ਸਾਹਿਤਕ ਕੋਨਾ

ਇਕ ਦਿਨ ਮੌਤ ਮਿਲੇਗੀ…(ਕਵਿਤਾ)- ਸੇਵਕ ਸਿੰਘ

April 25, 2020 | By

ਮੁਸਾਫਰ ਹੋ ਕੇ ਬੰਦਾ ਦੁਨੀਆ ਵੇਖ ਲੈਂਦਾ ਹੈ। ਕੀ ਮੁਸਾਫਰੀ ਮੌਤ ਨੂੰ ਮੋਢੇ ਲੈ ਤੁਰਣ ਦੇ ਪੁਰਾਣੇ ਬਿੰਬ ਨਾਲ ਘੋੜੇ ਸਵਾਰ ਹੋ ਕੇ ਹੀ ਤੁਰ ਰਹੀ ਹੈ। ਮੁਸਾਫਰੀ ਨੂੰ ਸਾਡੇ ਲੋਕਾਂ ਨੇ ਅੱਧੀ ਮੌਤ ਮੰਨਿਆ ਹੈ ਪਰ ਭੁੱਖ ਨੂੰ ਪੂਰੀ ਮੌਤ ਮੰਨਿਆ ਹੈ। ਮੌਤ ਸਭ ਨੂੰ ਇਕ ਦਿਨ ਆਉਣੀ ਹੈ ਪਰ ਭੁੱਖ ਦਿਨ ਵਿਚ ਕਈ ਵਾਰ ਆਉਂਦੀ ਹੈ। ਬਿਮਾਰੀ ਜਿੰਦਗੀ ਵਿਚ ਕਈ ਵਾਰ ਆਉਂਦੀ ਹੈ। ਮਰਨਾ ਸਭ ਨੇ ਹੈ ਪਰ ਬੰਦੇ ਨੂੰ ਕਿਸ ਹਾਲ ਵਿਚ ਮਰਨਾ ਚਾਹੀਦਾ ਹੈ।

ਭੁੱਖ ਨਾਲ
ਬਿਮਾਰੀ ਨਾਲ
ਡਰ ਨਾਲ

ਜੀਹਨੂੰ ਤਿੰਨੇ ਰਾਹ ਪਸੰਦ ਨਹੀਂ ਹਨ ਉਹਨਾਂ ਪਤਾ ਹੋਏਗਾ ਕਿ ਕਿਹੜੀ ਮੌਤ ਮਰਨਾ ਚਾਹੀਦਾ ਹੈ ਪਰ ਓਹ ਅੜਬਾਈ ਵਾਲੇ ਵਿਸ਼ੇਸ਼ਣ ਤੋਂ ਬਚਣਗੇ ਨਹੀਂ।

ਇਕ ਦਿਨ ਮੌਤ ਮਿਲੇਗੀ… 

 

ਹੱਥ ਬੰਨ੍ਹ ਬੰਨ੍ਹ ਬਚਦਿਆਂ ਨੂੰ,

ਮੂੰਹ ਆਈ ਗੱਲ ਡੱਕਦਿਆਂ ਨੂੰ

ਤੇ ਸਿਰ ਉੱਚਾ ਚੱਕਦਿਆ ਨੂੰ ਇਕ ਦਿਨ ਮੌਤ ਮਿਲੇਗੀ

ਲੁਟ ਲੁਟ ਬੋਝੇ ਭਰਦਿਆਂ ਨੂੰ,

ਹੱਕ ਕਮਾਈ ਕਰਦਿਆਂ ਨੂੰ

ਦੁਖੀਆਂ ਦੇ ਦੁੱਖ ਜਰਦਿਆਂ ਨੂੰ ਇਕ ਦਿਨ ਮੌਤ ਮਿਲੇਗੀ।

ਚੁਗਲੀ ਨਿੰਦਾ ਕਰਦਿਆਂ ਨੂੰ,

ਖੋਜੀਂ ਜਿਤਦਿਆਂ ਹਰਦਿਆਂ ਨੂੰ

ਉਹਦੀ ਯਾਦ ਚ ਠਰਦਿਆਂ ਨੂੰ ਇਕ ਦਿਨ ਮੌਤ ਮਿਲੇਗੀ

ਬਦਨਾਮੀ ਝੂਟੇ ਲੈਂਦਿਆਂ ਨੂੰ,

ਗੁਮਨਾਮੀ ਭੋਇੰ ਪੈਂਦਿਆਂ ਨੂੰ

ਸਦਾ ਨਿਰਲੇਪੇ ਰਹਿੰਦਿਆਂ ਨੂੰ ਇਕ ਦਿਨ ਮੌਤ ਮਿਲੇਗੀ

ਡਰ ਕੇ ਅੰਦਰ ਛੁਪਿਆਂ ਨੂੰ,

ਦੁਬਿਧਾ ਦੇ ਵਿਚ ਰੁਕਿਆਂ ਨੂੰ

ਮੰਜਲ ਦੇ ਬੂਹੇ ਢੁੱਕਿਆਂ ਨੂੰ ਸਭ ਨੂੰ ਮੌਤ ਮਿਲੇਗੀ

ਗੈਰਾਂ ਦੀ ਗੋਦੀ ਚੜ੍ਹਦਿਆਂ ਨੂੰ,

ਜੇਲੀਂ ਜਲਾਤਵਨੀ ਸੜਦਿਆਂ

ਸਸਤਰ ਫੜ ਕੇ ਲੜਦਿਆਂ ਨੂੰ ਇਕ ਦਿਨ ਮੌਤ ਮਿਲੇਗੀ।

ਡਰ ਕੇ ਛਿੜੀਆਂ ਕੰਬਾਂ ਦੇ ਨਾਲ,

ਦੁਖ ਬਿਮਾਰੀ ਢੰਗਾਂ ਦੇ ਨਾਲ

ਜਾਂ ਫਾਂਸੀ ਤੀਰਾਂ ਬੰਬਾਂ ਦੇ ਨਾਲ ਸਭ ਨੂੰ ਮੌਤ ਮਿਲੇਗੀ।

ਸਭ ਸਵਾਲਾਂ ਦਾ ਹੱਲ ਬਣਕੇ

ਸਭ ਕਰਮਾਂ ਦਾ ਫਲ਼ ਬਣਕੇ

ਸਭ ਸਮਿਆਂ ਦਾ ਇਕ ਪਲ ਬਣਕੇ ਇਕ ਦਿਨ ਮੌਤ ਮਿਲੇਗੀ

ਕਿਥੇ ਖੜਦੀ ਸੁਰਤ ਬੰਦੇ ਦੀ

ਕੈਸੀ ਸੀ ਕਿਰਤ ਬੰਦੇ ਦੀ

ਪਛਾਣ ਪੂਰੀ ਜੀ ਤੁਰਤ ਬੰਦੇ ਦੀ ਜਿਸ ਦਿਨ ਮੌਤ ਮਿਲੇਗੀ।

ਮੌਤ ਨੂੰ ਸਾਰੇ ਮਾਰਨਾ ਚਾਹੁੰਦੇ

ਵਿਰਲੇ ਹੀ ਨੇ ਮੌਕਾ ਪਾਉਂਦੇ ਨੇ

ਜਿਹੜੇ ਸੱਜਣਾਂ ਮਰ ਕੇ ਜਿਉਂਦੇ  ਜਿੰਦਗੀ ਜਿਉਂ ਮੌਤ ਨੂੰ ਮਿਲੇਗੀ।

ਉਞ ਤੇ ਸਭ ਨੂੰ ਮੌਤ ਮਿਲੇਗੀ।

ਗੱਲ ਇਹੋ ਕਿ ਕਿਹੜੇ ਲੋਟ ਮਿਲੇਗੀ।

– ਸੇਵਕ ਸਿੰਘ

 

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।