ਲੇਖ » ਸਿੱਖ ਖਬਰਾਂ

ਘੱਲੂਘਾਰਾ ਜੂਨ 1984: ਜਦੋਂ ਜਨਰਲ ਬਰਾੜ ਦਾ ਮਾਮਾ ਉਹਨੂੰ ਮਾਰਨ ‘ਤੇ ਉਤਾਰੂ ਹੋਇਆ

June 4, 2019 | By

ਲੇਖਕ: ਗੁਰਪ੍ਰੀਤ ਸਿੰਘ ਮੰਡਿਆਣੀ

ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਕਾਰਨ ਸਿੱਖਾਂ ਦੇ ਜਜ਼ਬਾਤ ਇਸ ਕਦਰ ਭੜਕੇ ਕਿ ਇਸ ਹਮਲੇ ਦੇ ਮੁਰ੍ਹੈਲੀ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਵਰਗਿਆਂ ਦੇ ਰਿਸ਼ਤੇਦਾਰਾਂ ਨੇ ਉਹਨੂੰ ਲਾਹਣਤਾਂ ਪਾਉਂਦਿਆਂ ਉਹਦੇ ਨਾਲ ਵਰਤ-ਵਰਤਾਅ ਛੱਡ ਦਿੱਤਾ। ਕੁਲਦੀਪ ਸਿੰਘ ਬਰਾੜ ਪੱਤਰਕਾਰ ਕੰਵਰ ਸੰਧੂ ਨਾਲ ਹੋਈ ਗੱਲਬਾਤ ਦੌਰਾਨ ਦੱਸਦਾ ਹੈ ਕਿ ਮੇਰਾ ਇੱਕ ਮਾਮਾ ਜੋ ਕਿ ਇੰਗਲੈਂਡ ਵਿੱਚ ਰਹਿੰਦਾ ਸੀ ਉਹਦੇ ਨਾਲ ਮੇਰੇ ਬਹੁਤ ਨਿੱਘੇ ਸਬੰਧ ਸਨ। ਦਰਬਾਰ ਸਾਹਿਬ ‘ਤੇ ਫੌਜੀ ਧਾਵੇ ਨੂੰ ਉਹ ਆਪਣੇ ਧਰਮ ‘ਤੇ ਹਮਲਾ ਸਮਝਣ ਲੱਗ ਪਿਆ। ਹਾਲਾਂਕਿ ਉਹ ਰਹਿਤੀਆ ਸਿੱਖ ਨਹੀਂ ਸੀ, ਵਲੈਤ ਵਿੱਚ ਰਹਿਣ ਵਾਲੇ ਔਸਤਨ ਲੋਕਾਂ ਵਾਂਗ ਉਹ ਸ਼ਰਾਬਖਾਨੇ ਜਾਣ ਦਾ ਵੀ ਸ਼ੌਕੀਨ ਸੀ। ਬਰਾੜ ਕਹਿੰਦਾ ਹੈ ਕਿ ਪਰ ਮੇਰੇ ਵੱਲੋਂ ਇਸ ਹਮਲੇ ਦੀ ਕਮਾਂਡ ਕਰਨ ਕਰਕੇ ਉਹ ਮੇਰੇ ‘ਤੇ ਐਨਾ ਲੋਹਾ ਲਾਖਾ ਹੋਇਆ ਕਿ ਉਹ ਮੈਨੂੰ ਮਾਰਨ ‘ਤੇ ਉਤਾਰੂ ਹੋ ਗਿਆ। ਬਰਾੜ ਦੇ ਮਾਮੇ ਨੇ ਆਪਣੀ ਭੈਣ ਤੇ ਜਰਨਲ ਬਰਾੜ ਦੀ ਮਾਤਾ ਤੇ ਉਹਦੇ ਪਿਓ ਨੂੰ ਦੱਸ ਦਿੱਤਾ ਸੀ ਕਿ ਮੈਂ ਆਪਣੇ ਭਾਣਜੇ ਨੂੰ ਮਾਰ ਦੇਣਾ ਹੈ। ਉਹਦੇ ਮਾਮੇ ਨੇ ਇਹ ਵੀ ਕਿਹਾ ਕਿ ਇਹਤੋਂ ਪਹਿਲਾਂ ਕਿ ਸਿੱਖ ਖਾੜਕੂ ਉਹਨੂੰ ਮਾਰਨ ਮੈਂ ਖ਼ੁਦ ਹੀ ਉਹਨੂੰ ਮਾਰ ਦਿਊਂਗਾ।

ਕੈਪਟਨ ਰੈਣੇ ਵਾਲੀ ਗੱਲ

ਹਮਲੇ ਦੇ ਪਹਿਲਾਂ ਦੇ ਹਾਲਾਤ ਦੱਸਦਾ ਹੋਇਆ ਜਨਰਲ ਬਰਾੜ ਕਹਿੰਦਾ ਹੈ ਕਿ ਦਰਬਾਰ ਸਾਹਿਬ ਦੇ ਧਾਵੇ ਤੋਂ ਪਹਿਲਾਂ ਮੈਂ ਫੌਜ ਦੀਆਂ ਵੱਖ-ਵੱਖ ਯੂਨਿਟਾਂ ਵਿੱਚ ਗਿਆ। ਉੱਥੇ ਜਾ ਕੇ ਮੈਂ ਕਿਹਾ ਕਿ ਜੇ ਕੋਈ ਧਾਰਮਿਕ ਜਜ਼ਬਾਤਾਂ ਦੇ ਤਹਿਤ ਦਰਬਾਰ ਸਾਹਿਬ ‘ਤੇ ਹਮਲੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦਾ ਤਾਂ ਉਹ ਹੱਥ ਖੜ੍ਹਾ ਕਰ ਦੇਵੇ, ਉਹਨੂੰ ਕੁਝ ਨਹੀਂ ਕਿਹਾ ਜਾਵੇਗਾ। ਇਸ ‘ਤੇ ਇੱਕ ਸਿੱਖ ਕੈਪਟਨ ਨੇ ਹੱਥ ਖੜ੍ਹਾ ਕੀਤਾ। ਮੈਂ ਉਹਨੂੰ ਕਿਹਾ ਕਿ ਕੋਈ ਗੱਲ ਨੀਂ ਇੱਕ ਪਾਸੇ ਹੋਜਾ ਤੈਨੂੰ ਕੁਝ ਨਹੀਂ ਕਹਿੰਦੇ। ਸਿੱਖ ਕੈਪਟਨ ਕਹਿੰਦਾ ਨਹੀਂ ਜਨਾਬ! ਤੁਸੀਂ ਮੈਨੂੰ ਗ਼ਲਤ ਸਮਝਿਆ ਹੈ ਸਗੋਂ ਮੈਂ ਇਸ ਕਰਕੇ ਹੱਥ ਖੜ੍ਹਾ ਕੀਤਾ ਹੈ ਕਿ ਮੈਂ ਸਭ ਤੋਂ ਪਹਿਲਾਂ ਦਰਬਾਰ ਸਾਹਿਬ ‘ਚ ਵੜਨਾ ਚਾਹੁੰਦਾ ਹਾਂ। ਸਿੱਖ ਅਫ਼ਸਰ ਦੇ ਉਤਸ਼ਾਹ ਨੂੰ ਦੇਖਦਿਆਂ ਬਰਾੜ ਨੇ ਉਹਦੇ ਕਮਾਂਡਰ ਨੂੰ ਕਿਹਾ ਕਿ ਇਹਦੀ ਟੋਲੀ ਨੂੰ ਸਭ ਤੋਂ ਮੂਹਰੇ ਲਾਇਆ ਜਾਵੇ। ਇਹ ਅਫ਼ਸਰ ਕੈਪਟਨ ਜਸਬੀਰ ਸਿੰਘ ਰੈਣਾ ਸੀ ਜੋ ਕਿ ਸਭ ਤੋਂ ਮੂਹਰੇ ਲੱਗਣ ਨੂੰ ਤਾਹੂ ਹੋਇਆ ਸੀ। ਇਹੀ ਕੈਪਟਨ ਜਸਬੀਰ ਸਿੰਘ ਰੈਣਾ ਸੀ ਜੋ 3 ਜੂਨ ਨੂੰ ਦਰਬਾਰ ਸਾਹਿਬ ਕੰਪਲੈਕਸ ਦੀ ਸੂਹ ਲੈਣ ਖ਼ਾਤਰ ਸ਼ਰਧਾਲੂਆਂ ਦੇ ਭੇਸ ਵਿੱਚ ਅੰਦਰ ਗੇੜ੍ਹਾ ਮਾਰ ਕੇ ਆਇਆ ਸੀ। ਕੈਪਟਨ ਰੈਣਾ, ਦਰਬਾਰ ਸਾਹਿਬ ‘ਚ ਵੜਨ ਵਾਲੀ ਪਹਿਲੀ ਫੌਜੀ ਟੁੱਕੜੀ ਦੇ ਮੂਹਰੇ ਲੱਗਿਆ ਸੀ। ਘੰਟਾ ਘਰ ਗੇਟ ਵਾਲਿਓਂ ਪਾਸੋਂ ਜਿਉਂ ਹੀ ਇਸ ਟੁੱਕੜੀ ਨੇ ਆਪਣੇ ਕਦਮ ਪ੍ਰਕਰਮਾ ਵਿੱਚ ਧਰੇ ਤਾਂ ਨਾਲੋਂ ਨਾਲ ਹੀ ਇਨ੍ਹਾਂ ਦੇ ਗਿੱਟੇ ਸਿੱਖ ਖਾੜਕੂਆਂ ਵੱਲੋਂ ਛੱਡੀਆਂ ਗਈਆਂ ਗੋਲੀਆਂ ਨੇ ਭੁੰਨ ਸੁੱਟੇ। ਕੈਪਟਨ ਰੈਣਾ ਦੀਆਂ ਦੋਵੇਂ ਲੱਤਾਂ ਗੋਲੀਆਂ ਨਾਲ ਉੱਡ ਗਈਆਂ। ਜਨਰਲ ਬਰਾੜ ਦੱਸਦਾ ਹੈ ਕਿ ਇਸ ਟੋਲੀ ਦੇ ਕਮਾਂਡਰ ਇਸਰਾਰ ਖਾਨ ਨੇ ਮੈਨੂੰ ਦੱਸਿਆ ਕਿ ਕੈਪਟਨ ਰੈਣਾ ਫੱਟੜ ਹੋ ਗਿਆ ਹੈ ਉਹਨੂੰ ਚੱਕਣਾਂ ਜ਼ਰੂਰੀ ਹੈ ਪਰ ਉਹ ਮੰਨ ਨਹੀਂ ਰਿਹਾ ਤੇ ਸਗੋਂ ਰੀਂਗ-ਰੀਂਗ ਕੇ ਅਕਾਲ ਤਖ਼ਤ ਵੱਲ ਨੂੰ ਵੱਧ ਰਿਹਾ ਹੈ। ਮੈਂ ਇਸਰਾਰ ਖਾਨ ਨੂੰ ਕਿਹਾ ਕਿ ਨਹੀਂ ਮੈਂ ਉਹਦੀ ਖ਼ਾਤਰ ਐਂਬੂਲੈਂਸ ਘੱਲਦਾ ਹਾਂ ਤੇ ਉਹਨੂੰ ਜ਼ਬਰਦਸਤੀ ਚੱਕ ਕੇ ਬਾਹਰ ਲਿਆਉ। ਹਾਲਾਂਕਿ ਬਰਾੜ ਹੋਣੀ ਸਾਰੇ ਫੌਜੀ ਅਫ਼ਸਰ ਇਹ ਦਾਅਵਾ ਕਰਦੇ ਨੇ ਕਿ ਪ੍ਰਕਰਮਾ ਵਿੱਚ ਫਰਸ਼ ਤੋਂ 6 ਇੰਚ ਉੱਚੀਆਂ ਗੋਲੀਆਂ ਦੀ ਫਾਇਰਿੰਗ ਫੌਜੀਆਂ ਵੱਲ ਆ ਰਹੀ ਸੀ ਜੋ ਕਿ ਫੌਜੀਆਂ ਦੇ ਗਿੱਟਿਆਂ ਅਤੇ ਗੋਢਿਆਂ ਤੋਂ ਥੱਲੇ ਵੱਜ ਰਹੀ ਸੀ। 6 ਇੰਚ ਉੱਚੀ ਫਾਇਰਿੰਗ ਨਾਲ ਧਰਤੀ ਤੇ ਰੀਂਗ ਕੇ ਅਗਾਂਹ ਵੱਧਣਾ ਵੀ ਮੌਤ ਨੂੰ ਮਾਸੀ ਕਹਿਣਾ ਸੀ। ਇਸ ਹਾਲਤ ਵਿੱਚ ਇਹ ਸੰਭਵ ਨਹੀਂ ਕਿ ਰੈਣਾ ਰੀਂਗ ਰੀਂਗ ਕੇ ਅਕਾਲ ਤਖ਼ਤ ਵੱਲ ਨੂੰ ਵੱਧ ਰਿਹਾ ਹੋਵੇ।

ਤੀਜੇ ਘੱਲੂਘਾਰੇ (ਜੂਨ 1984 ਵਿਚ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ) ਵੇਲੇ ਦੀ ਇਕ ਤਸਵੀਰ

ਇਹ ਗੱਲ ਦੱਸ ਕੇ ਬਰਾੜ ਇੱਥੇ ਇਹ ਗੱਲ ਸਾਬਿਤ ਕਰਨੀ ਚਾਹੁੰਦਾ ਹੈ ਕਿ ਸਿੱਖ ਫੌਜੀ ਵੀ ਕਿੰਨੇ ਚਾਅ ਨਾਲ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਤਾਹੂ ਸਨ। ਹੋ ਸਕਦਾ ਹੈ ਕਿ ਕੈਪਟਨ ਰੈਣਾ ਨੇ ਵੀ ਅਕਾਲ ਤਖ਼ਤ ਸਾਹਿਬ ਦੇ ਕਬਜ਼ੇ ਨੂੰ ਖੱਬੇ ਹੱਥ ਦਾ ਖੇਲ ਸਮਝ ਕੇ ਬਰਾੜ ਦੀਆਂ ਅੱਖਾਂ ਦਾ ਤਾਰਾ ਬਨਣ ਖ਼ਾਤਰ ਸਭ ਤੋਂ ਮੂਹਰੇ ਲੱਗਣ ਦੀ ਫੜ੍ਹ ਮਾਰ ਦਿੱਤੀ ਹੋਵੇ। ਪਰ ਉਹਨੂੰ ਅਸਲੀਅਤ ਪ੍ਰਕਰਮਾ ਵਿੱਚ ਪਹਿਲਾਂ ਪੈਰ ਧਰਨ ਵੇਲੇ ਹੀ ਸਮਝ ਆ ਗਈ।

ਭਾਰਤ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲੇ ਲਈ ‘ਸ਼ਹੀਦੀ ਦਿਹਾੜੇ’ ਵਾਲਾ ਦਿਨ ਹੀ ਕਿਉਂ ਚੁਣਿਆ ਸੀ?

ਹਸਪਤਾਲ ਵਿੱਚ ਕੈਪਟਨ ਰੈਣਾ ਦੀਆਂ ਦੋਵੇਂ ਲੱਤਾ ਵੱਢਣੀਆਂ ਪਈਆਂ ਤੇ ਉਹਨੇ ਵੀਲ੍ਹ ਚੇਅਰ ‘ਤੇ ਬੈਠ ਕੇ ਹੀ ਰਾਸ਼ਟਰਪਤੀ ਤੋਂ ਬਹਾਦਰੀ ਮੈਡਲ ਲਿਆ। ਪੱਤਰਕਾਰ ਕੰਵਰ ਸੰਧੂ ਦੇ ਸਾਥੀ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਜਸਵੀਰ ਸਿੰਘ ਰੈਣਾ ਨੇ ਜਨਰਲ ਬਰਾੜ ਦੇ ਉਕਤ ਦਾਅਵੇ ਦਾ ਖੰਡਨ ਇਉਂ ਕੀਤਾ ਹੈ। ਦੋਵਾਂ ਲੱਤਾਂ ਤੋਂ ਵਿਹੂਣਾ ਕੈਪਟਨ ਰੈਣਾ ਕਹਿੰਦਾ ਹੈ ਕਿ ਇੱਕ ਪਾਸੇ ਮੇਰੀ ਫੌਜੀ ਡਿਊਟੀ ਸੀ ਦੂਜੇ ਪਾਸੇ ਮੇਰਾ ਧਰਮ ਸੀ। ਮੈਂ ਧਰਮ ਦੀ ਬਜਾਏ ਡਿਊਟੀ ਨੂੰ ਤਰਜੀਹ ਦਿੱਤੀ ਜੀਹਦਾ ਖਮਿਆਜ਼ਾ ਮੈਂ ਹੁਣ ਭੁਗਤ ਰਿਹਾ ਹਾਂ।

ਰੈਣਾ ਕਹਿੰਦਾ ਕਿ ਮੈਂ ਹਮਲੇ ਦੇ ਮੂਹਰੇ ਲੱਗ ਤਾਂ ਗਿਆ ਪਰ ਪ੍ਰਕਰਮਾ ਵਿੱਚ ਪੈਰ ਧਰਨ ਸਾਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਗ਼ਲਤ ਫੈਸਲਾ ਲੈ ਬੈਠਾ। ਉਹ ਕਹਿੰਦਾ ਹੈ ਕਿ ਮੈਂ ਰੱਬ ਸਾਹਮਣੇ ਆਪਣੀ ਗ਼ਲਤੀ ਤਸਲੀਮ ਕਰਦਾ ਹਾਂ।

ਕੈਪਟਨ ਰੈਣਾ ਜੋ ਬਾਅਦ ‘ਚ ਕਰਨਲ ਦੇ ਅਹੁਦੇ ‘ਤੇ ਪਰਮੋਟ ਹੋਇਆ ਕਹਿੰਦਾ ਹੈ ਕਿ ਮੈਨੂੰ ਆਪਣੀ ਇਸ ਗ਼ਲਤੀ ਦਾ ਅੱਜ ਤੱਕ ਪਛਤਾਵਾ ਹੈ। ਇਸੇ ਪਛਤਾਵੇ ਤਹਿਤ ਮੈਂ ਕਈ ਵਾਰ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਵੀ ਜਾ ਆਇਆ ਹਾਂ। ਮੈਨੂੰ ਅੱਜ ਤੱਕ ਇਹ ਗੱਲ ਸਮਝ ਨਹੀਂ ਲੱਗੀ ਕਿ ਰੱਬ ਮੈਨੂੰ ਇਸ ਗ਼ਲਤੀ ਖ਼ਾਤਰ ਕਿਉਂ ਚੁਣਿਆ।

ਬਹਾਦਰੀ ਮੈਡਲ ‘ਤੇ ਕੋਈ ਮਾਣ ਨਾ ਮਹਿਸੂਸ ਕਰਦਾ ਹੋਇਆ ਕਰਨਲ ਰੈਣਾ ਦੱਸਦਾ ਹਾਂ ਕਿ ਰਾਸ਼ਟਰਪਤੀ ਨੇ ਉਹਨੂੰ ਫੌਜੀ ਹਮਲੇ ‘ਚ ਦਿਖਾਈ ਬਹਾਦਰੀ ਬਦਲੇ ਭਾਵੇਂ ਅਸ਼ੋਕ ਚੱਕਰ ਨਾਲ ਸਨਮਾਨਿਆ ਹੈ ਪਰ ਮੈਂ ਅੱਜ ਥਾਈਂ ਇਹ ਮੈਡਲ ਆਪਦੇ ਗਲ੍ਹ ‘ਚ ਕਦੇ ਨਹੀਂ ਪਾਇਆ ਸਗੋਂ ਇਹ ਉਦੋਂ ਦਾ ਹੀ ਡੱਬਾ ਬੰਦ ਪਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,