ਖਾਸ ਖਬਰਾਂ » ਮਨੁੱਖੀ ਅਧਿਕਾਰ

ਮਨੀਪੁਰ: 12 ਸਾਲਾਂ ਦੇ ਅਜ਼ਾਦ ਖਾਨ ਨੂੰ ਝੂਠੇ ਮੁਕਾਬਲੇ ਵਿਚ ਮਾਰਨ ਦੇ ਦੋਸ਼ ਹੇਠ ਭਾਰਤੀ ਮੇਜਰ ਸਮੇਤ ਫੌਜੀਆਂ ਖਿਲਾਫ ਮਾਮਲਾ ਦਰਜ

August 3, 2018 | By

ਚੰਡੀਗੜ੍ਹ: ਮਨੀਪੁਰ ਵਿਚ ਭਾਰਤੀ ਸੁਰੱਖਿਆ ਦਸਤਿਆਂ ਵਲੋਂ ਕੀਤੇ ਗਏ ਝੂਠੇ ਮੁਕਾਬਲਿਆਂ ਦੀ ਭਾਰਤੀ ਸੁਪਰੀਮ ਕੋਰਟ ਦੇ ਹੁਕਮਾਂ ਨਾਲ ਜਾਂਚ ਕਰ ਰਹੀ ਭਾਰਤ ਦੀ ਕੇਂਦਰੀ ਜਾਂਚ ਅਜੈਂਸੀ ਸੀਬੀਆਈ ਨੇ ਪਹਿਲੀ ਵਾਰ ਇਹਨਾਂ ਮਾਮਲਿਆਂ ਸਬੰਧੀ ਇਕ ਫੌਜੀ ਅਫਸਰ ਨੂੰ ਨਾਮਜ਼ਦ ਕੀਤਾ ਹੈ। ਭਾਰਤੀ ਫੌਜ ਦੀ ਅਸਾਮ ਰਾਈਫਲ ਇਕਾਈ ਦੇ ਮੇਜਰ ਵਿਜੇ ਬਲਹਾਰਾ ਖਿਲਾਫ 2009 ਵਿਚ ਇੰਫਾਲ ਦੇ ਇਕ 12 ਸਾਲਾਂ ਦੇ ਬੱਚੇ ਦਾ ਝੂਠਾ ਮੁਕਾਬਲਾ ਬਣਾ ਕੇ ਕਤਲ ਕਰਨ ਦਾ ਮਾਮਲਾ ਦਰਜ ਕੀਤਾ ਹੈ।

ਸੀਬੀਆਈ ਦੀ ਜਾਂਚ ਮੁਤਾਬਿਕ ਮੇਜਰ ਬਲਹਾਰਾ ਨੇ 21 ਹੋਰ ਫੌਜੀਆਂ ਦੀ ਮੋਜੂਦਗੀ ਵਿਚ 12 ਸਾਲਾ ਅਜ਼ਾਦ ਖਾਨ ਨੂੰ ਉਸਦੇ ਘਰ ਵਿਚੋਂ ਕੱਢ ਕੇ ਉਸਦੇ ਮਾਂ ਬਾਪ ਸਾਹਮਣੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਕੇਸ ਵਿਚ ਮੇਜਰ ਬਲਹਾਰਾ ਦੇ ਨਾਲ 7 ਹੋਰ ਭਾਰਤੀ ਫੌਜੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

ਅਜ਼ਾਦ ਦੇ ਪਿਤਾ ਵਾਹਿਦ ਅਲੀ ਨੇ ਸੁਪਰੀਮ ਕੋਰਟ ਵਲੋਂ ਬਣਾਏ ਗਏ ਜੱਜ ਸੰਤੋਸ਼ ਹੇਗੜੇ ਕਮਿਸ਼ਨ ਸਾਹਮਣੇ ਬਿਆਨ ਦਰਜ ਕਰਾਇਆ ਸੀ ਕਿ ਉਸਦੇ ਪੁੱਤ ਨੂੰ ਮਨੀਪੁਰ ਪੁਲਿਸ ਕਮਾਂਡੋ ਨੇ 4 ਮਾਰਚ 2009 ਨੂੰ ਘਰ ਤੋਂ ਚੁੱਕ ਕੇ ਝੂਠੇ ਮੁਕਾਬਲੇ ਵਿਚ ਕਤਲ ਕਰ ਦਿਤਾ ਸੀ।

ਕਮਿਸ਼ਨ ਦੀ ਰਿਪੋਰਟ ਮੁਤਾਬਿਕ ਅਜ਼ਾਦ ਦੇ ਪਰਿਵਾਰ ਨੇ ਦੱਸਿਆ ਕਿ ਅਜ਼ਾਦ ਆਪਣੇ ਘਰ ਦੇ ਵਰਾਂਡੇ ਵਿਚ ਆਪਣੇ ਮਿੱਤਰ ਅਤੇ ਗੁਆਂਢੀ ਅਨੰਦਾ ਸਿੰਘ ਨਾਲ ਬੈਠਾ ਅਖਬਾਰ ਪੜ੍ਹ ਰਿਹਾ ਸੀ ਤੇ ਪਰਿਵਾਰ ਦੇ ਬਾਕੀ ਜੀਅ ਵੀ ਉੱਥੇ ਹੀ ਮੋਜੂਦ ਸਨ। ਸਵੇਰੇ 11.50 ‘ਤੇ 30 ਦੇ ਕਰੀਬ ਸੁਰੱਖਿਆ ਕਰਮੀ ਉਨ੍ਹਾਂ ਦੇ ਘਰ ਆਏ ਤੇ ਅਜ਼ਾਦ ਨੂੰ ਧੂਹ ਕੇ ਘਰ ਤੋਂ ਬਾਹਰ ਨਾਲ ਲਗਦੇ ਖੇਤਾਂ ਵਿਚ ਲੈ ਗਏ। ਉੱਥੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਭਾਰਤੀ ਫੌਜੀਆਂ ਨੇ ਬਾਕੀ ਪਰਿਵਾਰਕ ਜੀਆਂ ਅਤੇ ਅਜ਼ਾਦ ਦੇ ਦੋਸਤ ਨੂੰ ਘਰ ਅੰਦਰ ਬੰਦ ਕਰਕੇ ਕੁੰਡਾ ਲਾ ਦਿੱਤਾ, ਪਰ ਉਹ ਬਾਰੀ ਰਾਹੀਂ ਬਾਹਰ ਦੇਖ ਰਹੇ ਸੀ ਕਿ ਅਜ਼ਾਦ ਨਾਲ ਕੁੱਟਮਾਰ ਤੋਂ ਬਾਅਦ ਇਕ ਫੌਜੀ ਨੇ ਅਜ਼ਾਦ ਦੇ ਗੋਲੀ ਮਾਰ ਦਿੱਤੀ ਤੇ ਪਿਸਤੌਲ ਉਸ ਕੋਲ ਸੁੱਟ ਦਿੱਤਾ।

ਪੁਲਿਸ ਨੇ ਇਸ ਮੁਕਾਬਲੇ ਬਾਰੇ ਦਾਅਵਾ ਕੀਤਾ ਸੀ ਕਿ, “ਅਜ਼ਾਦ ਦੇ ਘਰ ਵਾਲੇ ਇਲਾਕੇ ਵਿਚ ਕੁਝ ‘ਅੱਤਵਾਦੀਆਂ’ ਦੇ ਆਉਣ ਦੀ ਸੂਹ ਮਿਲੀ ਸੀ। ਇਲਾਕੇ ਵਿਚ ਪਹੁੰਚਣ ਮਗਰੋਂ ਪੁਲਿਸ ਨੂੰ ਬਾਂਸਾਂ ਵਿਚੋਂ ਦੋ ਬੰਦੇ ਭੱਜਦੇ ਨਜ਼ਰ ਆਏ ਜਿਹਨਾਂ ਪੁਲਿਸ ‘ਤੇ ਗੋਲੀ ਚਲਾਈ। ਇਸ ਦੌਰਾਨ ਹੋਇਆ ਮੁਕਾਬਲਾ 5 ਮਿੰਟ ਤਕ ਚੱਲਿਆ ਜਿਸ ਤੋਂ ਬਾਅਦ ਮੁੰਡੇ ਦੀ ਲਾਸ਼ ਬਰਾਮਦ ਹੋਈ ਜਿਸ ਕੋਲੋਂ 9 ਐਮਐਮ ਸਮਿੱਥ ਐਂਡ ਵੇਸੱਨ ਪਿਸਤੋਲ ਮਿਲਿਆ।”

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,