
April 25, 2016 | By ਸਿੱਖ ਸਿਆਸਤ ਬਿਊਰੋ
ਬਰਲਿਨ: ਜਰਮਨੀ ਦੇ ਸ਼ਹਿਰ ਐੱਸਨ ’ਚ ਗੁਰਦੁਆਰੇ ’ਤੇ ਹੋਏ ਦਹਿਸ਼ਤੀ ਹਮਲੇ ਦੇ ਇਕ ਹਫ਼ਤੇ ਬਾਅਦ ਸੈਂਕਡ਼ੇ ਸਿੱਖਾਂ ਨੇ ਨਗਰ ਕੀਰਤਨ ਦੇ ਰੂਪ ਵਿੱਚ ਰੋਸ ਮਾਰਚ ਕੱਢਿਆ। ਜਰਮਨ ਮੀਡੀਆ ਮੁਤਾਬਕ ਸ਼ਾਂਤੀਪੂਰਬਕ ਮਾਰਚ ਹਮਲੇ ਦੇ ਵਿਰੋਧ ’ਚ ਨਹੀਂ ਸੀ ਸਗੋਂ ਇਹ ਸੁਨੇਹਾ ਦਿੱਤਾ ਗਿਆ ਕਿ ਸਿੱਖ ਦਹਿਸ਼ਤੀ ਖ਼ੌਫ਼ ਅੱਗੇ ਨਹੀਂ ਝੁਕਣਗੇ।ਇਸ ਦੌਰਾਨ ਨੌਜਵਾਨ ਸਿੱਖਾਂ ਨੇ ਇਸ ਮੌਕੇ ਗਤਕੇ ਦੇ ਜੌਹਰ ਵੀ ਵਿਖਾਏ।
ਜਰਮਨ ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਕੱਟਡ਼ਵਾਦੀ ਇਸਲਾਮੀ ਦਹਿਸ਼ਤਗਰਦਾਂ ਨੇ ਗੁਰਦੁਆਰੇ ’ਤੇ ਹਮਲਾ ਕੀਤਾ ਸੀ।
ਸਿੱਖਾਂ ਨੇ ਸ਼ਨਿੱਚਰਵਾਰ ਨੂੰ ਨਗਰ ਕੀਰਤਨ ਦੇ ਰੂਪ ’ਚ ਰੈਲੀ ਕੱਢੀ ਜਿਸ ਦੌਰਾਨ ਸ਼ਬਦ ਕੀਰਤਨ ਵੀ ਹੋਇਆ। ਨਾਨਕਸਰ ਸਤਿਸੰਗ ਦਰਬਾਰ ਗੁਰਦੁਆਰੇ ’ਚ ਹੋਏ ਧਮਾਕੇ, ਜਿਸ ’ਚ ਤਿੰਨ ਵਿਅਕਤੀ ਜ਼ਖ਼ਮੀ ਹੋਏ ਸਨ, ਦੇ ਇਕ ਹਫ਼ਤੇ ਬਾਅਦ ਸਿੱਖਾਂ ਵੱਲੋਂ ਇਹ ਰੈਲੀ ਕੱਢੀ ਗਈ ਸੀ।
ਇਸੇ ਦੌਰਾਨ ਪ੍ਰਬੰਧਕਾਂ ਨੇ ਧਮਾਕੇ ’ਚ ਜ਼ਖ਼ਮੀ ਹੋਏ ਗ੍ਰੰਥੀ ਕੁਲਦੀਪ ਸਿੰਘ ਨੂੰ ਮੌਕੇ ’ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਇਸ ਮੌਕੇ ਨਹੀਂ ਆ ਸਕੇ ਅਤੇ ਉਨ੍ਹਾਂ ਟੈਲੀਫੋਨ ਰਾਹੀਂ ਸੁਨੇਹਾ ਦਿੱਤਾ। ਉਨ੍ਹਾਂ ਕਿਹਾ,‘‘ਜੋ ਕੁਝ ਵਾਪਰਿਆ ਉਹ ਸ਼ਰਮਨਾਕ ਹੈ। ਜਿਨ੍ਹਾਂ ਨੇ ਇਹ ਕਾਰਾ ਕੀਤਾ ਹੈ, ਉਨ੍ਹਾਂ ਨੂੰ ਪਰਮਾਤਮਾ ਮੁਆਫ਼ ਕਰੇ। ਮੇਰੀ ਸਿਹਤ ਚੰਗੀ ਹੈ ਅਤੇ ਮੈਨੂੰ ਹਸਪਤਾਲ ਤੋਂ ਕੁਝ ਦਿਨਾਂ ਅੰਦਰ ਛੁੱਟੀ ਮਿਲ ਜਾਏਗੀ।’’ ਜ਼ਿਕਰਯੋਗ ਹੈ ਕਿ ਜਰਮਨੀ ’ਚ 15 ਹਜ਼ਾਰ ਤੋਂ ਵੱਧ ਸਿੱਖਾਂ ਦੀ ਆਬਾਦੀ ਹੈ ਅਤੇ ਦੇਸ਼ ਭਰ ’ਚ 35 ਗੁਰਦੁਆਰੇ ਹਨ।
Related Topics: American Gurdwara Management Committee, Sikhs in Germany