ਸਿੱਖ ਖਬਰਾਂ

ਮਾਮੂਲੀ ਤਕਰਾਰ ਤੋਂ ਛੁੱਟ ਘੱਲੂਘਾਰਾ ਸਮਾਗਮ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ

June 6, 2016 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਜੂਨ 1984 ਵਿਚ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਉੱਤੇ ਕੀਤੇ ਗਏ ਹਮਲੇ ਦੌਰਾਨ ਸ਼ਹੀਦ ਹੋਣ ਵਾਲੇ ਸਿੰਘ, ਸਿੰਘਣੀਆਂ ਤੇ ਭੁਝੰਗੀਆਂ ਦੀ ਯਾਦ ਮਨਾਉਣ ਤੋਂ ਸਿੱਖ ਸੰਗਤ ਨੂੰ ਵਾਂਝਾ ਕਰਨ ਦੇ ਸਾਰੇ ਹੀ ਸਰਕਾਰੀ ਯਤਨਾਂ ਨੂੰ ਅੱਜ ਇਕ ਵਾਰ ਫਿਰ ਸੰਗਤਾਂ ਨੇ ਅਸਫਲ ਕਰ ਦਿੱਤਾ। ਸਰਕਾਰ ਵਲੋਂ ਲਾਈਆਂ ਪੁਲਿਸ ‘ਪਾਬੰਦੀਆਂ’ ਅਤੇ ਸ਼੍ਰੋਮਣੀ ਕਮੇਟੀ ਦੁਆਰਾ ਕੀਤੇ ‘ਪੁਖਤਾ ਪ੍ਰਬੰਧ’ ਵੀ ਉਸ ਵੇਲੇ ਧਰੇ ਧਰਾਏ ਰਹਿ ਗਏ ਜਦੋਂ ਪੰਥ ਵੱਲੋਂ ਨਕਾਰੇ ਜਾ ਚੁੱਕੇ ਗਿਆਨੀ ਗੁਰਬਚਨ ਸਿੰਘ ਵੱਲੋਂ ਪੜ੍ਹਿਆ ਗਿਆ ‘ਕੌਮ ਦੇ ਨਾਮ ਸੰਦੇਸ਼’ ਵੀ ‘ਰਾਜ ਕਰੇਗਾ ਖਾਲਸਾ’ ਅਤੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰਿਆਂ ਦੀ ਗੂੰਜ ਹੇਠ ਦੱਬ ਕੇ ਰਹਿ ਗਿਆ।

6 june 2016 10

ਸਿੱਖ ਨੌਜਵਾਨ ਤਖ਼ਤੀਆਂ ਰਾਹੀਂ ਆਪਣੇ ਜਜ਼ਬਾਤ ਪ੍ਰਗਟ ਕਰਦੇ ਹੋਏ

ਬਾਦਲ ਦਲ ਦੇ ਇਕ ਨਵਨਿਯੁਕਤ ਰਾਜ ਸਭਾ ਮੈਂਬਰ, ਦੋ ਮੌਜੂਦਾ ਤੇ ਇਕ ਸਾਬਕਾ ਵਿਧਾਇਕ ਸਮੇਤ ਕੁਝ ਅਕਾਲੀ ਆਗੂਆਂ ਦੀ ਕੁਝ ਨੌਜਵਾਨਾਂ ਤੇ ਸੰਗਤਾਂ ਵੱਲੋਂ ਖਿੱਚ ਧੂੁਹ ਕੀਤੀ ਗਈ ਕਾਰਨ ਪੈਦਾ ਹੋਏ ਮਾਮੂਲੀ ਟਕਰਾਅ ਤੋਂ ਇਲਾਵਾ ਇਹ ਸਮਾਗਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ।

ਜੂਨ 1984 ਦੇ ਫੌਜੀ ਹਮਲੇ ਦੌਰਾਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜਨਰਲ ਸ਼ਬੇਗ ਸਿੰਘ, ਭਾਈ ਅਮਰੀਕ ਸਿੰਘ ਦੀ ਅਗਵਾਈ ਹੇਠ ਭਾਰਤੀ ਫੌਜਾਂ ਨਾਲ ਜੂਝਦਿਆਂ ਸ਼ਹੀਦੀ ਪਾਉਣ ਵਾਲੇ ਅਨਗਿਣਤ ਸਿੰਘ ਸਿੰਘਣੀਆਂ ਤੇ ਭੁਝੰਗੀਆਂ ਦੀ ਯਾਦ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ 4 ਜੂਨ ਤੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਬੀਰ ਰਸੀ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।

ਅਰਦਾਸ ਉਪਰੰਤ ਹੁਕਮਨਾਮਾ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਭਿਖੀਵਿੰਡ ਨੇ ਲਿਆ। ਜਿਉਂ ਹੀ ਹੁਕਮਨਾਮਾ ਸਮਾਪਤ ਹੋਇਆ ਤਾਂ ਗਿਆਨੀ ਗੁਰਬਚਨ ਸਿੰਘ ਕੌਮ ਦੇ ਨਾਮ ਸੰਦੇਸ਼ ਪੜ੍ਹਨ ਲਈ ਖੜੇ ਹੋਏ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਜੁੜ ਬੈਠੀਆਂ ਸੰਗਤਾਂ ਤੇ ਵਿਸ਼ੇਸ਼ ਕਰ ਨੌਜੁਆਨਾਂ ਨੇ ਰਾਜ ਕਰੇਗਾ ਖਾਲਸਾ ਅਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਬੁਲੰਦ ਕਰਨੇ ਸ਼ੁਰੂ ਕਰ ਦਿੱਤੇ।

ਐਨ ਇਸੇ ਵਕਤ ਦਮਦਮੀ ਟਕਸਾਲ ਮਹਿਤਾ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਸਪੁਤਰ ਭਾਈ ਈਸ਼ਰ ਸਿੰਘ ਉੱਠਕੇ ਚਲੇ ਗਏ।

ਉਧਰ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ: ਸਿਮਰਨਜੀਤ ਸਿੰਘ ਮਾਨ,ਦਲ ਖਾਲਸਾ ਦੇ ਪ੍ਰਧਾਨ ਸ੍ਰ: ਹਰਪਾਲ ਸਿੰਘ ਚੀਮਾ, ਸ੍ਰ: ਜਸਕਰਨ ਸਿੰਘ ਕਾਹਨ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰੋਂ ਉਠਕੇ ਬਾਹਰ ਆ ਗਏ।

ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੀ ਪ੍ਰਮੁਖਤਾ ਨਾਲ ਬੈਠੇ ਤਰਨਤਾਰਨ ਤੋਂ ਅਕਾਲੀ ਵਿਧਾਇਕ ਹਰਮੀਤ ਸਿੰਘ ਰਾਣੀਵਲਾਹ, ਵਿਰਸਾ ਸਿੰਘ ਵਲਟੋਹਾ, ਰਵਿੰਦਰ ਸਿੰਘ ਬ੍ਰਹਮਪੁਰਾ, ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠਾ ਦੇ ਸਿਆਸੀ ਸਲਾਹਕਾਰ ਤਲਬੀਰ ਸਿੰਘ ਗਿੱਲ ਤੇ ਬਾਕੀ ਬਾਦਲ ਦਲੀਏ ਉਠਕੇ ਤੁਰਨੇ ਸ਼ੁਰੂ ਹੋ ਗਏ ਲੇਕਿਨ ਸਿਮਰਨ ਜੀਤ ਸਿੰਘ ਮਾਨ ਲਈ ਰਸਤਾ ਬਣਾ ਰਹੇ ਨੋਜੁਆਨਾਂ ਦਾ ਹਰਮੀਤ ਸਿੰਘ ਰਾਣੀਵਲਾਹ, ਵਿਰਸਾ ਸਿੰਘ ਵਲਟੋਹਾ, ਰਵਿੰਦਰ ਸਿੰਘ ਬ੍ਰਹਮਪੁਰਾ, ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ ,ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਦੇ ਸਮਰਥਕਾਂ ਨਾਲ ਕਈ ਵਾਰ ਤਕਰਾਰ ਤੇ ਖਿੱਚ ਧੁਹ ਹੋਈ।

ਇਸੇ ਦੌਰਾਨ ਰਵਿੰਦਰ ਸਿਘ ਬ੍ਰਹਮਪੁਰਾ ਦਾ ਕੁੜਤਾ ਮਾਮੂਲੀ ਜਿਹਾ ਪਾਟ ਵੀ ਗਿਆ, ਵਿਰਸਾ ਸਿੰਘ ਵਲਟੋਹਾ ਦੇ ਲੜਕੇ ਗੌਰਵਜੀਤ ਸਿੰਘ ਵਲਟੋਹਾ ਨਾਲ ਵੀ ਬਹੁਤ ਖਿੱਚ ਧੂਹ ਹੋਈ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਕ ਆਗੂ ਨੇ ਵਿਰਸਾ ਸਿਘ ਵਲਟੋਹਾ ਦੀ ਬਾਂਹ ਫੜਕੇ ਕਿਹਾ ‘ਵਿਧਾਨ ਸਭਾ ਵਿੱਚ ਖੁਦ ਨੂੰ ਅੱਤਵਾਦੀ ਦੱਸਦਾਂ, ਹੁਣ ਮਾਰ ਖਾਲਿਸਤਾਨ ਦਾ ਨਾਅਰਾ ਫਿਰ’ ਲੇਕਿਨ ਉਹ ਬਾਂਹ ਛੁਡਾਕੇ ਨਿਕਲ ਪਏ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਦੀਆਂ ਪੌੜੀਆਂ ਵਿੱਚ ਖਲੋਕੇ ਨੌਜੁਆਨਾਂ ਨੂੰ ਗਾਲਾਂ ਕੱਢਦਿਆਂ ਵੰਗਾਰਨ ਲੱਗੇ ‘ਬਾਹਰ ਆਉ ਦੱਸਦਾ ਹਾਂ’। ਅੱਗੋ ਨੋਜੁਆਨ ਵੀ ਜੋਸ਼ ਵਿੱਚ ਆ ਗਏ ਕਿ ‘ਅੰਦਰ ਈ ਆ ਜਾ ਤੇਰੀ ਬਦਮਾਸ਼ੀ ਕੱਢ ਦੇਈਏ’। ਸ੍ਰ: ਵਲਟੋਹਾ ਕੁਝ ਮਿੰਟ ਰੁਕੇ ਵੀ ਲੇਕਿਨ ਮਾਹੌਲ ਵਿਗੜਦਾ ਵੇਖ ਚਲੇ ਗਏ।

ਉਧਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦ ਪ੍ਰੀਵਾਰਾਂ ਨੂੰ ਸਨਮਾਨਿਤ ਕਰਨ ਹਿੱਤ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਸਪੁਤਰ ਸ੍ਰ: ਈਸ਼ਰ ਸਿੰਘ ਅਤੇ ਜਨਰਲ ਸ਼ਬੇਗ ਸਿੰਘ ਦੇ ਭਰਾਤਾ ਸ੍ਰ: ਬੇਅੰਤ ਸਿੰਘ ਖਿਆਲਾ ਅੱਗੇ ਨਾ ਆਏ।

ਸਿਰਫ ਭਾਈ ਅਮਰੀਕ ਸਿੰਘ ਦੀ ਧਰਮ ਪਤਨੀ ਬੀਬੀ ਹਰਮੀਤ ਕੌਰ, ਬੇਟੀ ਸਤਵੰਤ ਕੌਰ, ਪੁਤਰ ਤਰਲੋਚਨ ਸਿੰਘ ਅਤੇ ਭਰਾਤਾ ਭਾਈ ਮਨਜੀਤ ਸਿੰਘ ਨੇ ਹੀ ਗਿਆਨੀ ਗੁਰਬਚਨ ਸਿੰਘ ਪਾਸੋਂ ਸਿਰੋਪਾਉ ਲਿਆ।

ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਸ੍ਰ: ਸਿਮਰਨ ਜੀਤ ਸਿੰਘ ਮਾਨ ਦੇ ਸੰਗਤ ਦੇ ਨਾਮ ਸੰਬੋਧਨ ਦੇ ਚਲਦਿਆਂ ਗਿਆਨੀ ਗੁਰਬਚਨ ਸਿੰਘ, ਗਿਆਨੀ ਮਲ੍ਹ ਸਿੰਘ, ਗਿਆਨੀ ਇਕਬਾਲ ਸਿੰਘ ਕੋਈ ਅੱਧਾ ਘੰਟਾ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਮੁਖ ਇਮਾਰਤ ਵਿੱਚੋਂ ਬਾਹਰ ਨਾ ਆਏ।

ਕਿਸੇ ਵੀ ਵਿਰੋਧਤਾਂ ਤੋਂ ਬਚਣ ਲਈ ਗਿਆਨੀ ਗੁਰਬਚਨ ਸਿੰਘ ਦੇ ਵੱਡੇ ਲੜਕੇ ਮਨਜਿੰਦਰ ਸਿੰਘ ਬਿੱਟੂ ਨੇ ਖੁਦ ਮੁਕਤਸਰ ਤੋਂ ਲਿਆਂਦੇ ਸਾਥੀਆਂ ਦੀ ਮਦਦ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਕਤਰੇਤ ਤੀਕ ਅਗਵਾਈ ਕੀਤੀ ।

ਇਸ ਤੋਂ ਪਹਿਲਾਂ ਅਖੰਡ ਕੀਰਤਨੀ ਜਥੇ ਦੇ ਭਾਈ ਬਖਸ਼ੀਸ਼ ਸਿੰਘ ਦਾ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨਾਲ ਮਾਮੂਲੀ ਤਕਰਾਰ ਹੋ ਗਿਆ ਸੀ।

ਬੀਤੇ ਦੋ ਸਾਲਾਂ ਦੌਰਾਨ ਹੁੰਦੇ ਰਹੇ ਭਾਰੀ ਟਕਰਾਅ ਕਰਕੇ ਇਸ ਵਾਰ ਹਰ ਸੁਹਿਰਦ ਸਿੱਖ ਸਮਾਗਮ ਵਿਚ ਮੁੜ ਉਹੋ ਜਿਹੀ ਮੰਦਭਾਗੀ ਘਟਨਾ ਵਾਪਰਨ ਦੇ ਖਦਸ਼ੇ ਕਾਰਨ ਚਿੰਤਤ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,