December 5, 2022 | By ਸਿੱਖ ਸਿਆਸਤ ਬਿਊਰੋ
ਰਈਆ: ਇੱਥੋਂ ਨੇੜਲੇ ਪਿੰਡ ਚੀਮਾ ਬਾਠ ਵਿਖੇ ਸਾਕਾ ਪੰਜਾ ਸਾਹਿਬ ਦੀ ੧੦੦ ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਸ਼ਨਿੱਚਰਵਾਰ (3 ਦਸੰਬਰ) ਨੂੰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਗੁਰਮਤਿ ਅਤੇ ਸਿੱਖ ਤਵਾਰੀਖ ਬੁੰਗਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਡਾ. ਗੁਰਪ੍ਰੀਤ ਸਿੰਘ ਅਤੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੇ ਪ੍ਰਿੰਸੀਪਲ ਭਾਈ ਕੰਵਲਜੀਤ ਸਿੰਘ ਵੱਲੋਂ ਸਾਕਾ ਪੰਜਾ ਸਾਹਿਬ ਦੇ ਇਤਿਹਾਸ ਅਤੇ ਇਸ ਦੀ ਵਿਆਖਿਆ ਬਾਰੇ ਸੰਗਤਾਂ ਨਾਲ ਵੀਚਾਰ ਸਾਂਝੇ ਕੀਤੇ ਗਏ।
ਸਮਾਗਮ ਦੌਰਾਨ ਡਾ. ਗੁਰਪ੍ਰੀਤ ਸਿੰਘ ਅਤੇ ਭਾਈ ਕੰਵਲਜੀਤ ਸਿੰਘ ‘ਸਾਕਾ ਪੰਜਾ ਸਾਹਿਬ ਦੇ ਇਤਿਹਾਸ ਬਾਰੇ’ ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ
ਇਸ ਮੌਕੇ ਗੁਰਮਤਿ ਅਤੇ ਸਿੱਖ ਤਵਾਰੀਖ ਬੰਗਾ ਸ੍ਰੀ ਅੰਮ੍ਰਿਤਸਰ ਵੱਲੋਂ ਪਲੇਠਾ ਖੋਜ ਕਾਰਜ “ਤਵਾਰੀਖ ਸਾਕਾ ਸ੍ਰੀ ਪੰਜਾ ਸਾਹਿਬ” ਕਿਤਾਬ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਜਿਸ ਨੂੰ ਭਾਈ ਦਲਜੀਤ ਸਿੰਘ ਵੱਲੋਂ ਜਾਰੀ ਕੀਤਾ ਗਿਆ। ਡਾ. ਗੁਰਪ੍ਰੀਤ ਸਿੰਘ ਅਤੇ ਡਾ. ਹਰਪ੍ਰੀਤ ਕੌਰ ਵੱਲੋਂ ਸਾਂਝੇ ਤੌਰ ਉੱਤੇ ਕੀਤਾ ਗਿਆ ਇਹ ਖੋਜ-ਕਾਰਜ ਬਿਬੇਕਗੜ੍ਹ ਪ੍ਰਕਾਸ਼ਨ ਵੱਲੋਂ ਛਾਪਿਆ ਗਿਆ ਹੈ।
ਤਸਵੀਰ ਵਿਚ ਡਾ. ਗੁਰਪ੍ਰੀਤ ਸਿੰਘ, ਡਾ. ਕੰਵਲਜੀਤ ਸਿੰਘ, ਭਾਈ ਦਲਜੀਤ ਸਿੰਘ ਬਿੱਟੂ, ਸ. ਪਰਮਜੀਤ ਸਿੰਘ ਅਤੇ ਸ. ਸੁਖਦੀਪ ਸਿੰਘ ਕਿਤਾਬ “ਤਵਾਰੀਖ ਸਾਕਾ ਸ੍ਰੀ ਪੰਜਾ ਸਾਹਿਬ’ ਜਾਰੀ ਕਰਦੇ ਹੋਏ।
ਗੁਰੂ ਖਾਲਸਾ ਪੰਥ ਨੂੰ ਸਮਰਪਤ ਇਸ ਕਿਤਾਬ ਵਿੱਚ ‘ਸਿੱਖ ਪੰਥ ਵਿੱਚ ਤਸ਼ੱਦਦ ਅਤੇ ਸ਼ਹਾਦਤ ਦਾ ਸੰਕਲਪ’, ‘ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਹਸਨਅਬਦਾਲ’, ‘ਮਹੰਤ ਮਿੱਠਾ ਸਿੰਘ ਅਤੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦਾ ਪ੍ਰਬੰਧ’, ‘ਮੋਰਚਾ ਗੁਰੂ ਕਾ ਬਾਗ ਅਤੇ ਪੈਨਸ਼ਨਰ ਫੌਜੀ ਅਕਾਲੀ ਜਥੇ ਦੀ ਗ੍ਰਿਫਤਾਰੀ’, ‘ਸਾਕਾ ਸ੍ਰੀ ਪੰਜਾ ਸਾਹਿਬ’, ‘ਸੰਖੇਪ ਜੀਵਨ ਸ਼ਹੀਦ ਕਰਮ ਸਿੰਘ ਜੀ’, ‘ਸ਼ਹੀਦ ਭਾਈ ਪ੍ਰਤਾਪ ਸਿੰਘ ਜੀ ਅਤੇ ਉਨ੍ਹਾਂ ਦਾ ਪਰਿਵਾਰ’ ਸਿਰਲੇਖ ਵਾਲੇ ਕੁੱਲ ਸੱਤ ਅਧਿਆਏ ਹਨ। ਪੁਸਤਕ ਦੇ ਅਖੀਰ ਵਿਚ ਗੁਰਦੁਆਰਾ ਪੰਜਾ ਸਾਹਿਬ ਅਤੇ ਸਾਕਾ ਪੰਜਾ ਸਾਹਿਬ ਨਾਲ ਸਬੰਧਤ ਤਸਵੀਰਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ।
ਸਮਾਗਮ ਦੌਰਾਨ ਇਕ ਸਾਂਝੀ ਤਸਵੀਰ
ਇਸ ਸਮਾਗਮ ਵਿਚ ਪੰਥ ਸੇਵਕ ਜਥਾ ਮਾਝਾ ਵੱਲੋਂ ਭਾਈ ਸੁਖਦੀਪ ਸਿੰਘ ਮੀਕੇ, ਰਾਗੀ ਭਾਈ ਮਹਿਕਦੀਪ ਸਿੰਘ, ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ਕਿਤਾਬ ਦੇ ਸੰਪਾਦਕ ਗੁਰਜੰਟ ਸਿੰਘ ਬੱਲ ਅਤੇ ਸੁਖਜੀਤ ਸਿੰਘ ਸਦਰਕੋਟ, ਪਰਥ ਆਸਟਰੇਲੀਆ ਤੋਂ ਪੰਥ ਸੇਵਕ ਸੁਖਜੀਤ ਸਿੰਘ ਚੀਮਾ ਬਾਠ, ਅਦਾਰਾ ਸਿੱਖ ਸਿਆਸਤ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਅਤੇ ਗੁਰਮਤਿ ਅਤੇ ਸਿੱਖ ਤਵਾਰੀਖ ਬੁੰਗਾ ਸ੍ਰੀ ਅੰਮ੍ਰਿਤਸਰ ਵੱਲੋਂ ਜਲਦ ਆ ਰਹੀ ਨਵੀਂ ਕਿਤਾਬ ਦੇ ਸੰਪਾਦਕ ਡਾ. ਗੁਰਮਿੰਦਰ ਸਿੰਘ ਰੂਪੋਵਾਲੀ ਵੀ ਸ਼ਾਮਿਲ ਹੋਏ।
Related Topics: Dr Gurpreet Singh, Dr. Harpreet Kaur, Dr. Kanwaljit Singh, Gurudwara Panja Sahib