ਸਿੱਖ ਖਬਰਾਂ

ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੇ ਵਜਾਇਆ ਧਰਮ ਪ੍ਰਚਾਰ ਦਾ ਬਿਗਲ

January 11, 2016 | By

ਅੰਮ੍ਰਿਤ ਸੰਚਾਰ ਮੁਹਿੰਮ ਦੀ ਰੂਪ ਰੇਖਾ ਉਲੀਕਣ ਲਈ ਸੱਦੀ ਪੰਥਕ ਸੰਸਥਾਵਾਂ ਤੇ ਸ਼ਖਸ਼ੀਅਤਾਂ ਦੀ ਇਕੱਤਰਤਾ

ਅੰਮ੍ਰਿਤਸਰ ਸਾਹਿਬ: ਡੇਰਾ ਸਿਰਸਾ ਮੁਖੀ ਨੂੰ ਬਿਨ ਮੰਗੀ ਮੁਆਫੀ ਦਿੱਤੇ ਜਾਣ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੁਆਰਾ ਨਿਯੁਕਤ ਜਥੇਦਾਰਾਂ ਦੇ ਸਮਾਜਿਕ ਬਾਈਕਾਟ ਦਾ ਸੱਦਾ ਦੇਣ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੇ ਸਪਸ਼ਟ ਕਿਹਾ ਹੈ ਕਿ ਉਹ ਸਿਰਫ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿਤ ਹਨ ਤੇ ਉਨ੍ਹਾਂ ਦਾ ਕੋਈ ਧੜਾ ਨਹੀ ਹੈ।ਪੰਜ ਪਿਆਰਿਆਂ ਵਲੋਂ ਦੇਸ਼ ਵਿਦੇਸ਼ ਵਿੱਚ ਅੰਮ੍ਰਿਤ ਸੰਚਾਰ ਲਈ ਸ਼ੁਰੂ ਕੀਤੀ ਜਾਣ ਵਾਲੀ ਮੁਹਿੰਮ ਦੀ ਰੂਪ ਰੇਖਾ ,ਪੰਥਕ ਸੰਸਥਾਵਾਂ ਅਤੇ ਸ਼ਖਸ਼ੀਅਤਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਹੋਵੇ ,ਵਿਸ਼ੇ ਤੇ ਵਿਚਾਰ ਕਰਨ ਹਿੱਤ ਪੰਜ ਪਿਆਰਿਆਂ ਵਲੋਂ ਇਥੇ ਬੁਲਾਈ ਗਈ ਇੱਕ ਇਕਤਰਤਾ ਉਪਰੰਤ ਭਾਈ ਸਤਨਾਮ ਸਿੰਘ ਖੰਡੇਵਾਲਾ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ ।

ਇਕੱਤਰਤਾ ਦੌਰਾਨ ਸ਼ਾਮਿਲ ਪੰਜ ਪਿਆਰੇ ਅਤੇ ਗਿਆਨੀ ਬਲਵੰਤ ਸਿੰਘ ਨੰਦਗੜ ਤੇ ਗਿਆਨੀ ਕੇਵਲ ਸਿੰਘ

ਇਕੱਤਰਤਾ ਦੌਰਾਨ ਸ਼ਾਮਿਲ ਪੰਜ ਪਿਆਰੇ ਅਤੇ ਗਿਆਨੀ ਬਲਵੰਤ ਸਿੰਘ ਨੰਦਗੜ ਤੇ ਗਿਆਨੀ ਕੇਵਲ ਸਿੰਘ

ਉਨ੍ਹਾਂ ਦੱਸਿਆ ਕਿ ਪੰਥ ਨਾਲ ਕੀਤੇ ਵਾਅਦੇ ਅਨੁਸਾਰ ਪੰਜ ਪਿਆਰੇ ਸਿੰਘ ਬਹੁਤ ਜਲਦੀ ਅੰਮ੍ਰਿਤ ਸੰਚਾਰ ਮੁਹਿੰਮ ਦਾ ਅਗਾਜ਼ ਕਰ ਰਹੇ ਹਨ ਅਤੇ ਇਸ ਮਕਸਦ ਲਈ ਉਨ੍ਹਾਂ ਵਲੋਂ ਵੱਖ ਵੱਖ ਧਾਰਮਿਕ ਸ਼ਖਸ਼ੀਅਤਾਂ ਅਤੇ ਪੰਥ ਦਰਦੀਆਂ ਨੂੰ ਸੱਦਾ ਦਿੱਤਾ ਗਿਆ ਸੀ ।ਉਨ੍ਹਾਂ ਦੱਸਿਆ ਕਿ ਅਜੇਹੀਆਂ ਇੱਕਤਰਤਾਵਾਂ ਹਰ ਜਿਲ੍ਹੇ ਵਿੱਚ ਕੀਤੀਆਂ ਜਾਣਗੀਆਂ।

ਸਥਾਨਕ ਹੂਸੈਨਪੁਰਾ ਚੌਕ ਸਥਿਤ ਗੁਰਦੁਆਰਾ ਸ਼੍ਰੋਮਣੀ ਸ੍ਰੀ ਗੁਰੂ ਸਿੰਘ ਸਭਾ ਵਿਖੇ ਕੋਈ ਤਿੰਨ ਘੰਟ ਚੱਲੀ ਇਕਤਰਤਾ ਬਾਰੇ ਗਲਬਾਤ ਕਰਦਿਆਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਦਰਪੇਸ਼ ਮੌਜੂਦਾ ਪੰਥਕ ਹਾਲਾਤਾਂ ਵਿੱਚ ਪੰਜ ਪਿਆਰਿਆਂ ਨੂੰ ਕੌਮ ਦੀ ਧਾਰਮਿਕ ਅਗਵਾਈ ਦੇ ਨਾਲ ਨਾਲ ਉਨ੍ਹਾਂ ਸਿਆਸੀ ਪਾਰਟੀਆਂ ਨੂੰ ਵੀ ਇੱਕਜੁੱਟ ਕਰਨਾ ਚਾਹੀਦਾ ਹੈ ਜਿਹੜੀਆਂ ਦਾਅਵੇ ਤਾਂ ਪੰਥ ਹਿਤੈਸ਼ੀ ਹੋਣ ਦੇ ਕਰਦੀਆਂ ਹਨ ਪਰ ਕੁਝ ਕਾਰਣਾ ਕਾਰਣ ਇੱਕ ਦੂਸਰੇ ਤੋਂ ਦੂਰੀ ਬਣਾਈ ਬੈਠੀਆਂ ਹਨ ।ਗਿਆਨੀ ਨੰਦਗੜ੍ਹ ਨੇ ਕਿਹਾ ਐਸ ਵੇਲੇ ਇੱਕ ਐਸੀ ਸਰਵ-ਪ੍ਰਵਾਨਿਤ ਸਿਆਸੀ ਸਿੱਖ ਪਾਰਟੀ ਦੀ ਜਰੂਰਤ ਹੈ ਜੋ ਧਰਮ ਦੇ ਕੁੰਡੇ ਹੇਠ ਵਿਚਰਦਿਆਂ ਅੱਗੇ ਵਧੇ ।

ਤਖਤ ਸ੍ਰੀ ਦਮਦਮਾ ਸਾਹਿਬ ਦੇ ਹੀ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਤਖਤ ਸਾਹਿਬਾਨ ਦੇ ਜਥੇਦਾਰਾਂ ਦੇ ਬੀਤੇ ਸਮੇਂ ਦੇ ਕੁਝ ਫੈਸਲਿਆਂ ਨੇ ਸਪਸ਼ਟ ਕਰ ਦਿੱਤਾ ਸੀ ਕਿ ਉਹ ਪੂਰੀ ਤਰ੍ਹਾਂ ਸਿਆਸੀ ਲੋਕਾਂ ਦੀ ਗੁਲਾਮੀ ਕਬੂਲ ਚੁੱਕੇ ਹਨ ਲੇਕਿਨ ਪੰਜ ਪਿਆਰਿਆਂ ਨੇ ਆਪਣਾ ਕੌਮੀ ਫਰਜ ਪਛਾਣਦਿਆਂ ਗੁਲਾਮ ਜਥੇਦਾਰਾਂ ਦੇ ਗਲਬੇ ਹੇਠੋਂ ਕੌਮ ਨੂੰ ਮੁਕਤ ਕਰਨ ਦੀ ਜਿੰਮੇਵਾਰੀ ਨਿਭਾਈ ਹੈ ਉਹ ਇੱਕ ਸ਼ਲਾਘਾਯੋਗ ਕਾਰਜ ਹੈ।ਉਨ੍ਹਾਂ ਸੱਦਾ ਦਿੱਤਾ ਹੈ ਕਿ ਦੇਸ਼ ਵਿਦੇਸ਼ ਵਸਦੇ ਸਮੂੰਹ ਸਿੱਖ ਅਤੇ ਸਿੱਖ ਸੰਸਥਾਵਾਂ ਪੰਜ ਪਿਆਰਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੋਣ।

ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਵੇਲ ਸਿੰਘ ਨੇ ਕਿਹਾ ਕਿ ਸਚ ਬੋਲਣ ਦਾ ਪ੍ਰਚਾਰ ਤਾਂ ਅਸੀਂ ਸਾਰੇ ਕਰਦੇ ਹਾਂ ਲੇਕਿਨ ਸਮੇਂ ਤੇ ਸੱਚ ਸੁਨਾਉਣ ਦੀ ਜ਼ੁਰਅਤ ਪੰਜ ਪਿਆਰਿਆਂ ਨੇ ਵਿਖਾਈ ਹੈ ਜਿਸ ਲਈ ਉਹ ਵਧਾਈ ਦੇ ਪਾਤਰ ਹਨ ।ੳੇੁਨ੍ਹਾਂ ਕਿਹਾ ਕਿ ਹਰ ਗੁਰਸਿੱਖ ਦਾ ਫਰਜ ਬਣਦਾ ਕਿ ਉਹ ਮੌਜੂਦਾ ਹਾਲਾਤਾਂ ਵਿੱਚ ਪੰਜ ਪਿਆਰਿਆਂ ਵਲੋਂ ਦਿੱਤੇ ਗਏ ਹਰ ਸੱਦੇ ਨੂੰ ਅਮਲੀ ਜ਼ਾਮਾ ਪਹਿਨਾਣ ਹਿੱਤ ੳੱਗੇ ਆਵੇ ।

ਅਕਾਲੀ ਦਲ 1920 ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸ੍ਰੋਮਣੀ ਕਮੇਟੀ ਸਕੱਤਰ ਸ੍ਰ ਰਘਬੀਰ ਸਿੰਘ ਰਾਜਾਸਾਂਸੀ ਨੇ ਕਿਹਾ ਅੱਜ ਦੀ ਇਕਤਰਤਾ ਨੇ ਸਿੱਖ ਕੌਮ ਨੂੰ ਸੁਨੇਹਾ ਦਿੱਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਕਿਸੇ ਇੱਕ ਧਿਰ ਜਾਂ ਧੜੇ ਦੇ ਨਾ ਹੋਕੇ ਸਮੁੱਚੀਆਂ ਪੰਥਕ ਜਥੇਬੰਦੀਆਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹਨ।ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਸੁਖਜੀਤ ਸਿੰਘ ਖੋਸੇ ਨੇ ਸੱਦਾ ਦਿੱਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਹੇਠ ਸੇਵਾਵਾਂ ਨਿਭਾਅ ਰਹੇ ਜਾਗਰੂਕ ਤੇ ਜਿੰਦਾ ਜ਼ਮੀਰ ਮੁਲਾਜਮ ਵੀ ਖੁੱਲਕੇ ਪੰਜ ਪਿਆਰਿਆਂ ਦੀ ਹਮਾਇਤ ਵਿੱਚ ਨਿਤਰਨ।ਉਨ੍ਹਾਂ ਕਿਹਾ ਅੱਜ ਅਸੀ ਦਸਮੇਸ਼ ਪਿਤਾ ਦੇ ਸਾਹਿਬਜਾਦਿਆਂ ਦੀ ਸ਼ਹਾਦਤ ਮਨਾਉਂਦਿਆਂ ਗੁਰੂ ਪ੍ਰੀਵਾਰ ਦੀ ਮਦਦ ਕਰਨ ਵਾਲੇ ਭਾਈ ਮੋਤੀ ਮਹਿਰਾ ਦੀ ਕੁਰਬਾਨੀ ਨੂੰ ਸਿਜਦਾ ਕਰਦੇ ਹਾਂ ਲੇਕਿਨ ਅੱਜ ਬਦਲੇ ਹਾਲਾਤਾਂ ਵਿੱਚ ਜੇ ਕੁਰਬਾਨੀ ਕਰਨੀ ਵੀ ਪਈ ਤਾਂ ਉਹ ਸਿਆਸੀ ਗੁਲਾਮਾਂ ਦੀ ਗੁਲਾਮ ਕਮੇਟੀ ਦੀ ਨੌਕਰੀ ਦੀ ਹੀ ਦੇਣੀ ਪੈਣੀ ਹੈ।

ਪੰਥਕ ਸੰਸਥਾ ਅਕਾਲ ਪੁਰਖ ਕੀ ਫੌਜ ਦੇ ਡਾਇਰੈਕਟਰ ਸ੍ਰ ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕੌਮ ਨੂੰ ਇੱਕ ਸੁਨਿਹਰੀ ਮੌਕਾ ਮਿਲਿਆ ਹੈ ਕਿ ਉਹ ਨਿਰੋਲ ਧਾਰਮਿਕ ਅਗਵਾਈ ਕਬੂਲਦਿਆਂ ਆਪਣੀ ਹੋਣੀ ਦਾ ਭੱਵਿਖ ਸਵਾਰ ਲਵੇ।ਉਨ੍ਹਾਂ ਕਿਹਾ ਕਿ ਮੋਜੂਦਾ ਕੌਮੀ ਹਾਲਾਤਾਂ ਦਾ ਦਰਦ ਸਾਡੇ ਸੱਭਦੇ ਅੰਦਰ ਹੈ ਲੇਕਿਨ ਉਸ ਨੂੰ ਖੁਲੇਆਮ ਪ੍ਰਗਟ ਕਰਨ ਵਿੱਚ ਪੰਜ ਪਿਆਰੇ ਮੋਹਰੀ ਬਣੇ ਹਨ । ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀ ਕਿ ਧਰਮ ਦੀ ਜੈਕਾਰ ਸਿਆਸੀ ਤਾਕਤ ਬਿਨ੍ਹਾ ਨਹੀ ਹੋ ਸਕਦੀ ਲੇਕਿਨ ਇਹ ਵੀ ਅਹਿਮ ਹੈ ਕਿ ਧਰਮ ਵਿੱਚ ਪ੍ਰਪੱਕਤਾ ਹੀ ਸਾਨੂੰ ਸਹੀ ਮਾਰਗ ਚੁਨਣ ਦੀ ਤਾਕਤ ਬਖਸ਼ੇਗੀ।

ਇਸ ਇਕਤਰਤਾ ਵਿੱਚ ਸ਼੍ਰੋਮਣੀ ਕਮੇਟੀ ਕਾਰਜਕਾਰਣੀ ਮੈਂਬਰ ਸ੍ਰ ਮੰਗਲ ਸਿੰਘ,ਬੀਬੀ ਕਿਰਨਜੋਤ ਕੌਰ,ਪ੍ਰਿੰਸੀਪਲ ਬਲਜਿੰਦਰ ਸਿੰਘ,ਦਮਦਮੀ ਟਕਸਾਲ ਅਜਨਾਲਾ ਦੇ ਭਾਈ ਹਰੀ ਸਿੰਘ ਤੇ ਭਾਈ ਸੁਖਦੇਵ ਸਿੰਘ,ਅਖੰਡ ਕੀਰਤਨੀ ਜਥਾ ਦੇ ਭਾਈ ਪ੍ਰਣਾਮ ਸਿੰਘ ,ਭਾਈ ਜੋਗਾ ਸਿੰਘ,ਸ੍ਰ ਮਨਜੀਤ ਸਿੰਘ ਠੇਕੇਦਾਰ,ਸ੍ਰ ਕੁਲਜੀਤ ਸਿੰਘ ਸਿੰਘਬ੍ਰਦਰਜ਼,ਸ੍ਰ ਭਰਪੂਰ ਸਿੰਘ ਪ੍ਰਮੁਖਤਾ ਨਾਲ ਹਾਜਰ ਸਨ।ਇਕਤਰਤਾ ਦੀ ਸਮਾਪਤੀ ਦੀ ਅਰਦਾਸ ਗਿਆਨੀ ਕੇਵਲ ਸਿੰਘ ਹੁਰਾਂ ਕੀਤੀ ਤੇ ਹੁਕਮਨਾਮਾ ਗਿਆਨੀ ਰਵੇਲ ਸਿੰਘ ਜੀ ਨੇ ਲਿਆ।ਗੁਰੂ ਕੇ ਲੰਗਰ ਅਟੁੱਟ ਵਰਤੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,