ਸਿਆਸੀ ਖਬਰਾਂ

ਨਾਕਾਮੀਆਂ ਛੁਪਾਉਣ ਲਈ “ਪਟਿਆਲਾ ਬੰਬ ਕਾਂਡ” ਵਰਗੀਆਂ ਕਹਾਣੀਆਂ ਰਚੀ ਰਹੀ ਹੈ ਕਾਂਗਰਸ: ਚੰਦੂਮਾਜਰਾ

June 7, 2017 | By

ਪਟਿਆਲਾ: ਬਾਦਲ ਦਲ ਦੇ ਜਨਰਲ ਸਕੱਤਰ ਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਟਿਆਲਾ ਪੁਲਿਸ ਵਲੋਂ “ਬੰਬ ਬਣਾਉਣ ਵਾਲੇ” ਪਿਉ ਦੀ ਗ੍ਰਿਫਤਾਰੀ ਅਤੇ ਪੁੱਤਰ ਅਤੇ ਪਤਨੀ ਵਲੋਂ “ਖੁਦਕੁਸ਼ੀ” ਦੀਆਂ ਘਟਨਾਵਾਂ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕਰਦਿਆਂ ਇਸ ਮਾਮਲੇ ‘ਚ ਆਪਣੇ ਤੌਰ ‘ਤੇ ਜਾਂਚ ਲਈ ਤਿੰਨ ਮੈਂਬਰੀ ਵਕੀਲਾਂ ਦੀ ਤੱਥ ਖੋਜ ਕਮੇਟੀ ਕਾਇਮ ਕੀਤੀ ਹੈ। ਚੰਦੂਮਾਜਰਾ ਨੇ ਦੋਸ਼ ਲਾਇਆ ਕਿ ਪੰਜਾਬ ਪੁਲਿਸ ਨੇ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਦੇ ਪਏ ਰੌਲੇ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਦੀ ਸਾਜ਼ਿਸ਼ ਹੇਠ ਇੱਕ ਆਮ ਗੱਲ ਨੂੰ ਵੱਡੀ ਬਣਾ ਕੇ ਦਹਿਸ਼ਤ ਪੈਦਾ ਕਰ ਦਿੱਤੀ ਹੈ ਜਦੋਂਕਿ ਹਫ਼ਤਾ ਲੰਘਣ ਦੇ ਬਾਵਜੂਦ ਪੁਲਿਸ ਕੋਈ ਸਥਿਤੀ ਸਪੱਸ਼ਟ ਨਹੀਂ ਕਰ ਸਕੀ। ਮੁੱਢਲੇ ਤੌਰ ‘ਤੇ ਜੋ ਸਾਹਮਣੇ ਆ ਰਿਹਾ ਹੈ, ਉਸ ਤੋਂ ਸੰਕੇਤ ਮਿਲ ਰਹੇ ਹਨ ਕਿ ਬੰਬ ਕਾਂਡ ਦੀ ਉਪਜ ਸਰਕਾਰ ਦੀਆਂ ਲੋਕਾਂ ‘ਚ ਚਰਚਾ ਬਣੀਆਂ ਰੇਤ ਖੱਡ ਨਿਲਾਮੀ ਸਮੇਤ ਹੋਰ ਨਾਕਾਮੀਆਂ ਤੋਂ ਧਿਆਨ ਲਾਂਭੇ ਕਰਨਾ ਸੀ।

ਪੁਲਿਸ ਮੁਤਾਬਕ "ਪਟਿਆਲਾ ਬੰਬ ਕਾਂਡ" 'ਚ ਖੁਦਕੁਸ਼ੀ ਕਰਨ ਵਾਲਾ ਰਜਤਵੀਰ ਸਿੰਘ ਸੋਢੀ (ਫਾਈਲ ਫੋਟੋ)

ਪੁਲਿਸ ਮੁਤਾਬਕ “ਪਟਿਆਲਾ ਬੰਬ ਕਾਂਡ” ‘ਚ ਖੁਦਕੁਸ਼ੀ ਕਰਨ ਵਾਲਾ ਰਜਤਵੀਰ ਸਿੰਘ ਸੋਢੀ (ਫਾਈਲ ਫੋਟੋ)

ਪ੍ਰੋ. ਚੰਦੂਮਾਜਰਾ ਨੇ ਮੰਗਲਵਾਰ (6 ਜੂਨ) ਇੱਥੇ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਮਾਮਲੇ ਦੀ ਪੇਚੀਦਗੀ ਨੂੰ ਸਮਝਦਿਆਂ ਬੰਬ ਕਾਂਡ ਦੀ ਜਾਂਚ ਦੇ ਲਈ ਤਿੰਨ ਮੈਂਬਰੀ ਵਕੀਲਾਂ ਦੀ ਤੱਥ ਖੋਜ ਕਮੇਟੀ ਕਾਇਮ ਕੀਤੀ ਹੈ, ਜੋ ਤਿੰਨ ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਪੇਸ਼ ਕਰਕੇ ਸਚਾਈ ਸਾਹਮਣੇ ਲਿਆਵੇਗੀਙ ਤੱਥ ਖੋਜ ਕਮੇਟੀ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕਾਨੂੰਨੀ ਸਲਾਹਕਾਰ ਤੇ ਸੀਨੀਅਰ ਐਡਵੋਕੇਟ ਸਤਨਾਮ ਸਿੰਘ ਕਲੇਰ, ਸੀਨੀਅਰ ਐਡਵੋਕੇਟ ਕੁੰਦਨ ਸਿੰਘ ਨਾਗਰਾ ਅਤੇ ਸੀਨੀਅਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਸ਼ਾਮਲ ਹਨ।

ਜਦਕਿ ਦੂਜੇ ਪਾਸੇ ਕਾਂਗਰਸ ਦੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਤੇ ਰਾਜਪੁਰਾ ਤੋਂ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਘਨੌਰ ਦੇ ਵਿਧਾਇਕ ਠੇਕੇਦਾਰ ਮਦਨ ਲਾਲ ਜਲਾਲਪੁਰ ਨੇ ਬੰਬ ਕਾਂਡ ਸਬੰਧੀ ਬਾਦਲ ਦਲ ਵੱਲੋਂ ਕੀਤੀ ਜਾ ਰਹੀ ਸੀਬੀਆਈ ਜਾਂਚ ਦੀ ਮੰਗ ਨੂੰ ਹਾਸੋਹੀਣੀ ਕਰਾਰ ਦਿੰਦਿਆਂ ਕਿਹਾ ਕਿ ਅਸਲ ਵਿੱਚ ਬਾਦਲ ਦਲ ਦੇ ਆਗੂ ਆਪਣੀ ਕਰਾਰੀ ਹਾਰ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ। ਇਸ ਕਾਰਨ ਬੌਖਲਾਹਟ ਵਿੱਚ ਆ ਕੇ ਅਜਿਹੀ ਹਲਕੀ ਤੇ ਹੋਛੀ ਰਾਜਨੀਤੀ ‘ਤੇ ਉਤਰ ਆਏ ਹਨ।

ਸਬੰਧਤ ਖ਼ਬਰ:

ਪਟਿਆਲਾ ਪੁਲਿਸ ਮੁਤਾਬਕ; ਬੰਬ ਬਣਾਉਣ ਵਾਲਾ ਹਰਪ੍ਰੀਤ ਸਿੰਘ ਗ੍ਰਿਫਤਾਰ, ਪੁੱਤਰ ਰਜਤਵੀਰ ਵਲੋਂ ਖੁਦਕੁਸ਼ੀ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,