
January 27, 2012 | By ਸਿੱਖ ਸਿਆਸਤ ਬਿਊਰੋ
ਲੁਧਿਆਣਾ (27 ਜਨਵਰੀ, 2012 – ਸਿੱਖ ਸਿਆਸਤ): ਪੰਥ ਦੀ ਮੌਜੂਦਾ ਅਧੋਗਤੀ ਦੀ ਦਸ਼ਾ ਤੇ ਭਾਰਤ ਦਾ ਚੋਣ ਪਰਬੰਧ ਪੰਥ ਦੀਆਂ ਸੁੱਚੀਆਂ ਭਾਵਨਾਵਾਂ ਦੀ ਪੂਰਤੀ ਨਹੀਂ ਕਰਦੇ ਇਸ ਲਈ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ 30 ਜਨਵਰੀ 2012 ਨੂੰ ਪੰਜਾਬ ਵਿਧਾਨ ਸਭਾ ਦੀਆਂ ਹੋਣ ਜਾ ਰਹੀਆਂ ਚੋਣਾਂ ਤੋਂ ਪਾਸੇ ਰਹਿਣ ਦਾ ਫੈਸਲਾ ਕੀਤਾ ਹੈ ਅਤੇ ਕਿਸੇ ਪਾਰਟੀ ਨੂੰ ਕੋਈ ਸਮਰਥਨ ਵੀ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਮੌਜੂਦਾ ਚੋਣਾਂ ਵਿਚ ਸ਼ਾਮਲ ਕੋਈ ਵੀ ਪਾਰਟੀ ਸਿੱਖ ਪੰਥ ਤੇ ਪੰਜਾਬ ਦੇ ਮਸਲਿਆਂ ਲਈ ਸੰਜੀਦਾ ਨਹੀਂ ਹੈ।
ਅਕਾਲੀ ਦਲ ਪੰਚ ਪ੍ਰਧਾਨੀ ਦੇ ਲੁਧਿਆਣਾ ਸਥਿਤ ਦਫਤਰ ਤੋਂ ਮੀਡੀਆ ਕਮੇਟੀ ਮੈਂਬਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਪ੍ਰੈੱਸ ਦੇ ਨਾਂਅ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅਸੀਂ ਲੋਕਤੰਤਰ ਤੇ ਚੋਣ ਸਿਸਟਮ ਦੇ ਖਿਲਾਫ ਨਹੀਂ ਪਰ ਮੌਜੂਦਾ ਸਮੇਂ ਵਿਚ ਭਾਰਤ ਸਰਕਾਰ ਨੇ ਕੁਝ ਪਰਿਵਾਰਾਂ ਦੇ ਹੱਥਾਂ ਵਿਚ ਹੀ ਸਾਰਾ ਕੁਝ ਸੌਂਪ ਦਿੱਤਾ ਹੈ ਅਤੇ ਸਿੱਖਾਂ ਦੀਆਂ ਵੱਡੀਆਂ ਸੰਸਥਾਵਾਂ ਵੀ ਕੇਂਦਰ ਸਰਕਾਰ ਦੇ ਪਰਬੰਧ ਅਧੀਨ ਹੀ ਹਨ ਜਿਸ ਕਾਰਨ ਮੌਜੂਦਾ ਸਮੇਂ ਵਿਚ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਬਣ ਜਾਵੇ ਪੰਥ ਤੇ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਕਿਉਂਕਿ ਪੰਥ ਇਕਮੁੱਠ ਤੇ ਗੁਰੂ ਦੇ ਭੈਅ ਵਿਚ ਨਹੀਂ ਹੈ ਅਤੇ ਪੰਜਾਬ ਵਾਸੀ ‘ਪੰਜਾਬ ਜਿਓਂਦਾ ਗੁਰੂਆਂ ਦੇ ਨਾਮ ‘ਤੇ ਨੂੰ ਛੱਡ ਕੇ ਦੇਹਧਾਰੀ ਪਖੰਡੀਆਂ ਤੇ ਨਿੱਜ ਸਵਾਰਥਾਂ ਵਿਚ ਫਸ ਚੁੱਕੇ ਹਨ। ਲੋੜ ਹੈ ਪਹਿਲਾਂ ਪੰਥ ਤੇ ਪੰਜਾਬ ਨੂੰ ਜਥੇਬੰਦ ਕਰਨ ਦੀ ਉਸ ਤੋਂ ਬਾਅਦ ਹੀ ਚੋਣ ਅਮਾਲ ਵਿਚ ਹਿੱਸਾ ਲੈਣਾ ਸਾਰਥਕ ਸਿੱਧ ਹੋ ਸਕਦਾ ਹੈ। ਬਿਨਾਂ ਤਿਆਰੀ ਤੋਂ ਚੋਣਾਂ ਵਿਚ ਕੁੱਦਣ ਨਾਲ ਪੰਥ ਦੀ ਜੱਗ ਹਸਾਈ ਤੋਂ ਵੱਧ ਕੁਝ ਨਹੀਂ ਮਿਲੇਗਾ।
ਉਹਨਾਂ ਅੱਗੇ ਕਿਹਾ ਕਿ ਮੌਜੂਦਾ ਪਰਬੰਧ ਵਿਚ ਨਸ਼ਿਆਂ ਤੇ ਭ੍ਰਿਸ਼ਟ ਸਾਧਨਾਂ ਰਾਹੀਂ ਪਰਾਪਤ ਕੀਤੀ ਰਾਜ ਸੱਤਾ ਵਿਚੋਂ ਲੋਕ ਭਲਾਈ ਦੀ ਆਸ ਨਹੀਂ ਕੀਤੀ ਜਾ ਸਕਦੀ ਕਿਉਂਕਿ ਮੌਜੂਦਾ ਰਾਜਨੀਤਕ ਪਾਰਟੀਆਂ ਨੇ ਸਿਆਸਤ ਨੂੰ ਧੰਧਾ ਬਣਾ ਲਿਆ ਹੈ ਅਤੇ ਧੰਧੇ ਦਾ ਇਹ ਮੁਢਲਾ ਅਸੂਲ਼ ਹੈ ਕਿ ਪਹਿਲਾਂ ਪੈਸਾ ਨਿਵੇਸ਼ ਕੀਤਾ ਜਾਂਦਾ ਹੈ ਅਤੇ ਬਾਅਦ ਵਿਚ ਲਾਭ ਖੱਟਿਆ ਜਾਂਦਾ ਹੈ।
ਉਨ੍ਹਾਂ ਅੰਤ ਵਿਚ ਕਿਹਾ ਕਿ ਪੰਚ ਪਰਧਾਨੀ ਵਲੋਂ ਕਿਸੇ ਪਾਰਟੀ ਨੂੰ ਕੋਈ ਸਮਰਥਨ ਵੀ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਮੌਜੂਦਾ ਚੋਣਾਂ ਵਿਚ ਸ਼ਾਮਲ ਕੋਈ ਵੀ ਪਾਰਟੀ ਸਿੱਖ ਪੰਥ ਤੇ ਪੰਜਾਬ ਦੇ ਅਸਲ ਲੋਕ ਮਸਲਿਆਂ ਦੇ ਹੱਲ ਲਈ ਸੰਜੀਦਾ ਨਹੀਂ ਹੈ।
Related Topics: Akali Dal Panch Pardhani