ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਕਿਸੇ ਵੀ ਪਾਰਟੀ ‘ਚ ਰਲੇਵਾਂ ਨਹੀਂ ਹੋਵੇਗਾ; ਸਿਰਫ਼ ਸਮਝੌਤਾ ਹੋ ਸਕਦਾ: ਆਵਾਜ਼-ਏ-ਪੰਜਾਬ

October 15, 2016 | By

ਲੁਧਿਆਣਾ: “ਆਵਾਜ਼-ਏ-ਪੰਜਾਬ ਦਾ ਕਿਸੇ ਵੀ ਰਾਜਸੀ ਦਲ ਵਿੱਚ ਰਲੇਵਾਂ ਨਹੀਂ ਕੀਤਾ ਜਾਵੇਗਾ ਅਤੇ ਸਿਰਫ਼ ਗਠਜੋੜ ਹੋਵੇਗਾ। ਜੇਕਰ ਗੱਲ ਨਾ ਬਣੀ ਤਾਂ ਪੰਜਾਬੀਆਂ ਦੀ ਕਚਿਹਰੀ ਵਿੱਚ ਜਾ ਕੇ ਆਪਣਾ ਰਸਤਾ ਖ਼ੁਦ ਬਣਾਇਆ ਜਾਵੇਗਾ।”

ਇਹ ਗੱਲ ਆਵਾਜ਼-ਏ-ਪੰਜਾਬ ਦੇ ਆਗੂ ਅਤੇ ਆਜ਼ਾਦ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਕਹੀ। ਬੈਂਸ ਨੇ ਕਿਹਾ ਕਿ ਆਵਾਜ਼-ਏ-ਪੰਜਾਬ ਦੇ ਸਾਰੇ ਆਗੂ ਸਾਲ 2017 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਰਾਜਸੀ ਦਲ ਵਿੱਚ ਰਲੇਵਾਂ ਸੰਭਵ ਨਹੀਂ ਹੈ। ਮੰਚ ਦੇ ਸਾਰੇ ਆਗੂ ਇਕਜੁਟ ਹਨ ਤੇ ਸਾਰੇ ਮਿਲ ਕੇ ਫ਼ੈਸਲਾ ਕਰਦੇ ਹਨ। ਪੰਜਾਬੀਆਂ ਤੇ ਪੰਜਾਬ ਦੇ ਭਲੇ ਲਈ ਮਜ਼ਬੂਤ ਇੱਛਾ ਸ਼ਕਤੀ ਵਾਲੀਆਂ ਨੀਤੀਆਂ ਰੱਖਣ ਵਾਲੇ ਭਾਵੇਂ ਉਹ ਆਮ ਆਦਮੀ ਪਾਰਟੀ ਹੋਵੇ ਜਾਂ ਕਾਂਗਰਸ, ਨੂੰ ਮੰਚ ਦਾ ਸਾਥ ਮਿਲੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨਾਲ ਰਲੇਵੇਂ ਦੀ ਥਾਂ ਸਮਝੌਤਾ ਹੀ ਹੋਵੇਗਾ। ਇਸ ਸਬੰਧੀ ਗੇਂਦ ਕਾਂਗਰਸ ਦੇ ਪਾਲੇ ਵਿੱਚ ਹੈ।

ਲੁਧਿਆਣਾ ਵਿਖੇ ਆਪਣੇ ਦਫਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੈਂਸ ਭਰਾ (ਫਾਈਲ ਫੋਟੋ)

ਲੁਧਿਆਣਾ ਵਿਖੇ ਆਪਣੇ ਦਫਤਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੈਂਸ ਭਰਾ (ਫਾਈਲ ਫੋਟੋ)

ਆਜ਼ਾਦ ਵਿਧਾਇਕ ਸਿਮਰਜੀਤ ਬੈਂਸ ਨੇ ਕਿਹਾ ਕਿ ਲੋਕ ਅਕਾਲੀ ਦਲ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ। ਨਤੀਜਾ ਇਹ ਕਿ ਲੋਕਾਂ ਨੇ ਹੁਣ ਅਕਾਲੀ ਦਲ ਤੇ ਭਾਜਪਾ ਲਈ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ। ਲੋਕ ਹੁਣ ਵਿਧਾਨ ਸਭਾ ਚੋਣਾਂ ਦੀ ਉਡੀਕ ਕਰ ਰਹੇ ਹਨ ਤਾਂ ਜੋ ਜਲਦੀ ਉਹ ਪੰਜਾਬ ਵਿੱਚੋਂ ਅਕਾਲੀ-ਭਾਜਪਾ ਦਾ ਸਫ਼ਾਇਆ ਕਰ ਸਕਣ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਦੇ ਨੇਤਾ ਸ਼ਰੇਆਮ ਨਸ਼ੇ ਦੀ ਤਸਕਰੀ ਕਰ ਰਹੇ ਹਨ, ਜਿਸ ਨਾਲ ਪੰਜਾਬ ਦੇ ਨੌਜਵਾਨ ਬਰਬਾਦ ਹੋ ਰਹੇ ਹਨ।

ਵਿਧਾਇਕ ਬੈਂਸ ਨੇ ਕਿਹਾ ਕਿ ਹੁਣ ਅਕਾਲੀ ਦਲ ਆਪਣੀ ਉਲਟੀ ਗਿਣਤੀ ਸ਼ੁਰੂ ਕਰ ਦੇਵੇ ਕਿਉਂਕਿ ਇਸ ਵਾਰ ਜਨਤਾ ਮੁਆਫ਼ ਨਹੀਂ ਕਰੇਗੀ। ਬਾਦਲਾਂ ਨੇ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਅਤੇ ਵਿਦੇਸ਼ਾਂ ਦੀਆਂ ਬੈਂਕਾਂ ਵਿੱਚ ਪੰਜਾਬ ਦੇ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਕਾਲਾ ਧਨ ਬਣਾ ਕੇ ਜਮ੍ਹਾਂ ਕਰ ਦਿੱਤਾ ਹੈ। ਪੰਜਾਬ ਵਾਸੀ ਬਾਦਲਾਂ ਦੀ ਇੱਕ-ਇੱਕ ਧੱਕੇਸ਼ਾਹੀ ਦਾ ਜਵਾਬ ਆਉਣ ਵਾਲੀਆਂ ਚੋਣਾਂ ’ਚ ਪੰਜਾਬ ਸਰਕਾਰ ਨੂੰ ਦੇਣਗੇ। ਪੰਜਾਬ ਵੱਲੋਂ ਰਾਜਸਥਾਨ ਨੂੰ ਪਾਣੀ ਦਿੱਤੇ ਜਾਣ ਦੇ ਮੁੱਦੇ ਨੂੰ ਲੋਕ ਹਿਤੈਸ਼ੀ ਸਰਕਾਰ ਬਣਨ ’ਤੇ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,