ਸੰਤ ਜਰਨੈਲ ਸਿੰਘ (ਕਵਿਤਾ)
June 6, 2019 | By ਹਰਦੇਵ ਸਿੰਘ
ਬੇਸਿਦਕਾਂ ਦਾਅ ‘ਤੇ ਲਾ ਦਿਤੀ
ਜਦ ਕੌਮਾਂ ਦੀ ਤਕਦੀਰ।
ਕੋਈ ਅੰਬਰੋਂ ਪੰਛੀ ਲਹਿ ਪਿਆ
ਤੇਰੇ ਨਾਂ ‘ਤੇ ਆਣ ਅਖੀਰ॥
ਤੂੰ ਸੰਗਤ ਸਿੰਘ ਦੀ ਸੰਗਤ ‘ਚੋਂ
ਤੂੰ ਬੰਦਾ ਸਿੰਘ ਦੀਆਂ ਕਸਮਾਂ।
ਤੂੰ ਦੀਪ ਸਿੰਘ ਦਾ ਚਾਨਣ ਵੇ
ਤੂੰ ਮਨੀ ਸਿੰਘ ਦੀਆਂ ਰਿਸ਼ਮਾਂ॥
ਕੁਲ ਪਾਣੀ ਸਰਸਾ ਹੋ ਗਏ
ਅਸੀਂ ਮੁਦਤਾਂ ਤੋਂ ਦਿਲਗੀਰ।
ਤੂੰ ਟੁੱਟੀ ਆਣ ਗੰਡ੍ਹਾਈ ਵੇ
ਸਾਡਾ ਮੁਕ ਚਲਿਆ ਸੀ ਸੀਰ॥
ਮੁੜ ਦੇਸ ਮੇਰੇ ‘ਚੋਂ ਉਠਿਆ
ਕੁਲ ਕੌਮ ਦਾ ਓਹ ਸੁਲਤਾਨ।
ਜਿਨ੍ਹੇ ਮੂੰਹ ਵੈਰੀ ਦੇ ਮੋੜਤੇ
ਕੀਤੀ ਪੰਥ ਦੀ ਉੱਚੀ ਸ਼ਾਨ॥
ਸੀ ਓ ਨਾਲ ਅਕੀਦਿਆਂ ਖੇਡਦੇ
ਕੀਤੀ ਕੂੜ ਨੇ ਆਣ ਅਖ਼ੀਰ।
ਜੇ ਨਾ ਬਲਦੇ ਰੱਥ ਨੂੰ ਥੰਮਦਾ
ਛੱਡ ਜਾਂਦੇ ਸਿਦਕ ਫ਼ਕੀਰ॥
ਤੇਰਾ ਜਲਵਾ ਵੇਖ ਟਕਸਾਲੀਆ
ਚੱਬੇ ਉਂਗਲਾਂ ਰੂਮ ਸਿਆਮ।
ਜਿਵੇਂ ਨਲਵਾ ਖ਼ੈਬਰ ਗੂੰਜਦਾ
ਸਿੰਘ ਲੜੇ ਅਟਾਰੀ ਸ਼ਾਮ॥
ਤੂੰ ਪੂਰਨ ਸਿੰਘ ਦਾ ਪੂਰਨ ਵੇ
ਤੂੰ ਵੀਰ ਸਿੰਘ ਦਾ ਵੀਰ।
ਤੂੰ ਖਾਲਸੇ ਦਾ ਜਰਨੈਲ ਸਿੰਘ
ਗੁਰੂ ਗੋਬਿੰਦ ਸਿੰਘ ਦਾ ਤੀਰ।
– ਹਰਦੇਵ ਸਿੰਘ
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ (Shaheed Sant Jarnail Singh Bhindranwale)