ਸਿਆਸੀ ਖਬਰਾਂ » ਸਿੱਖ ਖਬਰਾਂ

ਪੰਥਕ ਅਸੈਂਬਲੀ ਦੇ ਪ੍ਰਬੰਧਕਾਂ ਨੇ ਪੰਥਕ ਕਨਫੈਡਰੇਸ਼ਨ ਦਾ ਐਲਾਨਨਾਮਾ ਜਾਰੀ ਕੀਤਾ

January 17, 2019 | By

ਚੰਡੀਗੜ੍ਹ: 20-21 ਅਕਤੂਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ ਪੰਥਕ ਅਸੈਂਬਲੀ ਦੇ ਪ੍ਰਬੰਧਕਾਂ ਵਲੋਂ ਇਸਦਾ ਅਗਲਾ ਪੜਾਅ ਆਖੀ ਜਾਂਦੀ “ਪੰਥਕ ਕਨਫੈਡਰੇਸ਼ਨ” ਦਾ ਐਲਾਨ ਕੀਤਾ ਗਿਆ ।

ਅੱਜ ਪੰਥਕ ਕਨਫੈਡਰੇਸ਼ਨ ਦੇ ਪ੍ਰਬੰਧਕਾਂ ਵਲੋਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਵਿਖੇ ਪੱਤਰਕਾਰ ਵਾਰਤਾ ਵਿੱਚ ‘ਪੰਥਕ ਕਨਫੈਡਰੇਸ਼ਨ” ਦਾ ਐਲਾਨਨਾਮਾ ਜਾਰੀ ਕੀਤਾ ਗਿਆ।

ਸਿੱਖ ਸਿਆਸਤ ਵਲੋਂ ਪਾਠਕਾਂ ਲਈ ਪੰਥਕ ਅਸੈਂਬਲੀ ਵਿਚ ਪਾਸ ਹੋਏ ਮਤੇ ਅਤੇ ਅੱਜ ਜਾਰੀ ਕੀਤਾ ਗਿਆ ਪੰਥਕ ਕਨਫੈਡਰੇਸ਼ਨ ਦਾ ਐਲਾਨਨਾਮਾ ਹੂ-ਬ-ਹੂ ਸਾਂਝਾ ਕੀਤਾ ਜਾ ਰਿਹਾ ਹੈ:-

 

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਿਖੇ ਪੰਥਕ ਅਸੈਂਬਲੀ ਦੇ ਪ੍ਰਬੰਧਕਾਂ ਵਲੋਂ ਕੀਤੀ ਗਈ ਪੱਤਰਕਾਰ ਵਾਰਤਾ ਦੀ ਤਸਵੀਰ।


ਪੰਥਕ ਕੰਨਫੈਡਰੇਸ਼ਨ ਦਾ ਐਲਾਨਨਾਮਾ

ਪਿਛਲੇ ਸਾਲ 20-21 ਅਕਤੂਬਰ, 2018 ਨੂੰ ਅੰਮ੍ਰਿਤਸਰ ਵਿਚ ਵੱਖ ਵੱਖ ਸਿੱਖ ਧਿਰਾਂ ਅਤੇ ਗਰੁੱਪਾਂ ਦੀ ‘ਪੰਥਕ ਅਸੈਂਬਲੀ’ ਹੋਈ। ਸ਼ਬਦ ਗੁਰੂ ਦੇ ਸਿਧਾਂਤ ਨਾਲ ਜੁੜੀਆਂ ਅਤੇ ਸਰਬ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਵਿਚ ਵਿਸ਼ਵਾਸ਼ ਰੱਖਣ ਵਾਲੀਆਂ ਸਿੱਖ ਧਿਰਾਂ ਨੇ ਦੋ ਦਿਨ ਸਿਰ ਜੋੜ ਕੇ ਸਰਬ-ਸਾਂਝੇ ਸਿੱਖ ਮਸਲਿਆਂ ਉਤੇ ਵਿਚਾਰਾਂ ਕੀਤੀਆਂ। ਇਸ ਤਰ੍ਹਾਂ ਮਿਸਲਾਂ ਦੇ ਸਮੇਂ ਦੀ ਪ੍ਰਚੱਲਤ ਪੁਰਾਣੀ ਸਿੱਖ ਪ੍ਰੰਪਰਾ ਮੁੜ ਸੁਰਜੀਤ ਹੋਈ, ਜਦੋਂ ਕਿ ਲੰਬੇ ਸਮੇਂ ਤੋਂ ਜਨਤਕ ਤੌਰ ਤੇ ਇਕ ਦੂਜੇ ਦੇ ਵਿਰੋਧ ਵਿਚ ਖੜ੍ਹੀਆਂ ਸਿੱਖ ਧਿਰਾਂ ਦੇ ਨੁਮਾਇੰਦਿਆਂ ਨੇ ਇੱਕੋ ਹਾਲ ਵਿਚ ਇਕੱਠੇ ਬੈਠ ਕੇ ਆਪਸੀ ਸੰਵਾਦ ਰਚਾਇਆ। ਲਗਭਗ 15-16 ਘੰਟੇ ਦੇ ਆਪਸੀ ਵਿਚਾਰ-ਵਟਾਂਦਰੇ ਦੌਰਾਨ ਕਿਤੇ ਵੀ ਕੋਈ ਆਪਸੀ ਤਲਖ-ਬਿਆਨੀ ਨਹੀਂ ਹੋਈ ਅਤੇ ਹਰ ਧਿਰ ਨੇ ਆਪਣੇ ਆਪਣੇ ਪੈਂਤੜੇ ਤੋਂ ਖੁੱਲ੍ਹ ਕੇ ਵਿਚਾਰ ਪ੍ਰਗਟ ਕੀਤੇ।

ਇਸ ਤਜ਼ਰਬੇ ਤੋਂ ਉਤਸ਼ਾਹਿਤ ਹੋ ਕੇ ਅਤੇ ਚਿਰਾਂ ਤੋਂ ਸਾਂਝੇ ਪੰਥਕ ਪਲੇਟਫਾਰਮ ਦੀ ਅਣਹੋਂਦ ਨੂੰ ਧਿਆਨ ਵਿਚ ਰੱਖਦਿਆਂ ਸਿੱਖ ਬੁੱਧੀਜੀਵੀਆਂ ਨੇ ਪੰਥਕ ਅਸੈਂਬਲੀ ਦਾ ਵਿਸਥਾਰ ਕਰਕੇ ਪੰਥਕ ਕੰਨਫੈਡਰੇਸ਼ਨ ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਕੰਨਫੈਡਰੇਸ਼ਨ ਸਰਬ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਅਤੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਮੰਨਣ ਵਾਲੀਆਂ ਸਿੱਖ ਧਿਰਾਂ ਨੂੰ ਇੱਕ ਪਲੇਟਫਾਰਮ ਉਤੇ ਲਿਆ ਕੇ ਸਿੱਖ ਪੰਥ ਦੀ ਸਾਂਝੀ ਸੋਚ ਨੂੰ ਬੁਲੰਦ ਕਰੇਗੀ ਅਤੇ ਉਸ ਉਤੇ ਪਹਿਰਾ ਵੀ ਦੇਵੇਗੀ।

ਸਾਡਾ ਸਪਸ਼ਟ ਅਹਿਦ ਹੈ ਕਿ ਸਿੱਖ ਧਿਰਾਂ ਦੇ ਵਿਚਾਰਧਾਰਕ ਜਾਂ ਵਿਅਕਤੀਗਤ ਅਹਿਮ ਵਿਚੋਂ ਉਪਜੇ ਆਪਸੀ ਵਖਰੇਵਿਆਂ ਨੂੰ ਅਸੀਂ ਪੂਰੀ ਮਾਨਤਾ ਦਿੰਦੇ ਹੋਏ ਉਹਨਾਂ ਦਾ ਪੂਰਨ ਸਤਿਕਾਰ ਕਰਦੇ ਹਾਂ। ਅਸਲ ਵਿਚ ਅਸੀਂ ਵੱਖਰੀਆਂ ਵੱਖਰੀਆਂ ਸਿੱਖ ਧਿਰਾਂ ਅੰਦਰ ਪੰਥ ਦੇ ਵੱਡੇ ਮਸਲਿਆਂ ਉਤੇ ਇਕਸੁਰਤਾ ਲਿਆਉਣ ਦੇ ਮੁਦਈ ਹਾਂ। ਵੱਖ ਵੱਖ ਲੋਕ-ਸਮੂਹਾਂ ਵਿਚ ਇਕਸਾਰਤਾ ਲਿਆਉਣ ਦਾ ਯਤਨ ਸਿੱਖ ਸਿਧਾਂਤ ਅਤੇ ਗੁਰਬਾਣੀ ਦੀ ਭਾਵਨਾ ਦੇ ਅਨੁਸਾਰੀ ਨਹੀਂ ਹੈ ਅਤੇ ਤਾਨਾਸ਼ਾਹੀ ਪ੍ਰਵਿਰਤੀਆਂ ਦਾ ਲਖਾਇਕ ਹੈ। ਪਿਛਲੇ ਸਮਿਆਂ ਵਿਚ ਪੰਥ ਵਿਚ ਏਕਤਾ ਦੇ ਯਤਨ ਇਕਸਾਰਤਾ ਲਿਆਉਣ ਦਾ ਦੂਜਾ ਰੂਪ ਹੋ ਨਿਬੜੇ ਹਨ| ਉਨ੍ਹਾਂ ਯਤਨਾਂ ਕਰਕੇ ਪੰਥ ਅੰਦਰ ਆਪਸੀ ਝਗੜੇ-ਝੇੜੇ ਵਧੇ ਹਨ, ਧਰਮ ਅਤੇ ਸਿਆਸਤ ਉਤੇ ਪਰਿਵਾਰਿਕ ਕਬਜ਼ੇ ਹੋਏ ਹਨ ਅਤੇ ਸਿੱਖ ਵਿਰੋਧੀ ਤਾਕਤਾਂ ਦੀ ਧਰਮ ਅਤੇ ਸਿੱਖ ਭਾਈਚਾਰੇ ਅੰਦਰ ਦਖਲ-ਅੰਦਾਜ਼ੀ ਵਧੀ ਹੈ।

ਸਿੱਖ ਧਰਮ ਅਤੇ ਸਿਆਸਤ ਦਾ ਆਪਸੀ ਅਟੁੱਟ ਰਿਸ਼ਤਾ ਹੈ। ਇਸ ਕਰਕੇ ਪੰਥਕ ਕੰਨਫੈਡਰੇਸ਼ਨ ਪੰਥ ਦੀ ਆਜ਼ਾਦ ਹਸਤੀ ਅਤੇ ਸਿੱਖ ਪ੍ਰੰਪਰਾਵਾਂ ਨੂੰ ਕਾਇਮ ਰੱਖਣ ਲਈ ਅਤੇ ਸਿੱਖ ਭਾਈਚਾਰੇ ਦੀ ਬਣਦੀ ਸਿਆਸੀ ਸਪੇਸ ਨੂੰ ਹਾਸਲ ਕਰਨ ਲਈ ਸਮੇਂ ਸਮੇਂ ਲੋੜ ਅਨੁਸਾਰ ਸਿਆਸਤ ਵਿਚ ਸਰਗਰਮ ਰੋਲ ਨਿਭਾਏਗੀ।

ਕੰਨਫੈਡਰੇਸ਼ਨ ਪੰਜਾਬ ਤੋਂ ਬਾਹਰ ਦੇਸ਼-ਵਿਦੇਸ਼ ਵਿਚ ਆਪਣੇ ਯੂਨਿਟ ਖੜ੍ਹੇ ਕਰੇਗੀ। ਸਿੱਖ ਧਾਰਮਿਕ ਅਦਾਰਿਆਂ ਦੀ ਪਾਕੀਜ਼ਗੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਨੂੰ ਕਾਇਮ ਰੱਖਣ ਲਈ ਹਮੇਸ਼ਾ ਤੱਤਪਰ ਰਹੇਗੀ। ਕੰਨਫੈਡਰੇਸ਼ਨ ਪੰਜਾਬ ਦੇ ਪਾਣੀਆਂ ਸਮੇਤ ਕੁਦਰਤੀ ਸਾਧਨਾਂ ਤੇ ਸਮੂਹ ਪੰਜਾਬੀ ਲੋਕਾਂ, ਖਾਸ ਕਰਕੇ ਦਲਿਤਾਂ ਦੀ ਆਰਥਿਕ, ਮਾਨਸਿਕ ਅਤੇ ਆਤਮਿਕ ਲੁੱਟ ਦਾ ਵਿਰੋਧ ਕਰੇਗੀ। ਅਸਲ ਵਿਚ, ਅਜੋਕੀ ਵਿੱਦਿਆ ਬੱਚਿਆਂ ਨੂੰ ਸਾਮਰਾਜੀ ਖਪਤਕਾਰੀ ਮਸ਼ੀਨ ਦੇ ਪੁਰਜ਼ੇ ਬਣਾ ਕੇ ਮੁਨਾਫੇ ਲਈ ਹਾਬੜੀ ਸਾਮਰਾਜੀ ਮਸ਼ੀਨ ਵਿਚ ਫਿੱਟ ਕਰ ਰਹੀ ਹੈ। ਭਿਆਨਕ ਬਿਮਾਰੀਆਂ ਦੀ ਲਪੇਟ ਵਿਚ ਲਿਆ ਕੇ ਪੰਜਾਬੀਆਂ ਨੂੰ ਮਹਿੰਗੇ ਇਲਾਜਾਂ ਦੇ ਵਸ ਪਾਇਆ ਜਾ ਰਿਹਾ ਹੈ। ਰੂਹਾਨੀਅਤ ਵਿਹੂਣੀ ਇਸ ਜੀਵਨ ਜਾਚ ਤੋਂ ਸਤੇ ਬੱਚੇ ਨਸ਼ੇੜੀ ਬਣਦੇ ਜਾ ਰਹੇ ਹਨ ਅਤੇ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ।

ਅਜੋਕੇ ਦੌਰ ਵਿਚ ਸਿੱਖਾਂ ਨੂੰ ਅਡੋਲ ਰਹਿ ਕੇ ਨਿੱਗਰ ਕੰਮ ਕਰਨ ਅਤੇ ਹਵਾ ਦਾ ਰੁਖ ਵੇਖ ਕੇ ਤੱਤੇ ਨਾਹਰੇ ਲਾਉਣ ਵਾਲਿਆਂ ਵਿਚਕਾਰ ਸਪਸ਼ਟ ਨਿਖੇੜਾ ਕਰਨਾ ਪਵੇਗਾ। ਇਸ ਤੋਂ ਬਿਨਾਂ ਮੌਜੂਦਾ ਰਾਜਸੀ ਤੌਰ ਉੱਤੇ ਭ੍ਰਿਸ਼ਟ ਤੇ ਬੌਧਿਕ ਪੱਖੋਂ ਕੰਗਾਲ ਹੋ ਚੁੱਕਾ ਮਾਹੌਲ ਬਦਲਿਆ ਨਹੀਂ ਜਾ ਸਕੇਗਾ। ਇਸ ਸਾਰੇ ਕੁੱਝ ਨੂੰ ਧਿਆਨ ਵਿਚ ਰੱਖ ਕੇ ਪੰਥਕ ਕਨਫੈਡਰੇਸ਼ਨ ਪੰਜਾਬ ਦੇ ਮੌਜੂਦਾ ਜ਼ਾਤ-ਪਾਤ ਸਿਸਟਮ ਨੂੰ ਤੋੜ ਕੇ, ਮਾਨਵਤਾ ਦੇ ਕਲਿਆਣ ਲਈ ਹਮੇਸ਼ਾ ਉੱਦਮਸ਼ੀਲ ਰਹੇਗੀ ਅਤੇ ਸਾਰਿਆਂ ਨਾਲ ਰਲ-ਮਿਲ ਕੇ ਸਿੱਖ ਪੰਥ ਦੀ ਵਿਚਾਰਧਾਰਕ ਦਿਸ਼ਾ ਤਹਿ ਕਰਨ ਦੇ ਯਤਨ ਕਰੇਗੀ।

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਸਜ਼ਾਵਾਂ ਪੂਰੀਆ ਕਰ ਚੁੱਕੇ ਸਿੰਘਾਂ ਨੂੰ ਰਿਹਾ ਕਰਵਾਉਣ ਲਈ ਪੰਥਕ ਕਨਫੈਡਰੇਸ਼ਨ ਹਮੇਸ਼ਾ ਯਤਨਸ਼ੀਲ ਰਹੇਗੀ। ਆਉਣ ਵਾਲੀਆਂ ਪਾਰਲੀਮੈਂਟ ਚੋਣਾਂ ਵਿਚ ਦਖਲ-ਅੰਦਾਜ਼ੀ ਕਿਵੇਂ ਕੀਤੀ ਜਾਵੇ, ਇਸ ਦਾ ਫੈਸਲਾ ਫਰਵਰੀ ਦੇ ਪਹਿਲੇ ਹਫਤੇ ਪੰਥਕ ਅਸੈਂਬਲੀ ਬੁਲਾ ਕੇ ਕੀਤਾ ਜਾਵੇਗਾ। ਜਥੇਦਾਰ ਸੁਖਦੇਵ ਸਿੰਘ ਭੌਰ ਪੰਥਕ ਕੰਨਫੈਡਰੇਸ਼ਨ ਦੇ ਕਨਵੀਨਰ ਅਤੇ ਨਵਕਿਰਨ ਸਿੰਘ ਐਡਵੋਕੇਟ ਤੇ ਪੱਤਰਕਾਰ ਜਸਪਾਲ ਸਿੰਘ ਦੋਵੇਂ ਜਨਰਲ ਸਕੱਤਰ ਵਜੋਂ ਸੇਵਾਵਾਂ ਨਿਭਾਉਣਗੇ।

ਜਾਰੀ ਕਰਤਾ

ਗੁਰਬਚਨ ਸਿੰਘ, ਦਫਤਰ ਸਕੱਤਰ


ਪੰਥਕ ਅਸੈਂਬਲੀ ਵਲੋਂ ਪ੍ਰਵਾਨ ਕੀਤੇ ਗਏ ਮਤੇ-

“ਨਿਵੇਕਲੀ ਪੰਥਕ ਅਸੈਂਬਲੀ ਦਾ ਪਹਿਲਾ ਦੌ ਰੋਜ਼ਾ ਇਜਲਾਸ ਜਿਸ ਨੂੰ ਪੰਥ ਦੇ ਸੁਹਿਰਦ ਹਿੱਸੇ ਨੇ ਪੰਥਕ ਹਿੱਤ ਨੂੰ ਉਜਾਗਰ ਕਰਨ ਲਈ ਬੁਲਾਇਆ ਸੀ, ਅਨੇਕਾਂ ਇਤਿਹਾਸਕ ਮਤਿਆਂ ਨੂੰ ਪਾਸ ਕਰਕੇ ਅੱਜ ਅੰਮ੍ਰਿਤਸਰ ਵਿਖੇ ਸਮਾਪਤ ਹੋਇਆ।

1. ਅੰਮ੍ਰਿਤਸਰ ਵਿੱਚ ਵਾਪਰੇ ਰੇਲ ਹਾਦਸੇ ਪ੍ਰਤੀ ਦੁੱਖ ਪ੍ਰਗਟ ਕਰਨਾ
ਪੰਥਕ ਅਸੈਂਬਲੀ ਦੀਆਂ ਕਾਰਵਾਈਆਂ ਅਰਦਾਸ ਤੋਂ ਸ਼ੁਰੂ ਹੋਈਆਂ ਜਿਸ ਵਿਚ ਦੁਖਦਾਈ ਰੇਲ ਹਾਦਸੇ ਵਿੱਚ ਜ਼ਖਮੀ ਅਤੇ ਮਾਰੇ ਗਏ ਲੋਕਾਂ ਲਈ ਅਫਸੋਸ ਪ੍ਰਗਟ ਕੀਤਾ ਗਿਆ।ਪਰਵਾਰਾਂ ਨਾਲ ਹਮਦਰਦੀ ਕਰਦੇ ਹੋਏ ਪੰਥਕ ਅਸੈਂਬਲੀ ਦੇ ਸਾਰੇ ਨੁਮਾਇੰਦਿਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪਰਿਵਾਰਾਂ ਨੂੰ ਰਾਹਤ ਅਤੇ ਬਣਦੀ ਡਾਕਟਰੀ ਅਤੇ ਮਾਇਕ ਸਹਾਇਤਾ ਪ੍ਰਦਾਨ ਕੀਤੀ ਜਾਵੇ।

2. ਅਕਾਲ ਤਖਤ ਸਾਹਿਬ ਦੇ ਡੰਮੀ ਜਥੇਦਾਰ ਪ੍ਰਵਾਨ ਨਹੀਂ।
ਪੰਥਕ ਅਸੈਂਬਲੀ ਦਾ ਇਹ ਇਜਲਾਸ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਸਪੱਸ਼ਟ ਕਰਦੀ ਹੈ ਕਿ ਬਾਦਲ ਪਰਿਵਾਰ ਦੇ ਲਗਾਤਾਰ ਅਸਰ ਕਬੂਲਣ ਵਾਲੇ ਗਿਆਨੀ ਗੁਰਬਚਨ ਸਿੰਘ ਆਪਣੀਆਂ ਪੰਥ ਵਿਰੋਧੀ, ਦੇਹਧਾਰੀ ਗੁਰੂਡੰਮ-ਪੱਖੀ ਆਪਹੁਦਰੀਆਂ ਕਾਰਗੁਜਾਰੀਆਂ ਕਾਰਨ ਸਿੱਖ ਜਗਤ ਵੱਲੋਂ ਪਹਿਲਾਂ ਹੀ ਨਕਾਰਿਆ ਤੇ ਅਪ੍ਰਵਾਨ ਕੀਤਾ ਜਾ ਚੁੱਕਾ ਸੀ ਅਤੇ ਇਸ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਪਦਵੀ ਤੋਂ ਅਸਤੀਫ਼ਾ ਦੇਣ ਦਾ ਵਿਖਾਵਾ ਕਰਨਾ ਕੇਵਲ ਆਪਣੇ ਆਕਾਵਾਂ ਦੇ ਹੁਕਮ ਦੀ ਕੀਤੀ ਗਈ ਤਾਮੀਲ ਹੈ, ਜਿਸ ਦੀ ਖ਼ਾਲਸਾ ਪੰਥ ਲਈ ਜ਼ਰਾ ਜਿੰਨੀ ਵੀ ਬੱੁਕਤ ਨਹੀਂ।

ਪੰਥਕ ਅਸੈਂਬਲੀ ਦਾ ਅੱਜ ਦਾ ਇਹ ਹਾਉਸ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਪੱਸ਼ਟ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੰਥ ਨੂੰ ਭਰੋਸੇ ‘ਚ ਲਏ ਅਤੇ ਵਿਧੀ-ਵਿਧਾਨ ਘੜੇ ਬਿਨਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਸਿਧਾਂਤਕ ਰੂਪ ਵਿੱਚ ਪ੍ਰਵਾਨ ਨਹੀਂ ਹੋਵੇਗੀ।

ਅਕਾਲ ਤਖ਼ਤ ਸਾਹਿਬ ਸਮੇਤ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਦਾ ਅਧਿਕਾਰ ਸਿਰਫ਼ ਤੇ ਸਿਰਫ਼ ਖ਼ਾਲਸਾ ਪੰਥ ਨੂੰ ਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਦੀ ਐਗਜੈਕਟਿਵ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਕੀਤੀ ਜਾਣ ਵਾਲੀ ਨਿਯੁਕਤੀ ਨੂੰ ਪੰਥਕ ਅਸੈਂਬਲੀ ਦਾ ਇਹ ਹਾਉਸ ਸਰਬ ਸੰਮਤੀ ਨਾਲ ਅਗਾਉਂ ਹੀ ਰੱਦ ਕਰਦਾ ਹੈ।

3. ਸੌਦਾ ਡੇਰਾ ਸਿਰਸਾ ਦੇ ਨਾਮ ਚਰਚਾ ਘਰਾਂ ਨੂੰ ਸੀਲ ਕੀਤਾ ਜਾਵੇ
ਸਰਕਾਰੀ ਕਮਿਸ਼ਨਾਂ ਦੀਆਂ ਦੋਨੋ ਰਿਪੋਰਟਾਂ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸਪੱਸ਼ਟ ਸਾਬਿਤ ਕੀਤਾ ਕਿ ਡੇਰਾ ਸੱਚਾ ਸੌਦਾ ਸਿੱਧੇ ਤੌਰ ‘ਤੇ ਪੰਜਾਬ ਅਤੇ ਹਰਿਆਣਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਜਿੰਮੇਵਾਰ ਹੈ ਅਤੇ ਉਨ੍ਹਾਂ ਦੇ ਪ੍ਰੇਮੀਆਂ ਨੇ ਹੀ ਬੁਰਜ ਜਵਾਹਰ ਸਿੰਘਵਾਲਾ ਅਤੇ 100 ਹੋਰ ਥਾਵਾਂ ‘ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕੀਤੀਆਂ ਹਨ, ਇਸ ਲਈ ਸੌਦਾ ਸਰਸਾ ਡੇਰਾ ‘ਤੇ ਤੁਰਤ ਪਾਬੰਦੀ ਲਗਾ ਦਿੱਤੀ ਜਾਵੇ ਅਤੇ ਸਾਰੇ ਨਾਮ ਚਰਚਾ ਘਰ ਸੀਲ ਕਰ ਦਿੱਤੇ ਜਾਣ। ਭਾਵੇਂ ਕਿ ਗੁਰਮੀਤ ਰਾਮ ਰਹੀਮ ਨੂੰ ਹੋਰ ਪਾਪਾਂ ਲਈ ਸਜ਼ਾ ਮਿਲ ਚੁੱਕੀ ਹੈ ਫਿਰ ਵੀ ਉਸ ਨੂੰ ਬੇਅਦਬੀ ਦੇ ਹਾਦਸਿਆਂ ਲਈ ਅਤੇ ਉਸ ਦੀ ਸਾਜਿਸ਼ ਲਈ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।

4. ਮੌਜੂਦਾ ਟਕਰਾਅ ਕਿਉਂ ਅਤੇ ਕਿਵੇਂ ਸ਼ੁਰੂ ਹੋਇਆ?
ਬਰਗਾੜੀ ਅਤੇ ਬਹਿਬਲ ਕਲਾਂ ਉਸ ਸਾਜ਼ਿਸ਼ ਦੀ ਚਰਨ ਸੀਮਾ ਹੈ ਜਦੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਅਤੇ ਫ਼ਿਰ ਵਿਰੋਧ ਵਿੱਚ ਪੈਦਾ ਹੋਏ ਪੰਥਕ ਰੋਹ ਨੂੰ ਦਬਾਉਣ ਲਈ ਸਿੱਖਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ। ਪਿਛਲੇ ਦਹਾਕਿਆਂ ਤੋਂ ਸ਼ਬਦ ਗੁਰੂ ਦੇ ਸਿਧਾਂਤ ਨੂੰ ਵਿਗਾੜ ਕੇ ਪੇਸ਼ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆ ਹਨ ਅਤੇ ਸ਼ਬਦ ਗੁਰੂ ਨੂੰ ਚੁਣੌਤੀ ਦਿੰਦੇ ਗੁਰੂਡੰਮ ਨੂੰ ਜਾਣ-ਬੁੱਝ ਕੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਅਸੈਂਬਲੀ ਦਾ ਇਹ ਮੰਨਣਾ ਹੈ ਕਿ ਅਜਿਹੇ ਸਿੱਖ ਵਿਰੋਧੀ ਡੇਰਿਆਂ ਨੂੰ ਭਾਰਤੀ ਰਾਜ ਅਤੇ ਇਸ ਦੀਆਂ ਏਜੰਸੀਆਂ ਦੀ ਪੂਰੀ ਸਰਪ੍ਰਸਤੀ ਹੈ।

ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ ਨਾਲ ਭਾਈਵਾਲੀ ਪਾਲ ਕੇ ਸਿੱਖ ਵਿਰੋਧੀ ਤਾਕਤਾਂ ਨੂੰ ਸਿੱਖ ਸੰਸਥਾਵਾਂ ਵਿੱਚ ਦਾਖਲ ਹੋਣ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਇਸੇ ਪ੍ਰਕਾਸ ਸਿੰਘ ਬਾਦਲ ਦੇ ਦੌਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਦੋ ਵਾਰ ਬੇਅਦਬੀ ਹੋਈ। ਪਹਿਲਾਂ 1978 ਵਿੱਚ ਫਿਰ 2015 ਵਿੱਚ ਅਤੇ ਦੋਵੇਂ ਵਾਰ ਹੀ ਬੇਅਦਬੀ ਕਰਨ ਵਾਲਿਆਂ ਖਿਲਾਫ਼ ਕੋਈ ਵਾਰ ਕਾਰਵਾਈ ਨਹੀ ਕੀਤੀ ਗਈ।

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਪਹਿਲਾਂ 1978 ਅੰਮ੍ਰਿਤਸਰ, 1981 ਚੰਦੋਕਲਾਂ, ਹਰਿਆਣਾ, 1986 ਨਕੋਦਰ ਅਤੇ ਹੁਣ 2015 ਬਰਗਾੜੀ ਦੇ ਵਿਰੋਧ ਵਿੱਚ ਸਿੱਖਾਂ ਨੇ ਆਪਣੀ ਸਮਰੱਥਾ ਅਨੁਸਾਰ ਆਪਣਾ ਰੋਸ ਜ਼ਾਹਿਰ ਕੀਤਾ। ਪਰ ਸਮੇਂ ਦੀਆਂ ਸਰਕਾਰਾਂ ਨੇ ਚਾਹੇ ਉਹ ਅਕਾਲੀ ਦਲ ਹੋਵੇ ਜਾਂ ਕਾਂਗਰਸ ਹਮੇਸ਼ਾ ਗੁਨਾਹਗਾਰਾਂ ਦੀ ਹਿਫ਼ਾਜ਼ਤ ਕੀਤੀ ਹੈ ਅਤੇ ਸਿੱਖਾਂ ਨੂੰ ਪੰਜਾਬ ਪੁਲੀਸ ਹੱਥੋਂ ਜ਼ਲੀਲ ਕਰਵਾਇਆ ਹੈ।

ਇਕ ਵਾਰ ਫਿਰ ਇਸ ਗੱਲ ਦੀ ਪ੍ਰੋੜਤਾ ਕੀਤੀ ਜਾਂਦੀ ਹੈ ਕਿ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਸਾਹਿਬ ਦੀ ਬੇਅਦਬੀ ਲਈ ਡੇਰਾਵਾਦ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਜਿਸ ਨੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਖੋਰਾ ਲਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਅਤੇ ਕਰ ਰਿਹਾ ਹੈ।

ਆਖਿਰਕਾਰ ਪੰਥਕ ਅਸੈਂਬਲੀ ਇਸ ਗੱਲ ਦਾ ਖੁਲਾਸਾ ਕਰਦੀ ਹੈ ਕਿ ਮੂਲ ਰੂਪ ਵਿੱਚ ਭਾਰਤੀ ਰਾਜ ਨੇ ਕੁਫ਼ਰ ਅਤੇ ਘਿਨੌਣੇ ਪਹਿਲੂਆਂ ਨੂੰ ਲਾਗੂ ਕਰਨ ਦੀ ਇਜਾਜ਼ਤ ਦਿੱਤੀ ਹੋਈ ਹੈ ਅਤੇ ਗੁਰੂ ਸਾਹਿਬ ਦੀ ਬੇਅਦਬੀ ਨੂੰ ਕਾਨੂੰਨੀ ਵਿਵਸਥਾ ਦੀ ਸਮੱਸਿਆ ਵਿੱਚ ਘਟਾ ਦਿੱਤਾ ਹੈ ਜਿਸ ਕਾਰਨ ਪੁਲਸ ਅਤੇ ਹੋਰ ਤਾਕਤਾਂ ਨੂੰ ਇਹ ਮੌਕਾ ਮਿਲਦਾ ਹੈ ਕਿ ਉਹ ਕੋਟਕਪੂਰਾ ਅਤੇ ਬਹਿਬਲ ਕਲਾਂ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇ ਸਕਣ ।

5. ਪੰਥਕ ਅਸੈਂਬਲੀ ਵੱਲੋੋ ਬਰਗਾੜੀ ਮੋਰਚੇ ਦੀ ਪੂਰਨ ਹਿਮਾਇਤ
ਅਸੈਂਬਲੀ ਬਰਗਾੜੀ ਮੋਰਚੇ ਅਤੇ ਉਸ ਦੀਆਂ ਮੰਗਾਂ ਦੀ ਹਮਾਇਤ ਕਰਦੀ ਹੈ।ਪੰਜਾਬ ਅਤੇ ਪੰਜਾਬ ਤੋਂ ਬਾਹਰ ਵਸਦੀਆਂ ਸੰਗਤਾਂ ਵਹੀਰਾਂ ਘੱਤ ਕੇ ਬਰਗਾੜੀ ਪਹੁੰਚ ਰਹੀਆਂ ਹਨ ਅਤੇ ਮੋਰਚੇ ਦੀਆਂ ਜਾਇਜ਼ ਮੰਗਾਂ ਨਾਲ ਇੱਕਜੁਟਤਾ ਪ੍ਰਗਟ ਕਰ ਰਹੀਆਂ ਹਨ ਤਾਂ ਜੋ ਇਨਸਾਫ਼ ਦਿਵਾਇਆ ਜਾ ਸਕੇ।

ਅਸੈਂਬਲੀ ਮੋਰਚੇ ਦੀ ਮੰਗ ਦੀ ਹਮਾਇਤ ਕਰਦੀ ਹੈ ਕਿ ਜਿਨ੍ਹਾਂ ਸਿੱਖ ਕੈਦੀਆਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

ਅਸੈਂਬਲੀ ਪੰਜਾਬ ਦੇ ਹਰ ਧਰਮ ਦੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਮੋਰਚੇ ਵਿਚ ਆਪਣੇ ਹਿੱਸੇਦਾਰੀ ਜਾਰੀ ਰੱਖਣ।

6. ਪੰਥਕ ਅਸੈਂਬਲੀ ਬੇਅਦਬੀ ਦੇ ਮਾਮਲੇ ਵਿੱਚ ਵਾਈਟ ਪੇਪਰ ਜਾਰੀ ਕਰੇਗੀ
ਪੰਥਕ ਅਸੈਂਬਲੀ ਦਾ ਅੱਜ ਦਾ ਇਹ ਹਾਉਸ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਪੱਸ਼ਟ ਕਰਦਾ ਹੈ ਕਿ ਨਿਰੰਕਾਰੀ, ਡੇਰਾ ਸਰਸਾ, ਆਸ਼ੂਤੋਸ਼ੀਏ, ਭੰਨਿਆਰੀਏ ਆਦਿ ਨਾਵਾਂ ਹੇਠ ਦੇਹਧਾਰੀ ਗੁਰੂ ਦੰਭ ਨੂੰ ਖ਼ਾਲਸੇ ਦੀ ਪਿੱਤ੍ਰ ਭੂਮੀ ਪੰਜਾਬ ਵਿੱਚ ਭਾਰਤੀ ਸਟੇਟ ਨੀਤੀ ਤਹਿਤ ਮਿਥ ਕੇ ਸਥਾਪਤ ਕੀਤਾ ਹੈ। ਸਰਕਾਰੀ ਸਰਪ੍ਰਸਤੀ ਹੇਠ ਇਸ ਨੂੰ ਪਾਲਿਆ ਗਿਆ। ਸ਼ਬਦ ਗੁੁਰੂ ਦੇ ਸਿਧਾਂਤ ’ਤੇ ਲਿਖਤੀ ਹਮਲੇ ਕੀਤੇ ਗਏ, ਦਸਮੇਸ਼ ਪਿਤਾ ਜੀ ਦੇ ਸਰੂਪ, ਪੰਜ ਪਿਆਰਿਆਂ ਦੀ ਪੰਥਕ ਸੰਸਥਾ ਅਤੇ ਖੰਡੇ ਦੀ ਪਾਹੁਲ ਦੀ ਜੁਗਤ ਦੇ ਸਵਾਂਗ ਰਚੇ ਗਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਮਿਥ ਕੇ ਅਪਮਾਨ ਕਰਾਇਆ ਗਿਆ ਹੈ।

ਡੇਰਾ ਸੱਚਾ ਸੌਦਾ ਅਤੇ ਇਸਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਬਹਿਬਲ ਕਲਾਂ, ਬਰਗਾੜੀ ਅਤੇ ਕੋਟਕਪੂਰਾ ਘਟਨਾਵਾਂ ਵਿੱਚ ਸ਼ਮੂਲੀਅਤ ਦੇ ਸੰਧਰਭ ਵਿੱਚ ਵਾਈਟ ਪੇਪਰ ਪ੍ਰਕਾਸ਼ਤ ਕਰਨ ਦੀ ਫ਼ੈਸਲਾ ਕੀਤਾ ਜਾਂਦਾ ਹੈ ਜਿਸ ਲਈ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਅਤੇ ਮਾਹਿਰਾਂ ਦੀ ਇੱਕ ਕਮੇਟੀ ਜਲਦੀ ਸਥਾਪਤ ਕੀਤੀ ਜਾਵੇਗੀ।

7. ਨਕੋਦਰ ਕਾਂਡ ਵਿੱਚ ਸ਼ਹੀਦੇ ਹੋਏ ਚਾਰ ਨੌਜਵਾਨਾਂ ਪ੍ਰਥਾਏ ਬਣੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਰਿਪੋਰਟ ਪੰਜਾਬ ਸਰਕਾਰ ਜਨਤਕ ਕਰੇ

2 ਫਰਵਰੀ 1986 ਨੂੰ ਨਕੋਦਰ ਵਿਚ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਸਿੱਖ ਵਿਰੋਧ ਕਰ ਰਹੇ ਹਨ ਤਾਂ ਚਾਰ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ ਸੀ। ਉਸ ਸਮੇਂ ਦੀ ਸਰਕਾਰ ਨੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਸਥਾਪਨਾ ਕੀਤੀ ਸੀ ਜਿਸ ਨੇ ਇੱਕ ਸਾਲ ਬਾਅਦ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿਤੀ ਸੀ ਜੋ ਅੱਜ ਤਕ ਜਨਤਕ ਨਹੀਂ ਕੀਤੀ ਗਈ।

ਪੰਥਕ ਅਸੈਂਬਲੀ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਜਨਤਕ ਕੀਤਾ ਜਾਵੇ। ਅਸੈਂਬਲੀ ਨੇ ਵਕੀਲਾਂ ਦੀ ਇੱਕ ਕਮੇਟੀ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਪਰਿਵਾਰਾਂ ਨੂੰ ਬਣਦਾ ਇਨਸਾਫ ਦਿਵਾਇਆ ਜਾ ਸਕੇ।

8. ਪੰਥਕ ਅਸੈਂਬਲੀ ਵੱਲੋਂ ਪੰਥ ਦੇ ਗੱਦਾਰ ਅਤੇ ਸਿੱਖਾਂ ਦੇ ਕਾਤਲ ਬਾਦਲ ਪਿਉ-ਪੁੱਤ ਦਾ ਸਿਆਸੀ ਬਾਈਕਾਟ ਕਰਨ ਅਤੇ ਅਕਾਲੀ ਕਾਰਕੁੰਨਾ ਨੂੰ ਪੰਥ ਵਿਰੋਧੀ ਪਿਉ-ਪੁੱਤ ਦੀ ਕਿਸ਼ਤੀ ਤੋਂ ਉਤਰਨ ਦਾ ਸੱਦਾ ਦਿੰਦੀ ਹੈ।

9. ਨਵੰਬਰ 1984 ਕਤਲੇਆਮ ਨੂੰ ਨਸਲਕੂਸ਼ੀ ਦੱਸਦਿਆਂ ਪੰਥਕ ਅਸੈਂਬਲੀ ਨੇ ਕੈਨੇਡਾ, ਅਮਰੀਕਾ ਦੀਆਂ ਸੁਬਾਈ ਸਰਕਾਰਾਂ ਵੱਲੋਂ ਇਸ ਨੂੰ ਨਸਲਕੁਸ਼ੀ ਕਰਾਰ ਦੇਣ ਦਾ ਸਵਾਗਤ ਕੀਤਾ।

10. ਪੰਥਕ ਅਸੈਂਬਲੀ ਸ਼੍ਰੋਮਣੀ ਕਮੇਟੀ ਤੋਂ ਮੰਗ ਕਰਦੀ ਹੈ ਕਿ ਬਹਿਬਲ ਕਲਾਂ ਦੇ ਦੋਨਾਂ ਸ਼ਹੀਦਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸੁਸ਼ੋਬਿਤ ਕੀਤੀ ਜਾਵੇ ਅਤੇ ਸਿਰਸਾ ਸਾਧ ਨੂੰ ਮਾਫੀ ਦੇਣ ਵਾਲੇ ਜਥੇਦਾਰ ਗਿਆਨੀ ਮੱਲ੍ਹ ਸਿੰਘ ਦੀ ਤਸਵੀਰ ਉਥੋਂ ਉਤਾਰੀ ਜਾਵੇ।

11. ਪੰਥਕ ਅਸੈਂਬਲੀ ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤ ਸਰਕਾਰ ਨੂੰ ਪਾਕਿਸਤਾਨ ਸਰਕਾਰ ਦੀ ਤਜਵੀਜ ਦਾ ਹਾਂ-ਪੱਖੀ ਜਵਾਬ ਦੇਣ ਦੀ ਮੰਗ ਕਰਦੀ ਹੈ।

12. ਪੰਥਕ ਅਸੈਂਬਲੀ ਅਣਮਿੱਥੇ ਸਮੇਂ ਲਈ ਮੁਅੱਤਲ ਕੀਤੀ ਜਾਂਦੀ ਹੈ।”

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,