May 6, 2011 | By ਪਰਦੀਪ ਸਿੰਘ
ਅੰਮ੍ਰਿਤਸਰ 6 ਮਈ (ਪੰਜਾਬ ਨਿਊਜ਼ ਨੈੱਟ.) : ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਘੱਲੂਘਾਰਾ ਜੂਨ 1984 ਦੇ ਸਿੱਖ ਸ਼ਹੀਦਾਂ ਦੀ ਯਾਦਗਾਰ ਕਾਇਮ ਕਰਨ ਦਾ ਮਸਲਾ ਉਠਾਉਂਦਿਆਂ ਇਸ ਸੰਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇਕ ਯਾਦ ਪੱਤਰ ਸੌਂਪਿਆ ਗਿਆ ਜਿਸ ਦੀਆਂ ਨਕਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਵੀ ਭੇਜੀਆਂ ਗਈਆਂ ਤੇ ਕਿਹਾ ਗਿਆ ਕਿ ਜੇਕਰ ਆਉਂਦੀ 27 ਮਈ ਤੱਕ ‘‘ਸ਼ਹੀਦੀ ਗੈਲਰੀ” ਕੌਮ ਨੂੰ ਸਮਰਪਿਤ ਨਹੀਂ ਕੀਤੀ ਜਾਂਦੀ ਅਤੇ ‘‘ਸ਼ਹੀਦੀ ਯਾਦਗਾਰ” ਬਣਾਉਣ ਸੰਬੰਧੀ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ 30 ਮਈ 2011 ਤੋਂ ਇਸ ਸੰਬੰਧੀ ਕੌਮ ਦੀਆਂ ਭਾਵਨਾਵਾਂ ਲਾਗੂ ਕਰਵਾਉਣ ਲਈ ਪੰਥਕ ਜਥੇਬੰਦੀਆਂ, ਸੰਤ ਸਮਾਜ ਅਤੇ ਸ਼ਹੀਦਾਂ ਦੇ ਪਰਿਵਾਰਾਂ ਦੇ ਸਹਿਯੋਗ ਨਾਲ ਸੰਘਰਸ਼ ਵਿੱਢ ਦਿੱਤਾ ਜਾਵੇਗਾ।
ਪੰਚ ਪ੍ਰਧਾਨੀ ਦੇ ਆਗੂਆਂ ਜਿਨ੍ਹਾਂ ਵਿਚ ਕੌਮੀ ਪੰਚਾਂ ਵਿਚੋਂ ਭਾਈ ਦਇਆ ਸਿੰਘ ਕੱਕੜ, ਭਾਈ ਕੁਲਬੀਰ ਸਿੰਘ ਬੜਾ ਪਿੰਡ, ਬਲਵਿੰਦਰ ਸਿੰਘ ਝਬਾਲ, ਭਾਈ ਕੁਮਿੱਕਰ ਸਿੰਘ ਮੁਕੰਦਪੁਰ, ਦਲ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ, ਜਨਰਲ ਸਕੱਤਰਾਂ ਅਮਰੀਕ ਸਿੰਘ ਈਸੜੂ, ਜਸਵੀਰ ਸਿੰਘ ਖੰਡੂਰ, ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਤੇ ਨੌਜਵਾਨ ਆਗੂ ਰਾਜਵਿੰਦਰ ਸਿੰਘ ਦੇ ਨਾਂ ਖਾਸ ਤੌਰ ਉੱਤੇ ਜ਼ਿਕਰਯੋਗ ਹਨ, ਨੇ ਸਵੇਰੇ ਤਕਰੀਬਨ 11 ਵਜੇ ਸਕੱਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਕਤ ਆਗੂਆਂ ਨੇ ਕਿਹਾ ਕਿ ਇਨ੍ਹਾਂ ਸ਼ਹਾਦਤਾਂ ਨੂੰ 27 ਵਰ੍ਹੇ ਬੀਤ ਜਾਣ ਤੋਂ ਬਾਅਦ ਵੀ ਦਰਬਾਰ ਸਾਹਿਬ ਦੇ ਅਦਬ-ਸਤਿਕਾਰ ਲਈ ਫੌਜ ਦਾ ਟਾਕਰਾ ਕਰਕੇ ਸ਼ਹਾਦਤਾਂ ਪਾਉਣ ਵਾਲੇ ਕੌਮੀ ਯੋਧਿਆਂ ਦੀ ਯਾਦਗਾਰ ਅਜੇ ਤੱਕ ਸਥਾਪਤ ਨਹੀਂ ਕੀਤੀ ਗਈ। ਜਦਕਿ ਕਿ 20 ਫਰਵਰੀ 2002 ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਪਣੇ ਮਤੇ ਰਾਹੀਂ ਰਾਹੀਂ ਦਰਬਾਰ ਸਾਹਿਬ ਕੰਪਲੈਕਸ ਵਿਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੇ ਹੋਰਨਾਂ ਸੂਰਬੀਰ ਸ਼ਹੀਦਾਂ ਦੀ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ ਸੀ। ਇਸ ਤੋਂ ਬਾਅਦ 27 ਮਈ 2005 ਨੂੰ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਉਸ ਸਮੇਂ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਵੀ ਇਸ ਸਬੰਧੀ ਫੈਸਲਾ ਲੈ ਜਾਣ ਦੇ ਬਾਵਯੂਦ ਵੀ ਐਨ ਆਖਰੀ ਸਮੇਂ ਇਸ ਫੈਸਲੇ ਨੂੰ ਮੀਟਿੰਗ ਦੀ ਕਾਰਵਾਈ ਵਿੱਚ ਪਾਉਣ ਤੋਂ ਪਾਸਾ ਵੱਟ ਲਿਆ ਗਿਆ ਸੀ ਜਿਸਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਕੀਤਾ ਗਿਆ। ਉਕਤ ਆਗੂਆਂ ਨੇ ਕਿਹਾ ਕਿ ਅਕਾਲ ਤਖਤ ਸਹਿਬ ਦੀ ਮੁੜ ਉਸਾਰੀ ਸਮੇਂ ਇਸ ਇਮਾਰਤ ਵਿੱਚ ਸ਼ਹੀਦੀ ਗੈਲਰੀ ਵੀ ਬਣਾਈ ਗਈ ਸੀ ਜੋ ਅਜੇ ਤੱਕ ਸੰਗਤ ਦੇ ਦਰਸ਼ਨਾਂ ਲਈ ਨਹੀਂ ਖੋਲ੍ਹੀ ਗਈ।ਇਸ ਗੈਲਰੀ ਵਿੱਚ ਸ਼ਹੀਦਾਂ ਦੀਆਂ ਤਸਵੀਰਾਂ ਤੇ ਵੇਰਵੇ ਰੱਖੇ ਜਾਣ ਤੇ ਸੰਗਤਾਂ ਲਈ ਖੋਲ੍ਹੀ ਜਾਵੇ। ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ’ਤੇ ਅਕਾਲੀ ਦਲ ਬਾਦਲ ਦਾ ਕਬਜ਼ਾ ਰਹਿਣ ਕਾਰਨ ਸਿੱਖ ਕੌਮ ਦੀਆ ਇਹ ਮੰਗਾਂ ਪੂਰੀਆਂ ਨਾ ਹੋਣ ਲਈ ਬਾਦਲ ਦਲ ਦੇ ਆਗੂ ਜਿੰਮੇਵਾਰ ਹਨ।
ਪੰਚ ਪ੍ਰਧਾਨੀ ਦੇ ਆਗੂਆਂ ਨੇ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ, ਪੰਥਕ ਜਥੇਬੰਦੀਆਂ ਅਤੇ ਧਾਰਮਿਕ, ਸਮਾਜਿਕ ਤੇ ਸਿਆਸੀ ਸਖਸ਼ੀਅਤਾਂ ਨੂੰ ਸ਼ਹੀਦੀ ਯਾਦਗਾਰ ਕਾਇਮ ਕਰਵਾਉਣ ਲਈ ਅੱਗੇ ਆਉਣ ਦਾ ਸੱਦਾ ਦਿੰਦਿਆ ਕਿਹਾ ਕਿ ਸਮੁੱਚਾ ਸਿੱਖ ਜਗਤ ਇਸ ਸੰਬੰਧੀ ਕੀਤੀ ਜਾ ਰਹੀ ਪਹਿਲ ਕਦਮੀ ਵਿਚ ਵਧ-ਚੜ੍ਹ ਕੇ ਹਿੱਸਾ ਪਾਵੇਗਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਅਸੀਂ ਸਮੁੱਚੀਆਂ ਸਿੱਖ ਧਿਰਾਂ ਦੀ ਸਹਿਮਤੀ ਨਾਲ ਉਲੀਕੀ ਜਾਣਵਾਲੀ ਰੂਪ-ਰੇਖਾ ਮੁਤਬਿਕ ਸੰਘਰਸ਼ ਕਰਾਂਗੇ, ਜੋ ਦ੍ਰਿੜ ਅਤੇ ਸ਼ਾਤਮਈ ਹੋਵੇਗਾ।
Related Topics: Akal Takhat Sahib, Akali Dal Panch Pardhani, ਜੂਨ 1984 ਫੌਜੀ ਹਮਲਾ ( Indian Army Attack on Sri Darbar Sahib)