ਸਿੱਖ ਖਬਰਾਂ

ਲੁਧਿਆਣਾ ਘਟਨਾ ਦੇ ਦੋਸ਼ੀਆਂ ਸਮੇਤ ਜਿੰਮੇਵਾਰ ਪੁਲਿਸ ਅਧਿਕਾਰੀਆਂ ਤੇ ਵੀ ਕਾਰਵਾਈ ਹੋਵੇ : ਪੰਚ ਪ੍ਰਧਾਨੀ

November 9, 2010 | By

“ਹਿੰਦੂ-ਭਾਰਤ ਵਿਚ ਸਿੱਖ ਹੋਣਾ ਗੁਨਾਹ”

ਫ਼ਤਿਹਗੜ੍ਹ ਸਾਹਿਬ, 9 ਨਵੰਬਰ (ਪੰਜਾਬ ਨਿਊਜ਼ ਨੈੱਟ.) : ਲੁਧਿਆਣਾ ਵਿਚ ਸਿੱਖ-ਕਤਲੇਆਮ ਦੇ ਪੀੜਤਾਂ ਦੀ ਪੁਲਿਸ ਦੀ ਹਾਜ਼ਰੀ ਵਿਚ ਹੋਈ ਕੁਟਮਾਰ ਤੇ ਇਕ ਪੀੜਤ ਦੇ ਕਤਲ ਨੇ ਸਾਫ਼ ਕਰ ਦਿੱਤਾ ਹੈ ਕਿ ਪੀੜਤ ਅੱਜ ਵੀ ਭਾਰਤੀ ਨਿਜ਼ਾਮ ਹੱਥੋਂ ਸਿੱਖ ਹੋਣ ਦਾ ਸੰਤਾਪ ਝੱਲ ਰਹੇ ਹਨ ਪੰਜਾਬ ਦੀ ਬਾਦਲ ਸਰਕਾਰ ਦੌਰਾਨ ਉਨ੍ਹਾਂ ਨੂੰ ਭਾਰਤ ਵਿਚ ਗੁਲਾਮ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।ਲੁਧਿਆਣਾ ਵਿਚ ਹੋਈ ਉਕਤ ਘਟਨਾ ਦੀ ਸਖ਼ਤ ਅਲੋਚਨਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਜਨਰਲ ਸਕੱਤਰ ਜਸਵੀਰ ਸਿੰਘ ਖੰਡੂਰ ਤੇ ਕੌਮੀ ਵਿਸ਼ੇਸ਼ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਹਿੰਦੂ-ਭਾਰਤ ਵਿਚ ਸਿੱਖ ਹੋਣਾ ਗੁਨਾਹ ਬਣਾ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਉਕਤ ਘਟਨਾ ਦੇ ਦੋਸ਼ੀਆਂ ਅਤੇ ਜਸਪਾਲ ਸਿੰਘ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਇਸਦੇ ਨਾਲ ਹੀ ਇਸ ਘਟਨਾ ਦੇ ਜਿੰਮੇਵਾਰ ਪੁਲਿਸ ਅਧਿਕਾਰੀਆਂ ’ਤੇ ਵੀ ਸਖ਼ਤ ਕਾਰਵਾਈ ਕੀਤੀ ਜਾਵੇ। ਉਕਤ ਆਗੂਆਂ ਨੇ ਕਿਹਾ ਕਿ ਅਦਾਲਤ ਦੇ ਹੁਕਮਾਂ ਅਨੁਸਾਰ ਹੀ ਸਿੱਖ ਕਤਲੇਆਮ ਦੇ ਪੀੜਤ ਅਪਣੇ ਪਲਾਟਾਂ ਦੇ ਕਬਜ਼ੇ ਲੈਣ ਗਏ ਸਨ ਜਿਨ੍ਹਾਂ ਨੂੰ ਉਕਤ ਮਕਾਨਾਂ ’ਤੇ ਗੈਰ ਕਾਨੂੰਨੀ ਢੰਗ ਨਾਲ ਕਾਬਜ਼ ਲੋਕਾਂ ਨੇ ਪੁਲਿਸ ਦੀ ਸਹਾਇਤਾ ਨਾਲ ਕੁੱਟਿਆ ਤੇ ਇਕ ਸਿੱਖ ਨੂੰ ਤਾਂ ਜਾਨੋਂ ਹੀ ਮਾਰ ਮੁਕਾਇਆ।

ਉਨ੍ਹਾਂ ਕਿਹਾ ਕਿ ਇਨਾਂ ਸਿੱਖ’ਤੇ ਤੱਸ਼ਦਦ ਢਾਹੁਣ ਵਾਲੇ ਤੇ ਇਸ ਕੰਮ ਵਿਚ ਉਨ੍ਹਾਂ ਦੇ ਮੱਦਦਗਾਰ ਬਣੇ ਪੁਲਿਸ ਅਧਿਕਾਰੀ ਸਿੱਖ ਕਤਲੇਆਮ ਦੇ ਦੋਸ਼ੀਆਂ ਦੇ ਵਾਰਸ ਬਣ ਕੇ ਹੀ ਸਾਹਮਣੇ ਆਏ। ਉਨ੍ਹਾਂ ਮੰਗ ਕੀਤੀ ਕਿ ਉਕਤ ਦੋਸ਼ਾਂ ਦੇ ਨਾਲ-ਨਾਲ ਇਨ੍ਹਾਂ ਲੋਕਾਂ ’ਤੇ ਗੈਰ ਕਾਨੂੰਨੀ ਕਬਜ਼ੇ ਕਰਨ ਦੇ ਕੇਸ ਵੀ ਦਰਜ਼ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਹ ਵੀ ਪਤਾ ਲੱਗ ਹੈ ਕਿ ਦੋਸ਼ੀਆਂ ਵਿਚ ਕਈ ਅਜਿਹੇ ਲੋਕ ਵੀ ਸ਼ਾਮਿਲ ਹਨ ਜਿਹੜੇ ਧੋਖਾਧੜੀ ਨਾਲ ਅਪਣੇ ਆਪ ਨੂੰ ਸਿੱਖ-ਕਤਲੇਆਮ ਦੇ ਪੀੜਤ ਦਰਸਾ ਕੇ ਸਹੂਲਤਾਂ ਲੈ ਰਹੇ ਹਨ ਇਸ ਲਈ ਇਨ੍ਹਾਂ ਲੋਕਾਂ ’ਤੇ ਧੋਖਾਧੜੀ ਦੇ ਕੇਸ ਵੀ ਚਲਾਏ ਜਾਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,