੋਂ ਇਲਾਵਾ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਚ ਸ਼ਹੀਦੀ ਯਾਦਗਾਰਾਂ ਸਥਾਪਤ ਕਰਨਾ ਵੀ ਸਿੱਖ ਪ੍ਰੰਪਰਾ ਦਾ ਹਿੱਸਾ ਹੈ ਜਿਸ ਦੇ ਪ੍ਰਮਾਣ ਵੱਜੋਂ ਅਸੀਂ ਨਨਕਾਣਾ ਸਾਹਿਬ ਵਿਖੇ ਸ਼ਹੀਦੀ ਜੰਡ ਨੂੰ ਸ਼ਹੀਦੀ ਯਾਦਗਾਰ ਵੱਜੋਂ ਸਾਂਭਣਾ, ਦਰਬਾਰ ਸਾਹਿਬ (ਅੰਮ੍ਰਿਤਸਰ) ਦੀ ਪਰਿਕਰਮਾ ਵਿਚ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੀ ਯਾਦਗਾਰ ਦੀ ਮਿਸਾਲ ਲੈ ਸਕਦੇ ਹਾਂ।

ਇਨ੍ਹਾਂ ਸ਼ਹੀਦੀ ਯਾਦਗਾਰਾਂ ਤੇ ਨਿਸ਼ਾਨੀਆਂ ਨੇ ਜਿਥੇ ਸਿੱਖ ਕੌਮ ਦੇ ਮਾਣਮੱਤੇ ਸ਼ਹੀਦੀ ਇਤਿਹਾਸ ਨੂੰ ਸਾਂਭਿਆ ਹੈ ਉੱਥੇ ਇਹ ਸਿੱਖਾਂ ਨੂੰ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸਿਧਾਂਤਾਂ ਮੁਤਾਬਕ ਉਨ੍ਹਾਂ ਵੱਲੋਂ ਦਰਸਾਏ ਇਸ ਅਗੰਮੀ ਮਾਰਗ ਉੱਤੇ ਚੱਲਣ ਲਈ ਪ੍ਰੇਰਤ ਵੀ ਕਰਦੀਆਂ ਹਨ।

ਉਪਰੋਕਤ ਚਰਚਾ ਤੋਂ ਬਾਅਦ ਹੁਣ ਅਸੀਂ ਤੁਹਾਡਾ ਧਿਆਨ ਇਕ ਬਹੁਤ ਅਹਿਮ ਮਸਲੇ ਵੱਲ ਦਿਵਾਉਣਾ ਚਾਹੁੰਦੇ ਹਾਂ ਜਿਸ ਦਾ ਸਿੱਧਾ ਸੰਬੰਧ ਸਿੱਖ ਸ਼ਹੀਦੀ ਪ੍ਰੰਪਰਾ, ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਦਬ-ਸਤਿਕਾਰ, ਇਸ ਅਦਬ-ਸਤਿਕਾਰ ਨੂੰ ਕਾਇਮ ਰੱਖਣ ਲਈ ਹੋਈਆਂ ਸ਼ਹਾਦਤਾਂ ਨਾਲ ਹੈ। ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਨੂੰ ਇਸ ਦੀ ਨਿਆਰੀ ਹਸਤੀ ਤੇ ਸੰਕਲਪ ਕਾਰਨ ਸਮੇਂ ਦੀਆਂ ਹਾਕਮ ਤਾਕਤਾਂ ਵੱਲੋਂ ਕੀਤੀਆਂ ਜਾਂਦੀਆਂ ਫੌਜੀ ਕਾਰਵਾਈਆਂ ਦਾ ਕਈ ਵਾਰ ਸਾਹਮਣਾ ਕਰਨਾ ਪਿਆ ਹੈ।ਸਮੇਂ-ਸਮੇਂ ਸਿੱਖਾਂ ਨੇ ਅਜਿਹੇ ਹਮਲਿਆਂ ਦਾ ਟਾਕਰਾ ਕਰਦਿਆਂ ਸ਼ਹਾਦਤਾਂ ਦਿੱਤੀਆਂ ਹਨ। ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ, ਜਿਨ੍ਹਾਂ ਦਰਬਾਰ ਸਾਹਿਬ ਦੇ ਅਦਬ-ਸਤਿਕਾਰ ਨੂੰ ਕਾਇਮ ਰੱਖਣ ਲਈ ਦਰਬਾਰ ਸਾਹਿਬ ਉੱਤੇ ਹੋਣ ਵਾਲੇ ਹਮਲਿਆਂ ਦਾ ਟਾਕਰਾ ਕਰਕੇ ਸ਼ਹਾਦਤਾਂ ਦਿੱਤੀਆਂ, ਉਨ੍ਹਾਂ ਦੀਆਂ ਯਾਦਗਾਰਾਂ ਦਰਬਾਰ ਸਹਿਬ ਦੇ ਵਿਹੜੇ ਵਿਚ ਸੁਸ਼ੋਭਿਤ ਹਨ।

ਅਜੋਕੇ ਸਮੇਂ ਵਿੱਚ ਜਦੋਂ ਜੂਨ 1984 ਦੇ ਪਹਿਲੇ ਹਫਤੇ ਦੌਰਾਨ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਉੱਤੇ ਸਮੇਂ ਦੀ ਹਕੂਮਤ ਵੱਲੋਂ ਫੌਜੀ ਹਮਲਾ ਕੀਤਾ ਗਿਆ ਤਾਂ ਦਮਦਮੀ ਟਕਸਾਲ ਦੇ ਤਤਕਾਲੀ ਮੁਖੀ ਤੇ “ਵੀਹਵੀਂ ਸਦੀ ਦੇ ਮਹਾਨ ਸਿੱਖ” ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਲਿਆਂ ਦੀ ਅਗਵਾਈ ਵਿਚ ਅਨੇਕਾਂ ਸਿੱਖ ਯੋਧਿਆਂ ਨੇ ਭਾਰਤੀ ਹਕੂਮਤ ਦੀ ਧਾੜਵੀ ਫੌਜ ਦਾ ਟਾਕਰਾ ਕਰਦਿਆਂ ਸ਼ਹਾਦਤਾਂ ਦਿੱਤੀਆਂ।ਇਸ ਤੋਂ ਬਾਅਦ ਸਿੱਖ ਨੌਜਵਾਨਾਂ ਨੇ ਦਰਬਾਰ ਸਾਹਿਬ ਉੱਤੇ ਕੀਤੇ ਗਏ ਫੌਜੀ ਹਮਲੇ ਦਾ ਹਥਿਆਰਬੰਦ ਲਹਿਰ ਦੇ ਰੂਪ ਵਿਚ ਜਵਾਬ ਦਿੱਤਾ ਅਤੇ ਸਿੱਖ ਕੌਮ ਦੀ ਰਾਜਸੀ ਤਕਦੀਰ ਘੜ੍ਹਨ ਲਈ ਜਦੋ-ਜਹਿਦ ਕੀਤੀ। ਅਜਿਹਾ ਕਰਦਿਆਂ ਉਹ ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ “ਜ਼ਫਰਨਾਮਾ” ਵਿਚ ਅੰਕਤ ਕੀਤੇ ਗਏ ਉਨ੍ਹਾਂ ਬਚਨਾਂ ਤੋਂ ਪ੍ਰੇਰਣਾ ਲੈ ਰਹੇ ਸਨ ਕਿ ‘ਜਦੋਂ ਹੋਰ ਸਭ ਹੀਲੇ-ਵਸੀਲੇ ਨਾਕਾਮ ਹੋ ਜਾਣ ਤਾਂ (ਜੁਲਮ ਵਿਰੁੱਧ) ਤਲਵਾਰ ਦੇ ਮੁੱਠੇ ਉੱਤੇ ਹੱਥ ਜਾਣਾ ਪਾਕ ਵੀ ਹੁੰਦਾ ਹੈ ਅਤੇ ਜ਼ਰੂਰੀ ਵੀ।’ ਇਸ ਦੌਰ ਵਿਚ ਜਿੱਥੇ ਕੁਰਬਾਨੀਆਂ ਤੇ ਸ਼ਹਾਦਤਾਂ ਦੀਆਂ ਬੇਜੋੜ ਮਿਸਾਲਾਂ ਮੁੜ ਉਜਾਗਰ ਹੋਈਆਂ, ਓਥੇ ਹਕੂਮਤੀ ਤਸ਼ੱਦਦ ਦੌਰਾਨ ਵੀ ਅਨੇਕਾਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ।

ਜਥੇਦਾਰ ਜੀ ਇਨ੍ਹਾਂ ਸ਼ਹਾਦਤਾਂ ਨੂੰ ਹੁਣ 27 ਵਰ੍ਹੇ ਬੀਤ ਚੱਲੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਦਰਬਾਰ ਸਾਹਿਬ ਦੇ ਅਦਬ-ਸਤਿਕਾਰ ਲਈ ਫੌਜ ਦਾ ਟਾਕਰਾ ਕਰਕੇ ਸ਼ਹਾਦਤਾਂ ਪਾਉਣ ਵਾਲੇ ਕੌਮੀ ਸੂਰਬੀਰਾਂ ਦੀ ਯਾਦਗਾਰ ਅਜੇ ਤੱਕ ਸਥਾਪਤ ਨਹੀਂ ਕੀਤੀ ਗਈ। ਇਥੇ ਇਹ ਦੱਸਣਯੋਗ ਹੈ ਜਦੋਂ ਸੰਨ 1986 ਵਿਚ ਸਿੱਖ ਕੌਮ ਨੇ ਸ਼੍ਰੀ ਅਕਾਲ ਤਖਤ ਸਹਿਬ ਦੀ ਇਮਾਰਤ ਦੀ ਸਰਕਾਰ ਵੱਲੋਂ ਕਰਵਾਈ ਮੁਰੰਮਤ ਨੂੰ ਰੱਦ ਕਰਦਿਆਂ ਇਸ ਇਤਿਹਾਸਕ ਇਮਾਰਤ ਦੀ ਮੁੜ ਉਸਾਰੀ ਕਰਨ ਦਾ ਫੈਸਲਾ ਕੀਤਾ ਤਾਂ ਉਸ ਸਮੇਂ ਇਸ ਵਿਚ ਇਕ ਮੰਜਲ ਦਾ ਵਾਧਾ ਕੀਤਾ ਗਿਆ, ਜਿਥੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਉੱਤੇ ਹੋਏ ਫੌਜੀ ਹਮਲੇ ਦੌਰਾਨ ਹੋਏ ਅਤੇ ਅਜੋਕੇ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀਆਂ ਤਸਵੀਰਾਂ ਵਾਲੀ “ਸ਼ਹੀਦੀ ਗੈਲਰੀ” ਨੂੰ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹਿਆ ਜਾਣਾ ਸੀ। 20 ਫਰਵਰੀ 2002 ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਪਣੇ ਮਤੇ ਰਾਹੀਂ ਦਰਬਾਰ ਸਾਹਿਬ ਦੇ ਵਿਹੜੇ ਵਿਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੇ ਹੋਰਨਾਂ ਸੂਰਬੀਰ ਸ਼ਹੀਦਾਂ ਦੀ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ ਸੀ।

ਜਥੇਦਾਰ ਜੀ, ਇਤਿਹਾਸ ਗਵਾਹੀ ਭਰਦਾ ਹੈ ਕਿ ਸਿੱਖਾਂ ਨੇ ਜਦੋਂ ਵੀ ਗੁਰਦੁਆਰਾ ਪ੍ਰਬੰਧ ਜਾਂ ਰਾਜਸੀ ਸੱਤਾ, ਮੁਕੰਮਲ ਜਾਂ ਅੰਸ਼ਕ ਰੂਪ ਵਿਚ – ਲੰਮੇ ਜਾਂ ਥੋੜ੍ਹੇ ਸਮੇਂ ਲਈ ਵੀ, ਹਾਸਿਲ ਕੀਤੀ ਹੈ ਤਾਂ ਉਨ੍ਹਾਂ ਦਾ ਇਕ ਅਹਿਮ ਕਾਰਜ ਸ਼ਹੀਦੀ ਯਾਦਗਾਰਾਂ ਸਥਾਪਤ ਕਰਨ ਦਾ ਰਿਹਾ ਹੈ। ਜਦੋਂ ਸਿੱਖਾਂ ਨੇ ਲਾਹੌਰ ਦੀ ਰਾਜਸੱਤਾ ਹਾਸਿਲ ਕੀਤੀ ਤਾਂ ਸਿੰਘਾਂ ਦੀ ਕਤਲਗਾਹ ਵੱਜੋਂ ਜਾਣੇ ਜਾਂਦੇ ਸਥਾਨ ਉੱਤੇ “ਸ਼ਹੀਦ ਗੰਜ” ਸਾਹਿਬ ਸਥਾਪਤ ਕੀਤਾ ਜੋ ਅੱਜ ਵੀ ਬਰਕਰਾਰ ਹੈ। ਇਸੇ ਤਰ੍ਹਾਂ ਜਦੋਂ ਬਾਬਾ ਬਘੇਲ ਸਿੰਘ ਨੇ “ਦਿੱਲੀ ਫਤਹਿ” ਕੀਤੀ ਤਾਂ ਉਨ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਥਾਨ ਉੱਤੇ ਗੁਰ ਅਸਥਾਨ ਸਥਾਪਤ ਕਰਵਾਇਆ। ਜਦੋਂ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਇਸ ਇਤਿਹਾਸਕ ਸਥਾਨ ਦਾ ਪ੍ਰਬੰਧ ਸਿੱਖਾਂ ਕੋਲ ਅਇਆ ਤਾਂ ਬਿਨਾ ਦੇਰੀ ਦੇ “ਸ਼ਹੀਦੀ ਜੰਡ” ਤੇ ਹੋਰਨਾਂ ਨਿਸ਼ਾਨੀਆਂ ਨੂੰ ਸ਼ਹੀਦਾਂ ਅਤੇ ਸਾਕੇ ਦੀਆਂ ਯਾਦਗਾਰਾਂ ਵੱਲੋਂ ਸਾਂਭਿਆ ਗਿਆ ਜੋ ਕਿ ਅੱਜ ਵੀ ਕਾਇਮ ਹਨ।

ਜੂਨ 1984 ਤੋਂ ਪਹਿਲਾਂ ਤੇ ਇਸ ਤੋਂ ਬਾਅਦ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸ਼੍ਰੋਮਣੀ ਅਕਾਲੀ ਦਲ (ਬਾਦਲ) ਕੋਲ ਹੈ। ਇਸ ਅਰਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ 1997-2002 ਅਤੇ 2007 ਤੋਂ ਹੁਣ ਤੱਕ ਦੋ ਵਾਰ ਪੰਜਾਬ ਦੀ ਰਾਜਸੀ ਸੱਤਾ ਹਾਸਲ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਮੌਜ਼ੂਦਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਕੋਲ ਪਿਛਲੇ ਲੰਮੇ ਸਮੇਂ ਤੋਂ ਹੈ।

ਜਥੇਦਾਰ ਜੀ, ਇਸ ਪੱਤਰ ਵਿਚ ਕੀਤੀ ਗਈ ਉੱਪਰ ਕੀਤੀ ਗਈ ਚਰਚਾ ਦਾ ਤੱਤ-ਸਾਰ ਇਹ ਹੈ ਕਿ:

(ੳ) ਸਿੱਖ ਸ਼ਹੀਦੀ ਪ੍ਰੰਪਰਾ ਦੀ ਨੀਂਹ ਗੁਰੂ ਸਾਹਿਬਾਨ ਵੱਲੋਂ ਰੱਖੀ ਗਈ ਹੈ ਤੇ ਉਨ੍ਹਾਂ ਵੱਲੋਂ ਆਰੰਭੀ ਸ਼ਹੀਦੀ ਲੜੀ ਅਜੋਕੇ ਸਮੇਂ ਤੱਕ ਚੱਲ ਰਹੀ ਹੈ।

(ਅ) ਸਿੱਖੀ ਵਿਚ ਸ਼ਹੀਦਾਂ ਦੇ ਖਾਸ ਰੁਤਬੇ ਤੇ ਸਤਿਕਾਰ ਨੂੰ ਮੁੱਖ ਰੱਖਦਿਆਂ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਸਾਹਿਬਾਨ ਅਤੇ ਸ਼ਹੀਦੀ ਯਾਦਗਾਰਾਂ ਕਾਇਮ ਕਰਨਾ ਸਿੱਖ ਪ੍ਰੰਪਰਾ ਦਾ ਹਿੱਸਾ ਹੈ।

(ੲ) ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਉੱਤੇ ਸਮੇਂ ਦੀਆਂ ਹਕੂਮਤਾਂ ਵੱਲੋਂ ਕੀਤੇ ਜਾਣ ਵਾਲੇ ਹਮਲਿਆਂ ਦਾ ਟਾਕਰਾ ਕਰਕੇ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸ਼ਹੀਦਾਂ ਦੀਆਂ ਯਾਦਗਾਰਾਂ ਦਰਬਾਰ ਸਾਹਿਬ ਦੇ ਵਿਹੜੇ ਵਿਚ ਸੁਸ਼ੋਭਿਤ ਕਰਨ ਦੀ ਪ੍ਰੰਪਰਾ ਹੈ।

(ਸ) ਸੱਤਾ ਤੇ ਪ੍ਰਬੰਧ ਹਾਸਿਲ ਕਰਨ ਉਪਰੰਤ ਸਿੱਖਾਂ ਨੇ ਸ਼ਹੀਦੀ ਯਾਦਗਾਰਾਂ ਸਥਾਪਤ ਕਰਨ ਨੂੰ ਇੱਕ ਮੁੱਢਲਾ ਤੇ ਅਹਿਮ ਫਰਜ਼ ਸਮਝ ਕੇ ਨਿਭਾਇਆ ਹੈ।

(ਹ) ਜੂਨ 1984 ਵਿਚ ਦਰਬਾਰ ਸਾਹਿਬ ਉੱਪਰ ਹੋਏ ਫੌਜੀ ਹਮਲੇ ਦਾ ਟਾਕਰਾ ਕਰਦਿਆਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਸਮੇਤ, ਤੇ ਉਨ੍ਹਾਂ ਦੀ ਅਗਵਾਈ ਵਿਚ, ਸ਼ਹੀਦੀਆਂ ਦੇਣ ਵਾਲੇ ਸੂਰਬੀਰਾਂ, ਹਮਲੇ ਵਿਚ ਫੌਜ ਵੱਲੋਂ ਸ਼ਹੀਦ ਕੀਤੀਆਂ ਸਿੱਖ ਸੰਗਤਾਂ ਅਤੇ ਦਰਬਾਰ ਸਾਹਿਬ ਦੀ ਬੇਅਦਬੀ ਵਿਰੁਧ ਗੁਰੂ ਆਸ਼ੇ ਅਨੁਸਾਰ ਸੰਘਰਸ਼ ਕਰਕੇ ਸ਼ਹਾਦਤਾਂ ਦੇਣ ਵਾਲੇ ਕੌਮੀ ਪਰਵਾਨਿਆਂ ਦੀ ਕੋਈ ਵੀ ਯਾਦਗਾਰ ਅਜੇ ਤੱਕ ਦਰਬਾਰ ਸਾਹਿਬ ਵਿਖੇ ਸਥਾਪਤ ਨਹੀਂ ਕੀਤੀ ਗਈ।

(ਕ) ਸਿੱਖ ਪੰਥ ਵੱਲੋਂ ਅਕਾਲ ਤਖਤ ਸਾਹਿਬ ਵਿਖੇ ਸਥਾਪਤ ਕੀਤੀ ਗਈ “ਸ਼ਹੀਦੀ ਗੈਲਰੀ” ਨੂੰ ਅਜੇ ਤੱਕ ਬੰਦ ਰੱਖਿਆ ਹੋਇਆ ਹੈ।

(ਖ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਨ੍ਹਾਂ ਸ਼ਹੀਦਾਂ ਦੀ ਯਾਦਗਾਰ ਦਰਬਾਰ ਸਾਹਿਬ ਦੇ ਵਿਹੜੇ ਵਿਚ ਬਣਾਉਣ ਦਾ ਮਤਾ ਪਾਸ ਕੀਤੇ ਜਾਣ ਦੇ ਬਾਵਜੂਦ ਲੰਮਾ ਸਮਾਂ ਬੀਤ ਜਾਣ ਉੱਤੇ ਵੀ ਇਹ ਯਾਦਗਾਰ ਨਹੀਂ ਬਣਾਈ ਜਾ ਰਹੀ।

(ਗ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਪਿਛਲੇ ਲੰਮੇ ਸਮੇਂ ਤੋਂ ਮੌਜੂਦਾ ਪ੍ਰਬੰਧਕਾਂ ਕੋਲ ਹੈ ਤੇ ਇਨ੍ਹਾਂ ਦਾ ਸੰਬੰਧ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਹੈ ਜੋ ਜੂਨ 1984 ਦੇ ਸਮੇਂ ਤੋਂ ਹੀ ਇਸ ਸੰਸਥਾ ਦੇ ਪ੍ਰਬੰਧ ਉੱਪਰ ਕਾਬਜ਼ ਹਨ, ਤੇ ਘੱਲੂਘਾਰੇ ਦੇ 27 ਸਾਲ ਬਾਅਦ ਵੀ ਸ਼ਹੀਦੀ ਯਾਦਗਾਰ ਨਾ ਬਣਾਏ ਜਾਣ ਲਈ ਸਿੱਧੇ ਰੂਪ ਵਿਚ, ਤੇ ਮੁਕੰਮਲ ਤੌਰ ਉੱਤੇ, ਜ਼ਿੰਮੇਵਾਰ ਹਨ।

ਜਥੇਦਾਰ ਜੀ, ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ’ਤੇ ਦਲ ਖ਼ਾਲਸਾ ਤੇ ਹੋਰ ਪੰਥਕ ਜਥੇਬੰਦੀਆਂ ਇਸ ਸਬੰਧ ’ਚ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਪਹੁੰਚ ਕਰ ਚੁੱਕੀਆਂ ਹਨ। ਅਸੀਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਤੇ ਹੋਰ ਪੰਥਕ ਜਥੇਬੰਦੀਆਂ “ਸ਼ਹੀਦੀ ਯਾਦਗਾਰ” ਬਣਾਏ ਜਾਣ ਅਤੇ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਵਿੱਚ ਸਥਾਪਿਤ “ਸ਼ਹੀਦੀ ਗੈਲਰੀ” ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹਣ ਸੰਬੰਧੀ ਸਮੂਹ ਸਿੱਖ ਜਗਤ ਦੀਆਂ ਭਾਵਨਾਵਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤੇ ਤੁਹਾਡੇ ਤੋਂ ਆਸ ਕਰਦੇ ਹਾਂ, ਕਿ:

(ੳ) ਦਰਬਾਰ ਸਾਹਿਬ ਦੇ ਵਿਹੜੇ ਵਿਚ ਦਰਸ਼ਨੀ ਡਿਓਢੀ ਤੇ ਅਕਾਲ ਤਖਤ ਸਾਹਿਬ ਦਰਮਿਆਨ, ਮੀਰੀ-ਪੀਰੀ ਦੇ ਨਿਸ਼ਾਨ ਸਾਹਿਬਾਨ ਦੇ ਨਜਦੀਕ, ਜਿਸ ਥਾਂ ’ਤੇ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹਾਦਤ ਹੋਈ ਹੈ, ਉਸ ਸਥਾਨ ਉੱਤੇ ਦਰਬਾਰ ਸਾਹਿਬ ਉੱਤੇ ਹੋਏ ਫੌਜੀ ਹਮਲੇ ਦੇ ਸ਼ਹੀਦਾਂ ਦੀ ਯਾਦ ਵਿਚ “ਸ਼ਹੀਦੀ ਯਾਦਗਾਰ” ਸਥਾਪਤ ਕਰਵਾਈ ਜਾਵੇ।

(ਅ) ਅਕਾਲ ਤਖਤ ਸਹਿਬ ਵਿਖੇ ਸਥਿਤ “ਸ਼ਹੀਦੀ ਗੈਲਰੀ” ਨੂੰ ਬਿਨਾ ਦੇਰੀ ਦੇ ਕੌਮ ਨੂੰ ਸਮਰਪਿਤ ਕੀਤਾ ਜਾਵੇ ਤੇ ਇਸ ਸਥਾਨ ’ਤੇ ਦਰਬਾਰ ਸਾਹਿਬ ਉੱਪਰ ਭਾਰਤੀ ਫੌਜ ਵੱਲੋਂ ਕੀਤੇ ਗਏ ਹਮਲੇ ਦੇ ਸ਼ਹੀਦਾਂ, ਸੰਨ 1978 ਦੇ ਵਿਸਾਖੀ ਦੇ ਸਾਕੇ ਦੇ ਸ਼ਹੀਦਾਂ ਅਤੇ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀਆਂ ਤਸਵੀਰਾਂ ਅਤੇ ਜੀਵਨ ਵੇਰਵੇ ਸਥਾਪਤ ਕਰਵਾਏ ਜਾਣ।

ਜਥੇਦਾਰ ਜੀ, ਸਮੁੱਚਾ ਸਿੱਖ ਜਗਤ ਤੁਹਾਡੇ ਤੋਂ ਇਹ ਪੂਰੀ ਆਸ ਰੱਖਦਾ ਹੈ ਕਿ ਤੁਸੀਂ ਇਸ ਕੌਮੀ ਕਾਰਜ ਨੂੰ ਜ਼ਰੂਰ ਪੂਰਾ ਕਰਵਾਉਗੇ ਤਾਂ ਕਿ ਸਿੱਖ ਪ੍ਰੰਪਰਾ ਤੇ ਸਿੱਖ ਸ਼ਹੀਦਾਂ ਦਾ ਸਤਿਕਾਰ ਕਾਇਮ ਰੱਖਿਆ ਜਾ ਸਕੇ।

ਅਸੀਂ ਇਸ ਪੱਤਰ ਦੀਆਂ ਨਕਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਵੀ ਭੇਜ ਰਹੇ ਹਾਂ ਅਤੇ ਜੇਕਰ ਮਿਤੀ 27 ਮਈ 2011 ਤੱਕ “ਸ਼ਹੀਦੀ ਗੈਲਰੀ” ਕੌਮ ਨੂੰ ਸਮਰਪਿਤ ਨਹੀਂ ਕੀਤੀ ਜਾਂਦੀ ਅਤੇ “ਸ਼ਹੀਦੀ ਯਾਦਗਾਰ” ਬਣਾਉਣ ਸੰਬੰਧੀ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਮਿਤੀ 30 ਮਈ 2011 ਤੋਂ ਇਸ ਸੰਬੰਧੀ ਕੌਮ ਦੀਆਂ ਭਾਵਨਾਵਾਂ ਲਾਗੂ ਕਰਵਾਉਣ ਲਈ ਪੰਥਕ ਜਥੇਬੰਦੀਆਂ, ਸੰਤ ਸਮਾਜ ਅਤੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਪੰਥਕ ਰੂਪ-ਰੇਖਾ ਅਨੁਸਾਰ ਸੰਘਰਸ਼ ਵਿੱਢਣ ਲਈ ਮਜਬੂਰ ਹੋਵਾਂਗੇ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥

ਹਰਪਾਲ ਸਿੰਘ ਚੀਮਾ (ਸਕੱਤਰ ਜਨਰਲ)
ਦਇਆ ਸਿੰਘ ਕੱਕੜ (ਕੌਮੀ ਪੰਚ)
ਕੁਲਬੀਰ ਸਿੰਘ ਬੜਾ ਪਿੰਡ (ਕੌਮੀ ਪੰਚ)
ਕੁਮਿੱਕਰ ਸਿੰਘ ਮੁਕੰਦਪੁਰ (ਕੌਮੀ ਪੰਚ)
ਬਲਵਿੰਦਰ ਸਿੰਘ ਝਬਾਲ (ਕੌਮੀ ਪੰਚ)
ਬਲਦੇਵ ਸਿੰਘ ਸਿਰਸਾ (ਵਿਸ਼ੇਸ਼ ਸਕੱਤਰ)
ਅਮਰੀਕ ਸਿੰਘ ਈਸੜੂ (ਜਨਰਲ ਸਕੱਤਰ)
ਜਸਵੀਰ ਸਿੰਘ ਖੰਡੂਰ (ਜਥੇਬੰਦਕ ਸਕੱਤਰ)
ਸੰਤੋਖ ਸਿੰਘ ਸਲਾਣਾ, ਵਿਸ਼ੇਸ਼ ਸਕੱਤਰ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ)

ਉਤਾਰਾ :
1. ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
2. ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ,
3. ਮੁੱਖ ਮੰਤਰੀ ਪੰਜਾਬ,
4. ਮੁੱਖ ਸਕੱਤਰ ਪੰਜਾਬ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,