ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ

ਫਗਵਾੜਾ ਹਿੰਸਾ: ਹਿੰਦੁਤਵ ਜਥੇਬੰਦੀਆਂ ਦੇ 4 ਆਗੂ ਗ੍ਰਿਫਤਾਰ, ਦੁਆਬੇ ਵਿਚ 16 ਅਪ੍ਰੈਲ ਸ਼ਾਮ ਤਕ ਇੰਟਰਨੈਟ ਸੇਵਾਵਾਂ ਠੱਪ

April 15, 2018 | By

ਜਲੰਧਰ: ਫਗਵਾੜਾ ਵਿਖੇ ਸ਼ੁਕਰਵਾਰ ਰਾਤ ਨੂੰ ਹਿੰਦੂ ਅਤੇ ਦਲਿਤ ਧਿਰਾਂ ਦਰਮਿਆਨ ਹੋਏ ਟਕਰਾਅ ਸਬੰਧੀ ਪੁਲਿਸ ਨੇ ਵੱਖ-ਵੱਖ ਹਿੰਦੂ ਜਥੇਬੰਦੀਆਂ ਦੇ 4 ਆਗੂ ਗ੍ਰਿਫਤਾਰ ਕੀਤੇ ਹਨ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿਚ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉਪ ਪ੍ਰਧਾਨ ਇੰਦਰਜੀਤ ਕਰਵਲ, ਸ਼ਿਵ ਸੈਨਾ ਦੇ ਕੌਮੀ ਪ੍ਰਧਾਨ ਸ਼ਿਵੀ ਬੱਤਾ, ਬਾਰਤੀ ਜਨਤਾ ਯੁਵਾ ਮੋਰਚਾ ਦੇ ਰਾਜੀਵ ਚਾਹਲ ਅਤੇ ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਦੇ ਸੂਬਾ ਪ੍ਰਧਾਨ ਦੀਪਕ ਭਾਰਦਵਾਜ ਦੇ ਨਾਂ ਸ਼ਾਮਿਲ ਹਨ।

ਅੱਜ ਵੀ ਫਗਵਾੜਾ ਵਿਚ ਸਥਿਤੀ ਤਣਾਅਪੂਰਨ ਬਣੀ ਰਹੀ। ਫਗਵਾੜਾ ਦੇ ਐਸ.ਐਚ.ਓ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਉਪਰੋਕਤ ਹਿੰਦੂ ਆਗੂਆਂ ਨੂੰ ਗ੍ਰਿਫਤਾਰ ਕਰਕੇ ਜੁਡੀਸ਼ੀਅਲ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ, ਤੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ।

ਐਸ.ਐਚ.ਓ ਨੇ ਦਾਅਵਾ ਕੀਤਾ ਕਿ ਹਿੰਦੂ ਆਗੂਆਂ ਨੂੰ ਦਿੱਤੇ ਗਏ ਸਾਰੇ ਹਥਿਆਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ।

ਦੁਆਬੇ ਵਿਚ ਇੰਟਰਨੈਟ ਸੇਵਾਵਾਂ 16 ਅਪ੍ਰੈਲ ਸ਼ਾਮ ਤਕ ਠੱਪ ਰਹਿਣਗੀਆਂ:
ਫਗਵਾੜਾ ਵਿਚ ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ ਲੋਕਾਂ ਵਿੱਚ ਅਮਨ-ਸ਼ਾਂਤੀ ਅਤੇ ਸਦਭਾਵਨਾ ਬਣਾਏ ਰੱਖਣ ਲਈ ਪੰਜਾਬ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀਆਂ ਅਫਵਾਵਾਂ ਰੋਕਣ ਲਈ 4 ਜ਼ਿਲ੍ਹਿਆਂ ਵਿਚ ਮੋਬਾਇਲ ਇੰਟਰਨੈੱਟ ਸੇਵਾਵਾਂ ਨੂੰ ਬੰਦ ਰੱਖਣ ਦੇ ਹੁਕਮਾਂ ਨੂੰ 16 ਅਪ੍ਰੈਲ, 2018 ਤੱਕ ਵਧਾਉਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵੋਆਇਸ ਕਾਲਜ਼ ਨੂੰ ਛੱਡ ਕੇ ਮੋਬਾਇਲ ਇੰਟਰਨੈੱਟ ਸੇਵਾਵਾਂ (2ਜੀ, 3ਜੀ, 4ਜੀ, ਸੀ.ਡੀ.ਐੱਮ.ਏ.) ਅਤੇ ਸਾਰੀਆਂ ਡੋਂਗਲ ਸੇਵਾਵਾਂ ਨੂੰ 4 ਜ਼ਿਲ੍ਹਿਆਂ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ 16 ਅਪ੍ਰੈਲ ਤੱਕ ਠੱਪ ਕਰਨ ਦੇ ਹੁਕਮ ਦਿੱਤੇ ਹਨ।

ਉਨ੍ਹਾ ਅੱਗੇ ਕਿਹਾ ਕਿ ਸੂਬੇ ਵਿੱਚ ਟੈਲੀਕਾਮ ਸੇਵਾਵਾਂ ਮੁਹੱਈਆ ਕਰਵਾਉਣ ਵਾਲੇ ਅਤੇ ਬੀ.ਐੱਸ.ਐੱਨ.ਐੱਲ. (ਪੰਜਾਬ) ਦੇ ਮੁਖੀ ਨੂੰ ਇਹ ਹੁਕਮ ਲਾਗੂ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾ ਕਿਹਾ ਕਿ ਜੇਕਰ ਕੋਈ ਵਿਅਕਤੀ ਉਕਤ ਹੁਕਮ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: