December 5, 2015 | By ਸਿੱਖ ਸਿਆਸਤ ਬਿਊਰੋ
ਲੰਡਨ (4 ਦਸੰਬਰ, 2015): ਪਿਛਲੇ ਸਾਲ ਇੱਥੇ ਨੂਰਮਹਿਲੀਏ ਸਾਧ ਆਸ਼ੂਤੋਸ਼ ਦੇ ਡੇਰੇ ਦੀ ਭੰਨ ਤੋੜ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਸਿੱਖਾਂ ਨੂੰ ਅਦਾਲਤ ਨੇ ਬਾਇੱਜ਼ਤ ਬਰੀ ਕਰ ਦਿੱਤਾ ਹੈ।
ਪੁਲਿਸ ਵੱਲੋ ਨਾਮਜ਼ਦ ਸਿੱਖਾਂ ਖਿਲਾਫ ਆਈਜ਼ਲਵਰਥ ਕਰਾਊਨ ਕੋਰਟ ਵਿੱਚ ਛੇ ਹਫਤੇ ਲਗਾਤਾਰ ਕੇਸ ਚਲਾਇਆ ਗਿਆ ਜੋ ਕਿ ਅਦਾਲਤ ਵਲੋਂ ਗਠਿਤ 12 ਮੈਂਬਰੀ ਜਿਊਰੀ ਵਲੋਂ ਸੁਣਿਆ ਗਿਆ। ਸਰਕਾਰੀ ਧਿਰ ਵਲੋਂ ਭੁਗਤਾਏ ਗਏ ਗਵਾਹਾਂ ਅਤੇ ਸਫਾਈ ਧਿਰ ਦੇ ਵਕੀਲਾਂ ਵਲੋਂ ਪੇਸ਼ ਕੀਤੀਆਂ ਦਲੀਲਾਂ ਨੂੰ ਵਿਚਾਰਨ ਉਪਰੰਤ, ਜਿਉਰੀ ਨਾਲ ਸਹਿਮਤ ਹੁੰਦਿਆਂ ਪੁਲਿਸ ਵਲੋਂ ਨਾਮਜ਼ਦ ਕੀਤੇ ਗਏ ਸਾਰੇ ਸਿੰਘਾਂ ਨੂੰ ਮਾਨਯੋਜ ਜੱਜ ਵਲੋਂ ਦੋਸ਼ ਮੁਕਤ ਕਰਾਰ ਦੇ ਦਿਤਾ ਗਿਆ।

ਅਦਾਲਤੀ ਫੈਸਲੇ ਤੋਂ ਬਾਅਦ ਸਿੱਖ ਆਗੂ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਤਰਨ ਤਾਰਨ ਦੇ ਨਜ਼ਦੀਕੀ ਪਿੰਡ ਜੋਧਪੁਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ ਤੋਂ ਬਾਅਦ ਸਿੱਖਾਂ ਵਿੱਚ ਭਾਰੀ ਰੋਸ ਜਾਗਿਆ ਸੀ। ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਸਨ, ਜਿਸ ਤੇ ਚੱਲਦਿਆਂ ਇੰਗਲੈਂਡ ਦੇ ਸ਼ਹਿਰ ਹੇਜ਼ ਵਿਖੇ ਵੈਸਟ ਇੰਡ ਲੇਨ ਤੇ ਸਥਾਪਤ ਦਿਵਿਆ ਜਯੋਤੀ ਜਾਗਰਣ ਡੇਰੇ ਮੂਹਰੇ ਸਿੱਖ ਜਥੇਬੰਦੀਆਂ ਵਲੋਂ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ।
ਜਦੋਂ ਰੋਸ ਪ੍ਰਦਸ਼ਨ ਚੱਲ ਰਿਹਾ ਸੀ ਤਾਂ ਕੁਝ ਅਗਿਆਤ ਵਿਆਕਤੀਆਂ ਵਲੋਂ ਡੇਰੇ ‘ਤੇ ਹਮਲਾ ਕਰਕੇ ਜਿੱਥੇ ਡੇਰੇ ਦੀ ਬੁਰੀ ਤਰ੍ਹਾਂ ਨਾਲ ਭੰਨਤੋੜ ਕੀਤੀ ਅਤੇ ਉੱਥੇ ਮੌਜੂਦ ਡੇਰੇ ਦੇ ਉਪਾਸ਼ਕਾਂ ਨਾਲ ਕੁੱਟਮਾਰ ਕੀਤੀ ਗਈ ਸੀ।
ਇਸ ਕੇਸ ਵਿੱਚ ਪੁਲਿਸ ਵਲੋਂ ਸਾਊਥਾਲ ਨਿਵਾਸੀ ਨਿਰਮਲ ਸਿੰਘ, ਸੰਦੀਪ ਸਿੰਘ ਰਾਣਾ, ਜਤਿੰਦਰ ਸਿੰਘ, ਮੋਹਣ ਸਿੰਘ, ਹਰਵਿੰਦਰ ਸਿੰਘ ਸ਼ੇਰਗਿੱਲ ਅਤੇ ਵਿਕਰਮ ਸਿੰਘ ਜੌਹਲ ਨੂੰ ਨਾਮਜ਼ਦ ਕੀਤਾ ਗਿਆ ਸੀ।
ਯੂਨਾਈਟਿਡ ਖਾਲਸਾ ਦਲ ਯੂ. ਕੇ. ਦੇ ਜਨਰਲ ਸਕੱਤਰ ਲਵਸ਼ਿੰਦਰ ਸਿੰਘ ਡੱਲੇਵਾਲ, ਬਲਵਿੰਦਰ ਸਿੰਘ ਢਿੱਲੋਂ ਅਤੇ ਸੁਖਵਿੰਦਰ ਸਿੰਘ ਖਾਲਸਾ ਵਲੋਂ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ। ਪੁਲਿਸ ਵਲੋਂ ਨਾਮਜ਼ਦ ਕੀਤੇ ਸੱਤਵੇਂ ਵਿਅਕਤੀ ਸੁਖਦੀਪ ਸਿੰਘ ਛੋਕਰ ਖਿਲਾਫ ਮੈਡੀਕਲ ਕਾਰਨਾਂ ਕਰਕੇ ਕੇਸ ਵੱਖਰਾ ਚੱਲੇਗਾ ।
Related Topics: Dera noormahal ashutosh, Loveshinder Singh Dallewal, Sikhs in London