March 31, 2015 | By ਸਿੱਖ ਸਿਆਸਤ ਬਿਊਰੋ
ਚੰਡੀਗੜ (31 ਮਾਰਚ, 2015): ਫਿਲਮ ਨਾਨਕਸ਼ਾਹ ਫਕੀਰ ਦੇ ਨਿਰਮਾਤਾਵਾਂ ਨੇ ਕਿਹਾ ਕਿ ਉਨ੍ਹਾਂ ਨੇ ਫਿਲਮ ਵਿੱਚ ਗੁਰੂ ਨਾਨਕ ਸਾਹਿਬ ਨੂੰ ਕੰਪਿਊਟਰ ਤਕਨੀਕ ਰਾਹੀਂ ਫਿਲਮਾਇਆ ਹੈ ਅਤੇ ਕਿਸੇ ਅਦਾਕਾਰ ਨੇ ਗੁਰੂ ਸਾਹਿਬ ਜੀ ਦੀ ਭੂਮਿਕਾ ਨਹੀਂ ਨਿਭਾਈ ਅਤੇ ਇਸ ਤਰਾਂ ਉਨ੍ਹਾਂ ਨੇ ਇਸ ਫਿਲਮ ਵਿੱਚ ਸਿੱਖ ਸਿਧਾਂਤ/ਪ੍ਰੰਪਰਾ ਦੀ ਕੋਈ ਉਲੰਘਣਾ ਨਹੀਂ ਕੀਤੀ।
ਪਰ ਇੰਟਰਨੈੱਟ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫਿਲਮ “ਨਾਨਕ ਸ਼ਾਹ ਫਕੀਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਭੂਮਿਕਾ ਕਿਸੇ ਮਨੁੱਖੀ ਅਦਾਕਾਰ ਵੱਲੋਂ ਨਿਭਾਈ ਗਈ ਹੈ।
“ਸਿੱਖ ਸਿਆਸਤ” ਵੈਬਸਾਈਟ ਵੱਲੋਂ ਇਸ ਮਸਲੇ ‘ਤੇ ਕਈ ਪੰਥਕ ਸ਼ਖਸ਼ੀਅਤਾਂ ਨਾਲ ਗੱਲ ਕੀਤੀ ਗਈ । ਸਾਰਿਆਂ ਵਿਦਵਾਨਾਂ / ਪੰਥਕ ਸ਼ਖਸ਼ੀਅਤਾਂ ਨੇ ਕਿਹਾ ਕਿ ਸਿੱਖ ਗੁਰੂ ਸਹਿਬਾਨਾਂ ਨੂੰ ਫਿਲਮਾਂ ਵਿੱਚ ਕਿਸੇ ਮਨੁੱਖੀ ਅਦਾਕਾਰ ਦੀ ਅਦਾਕਾਰੀ ਦੁਆਰਾ, ਐਨੀਮੇਸ਼ਨ ਦੁਆਰਾ, ਫੋਟੋਆਂ ਦੁਆਰਾ ਜਾਂ ਕੰਪਿਊਟਰ ਤਕਨੀਕ ਦੁਆਰਾ ਫਿਲਮਾਉਣਾ ਸਿੱਖ ਸਿਧਾਂਤਾਂ/ਪਰੰਪਰਾਵਾਂ ਦੀ ਉਲੰਘਣਾ ਹੈ।
“ਸਿੱਖ ਸਿਆਸਤ” ਨਾਲ ਗੱਲ ਕਰਦਿਆਂ ਸਿੱਖ ਚਿੰਤਕ ਅਤੇ ਲੇਖਕ ਸ੍ਰ. ਅਜਮੇਰ ਸਿੰਘ ਨੇ ਕਿਹਾ ਕਿ ਸਿੱਖ ਗੁਰੂ ਸਹਿਬਾਨਾਂ ਨੂੰ ਐਨੀਮੇਸ਼ਨ, ਕੰਪਿਊਟਰ ਗਰਾਫਿਕਸ, ਫੋਟੋਆਂ ਜਾਂ ਕਾਰਟੂਨਾਂ ਰਾਹੀਂ ਫਿਲਮਾਉਣ ਦੀ ਖਾਲਸਾ ਪੰਥ ਦੇ ਸਿਧਾਂਤਾਂ ਅਤੇ ਰਵਾਇਤਾਂ ਦੀ ਘੋਰ ਉਲੰਘਣਾ ਹੈ।
ਗੁਰੂ ਸਾਹਿਬਾਨ ਨੂੰ ਕਿਸੇ ਅਦਾਕਾਰ ਵੱਲੋ ਅਦਾਕਾਰੀ ਰਾਹੀਂ ਜਾਂ ਕਾਰਟੂਨ ਵਗੈਰਾ ਵਿਧੀਆਂ ਰਾਹੀਂ ਪ੍ਰਦਰਸ਼ਿਤ ਕਰਨ ਵਿੱਚ ਕੋਈ ਫਰਕ ਨਹੀਂ ਹੈ। ਸਿੱਖ ਗੁਰੂ ਸਾਹਿਬਾਨ ਨੂੰ ਕਿਸੇ ਵੀ ਤਰੀਕੇ ਨਾਲ ਫਿਲਮਾਉਣ/ ਪ੍ਰਦਰਸ਼ਿਤ ਕਰਨ ਵਿਰੁੱਧ ਲੰਮੇ ਸਮੇਂ ਤੋਂ ਨਿਰਧਾਰਤ ਪੰਥਕ ਐਲਾਨਨਾਮੇ ਦੀ ਉਲੰਘਣਾ ਹੈ।
ਡਾ. ਸੇਵਕ ਸਿੰਘ ਨੇ ਉਪਰੋਕਤ ਵਿਚਾਰਾਂ ਨਾਲ ਸਹਿਮਤ ਹੁੰਦਿਆਂ ਕਿਹਾ ਕਿ ਸਿੱਖ ਗੁਰੂਆਂ ਨੂੰ ਮਨੁੱਖੀ ਅਦਾਕਰੀ ਰਾਹੀਂ ਅਤੇ ਕੰਪਿਊਟਰ ਗਰਾਫਿਕਸ, ਐਨੀਮੇਸ਼ਨ ਜਾਂ ਫੋਟੋਆਂ ਰਾਹੀਂ ਪੇਸ਼ਕਾਰੀ ਵਿੱਚ ਕੋਈ ਫਰਕ ਨਹੀਂ ਹੈ।
ਦਲ ਖਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਸਿੱਖ ਗੁਰੂ ਸਹਿਬਾਨਾਂ ਦੀ ਕਿਸੇ ਢੰਗ ਨਾਲ ਵੀ ਕੀਤੀ ਪੇਸ਼ਕਾਰੀ ਖਾਲਸਾ ਪੰਥ ਵਿੱਚ ਮਨ੍ਹਾਂ ਹੈ।
ਸਿੱਖ ਯੂਥ ਆਫ ਪੰਜਾਬ ਦੇ ਸਲਾਹਕਾਰ ਸ੍ਰ. ਪ੍ਰਭਜੋਤ ਸਿੰਘ ਨੇ ਉਪਰੋਕਤ ਵਿਚਾਰਾਂ ਦੀ ਤਸਦੀਕ ਕਰਦਿਆਂ ਕਿਹਾ ਕਿ ਕੰਪਿਊਟਰ ਗਰਾਫਿਕਸ ਜਾਂ ਐਨੀਮੇਸ਼ਨ ਰਾਹੀਂ ਪੇਸ਼ਕਾਰੀ ਮਨੁੱਖੀ ਅਦਾਕਾਰੀ ਨਾਲੋਂ ਕਿਸੇ ਤਰਾਂ ਵੀ ਵੱਖਰੀ ਨਹੀਂ।ਉਨ੍ਹਾਂ ਕਿਹਾ ਕਿ ਜਿਹੜਾ ਮਨੁੱਖੀ ਅਦਾਕਰੀ ਰਾਹੀਂ ਨਹੀਂ ਦਿਖਾਇਆ ਜਾ ਸਕਦਾ, ਉਹ ਕਿਸੇ ਹੋਰ ਤਕਨੀਕ ਚਾਹੇ ਉਹ ਕੰਪਿਊਟਰ ਗਰਾਫਿਕਸ ਹੋਵੇ, ਚਾਹੇ ਉਹ ਕਾਰਟੂਨ ਜਾਂ ਐਨੀਮੇਸ਼ਨ ਹੋਵੇ, ਰਾਹੀਂ ਨਹੀਂ ਦਿਖਾਇਆ ਜਾ ਸਕਦਾ। ਇੱਥੋਂ ਤੱਕ ਕਿ ਸਿੱਖ ਗੁਰੂ ਸਹਿਬਾਨਾਂ ਦੀਆਂ ਫੋਟੋਆਂ ਵੀ ਸਿੱਖ ਸਿਧਾਂਤਾਂ ਦੀ ਉਲੰਘਣਾ ਹਨ।
ਫਿਲਮ “ਨਾਨਕ ਸ਼ਾਹ ਫਕੀਰ” ਦੇ ਨਿਰਮਾਤਾ ਐਨੀਮੇਸ਼ਨ ਫਿਲਮ “ਚਾਰ ਸਾਹਿਬਜ਼ਾਦੇ” ਨੂੰ ਮਿਲੀ ਮਾਨਤਾ ਨੂੰ ਵੀ ਆਪਣੇ ਬਚਾਅ ਲਈ ਵਰਤ ਰਹੇ ਹਨ।
ਸਿੱਖ ਸਿਆਸਤ ਨਾਲ ਫੋਨ ‘ਤੇ ਗੱਲ ਕਰਦਿਆਂ ਡਾ. ਸੇਵਕ ਸਿੰਘ ਨੇ ਕਿਹਾ ਕਿ ਕਿਸੇ ਅਜਿਹੀ ਫਿਲਮ ਨੂੰ ਮਿਲੀ ਗਲਤ ਮਾਨਤਾ ਨੂੰ ਆਉਣ ਵਾਲੇ ਸਮੇਂ ਲਈ ਜ਼ਾਇਜ ਨਹੀਂ ਠਹਰਾਇਆ ਜਾ ਸਕਦਾ।ਜੇਕਰ ਕਿਸੇ ਤਰਾਂ ਕੋਈ ਇੱਕ ਅਜਿਹੀ ਪੇਸ਼ਕਾਰੀ ਮਾਨਤਾ ਪ੍ਰਾਪਤ ਕਰ ਲੈਂਦੀ ਹੈ ਤਾਂ, ਇਸ ਗਲਤੀ ਨੂੰ ਸੁਧਾਰਿਆ ਜਾਣਾ ਚਾਹੀਦਾ ਹੈ ਅਤੇ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਨੂੰ ਮਿਲੀ ਮਾਨਤਾ ਰਾਹੀਂ ਆਉਣ ਵਾਲੇ ਸਮੇਂ ਵਿੱਚ ਅਜਿਹੀ ਉਲੰਘਣਾਂ ਨੂੰ ਜ਼ਾਇਜ ਨਹੀਂ ਠਹਿਰਾਇਆ ਜਾ ਸਕਦਾ।
ਇੱਥੇ ਇਹ ਯਾਦ ਰੱਖਣਯੋਗ ਗੱਲ ਹੈ ਕਿ ਸਿੱਖ ਸਿਆਸਤ ਨੇ ਫਿਲਮ “ਚਾਰ ਸਾਹਿਬਜ਼ਾਦੇ” ਵਿੱਚ ਗੁਰੂ ਸਹਿਬਾਨ ਅਤੇ ਚਾਰ ਸਾਹਿਜ਼ਾਦਿਆਂ ਦੇ ਫਿਲਮੀ ਚਿਤਰਨ ਵਿਰੁੱਧ ਇਤਰਾਜ਼ ਉਠਾਏ ਸਨ। ਸਿੱਖ ਸਿਆਸਤ ਦੇ ਐਡੀਟਰ ਸ੍ਰ. ਪਰਮਜੀਤ ਸਿੰਘ ਗਾਜ਼ੀ ਵੱਲੋਂ ਸਿੱਖ ਵਿਦਵਾਨ ਅਤੇ ਲੇਖਕ ਸ੍ਰ. ਅਜਮੇਰ ਸਿੰਘ ਨਾਲ ਫਿਲਮ “ਚਾਰ ਸਾਹਿਬਜ਼ਾਦੇ” ਵਿੱਚ ਗੁਰੂ ਸਹਿਬ ਅਤੇ ਚਾਰ ਸਾਹਿਬਜ਼ਾਦਿਆਂ ਦੇ ਚਿਤਰਨ ਦੇ ਮੁੱਦੇ ‘ਤੇ ਗੱਲਬਾਤ ਕੀਤੀ ਸੀ।
ਸਿੱਖ ਸਿਆਸਤ ਦੇ ਐਡੀਟਰ ਤੇ ਸਿੱਖ ਸਟੂਡੈਂਟਸ ਦੇ ਸਾਬਕ ਪ੍ਰਧਾਨ ਸ੍ਰ. ਪਰਮਜੀਤ ਸਿੰਘ ਗਾਜ਼ੀ ਨੇ ਕਿਹਾ ਕਿ ਸਿੱਖ ਸਟੂਡੈਂਟਸ ਫੈੱਡਰੇਸ਼ਨ ਨੇ ਪਹਿਲੀ ਕਾਰਟੂਨ ਫਿਲਮ ਸਾਹਿਬਜ਼ਾਦੇ (2005) ਅਤੇ ਮੂਲਾ ਖੱਤਰੀ (2008) ਵਿੱਚ ਸਾਹਿਬਜ਼ਾਦਿਆਂ ਅਤੇ ਗੁਰੂ ਨਾਨਕ ਸਾਹਿਬ ਦੇ ਪਾਤਰ ਦੀ ਪੇਸ਼ਕਾਰੀ ਦਾ ਵਿਰੋਧ ਕੀਤਾ ਸੀ।
ਉਨ੍ਹਾਂ ਕਿਹਾ ਕਿ ” ਅਸੀਂ ਕਾਰਟੂਨ ਫਿਲਮਾਂ ਸਾਹਿਬਜ਼ਾਦੇ (2005) ਅਤੇ ਮੂਲਾ ਖੱਤਰੀ (2008) ਵਿੱਚ ਸਾਹਿਬਜ਼ਾਦਿਆਂ ਅਤੇ ਗੁਰੂ ਸਾਹਿਬ ਦੇ ਪਾਤਰ ਚਿਤਰਨ ‘ਤੇ ਇਤਰਾਜ਼ ਕੀਤਾ ਸੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਨੂੰ ਯਾਦ ਪੱਤਰ ਸੌਂਪਕੇ ਇਸ ਪ੍ਰਵਿਰਤੀ ਵਿਰੁੱਧ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਸੀ, ਪਰ ਬਦਕਿਸਮਤੀ ਨਾਲ ਉਨ੍ਹਾਂ ਇਸ ਸਬੰਧੀ ਕੁਝ ਨਹੀਂ ਕੀਤਾ ਅਤੇ ਨਤੀਜ਼ਾ ਅੱਜ ਸਾਰਿਆਂ ਦੇ ਸਾਹਮਣੇ ਹੈ”।
ਉਨ੍ਹਾਂ ਦੱਸਿਆ ਕਿ ਸਿੱਖ ਸਿਆਸਤ ਦਾ ਵਿਸ਼ਵਾਸ਼ ਹੈ ਕਿ ਸਿੱਖ ਪੰਥ ਨੂੰ ਇਸ ਮਸਲੇ ‘ਤੇ ਡੂੰਘੀ ਸੋਚ ਵਿਚਾਰ ਕਰਨੀ ਚਾਹੀਦੀ ਹੈ ਅਤੇ ਸਿੱਖ ਗੁਰੂ ਸਾਹਿਬਾਨ ਦੀ ਫਿਲਮਾਂ, ਨਾਟਕਾਂ, ਐਨੀਮੇਸ਼ਨ, ਫੋਟੋਆਂ ਜਾਂ ਕਿਸੇ ਵੀ ਤਰੀਕੇ ਰਾਹੀਂ ਪੇਸ਼ਕਾਰੀ ‘ਤੇ ਪਾਬੰਦੀ ਲਾਉਣ ਲਈ ਚਿਰਸਥਾਈ ਅਤੇ ਸਖਤ ਪੈਤੜਾ ਅਖਤਿਆਰ ਕਰਨਾ ਚਾਹੀਦਾ ਹੈ।
Related Topics: Ajmer Singh, Chaar Sahibzaade Movie, Dal Khalsa International, Dr. Sewak Singh, Nanak Shah Fakir Film Controversy, Parmjeet Singh Gazi, Sikh Students Federation, Sikh Youth of Punjab