ਲੇਖ

ਬਿਜਲ ਸੱਥ : ਇੱਕ ਹੋਰ ਜਹਾਨ

July 28, 2022 | By

ਪਹਿਲਾਂ ਆਮ ਤੌਰ ‘ਤੇ ਦੋ ਜਹਾਨਾਂ ਦੀ ਗੱਲ ਹੀ ਕੀਤੀ ਅਤੇ ਸੁਣੀ ਜਾਂਦੀ ਸੀ। ਨਿੱਕੇ ਹੁੰਦਿਆਂ ਤੋਂ ਹੁਣ ਤੱਕ ਇਹਨਾਂ ਦੋ ਜਹਾਨਾਂ ਦਾ ਹੀ ਜਿਕਰ ਸੁਣਨ ਨੂੰ ਮਿਲਦਾ ਰਿਹਾ ਹੈ, ਇੱਕ ਜਹਾਨ ਉਹ ਜਿੱਥੇ ਅਸੀਂ ਸਾਰੇ ਰਹਿ ਰਹੇ ਹਾਂ ਅਤੇ ਇੱਕ ਇਸ ਜਹਾਨ ਤੋਂ ਪਾਰ ਦਾ ਜਹਾਨ। ਇਹਨਾਂ ਦੋਵਾਂ ਜਹਾਨਾਂ ਬਾਰੇ ਹੀ ਬੰਦਾ ਗੱਲ ਕਰਦਾ, ਸੋਚਦਾ, ਮਹਿਸੂਸ ਕਰਦਾ ਅਤੇ ਇਸੇ ਸਮਝ ਚੋਂ ਆਪਣੇ ਅਮਲ ਤੈਅ ਕਰਦਾ ਸੀ। ਪਰ ਹੁਣ ਇੱਕ ਹੋਰ ਜਹਾਨ ਨੇ ਸਾਡੇ ਇਸ ਜਹਾਨ ‘ਚ ਦਖਲ ਦੇ ਦਿੱਤਾ ਹੈ। ਇਸ ਜਹਾਨ ਦਾ ਮੁੱਖ ਅੰਗ ਹੈ ‘ਬਿਜਲ ਸੱਥ’ ਜਾਣੀ ਕਿ ਸੋਸ਼ਲ ਮੀਡੀਆ। ਇਸ ਨਵੇਂ ਜਹਾਨ ਨੇ ਆਪਣਾ ਘੇਰਾ ਬਹੁਤ ਰਫਤਾਰ ਨਾਲ ਬਗਲ ਲਿਆ ਹੈ, ਇਹ ਰਫਤਾਰ ਇੰਨੀ ਤੇਜ ਹੈ ਕਿ ਭਵਿੱਖ ਵਿੱਚ ਇਹ ਜਹਾਨ ਹੋਰ ਵੀ ਘਾਤਕ ਅਤੇ ਨੰਗੇ ਚਿੱਟੇ ਰੂਪ ਵਿੱਚ ਆਪਣੀ ਥਾਂ ਬਣਾਉਣ ਜਾ ਰਿਹਾ ਹੈ।

ਬਿਜਲ ਸੱਥ ਦਾ ਆਪਣਾ ਇੱਕ ਸਭਿਆਚਾਰ ਹੈ, ਆਪਣੇ ਨੇਮ ਹਨ, ਆਪਣੇ ਤੌਰ-ਤਰੀਕੇ ਹਨ, ਆਪਣੀ ਚਾਲ ਹੈ, ਆਪਣੇ ਮੌਸਮ ਹਨ, ਮੌਸਮਾਂ ਦੀ ਆਪਣੀ ਉਮਰ ਹੈ ਜੋ ਕੋਈ ਪੱਕੀ ਨਹੀਂ ਹੈ, ਇਹਦੀ ਆਪਣੀ ਸੱਤਾ ਹੈ, ਸੱਤਾ ‘ਤੇ ਕਾਬਜ ਹੋਣ ਦਾ ਵੀ ਆਪਣਾ ਤਰੀਕਾ ਹੈ, ਇਹਦੇ ਵੀ ਆਪਣੇ ਗੈਂਗਸਟਰ ਹਨ, ਕੁੱਲ ਮਿਲਾ ਕੇ ਇਹਦੇ ‘ਚ ਵੀ ਹਰ ਤਰ੍ਹਾਂ ਦੀ ਵੰਨਗੀ/ਮਹਿਕਮਾ ਹੈ ਜਿਸ ਦੀ ਕੋਈ ਭਰਤੀ ਨਹੀਂ, ਕੋਈ ਤਨਖ਼ਾਹ ਨਹੀਂ। ਕਿਸੇ ਖਾਸ ਨਿਸ਼ਾਨੇ ਲਈ ਇਸ ਥਾਂ ਨੂੰ ਵਰਤਣ ਵਾਲੇ ਭਰਤੀ ਵੀ ਕਰਦੇ ਹਨ ਅਤੇ ਤਨਖਾਹ ਵੀ ਦਿੰਦੇ ਹਨ ਪਰ ਆਮ ਹਲਾਤ ਵਿੱਚ ਇੱਥੇ ਬੰਦੇ ਦਾ ਸੁਭਾਅ ਹੀ ਬਿਨੇ ਕਿਸੇ ਭਰਤੀ ਤੋਂ ਆਪਣੇ ਸਬੰਧਿਤ ਮਹਿਕਮੇ ਵਿੱਚ ਉਸ ਨੂੰ ਭਰਤੀ ਕਰਵਾ ਲੈਂਦਾ ਹੈ, ਤਨਖ਼ਾਹ ਬੰਦੇ ਦੀ ਮਾਨਸਿਕਤਾ ਆਪਣੇ ਆਪ ਤੈਅ ਕਰ ਲੈਂਦੀ ਹੈ। ਉਸ ਤਨਖ਼ਾਹ ਲਈ ਫਿਰ ਉਹ ਬਿਨਾ ਕਿਸੇ ਦੇ ਕਹੇ ਆਪਣਾ ਕੰਮ ਕਰਨ ਲੱਗ ਪੈਂਦਾ ਹੈ। ਇਸ ਸਾਰੇ ਕਾਸੇ ਲਈ ਸਭ ਤੋਂ ਮਹਿੰਗਾ ਸਮਾਂ ਖਰਚਿਆ ਜਾਂਦਾ ਹੈ, ਸਭ ਤੋਂ ਕੀਮਤੀ ਆਪਣੀ ਊਰਜਾ ਖਰਚੀ ਜਾਂਦੀ ਹੈ, ਫਿਰ ਥੋੜ੍ਹੀ-ਬਹੁਤ ਮਾਇਆ, ਫਿਰ ਉਹ ਸੰਦ ਜਿਸ ਰਾਹੀਂ ਇਸ ਜਹਾਨ ‘ਚ ਆਪਣੀ ਹਾਜਰੀ ਰੱਖਣੀ ਹੈ।

ਜਦੋਂ ਬਿਜਲ ਸੱਥ ਆਪਣੇ ਸ਼ੁਰੂਆਤੀ ਦੌਰ ‘ਚ ਸੀ ਤਾਂ ਬਾਹਰ ਦੇ ਜਹਾਨ ‘ਚ ਹੋਣ ਵਾਲੀ ਘਟਨਾ ਜਾਂ ਚੱਲ ਰਹੇ ਕਿਸੇ ਮਸਲੇ ਆਦਿ ਦੀ ਗੱਲ ਬਿਜਲ ਸੱਥ ‘ਤੇ ਕੀਤੀ ਜਾਂਦੀ ਸੀ, ਹੁਣ ਹਲਾਤ ਇਹ ਬਣ ਗਏ ਹਨ ਕਿ ਬਿਜਲ ਸੱਥ ‘ਤੇ ਜੋ ਵਾਪਰ ਰਿਹਾ ਹੈ ਉਸੇ ਦੀ ਹੀ ਗੱਲ ਬਾਹਰਲੇ ਜਹਾਨ ‘ਚ ਵੱਧ ਚੱਲਦੀ ਰਹਿੰਦੀ ਹੈ। ਇੱਥੇ ਅੱਜਕੱਲ੍ਹ ਹਰ ਮੁੱਦਾ ਹੀ ਵਿਚਾਰਿਆ ਜਾਂਦਾ ਹੈ, ਉਹ ਗੱਲ ਵੱਖਰੀ ਹੈ ਕਿ ਇੱਥੇ ਵਿਚਾਰਨ ਦੇ ਆਪਣੇ ਨੇਮ ਹਨ। ਜੇਕਰ ਮੁੱਦਾ ਨਾ ਵੀ ਹੋਵੇ ਤਾਂ ਕਿਸੇ ਵੀ ਗੱਲ ਨੂੰ ਮੁੱਦਾ ਬਣਾ ਲਿਆ ਜਾਂਦਾ ਹੈ, ਇੱਥੇ ਮੁੱਦਿਆਂ ਦੀ ਉੱਮਰ ਬਹੁਤ ਛੋਟੀ ਹੁੰਦੀ ਹੈ, ਬਸ ਹਨ੍ਹੇਰੀ ਵਾਙ ਕੋਈ ਗੱਲ ਆਉਂਦੀ ਹੈ ਜਿਸ ‘ਤੇ ਤੁਰੰਤ ਆਪਣੀਆਂ ਥਾਵਾਂ ਲੈਣੀਆਂ ਹੁੰਦੀਆਂ ਹਨ, ਬੰਦਾ ਜੇਕਰ ਆਪਣੀ ਥਾਂ ਲੈਣ ਬਾਬਤ ਜਾਂ ਆਈ ਹਨ੍ਹੇਰੀ ਬਾਬਤ ਸਹਿਜ ਨਾਲ ਵਿਚਾਰਨ ਲੱਗੇ ਤਾਂ ਉਸ ਤੋਂ ਬਾਅਦ ਬੰਦੇ ਦੀ ਸਾਰੀ ਊਰਜਾ ਉਸ ਗੱਲ ਨਾਲ ਰਲਣ ਵਿੱਚ ਹੀ ਲੱਗ ਜਾਂਦੀ ਹੈ। ਇੱਥੇ ਬੰਦੇ ਦੀ ਹਾਜ਼ਰੀ ਹੀ ਉਸ ਦਾ ਵਜ਼ੂਦ ਬਣੀ ਹੋਈ ਹੈ ਇਸੇ ਲਈ ਇੱਥੇ ਬੰਦੇ ਝੱਟ-ਪੱਟ ਆਪਣੀਆਂ ਥਾਵਾਂ ਲੈ ਲੈਂਦੇ ਹਨ। ਹੁਣ ਤਾਂ ਗੱਲ ਇੱਥੇ ਵੀ ਅੱਪੜ ਗਈ ਹੈ ਕਿ ਇਸ ਜਹਾਨ ‘ਚ ਬੰਦੇ ਨੇ ਇੱਕ ਦਫ਼ਾ ਜਿਹੜੀਆਂ ਥਾਵਾਂ ਮੱਲ ਲਈਆਂ ਓਹਦੇ ਤੋਂ ਬਾਅਦ ਜੇਕਰ ਇਹ ਪਤਾ ਵੀ ਲੱਗ ਜਾਵੇ ਕਿ ਫੈਸਲਾ ਗਲਤ ਲੈ ਹੋ ਗਿਆ ਤਾਂ ਬੰਦੇ ਨੂੰ ਵਾਪਸ ਮੁੜਨਾ ਵੀ ਮਿੱਟੀ ਹੋਣ ਬਰਾਬਰ ਲੱਗਣ ਲੱਗ ਪੈਂਦਾ ਹੈ। ਜੇ ਇਹ ਨਾ ਵੀ ਲੱਗੇ ਤਾਂ ਇਸ ਪਾਸੇ ਖੜ੍ਹੇ ਵੱਡੇ ਹਿੱਸੇ ਤੋਂ ਭੈਅ ਆਉਣ ਲੱਗ ਪੈਂਦਾ ਹੈ, ਇਸ ਗੇੜ ਨੇ ਬੰਦੇ ਇੰਨੇ ਉਲਝਾ ਲਏ ਹਨ ਕਿ ਉਹ ਨਿੱਜੀ ਤੌਰ ‘ਤੇ ਜਿਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹੁੰਦੇ ਜਾਂ ਵੱਖਰੀ ਰਾਇ ਰੱਖਦੇ ਹਨ ਉਸ ਗੱਲ ਨਾਲ ਵੀ ਉਹਨਾਂ ਨੂੰ ਬਿਜਲ ਸੱਥ ‘ਤੇ ਸਹਿਮਤ ਹੋਣਾ ਪੈ ਜਾਂਦਾ ਹੈ। ਇਸੇ ਚੱਕਰ ‘ਚ ਦਲੀਲਾਂ ਦਾ ਪੱਧਰ ਦਿਨ ਪਰ ਦਿਨ ਹੇਠਾਂ ਨੂੰ ਆ ਰਿਹਾ ਹੈ। ਇਸ ਸਭ ਕਾਸੇ ਨੇ ਬਹੁਤ ਪਵਿੱਤਰ ਚੀਜ਼ਾਂ ਦੇ ਅਦਬ ਅਤੇ ਸਮਝ ਨੂੰ ਰੋਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।

ਇੱਥੇ ਇੰਨਾ ਕੁਝ ਕੀਮਤੀ ਖਰਚਿਆ ਜਾ ਰਿਹਾ ਹੈ, ਇਸ ਲਈ ਇਹ ਵੀ ਸਪਸ਼ਟ ਹੈ ਕਿ ਇਹ ਅਜਾਈਂ ਤਾਂ ਨਹੀਂ ਖਰਚਿਆ ਜਾਂਦਾ ਹੋਵੇਗਾ। ਬਿਲਕੁਲ! ਅਜਾਈਂ ਕੁਝ ਨਹੀਂ ਖਰਚਿਆ ਜਾਂਦਾ। ਜਿਹੜੀ ਗੱਲ ਉੱਪਰ ਕੀਤੀ ਹੈ ਕਿ ਇੱਥੇ ਤਨਖ਼ਾਹ ਬੰਦੇ ਦੀ ਮਾਨਸਿਕਤਾ ਆਪਣੇ ਆਪ ਤੈਅ ਕਰ ਲੈਂਦੀ ਹੈ, ਉਹ ਇਹੀ ਹੈ ਕਿ ਇਸ ਵਿੱਚੋ ਲਾਹਾ ਕੀ ਲੈਣਾ ਹੈ ਉਹ ਬੰਦੇ ਦਾ ਸੁਭਾਅ, ਓਹਦੀ ਮਾਨਸਿਕਤਾ, ਓਹਦੀ ਗੰਭੀਰਤਾ ਅਤੇ ਓਹਦੀ ਦੂਰ-ਅੰਦੇਸ਼ੀ ‘ਤੇ ਨਿਰਭਰ ਕਰਦਾ ਹੈ। ਜਿਹਨਾਂ ਨੂੰ ਮੁੱਦਿਆਂ ਦਾ ਸਵਾਦ ਪੈ ਜਾਵੇ, ਇੱਕ ਦੂਜੇ ਨੂੰ ਜਿੱਤਣ ਹਰਾਉਣ ਦਾ ਸਵਾਦ ਪੈ ਜਾਵੇ, ਉਹਦੇ ਲਈ ਭਾਵੇਂ ਉਹ ਆਪਣੀਆਂ ਸਭ ਤੋਂ ਪਵਿੱਤਰ ਕਦਰਾਂ ਕੀਮਤਾਂ ਦਾਅ ‘ਤੇ ਲਾ ਦੇਣ ਤੇ ਸਭ ਤੋਂ ਖਤਰਨਾਕ ਇਹ ਕਿ ਦਾਅ ‘ਤੇ ਲੱਗੀਆਂ ਕਦਰਾਂ ਕੀਮਤਾਂ ਦਾ ਅਹਿਸਾਸ ਵੀ ਖ਼ਤਮ ਹੋ ਜਾਵੇ, ਫਿਰ ਉਹ ਜਿਹੋ ਜਿਹਾ ਬੀਜਦੇ ਹਨ ਉਹੋ ਜਿਹਾ ਹੀ ਵੱਢਣਗੇ, ਤੇ ਵੱਢ ਵੀ ਰਹੇ ਨੇ। ਕੱਢਣ ਵਾਲਿਆਂ ਨੇ ਇੱਥੋਂ ਬਹੁਤ ਕੁਝ ਕੱਢਿਆ ਹੈ, ਪ੍ਰਤੱਖ ਉਦਾਹਰਣਾਂ ਪਈਆਂ ਸਾਡੇ ਸਾਹਮਣੇ। ਗੱਲ ਇਸ ਥਾਂ ਨੂੰ ਵਰਤਣ ਦੀ ਵਿਧੀ ਦੀ ਹੈ, ਇਸੇ ਨੇ ਹੀ ਅਗਲੀ ਸਾਰੀ ਖੇਡ ਕਾਬੂ ਕਰਨੀ ਹੁੰਦੀ ਹੈ।

ਹੁਣ ਅਗਲੀ ਗੱਲ ‘ਮੈਟਾਵਰਸ’ ਦੀ ਹੋ ਰਹੀ ਹੈ, ਜੋ ਇਸ ਨਵੇਂ ਜਹਾਨ ਦੇ ਹੋਰ ਖਤਰਨਾਕ ਹੋਣ ਦਾ ਸੰਕੇਤ ਦੇ ਰਹੀ ਹੈ। ਪਰ ਅਸਲ ਗੱਲ ਸਮਝਣ ਵਾਲੀ ਤਾਂ ਇਹ ਹੈ ਕਿ ਹੁਣ ਵੀ ਤਾਂ ਬੰਦੇ ਉਸੇ ਬਨਾਉਟੀ ਦੁਨੀਆਂ ‘ਚ ਜਿਉਣ ਲੱਗ ਪਏ ਹਨ ਜਿਸ ਦਾ ਖਦਸਾ ਪ੍ਰਗਟਾਇਆ ਜਾ ਰਿਹਾ ਹੈ। ਬਿਜਲ ਸੱਥ ਦਾ ਮਜੂਦਾ ਚਲਣ ਮੈਟਾਵਰਸ ਤੋਂ ਕਿੰਨਾ ਕੁ ਉਰੇ ਹੈ? ਸਾਡੇ ਕਿੰਨੇ ਹਿੱਸੇ ਲਈ ਉਰੇ ਹੈ? ਇਹ ਗੱਲ ਕਿਸੇ ਇੱਕ ਲਿਖਤ, ਇੱਕ ਭਾਸ਼ਣ ਜਾਂ ਇੱਕ ਗੱਲਬਾਤ ‘ਚ ਕਰਨ ਵਾਲੀ ਤਾਂ ਨਹੀਂ ਹੈ, ਇੱਥੇ ਵੀ ਬਸ ਕੁਝ ਗੱਲਾਂ ਵੱਲ ਇਸ਼ਾਰੇ ਹੀ ਕੀਤੇ ਹਨ ਪਰ ਸਾਨੂੰ ਜਰੂਰ ਗੰਭੀਰਤਾ ਨਾਲ ਇਸ ਨੁਕਤੇ ਨੂੰ ਵਿਚਾਰਨ ਦੇ ਰਾਹ ਪੈਣਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,