ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਆਗੂਆਂ ਨੂੰ ‘ਆਪ’ ਵਿਚ ਵੱਡੀ ਜ਼ਿੰਮੇਵਾਰੀ ਸੌਂਪੀ ਜਾਵੇ: ਖਹਿਰਾ

August 29, 2016 | By

ਜਲੰਧਰ: ਆਮ ਆਦਮੀ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿੱਚੋਂ ਮੁਅੱਤਲ ਕੀਤੇ ਜਾਣ ਨੂੰ ਦੁਖਦਾਇਕ ਤੇ ਮੰਦਭਾਗਾ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਐਤਵਾਰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਛੋਟੇਪੁਰ ਚੰਗੇ ਲੀਡਰ ਹਨ। ਆਮ ਆਦਮੀ ਪਾਰਟੀ ’ਤੇ ਪੰਜਾਬ ਦੇ ਆਗੂਆਂ ਨੂੰ ਅਣਗੌਲਿਆ ਕਰਨ ਦੇ ਲੱਗਦੇ ਦੋਸ਼ਾਂ ਸਬੰਧੀ ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪਾਰਟੀ ਪੰਜਾਬ ਦੇ ਆਗੂਆਂ ਨੂੰ ਹੋਰ ਜ਼ਿੰਮੇਵਾਰੀਆਂ ਦੇਕੇ ਮਜ਼ਬੂਤ ਕਰੇ ਤੇ ਪੰਜਾਬੀਆਂ ਵਿੱਚ ਭਰੋਸਾ ਪੱਕਾ ਕਰੇ।

ਆਮ ਆਦਮੀ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

ਆਮ ਆਦਮੀ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦਿੱਲੀ ਦੇ ਆਗੂਆਂ ਵਿੱਚੋਂ ਦੁਰਗੇਸ਼ ਪਾਠਕ ਤੇ ਸੰਜੈ ਸਿੰਘ ਨੇ ਪੰਜਾਬ ਵਿੱਚ ‘ਆਪ’ ਦਾ ਢਾਂਚਾ ਮਜ਼ਬੂਤ ਕਰਨ ’ਚ ਵੱਡੀ ਭੂਮਿਕਾ ਨਿਭਾਈ ਹੈ ਪਰ ਹੁਣ ਪੰਜਾਬ ਦੀ ਲੀਡਰਸ਼ਿਪ ਨੂੰ ਵੱਧ ਜ਼ਿੰਮੇਵਾਰੀਆਂ ਸੌਪੀਆਂ ਜਾਣੀਆਂ ਚਾਹੀਦੀਆਂ ਹਨ। ਇਹ ਉਨ੍ਹਾਂ ਦੀ ਮੰਗ ਨਹੀਂ ਹੈ ਸਿਰਫ਼ ਸੁਝਾਅ ਹੈ ਕਿਉਂਕਿ ਪਾਰਟੀ ਦੇ ਹਜ਼ਾਰਾਂ ਵਾਲੰਟੀਅਰ ਇਹ ਚਾਹੁੰਦੇ ਹਨ ‘ਆਪ’ ਦੇ ਮੋਹਰੀ ਆਗੂਆਂ ਵਿੱਚ ਪੰਜਾਬ ਦੇ ਆਗੂ ਹੋਣ। ਉਨ੍ਹਾਂ ਦਾਅਵਾ ਕੀਤਾ ਕਿ ਉਹ ਕੋਈ ਵੱਡਾ ਅਹੁਦਾ ਲੈਣ ਦੀ ਦੌੜ ਵਿੱਚ ਨਹੀਂ ਹਨ ਪਰ ਪਾਰਟੀ ਹਾਈਕਮਾਂਡ ਨੂੰ ਬੇਨਤੀ ਕਰਨਗੇ ਕਿ ਉਨ੍ਹਾਂ ਨੂੰ ਕੋਈ ‘ਸਨਮਾਨਯੋਗ’ ਅਹੁਦਾ ਦਿੱਤਾ ਜਾਵੇ।

‘ਆਪ’ ਵੱਲੋਂ ਐਲਾਨੇ 32 ਉਮੀਦਵਾਰਾਂ ’ਤੇ ਪੁਨਰ ਵਿਚਾਰ ਕਰਨ ਦੀ ਵਕਾਲਤ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਵਾਲੰਟੀਅਰਾਂ ਵੱਲੋਂ ਕਈ ਉਮੀਦਵਾਰਾਂ ’ਤੇ ਇਤਰਾਜ਼ ਉਠਾਏ ਜਾ ਰਹੇ ਹਨ ਇਸ ਲਈ ਸੂਚੀ ’ਤੇ ਨਜ਼ਰਸਾਨੀ ਕੀਤੀ ਜਾਣੀ ਚਾਹੀਦੀ ਹੈ। ਛੋਟੇਪੁਰ ਵੱਲੋਂ ਅਰਵਿੰਦ ਕੇਜਰੀਵਾਲ ’ਤੇ ਸਿੱਖ ਵਿਰੋਧੀ ਹੋਣ ਦੇ ਲਾਏ ਦੋਸ਼ਾਂ ਨੂੰ ਉਨ੍ਹਾਂ ਰੱਦ ਕਰ ਦਿੱਤਾ ਤੇ ‘ਆਪ’ ਦੇ ਵਾਲੰਟੀਅਰਾਂ ਨੂੰ ਨਿਰਾਸ਼ ਨਾ ਹੋਣ ਦੀ ਅਪੀਲ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,