ਸਿਆਸੀ ਖਬਰਾਂ » ਸਿੱਖ ਖਬਰਾਂ

ਮਨੁੱਖੀ ਅਧਿਕਾਰ ਦਿਹਾੜੇ ‘ਤੇ ਲਾਪਤਾ ਤੇ ਫਰਜ਼ੀ ਮੁਕਾਬਲਿਆਂ ਵਿੱਚ ਮਾਰੇ ਗਏੇ ਲੋਕਾਂ ਨੂੰ ਯਾਦ ਕੀਤਾ ਗਿਆ

December 9, 2016 | By

ਬਟਾਲਾ: ਵਿਸ਼ਵ ਮਨੁੱਖੀ ਅਧਿਕਾਰ ਦਿਹਾੜੇ ਦੀ 68ਵੀਂ ਵਰ੍ਹੇਗੰਢ ‘ਤੇ ਪੰਜਾਬ ਵਿਚ ਚੱਲੇ ਸੰਘਰਸ਼ ਦੌਰਾਨ ਲਾਪਤਾ ਕੀਤੇ ਗਏ ਅਤੇ ਹਿਰਾਸਤ ਵਿਚ ਮਾਰੇ ਗਏ ਲੋਕਾਂ ਦੇ ਮਾਪਿਆਂ ਅਤੇ ਬੱਚਿਆਂ ਦੀ ਦਰਦ ਭਰੀ ਦਾਸਤਾਨ ਨੂੰ ਯਾਦ ਕੀਤਾ ਗਿਆ।

ਬਟਾਲਾ ਵਿਖੇ ਸ਼ੁੱਕਰਵਾਰ ਨੂੰ ਮਾਰਚ ਅਤੇ ਇਕੱਤਰਤਾ ਕੀਤੀ ਗਈ ਜਿਸ ਵਿਚ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੋਏ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਦੇ ਪ੍ਰਬੰਧਕ ਦਲ ਖ਼ਾਲਸਾ ਅਤੇ ਸ਼ਾਮਿਲ ਲੋਕਾਂ ਨੇ ਇਸ ਇਕੱਤਰਤਾ ਬਾਰੇ ਕਿਹਾ ਕਿ ਇਹ ਇਕੱਠ ਦੁਨੀਆ ਨੂੰ ਉਹ ਦੁੱਖ ਅਤੇ ਮੁਸ਼ਕਿਲਾਂ ਯਾਦ ਕਰਾਉਣ ਲਈ ਕੀਤਾ ਗਿਆ ਹੈ ਜੋ ਪੰਜਾਬ ਦੇ ਲੋਕਾਂ ਨੇ ਬੀਤੇ ਦਹਾਕਿਆਂ ਵਿਚ ਆਪਣੇ ਸ਼ਰੀਰਾਂ ‘ਤੇ ਝੱਲੀਆਾਂ ਹਨ।

dal-khalsa-batala-program-human-rights-01

ਪੀੜਤਾਂ ਦੇ ਪਰਿਵਾਰਾਂ ਨੂੰ ਸ਼ਾਲ ਭੇਟ ਕਰਦੇ ਹੋਏ ਭਾਈ ਦਲਜੀਤ ਸਿੰਘ ਨਾਲ ਖੜ੍ਹੇ ਹਨ ਹਰਪਾਲ ਸਿੰਘ ਚੀਮਾ, ਕੰਵਰਪਾਲ ਸਿੰਘ, ਕਰਨੈਲ ਸਿੰਘ ਪੀਰਮੁਹੰਮਦ

ਅਨੇਕਾਂ ਪੀੜਤ ਪਰਿਵਾਰ, ਸਰਕਾਰ ਨੂੰ ਝੰਜੋੜਣ ਲਈ ਆਪਣੇ ਉਨ੍ਹਾਂ ਸਾਕ ਸਬੰਧੀਆਂ ਦੀਆਂ ਤਸਵੀਰਾਂ ਚੁੱਕ ਕੇ ਮਾਰਚ ਵਿਚ ਸ਼ਾਮਿਲ ਹੋਏ ਜਿਨ੍ਹਾਂ ਨੂੰ ਬੀਤੇ ਦਹਾਕਿਆਂ ਦੌਰਾਨ ਲਾਪਤਾ ਕਰ ਦਿੱਤਾ ਗਿਆ ਸੀ। ਪਰਿਵਾਰਾਂ ਦਾ ਕਹਿਣਾ ਸੀ ਕਿ ਜਾਂ ਤਾਂ ਸਰਕਾਰ ਜਬਰੀ ਲਾਪਤਾ ਕੀਤੇ ਸਾਡੇ ਆਪਣਿਆਂ ਨੂੰ ਮ੍ਰਿਤਕ ਕਰਾਰ ਦੇਵੇ ਜਾ ਫਿਰ ਉਹਨਾਂ ਦੀ ਭਾਲ ਕਰਕੇ ਦੇਵੇ।

ਸਮਾਗਮ ਵਿਚ ਵਿਲੱਖਣ ਗੱਲ ਇਹ ਸੀ ਕਿ ਸਟੇਜ ਦੇ ਉੱਤੇ ਦਲ ਖ਼ਾਲਸਾ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਾਂ ਸਿੱਖ ਯੂਥ ਆਫ ਪੰਜਾਬ ਦੇ ਆਗੂ ਨਹੀਂ ਬੈਠੇ ਸਨ ਬਲਕਿ ਉਨ੍ਹਾਂ ਲੋਕਾਂ ਦੀਆਂ ਤਸਵੀਰਾਂ ਸਨ ਜਿਨ੍ਹਾਂ ਨੂੰ ਪੁਲਿਸ ਨੇ ਲਾਪਤਾ ਕੀਤਾ ਅਤੇ ਜੋ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੋਏ। ਸਟੇਜ ‘ਤੇ ਪਈਆਂ ਇਹ ਤਸਵੀਰਾ ਜਿੱਥੇ ਸਰਕਾਰ ਦਾ ਮੂੰਹ ਚਿੜਾ ਰਹੀਆਂ ਸਨ ਉੱਥੇ ਉਨ੍ਹਾਂ ਪਰਿਵਾਰਾਂ ਨੂੰ ਹੌਂਸਲਾ ਵੀ ਦੇ ਰਹੀਆਂ ਸਨ ਜੋ ਅੱਜ ਵੀ ਆਪਣੇ ਬੱਚਿਆਂ ਦੇ ਘਰ ਪਰਤਣ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਲੰਮੇ ਸਮੇ ਤੋਂ ਸੰਤਾਪ ਭੋਗ ਰਹੇ ਹਨ ਅਤੇ ਅੱਜ ਤੱਕ ਦੋਸ਼ੀਆਂ ਨੂੰ ਸਜਾਵਾਂ ਨਹੀਂ ਦਿੱਤੀਆ ਗਈਆਂ।

dal-khalsa-batala-program-human-rights-02

ਪੀੜਤਾਂ ਦੇ ਪਰਿਵਾਰ

ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੋਏ ਪਰਿਵਾਰਾਂ ਦੇ ਸਾਰੇ ਹਾਜ਼ਰ ਮੈਂਬਰਾਂ ਨੂੰ ਭਾਈ ਦਲਜੀਤ ਸਿੰਘ ਨੇ ਸਨਮਾਨਿਤ ਕੀਤਾ।

ਦਲ ਖ਼ਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ, “ਪੰਜਾਬ ਅਤੇ ਕਸ਼ਮੀਰ ਦੇ ਲੋਕਾਂ ਲਈ, ਸੰਯੁਕਤ ਰਾਸ਼ਟਰ ਦੇ ਸਾਰੇ ਐਲਾਨ ਅਰਥਹੀਣ ਅਤੇ ਖੋਖਲੇ ਹਨ। ਭਾਵੇਂ ਉਹ ਸਵੈ-ਨਿਰਣੇ ਦਾ ਹੱਕ ਹੋਵੇ, ਜਿਉਣ ਦਾ ਹੱਕ ਹੋਵੇ ਜਾਂ ਆਜ਼ਾਦੀ ਅਤੇ ਸੁਰੱਖਿਆ ਦਾ ਹੱਕ ਹੋਵੇ, ਸਾਡੇ ਇਸ ਖਿਤੇ ਦੇ ਲੋਕਾਂ ਨੂੰ ਸਾਰੇ ਹੱਕਾਂ ਤੋਂ ਵਾਂਝੇ ਰੱਖਿਆ ਗਿਆ ਹੈ”।

dal-khalsa-batala-program-human-rights-03

ਪੀੜਤਾਂ ਦੇ ਪਰਿਵਾਰਾਂ ਨੂੰ ਸ਼ਾਲ ਭੇਟ ਕਰਦੇ ਹੋਏ ਭਾਈ ਦਲਜੀਤ ਸਿੰਘ ਨਾਲ ਖੜ੍ਹੇ ਹਨ ਹਰਪਾਲ ਸਿੰਘ ਚੀਮਾ, ਕੰਵਰਪਾਲ ਸਿੰਘ, ਕਰਨੈਲ ਸਿੰਘ ਪੀਰਮੁਹੰਮਦ

ਉਨ੍ਹਾਂ ਕਿਹਾ, “ਸੰਯੁਕਤ ਰਾਸ਼ਟਰ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਹੱਕਾਂ ਦੀ ਅਵਾਜ਼ ਨੂੰ ਸੁਣੇ ਅਤੇ ਮਾਨਤਾ ਦੇਵੇ ਅਤੇ ਸਾਨੂੰ ਵੀ ਦੁਨੀਆ ਦੇ ਬਾਕੀ ਕੌਮਾਂ ਵਾਂਗ ਆਜ਼ਾਦਾਨਾ ਤੌਰ ਤੇ ਮਾਣ-ਸਨਮਾਨ ਨਾਲ ਜਿਊਣ ਦਾ ਮੌਕਾ ਮਿਲੇ”।

ਇਕੱਠ ਨੇਂ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਸਿੱਖਾਂ ਦੀਆਂ ਤਸਵੀਰਾਂ ਸਿੱਖ ਅਜਾਇਬ ਘਰ ਵਿਚ ਲਾਵੇ।

ਪਾਰਟੀ ਦੇ ਸਾਬਕਾ ਪ੍ਰਧਾਨ ਭਾਈ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਸ਼ਹੀਦ ਪਰਿਵਾਰਾਂ ਨੂੰ ਮਾਣ ਦੇਣ ਅਤੇ ਸੰਘਰਸ਼ ਨੂੰ ਮਾਨਤਾ ਦੇਣ ਲਈ ਕੌਮੀ ਹੱਕਾਂ ਲਈ ਸ਼ਹਾਦਤਾਂ ਦੇਣ ਵਾਲੇ ਲੋਕਾਂ ਦੀਆਂ ਤਸਵੀਰਾਂ ਅਜਾਇਬ ਘਰ ਵਿਚ ਸ਼ਸ਼ੋਬਿਤ ਕੀਤੀਆਂ ਜਾਣ।

ਪਾਰਟੀ ਆਗੂ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੀ ਸੱਤਾ ‘ਤੇ ਕਾਬਜ ਹੋਣ ਲਈ ਯਤਨ ਕਰ ਰਹੀਆਂ ਪਾਰਟੀਆਂ ਆਪ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਕੋਲ ਕਹਿਣ ਨੂੰ ਆਰਥਿਕ, ਵਿਕਾਸ ਅਤੇ ਖੇਤੀ ਦਾ ਏਜੰਡਾ ਤਾਂ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਕੋਲ ਮਨੁੱਖੀ ਅਧਿਕਾਰਾਂ ਦਾ ਕੋਈ ਏਜੰਡਾ ਨਹੀਂ ਹੈ। ਪਾਰਟੀ ਕਾਰਜਕਰਤਾਵਾਂ ਵਲੋਂ ਫੜੇ ਬੈਨਰਾਂ ‘ਤੇ ਮਨੁੱਖੀ ਅਧਿਕਾਰਾਂ ਦੇ ਏਜੰਡੇ ਤੋਂ ਸੱਖਣੀਆਂ ਇਨ੍ਹਾਂ ਪਾਰਟੀਆਂ ਵਿਰੁੱਧ ਵਿਅੰਗ ਕਸਦੇ ਨਾਅਰੇ ਲਿਖੇ ਹੋਏ ਸਨ।

ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਕਿ ਭਾਵੇਂ ਸਾਡੇ ‘ਤੇ ਇਹ ਇਲਜ਼ਾਮ ਵੀ ਲਾਏ ਜਾਣਗੇ ਕਿ ਅਸੀਂ ਪੰਜਾਬ ਵਿਚ ਹੋਏ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਗੱਲ ਨੂੰ ਮੁੜ ਛੇੜ ਕੇ ਜ਼ਖਮਾਂ ਨੂੰ ਤਾਜ਼ਾ ਕਰ ਰਹੇ ਹਾਂ, ਪਰ ਅਸੀਂ ਜਾਣਦੇ ਹਾਂ ਕਿ ਮੋਜੂਦਾ ਸਮੇਂ ਪੰਜਾਬ ਵਿਚ ਪਸਰੀ ਮੜੀਆਂ ਵਰਗੀ ਚੁੱਪ ਅਸਲ ਵਿਚ ਸ਼ਾਂਤੀ ਨਹੀਂ ਹੈ।

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ, “ਜੇਕਰ ਮੋਜੂਦਾ ਸਮੇਂ ਦੀ ਸਰਕਾਰ ਪੀੜਤਾਂ ਨੂੰ ਬੀਤੇ ਸਮੇਂ ਤੋਂ ਬਾਹਰ ਕੱਢ ਕੇ ਜ਼ਖਮਾਂ ਨੂੰ ਭਰਨਾ ਚਾਹੁੰਦੀ ਹੈ ਤਾਂ ਜ਼ਰੂਰੀ ਹੈ ਕਿ ਦੇਸ਼-ਭਗਤੀ ਦੀ ਆੜ ਹੇਠ ਅਤੇ ਕੌਮੀ ਸੁਰੱਖਿਆ ਦਾ ਬਹਾਨਾ ਬਣਾ ਕੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਅਫਸਰਾਂ ਨੂੰ ਦੁਨੀਆ ਸਾਹਮਣੇ ਨਸ਼ਰ ਕਰਕੇ ਸਜ਼ਾ ਦਿੱਤੀ ਜਾਵੇ।

ਪੀੜਤ ਪਰਿਵਾਰ ਇੱਕ ਮੈਂਬਰ ਨੇ ਦੁੱਖਾਂ ਭਰੀ ਦਾਸਤਾਨ ਸੁਣਾਉਂਦਿਆਂ ਕਿਹਾ ਕਿ “ਉਸ ਦਿਨ ਕੀ ਹੋਇਆ ਇਹ ਤਾਂ ਯਾਦ ਕਰਨਾ ਔਖਾ ਹੈ। ਤਿੰਨ ਦਹਾਕੇ ਬੀਤ ਜਾਣ ਤੋਂ ਬਾਅਦ ਵੀ ਸਾਨੂੰ ਇਨਸਾਫ ਨਹੀਂ ਮਿਲਿਆ”।

ਮੌਜੂਦਾ ਸਮੇਂ ਪੰਜਾਬ ਦੀ ਸੱਤਾ ‘ਤੇ ਕਾਬਜ਼ ਅਕਾਲੀ ਦਲ ਲਈ ਮਨੁੱਖੀ ਅਧਿਕਾਰਾਂ ਦਾ ਘਾਣ ਅੱਜ ਵੀ ਇਕ ਵੱਡਾ ਸਵਾਲ ਬਣਿਆ ਹੋਇਆ ਹੈ, ਜਿਸ ਨੇ ਪਿਛਲੀਆਂ ਚੋਣਾਂ ਸਮੇਂ ਪੀੜਤ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਜਾਂਚ ਕਰਾਉਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਵਾਅਦਾ ਕੀਤਾ ਸੀ।

ਹੁਰੀਅਤ ਕਾਨਫਰੰਸ ਦੇ ਸਿੱਖ ਮੈਂਬਰ ਵਕੀਲ ਦਵਿੰਦਰ ਸਿੰਘ ਖਾਸ ਤੌਰ ‘ਤੇ ਇਸ ਸਮਾਗਮ ਵਿਚ ਸ਼ਿਰਕਤ ਕਰਨ ਲਈ ਜੰਮੂ ਕਸ਼ਮੀਰ ਤੋਂ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਆਪਣੀ ਪਾਰਟੀ ਦੇ ਚੇਅਰਮੈਨ ਸਈਅਦ ਅਲੀ ਗਿਲਾਨੀ ਦੇ ਤਰਫੋਂ ਆਏ ਸਨ।

ਉਨ੍ਹਾਂ ਕਿਹਾ ਕਿ ਕਸ਼ਮੀਰ ਵਿਚ ਮਨੁੱਖੀ ਅਧਿਕਾਰ ਦਾ ਹੋ ਰਿਹਾ ਘਾਣ ਸਭ ਹੱਦਾਂ ਪਾਰ ਕਰ ਗਿਆ ਹੈ। ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਵਧੀਕੀਆਂ ਦੀਆਂ ਘਟਨਾਵਾਂ ਨਿੱਤ ਦੀ ਗੱਲ ਬਣ ਗਈ ਹੈ। ਉਨ੍ਹਾਂ ਕਿਹਾ ਕਿ ਪੈਲੇਟ ਗੰਨ ਦੇ ਸ਼ਿਕਾਰ ਹੋਏ ਲੋਕ ਦੀ ਹਮੇਸ਼ਾ ਲਈ ਅੱਖਾਂ ਦੀ ਰੋਸ਼ਨੀ ਚਲੇ ਗਈ ਹੈ। ਉਨ੍ਹਾਂ ਕਿਹਾ ਕਿ ਘੱਟਗਿਣਤੀਆਂ ਅਤੇ ਖਾਸ ਤੌਰ ‘ਤੇ ਕਸ਼ਮੀਰੀਆਂ ਦੇ ਬੁਨਿਆਦੀ ਅਧਿਕਾਰ ਸਿਰਫ ਕਾਗਜ਼ਾਂ ਤੱਕ ਸੀਮਤ ਹਨ ਜਦਕਿ ਅਸਲ ਵਿਚ ਸਾਡੇ ਨਾਲ ਜਾਨਵਰਾਂ ਤੋਂ ਵੀ ਮਾੜਾ ਵਿਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਸਾਰੀਆਂ ਘੱਟਗਿਣਤੀਆਂ ਨੂੰ ਇਸ ਜ਼ੁਲਮ ਵਿਰੁੱਧ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਅਪੀਲ ਕੀਤੀ ਇਸ ਤੋਂ ਪਹਿਲਾਂ ਕਿ ਦਮਨਕਾਰੀ ਸ਼ਾਸਨ ਸਾਡਾ ਇਕੱਲੇ ਇਕੱਲੇ ਸ਼ਿਕਾਰ ਕਰੇ।

ਕਸ਼ਮੀਰ ਦੇ ਅਜ਼ਾਦੀ ਪਸੰਦਾਂ ਵਲੋਂ ਵਲੋ ਸਿੱਖਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀਆਂ ਆ ਰਹੀਆਂ ਖਬਰਾਂ ਨੂੰ ਨਕਾਰਿਆ। ਉਨ੍ਹਾਂ ਗਿਲਾਨੀ ਸਾਹਿਬ ਦੀ ਤਰਫੋਂ ਸਿੱਖਾਂ ਨੂੰ ਇਹ ਯਕੀਨ ਦਵਾਇਆ ਕਿ ਕੋਈ ਵੀ ਉਨ੍ਹਾਂ ਨੂੰ ਜਬਰਨ ਕਸ਼ਮੀਰ ਛੱਡਣ ਜਾਂ ਆਪਣੀ ਮਰਜ਼ੀ ਤੋਂ ਬਗੈਰ ਮੁਜ਼ਾਹਰਿਆਂ ਵਿਚ ਸ਼ਾਮਿਲ ਹੋਣ ਲਈ ਮਜ਼ਬੂਰ ਨਹੀਂ ਕਰੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,