January 27, 2012 | By ਪਰਦੀਪ ਸਿੰਘ
ਫਤਹਿਗੜ੍ਹ ਸਾਹਿਬ, ਪੰਜਾਬ (27 ਜਨਵਰੀ, 2012): ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਕੌਮੀ ਪੰਚ ਭਾਈ ਕੁਲਬੀਰ ਸਿੰਘ ਬੜਾਪਿੰਡ ਨੇ ਕਿਹਾ ਹੈ ਕਿ ਸਿੱਖਾਂ ਦੀਆਂ ਮੰਗਾਂ ਵੋਟ ਪਰਚੀ ਰਾਹੀਂ ਹੱਲ ਨਹੀਂ ਹੋ ਸਕਦੀਆਂ। ਇਸ ਤੋਂ ਇਲਾਵਾ ਉਨ੍ਹਾਂ ਵੋਟਾਂ ਵਿੱਚ ਮੱਦਦ ਬਾਰੇ ਬਿਆਨ ਦੇਣ ਵਾਲੇ ਜਿਲ੍ਹਾ ਆਹੁਦੇਦਾਰਾਂ ਨੂੰ ਨੋਟਿਸ ਵੀ ਜਾਰੀ ਕੀਤੇ ਹਨ। ਇਸ ਸੰਬੰਧੀ ਭਾਈ ਹਰਪਾਲ ਸਿੰਘ ਚੀਮਾ ਨੇ ਸਮਾਜਕ ਸੰਪਰਕ ਮੰਚ “ਫੇਸਬੁੱਕ” ਉੱਤੇ ਹੇਠ ਲਿਖੀ ਜਾਣਕਾਰੀ ਸਾਂਝੀ ਕੀਤੀ ਹੈ:
“ਭਾਰਤੀ ਨਿਜ਼ਾਮ ਅਤੇ 1947 ਤੋਂ ਬਾਅਦ ਰਾਜਸੱਤਾ ਵਿੱਚ ਰਹੀਆਂ ਪਾਰਟੀਆਂ ਦੀ ਸਿੱਖ ਮੰਗਾਂ ਅਤੇ ਸਿੱਖ ਮਸਲਿਆਂ ਬਾਰੇ ਸੋਚ ਨੂੰ ਉਜਾਗਰ ਕਰਨ ਅਤੇ ਇਨ੍ਹਾਂ ਮਸਲਿਆਂ ਦੇ ਹੱਲ ਲਈ 1984 ਤੋਂ ਬਾਅਦ ਦੇ ਹਾਲਾਤਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਹੋਂਦ ਵਿੱਚ ਆਈ ਹੈ। 1978 ਦੇ ਨਿਰੰਕਾਰੀ ਕਾਂਡ ਤੋਂ ਬਾਅਦ ਸੰਤ ਜਰਨੈਲ ਸਿੰਘ ਭਿਡਰਾਂਵਾਲਿਆਂ ਨੇ ਸਿੱਖ ਕੌਮ ਦੇ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਖੇਤਰ ਵਿੱਚ ਅਹਿਮ ਰੋਲ ਅਦਾ ਕੀਤਾ। ਉਨ੍ਹਾਂ ਕੌਮ ਦੀ ਅਣਖ, ਗੈਰਤ ਨੂੰ ਜਗਾਇਆ। ਕੌਮੀ ਮਕਸਦਾਂ ਲਈ ਉਨ੍ਹਾਂ ਆਪਣੀ ਜਾਨ ਤੱਕ ਨਿਛਾਵਰ ਕਰ ਦਿੱਤੀ। ਪੰਚ ਪ੍ਰਧਾਨੀ ਦੇ ਸਾਰੇ ਹੀ ਮੈਂਬਰ ਅਤੇ ਆਹੁਦੇਦਾਰ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਆਪਣਾ ਮਾਰਗ ਦਰਸ਼ਕ ਸਮਝਦੇ ਹਨ। 2007 ਵਿੱਚ ਹੋਂਦ ’ਚ ਆਈ ਪੰਚ ਪ੍ਰਧਾਨੀ ਸਿੱਖ ਕੌਮ ’ਚ ਬੌਧਿਕ ਚੇਤਨਾ ਦੇ ਫ਼ੈਲਾਅ ਲਈ ਨਿਰੰਤਰ ਯਤਨ ਕਰਦੀ ਆ ਰਹੀ ਹੈ। ਜਿੱਥੇ ਕਿਤੇ ਵੀ ਸਿੱਖ ਸਿਧਾਂਤ ਨੂੰ ਖੋਰਾ ਲਗਦਾ ਨਜ਼ਰ ਆਇਆ ਪੰਚ ਪ੍ਰਧਾਨੀ ਨੇ ਹਮਸ਼ਾ ਉਸਦਾ ਵਿਰੋਧ ਕੀਤਾ ਅਤੇ ਆਪਣੇ ਸਾਧਨਾਂ ਮੁਤਾਬਕ ਸਿੱਖਾਂ ਵਿੱਚ ਚੇਤਨਤਾ ਲਿਆਉਣ ਲਈ ਯਤਨ ਕੀਤੇ ਹਨ, ਚਾਹੇ ਉਹ ਰਾਜਨੀਤਿਕ ਖੇਤਰ ਹੋਵੇ ਭਾਵੇਂ ਧਾਰਮਿਕ।ਉੱਤਰੀ ਖਿੱਤੇ ਵਿੱਚ ਇੱਕ ਸੁਤੰਤਰ ਰਾਜ ਦੀ ਕਾਇਮੀ ਦਾ ਸਿੱਖ ਕੌਮ ਦਾ ਜੋ ਨਿਸ਼ਚਾ ਹੈ, ਉਸਦੀ ਸਥਾਪਨਾ ਬਿਨਾਂ ਸਾਡੀ ਕੋਈ ਵੀ ਮੁਸ਼ਕਿਲ ਹੱਲ ਹੋਣੀ ਅਸੰਭਵ ਹੀ ਨਹੀਂ ਸਗੋਂ ਭਾਰਤੀ ਸਟੇਟ ਵਿੱਚ ਰਹਿੰਦਿਆਂ ਨਾਮੁਮਕਿਨ ਹੈ। ਉਸ ਖਿੱਤੇ ਨੂੰ ਸਿੱਖ ਕੌਮ ਨੇ ਖ਼ਾਲਿਸਤਾਨ ਦਾ ਨਾਂ ਦਿੱਤਾ ਹੈ। ਪੰਚ ਪ੍ਰਧਾਨੀ ਪੂਰੀ ਸ਼ਿਦਤ ਨਾਲ ਮਹਿਸੂਸ ਕਰਦੀ ਹੈ ਕਿ ਕੌਮਾਂਤਰੀ ਪਲੇਟਫਾਰਮ ’ਤੇ ਦਿਨ ਪ੍ਰਤੀ ਦਿਨ ਸਿੱਖ ਕੌਮ ਨੂੰ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੇ ਸਦੀਵੀ ਹੱਲ ਅਤੇ ਕੌਮੀ ਨਿਸ਼ਾਨਿਆਂ ਦੀ ਪੂਰਤੀ ਲਈ ਅਸੀਂ ਕੌਮ ਨੂੰ ਮਾਨਸਿਕ ਤੌਰ ’ਤੇ ਆਜ਼ਾਦੀ ਲਈ ਤਿਆਰ ਕਰਨਾ ਚਾਹੁੰਦੇ ਹਾਂ। ਪਾਰਟੀ ਇਸ ਵਾਸਤੇ ਕੰਮ ਕਰ ਰਹੀ ਹੈ। ਹਾਲ ਹੀ ਵਿੱਚ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਭਾਗ ਲਿਆ। ਸਭ ਤੋਂ ਪਹਿਲਾਂ ਸਿੱਖ ਪੰਥ ਦੇ ਹਿਤੈਸ਼ ਹੋਣ ਦਾ ਬੁਰਕਾ ਪਾ ਕੇ ਸਾਡੀਆਂ ਧਾਰਮਿਕ ਸੰਸਥਾਵਾਂ ਵਿੱਚ ਕਾਬਜ਼ ਹੋ ਚੁੱਕੀਆਂ ਸ਼ਕਤੀਆਂ ਨੂੰ ਇਨ੍ਹਾਂ ਸੰਸਥਾਵਾਂ ਵਿੱਚੋਂ ਖਦੇੜਣਾ ਜ਼ਰੂਰੀ ਹੈ। ਇਸ ਲਈ ਪਾਰਟੀ ਨੇ ਰਣਨੀਤੀ ਬਣਾਈ ਅਤੇ ਉਸ ’ਤੇ ਅਮਲ ਕੀਤਾ। ਹੁਣ 2012 ਦੀਆਂ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। 2007 ਵਿੱਚ ਪਾਰਟੀ ਦੀ ਸਥਾਪਨਾ ਮੌਕੇ ਹੋਏ ਜਨਰਲ ਇਜਲਾਸ ਵਿੱਚ ਪਾਰਟੀ ਦੇ ਆਹੁੇਦਾਰਾਂ ਨੇ ਇਹ ਫ਼ੈਸਲਾ ਲਿਆ ਸੀ ਕਿ ਅਗਲੇ ਫ਼ੈਸਲੇ ਤੱਕ ਸਾਨੂੰ ਸ਼੍ਰੋਮਣੀ ਕਮੇਟੀ ਤੋਂ ਬਿਨਾਂ ਕੋਈ ਹੋਰ ਚੋਣਾਂ ਨਹੀਂ ਲੜਣੀਆਂ ਚਾਹੀਦੀਆਂ ਕਿਉਂ ਕਿ ਹਿੰਦੂਸਤਾਨ ਵਿੱਚ ਸਿੱਖ ਪੰਥ ਦੇ ਕੌਮੀ ਨਿਸ਼ਾਨੇ ਵੋਟ ਪਰਚੀ ਰਾਹੀਂ ਪ੍ਰਾਪਤ ਨਹੀਂ ਕੀਤੇ ਜਾ ਸਕਦੇ ਤੇ ਨਾ ਹੀ ਮੌਜ਼ੂਦਾ ਹਾਲਾਤਾਂ ਮੁਤਾਬਿਕ ਵੋਟ ਪਰਚੀ ਇਸਦਾ ਕੋਈ ਢੁਕਵਾ ਹੱਲ ਹੀ ਹੈ। ਮੌਜ਼ੂਦਾ ਹਾਲਾਤਾਂ ਵਿੱਚ ਵੋਟ ਪਰਚੀਂ ਇਨ੍ਹਾਂ ਨਿਸ਼ਾਨਿਆਂ ਨੂੰ ਲੋਕ ਮਨਾਂ ਵਿੱਚੋਂ ਕੱਢਣ ਦਾ ਕਾਰਨ ਜ਼ਰੂਰ ਬਣ ਸਕਦੀ ਹੈ। ਪਿਛਲੇ 65 ਸਾਲਾਂ ਤੋਂ ਸਿੱਖ ਵੀ ਵੋਟ ਪ੍ਰਕਿਰਿਆ ਵਿੱਚ ਆਪਣਾ ਹਿੱਸਾ ਪਾਉਂਦੇ ਰਹੇ ਹਨ। ਵੋਟ ਦੀ ਵਰਤੋਂ ਦੇ ਨਾਲ-ਨਾਲ ਹੁਣ ਤੱਕ ਕਿੰਨੇ ਹੀ ਸਿੱਖ ਵਿਧਾਇਕ ਅਤੇ ਸੰਸਦ ਮੈਂਬਰ ਚੁਣੇ ਗਏ ਹਨ ਪਰ ਉਹ ਕੌਮ ਦੀ ਪ੍ਰਤੀਨਿਧਤਾ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਏ ਹਨ।ਸਿੱਖਾਂ ਤੋਂ ਵੋਟ ਲੈ ਕੇ ਪਾਰਲੀਮੈਂਟ ਅਤੇ ਵਿਧਾਨ ਸਭਾ ਵਿੱਚ ਪਹੁੰਚਣ ਵਾਲਿਆਂ ਦਾ ਪੰਥ ਅਤੇ ਪੰਜਾਬ ਦੀਆਂ ਮੰਗਾਂ ’ਤੇ ਹਮਸ਼ਾਂ ਉਨ੍ਹਾਂ ਦੇ ਨਿੱਜ਼ੀ ਸਵਾਰਥ ਭਾਰੂ ਰਹੇ ਹਨ। ਇਨ੍ਹਾਂ ਲੋਕਾਂ ਨੇ ਆਪਣੀਆਂ ਜਾਇਦਾਦਾਂ ਤਾਂ ਵੋਟ ਸਿਸਟਮ ਦੇ ਸਹਾਰੇ ਕਈ ਗੁਣਾ ਵਧਾ ਲਈਆਂ ਹਨ ਪਰ ਸਿੱਖਾਂ ਅਤੇ ਪੰਜਾਬ ਦੇ ਹਿੱਸੇ ’ਚ ਲੁੱਟ-ਖਸੁੱਟ ਅਤੇ ਨਿਰਾਸ਼ਤਾ ਤੋਂ ਬਿਨਾਂ ਹੋਰ ਕੁਝ ਨਹੀਂ ਆਇਆ।ਉਂਝ ਵੀ ਭਾਰਤ ਵਿੱਚ ਸਿੱਖ ਕੌਮ ਦੀ ਮੌਜ਼ੂਦਾ ਆਬਾਦੀ ਵੀ ਵੋਟ ਰਾਹੀਂ ਕੁਝ ਪ੍ਰਾਪਤ ਕਰਨ ਦੀ ਸਥਿਤੀ ਵਿੱਚ ਨਹੀਂ ਹੈ।
ਵਿਧਾਨ ਸਭਾ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਾਰਟੀ ਦੀ ਜਨਰਲ ਕੌਂਸਲ ਨੇ ਮੀਟਿੰਗ ਕਰਕੇ ਇਨ੍ਹਾਂ ਚੋਣਾਂ ਵਿੱਚ ਸਿੱਧੇ ਤੌਰ ’ਤੇ ਸ਼ਮੂਲੀਆਤ ਨਾ ਕਰਨ ਦਾ ਫ਼ੈਸਲਾ ਲੈ ਲਿਆ ਸੀ।ਇਸ ਮੌਕੇ ਇਹ ਫ਼ੈਸਲਾ ਵੀ ਲਿਆ ਗਿਆ ਸੀ ਕਿ ਜੇ ਕੋਈ ਮੈਂਬਰ ਇਸ ਗੱਲ ਵਿੱਚ ਵਿਸ਼ਵਾਸ ਰੱਖਦਾ ਹੈ ਕਿ ਭਾਰਤੀ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਸਿੱਖ ਪੰਥ ਦੇ ਕੁਝ ਮਸਲੇ ਹੱਲ ਹੋ ਸਕਦੇ ਹਨ ਤਾਂ ਸਾਨੂੰ ਕੌਮ ਲਈ ਕੁਰਬਾਨੀ ਕਰਨ ਵਾਲੇ ਅਤੇ ਸੰਘਰਸ਼ਸੀਲ ਉਮੀਦਵਾਰਾਂ ਦੀ ਮੱਦਦ ਕਰਨੀ ਚਾਹੀਦੀ ਹੈ। ਮੌਜ਼ੂਦਾ ਅਕਾਲੀ-ਭਾਜਪਾ ਸਰਕਾਰ ਦੀ ਸਿੱਖ ਵਿਰੋਧੀ ਕਾਰਗੁਜ਼ਾਰੀ ਅਤੇ ਪਿਛਲੇ ਦੋ ਸਾਲਾਂ ਤੋਂ ਪਾਰਟੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਨੂੰ ਜੇਲ੍ਹ ਵਿੱਚ ਰੱਖੇ ਜਾਣ ਬਾਰੇ ਵੀ ਇਸ ਮੌਕੇ ਵਿਚਾਰ ਚਰਚਾ ਹੋਈ ਸੀ।ਪਾਰਟੀ ਦੇ ਉਕਤ ਫ਼ੈਸਲੇ ਦੇ ਬਾਵਜੂਦ ਵੀ ਕੁਝ ਜਿਲ੍ਹਾ ਆਹੁਦੇਦਾਰਾਂ ਨੇ ਪਾਰਟੀ ਦਾ ਨਾਂ ਵਰਤਦਿਆਂ ਕੁਝ ਉਮੀਦਵਾਰਾਂ ਦੀ ਮੱਦਦ ਦਾ ਐਲਾਨ ਕੀਤਾ ਹੈ। ਇਸ ਐਲਾਨ ਨਾਲ ਪਾਰਟੀ ਦਾ ਕੋਈ ਸਬੰਧ ਨਹੀਂ।ਇਸ ਬਾਰੇ ਉਕਤ ਆਹੁਦੇਦਾਰਾਂ ਨੂੰ ਨੋਟਿਸ ਜਾਰੀ ਕਰਕੇ ਸਪੱਸ਼ਟੀਕਰਨ ਮੰਗ ਲਿਆ ਗਿਆ ਹੈ ਅਤੇ ਇਸ ’ਤੇ ਕਾਰਵਾਈ ਕੀਤੀ ਜਾਵੇਗੀ। ਅਸੀਂ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਵਿੱਚ ਕੋਈ ਫ਼ਰਕ ਨਹੀਂ ਸਮਝਦੇ। ਸਿੱਖਾਂ ਅਤੇ ਪੰਜਾਬ ਦੀਆਂ ਬੁਨਿਆਦੀ ਮੰਗਾਂ ਅਤੇ ਮਸਲਿਆਂ ਬਾਰੇ ਇਨ੍ਹਾਂ ਸਾਰਿਆਂ ਦੀ ਸੋਚ ਨਿੱਜ਼ ਸਵਾਰਥ ਤੱਕ ਹੀ ਸੀਮਤ ਹੈ।”
Related Topics: Akali Dal Panch Pardhani, Bhai Harpal Singh Cheema (Dal Khalsa), ਭਾਈ ਹਰਪਾਲ ਸਿੰਘ ਚੀਮਾ