January 13, 2016 | By ਸਿੱਖ ਸਿਆਸਤ ਬਿਊਰੋ
ਜਿਉਂ ਜਿਉਂ 2017 ਨਜ਼ਦੀਕ ਆਉਂਦਾ ਜਾ ਰਿਹਾ ਹੈ, ਪੰਜਾਬ ਵਿੱਚ ਸਿਆਸੀ ਪਾਰਾ ਸਿੱਖਰ ਵੱਲ ਨੂੰ ਵੱਧਦਾ ਜਾ ਰਿਹਾ ਹੈ। ਪਿਛਲੇ ਸਾਲ ਵਾਪਰੀਆਂ ਕੁਝ ਘਟਨਾਵਾਂ ਨੇ ਇਸ ਪਾਰੇ ਦੀ ਗਤੀ ਨੂੰ ਇੱਕਦਮ ਤੇਜ ਕਰ ਦਿੱਤਾ ਹੈ। ਮੋਜੂਦਾ ਸਮੇਂ ਜਿੱਥੇ ਪੰਜਾਬ ਵਿੱਚ ਕਾਬਜ ਧਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਲੋਕ ਰੋਹ ਦਾ ਸਾਹਮਣਾ ਕਾਰਨਾ ਪੈ ਰਿਹਾ ਹੈ, ਉੱਥੇ ਇਸ ਲੋਕ ਰੋਹ ਨੂੰ ਵੋਟ ਵਿੱਚ ਬਦਲਣ ਲਈ ਵਿਰੋਧੀ ਧਿਰ ਕਾਂਗਰਸ ਅਤੇ ਨਵੀਂ ਖੜੀ ਹੋਈ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਪੂਰਾ ਜੋਰ ਲਗਾਇਆ ਜਾ ਰਿਹਾ ਹੈ। ਇਸ ਸਭ ਦੇ ਵਿਚਕਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਕੀਤੇ ਗਏ ਸਰਬੱਤ ਖਾਲਸਾ ਵਿੱਚ ਹੋਏ ਲੱਖਾਂ ਦੇ ਇਕੱਠ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਯੂਨਾਈਟਿਡ ਅਕਾਲੀ ਦਲ ਨੂੰ ਵੀ ਸਮਰਥਨ ਮਿਲਦਾ ਨਜਰ ਆ ਰਿਹਾ ਹੈ।ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਰਕਾਰ ਵਿੱਚ ਭਾਈਵਾਲ ਭਾਜਪਾ ਫਿਲਹਾਲ ਸਿਆਸੀ ਸਰਗਰਮੀਆਂ ਵਿੱਚ ਹਾਸ਼ੀਏ ਤੇ ਖੜੀ ਨਜਰ ਆ ਰਹੀ ਹੈ।

ਬੀਤੇ ਵਰ੍ਹੇ ਵਿਚ ਸਾਹਮਣੇ ਆਏ ਪੰਥਕ ਝਲਕਾਰੇ ਤੋਂ ਬਾਅਦ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਆਪਣੇ ਆਪ ਨੂੰ ਪੰਥਕ ਸਾਬਿਤ ਕਰਨ ਤੇ ਜੋਰ ਲਗਾਇਆ ਹੋਇਆ ਹੈ, ਉੱਥੇ ਸਿੱਖ ਧਰਮ ਨਾਲ ਸੰਬੰਧਿਤ ਧਾਰਮਿਕ ਦਿਹਾੜਿਆਂ ਨੂੰ ਆਪਣੀਆਂ ਵੋਟਾਂ ਪੱਕੀਆਂ ਕਰਨ ਖਾਤਿਰ ਵਰਤਣ ਲਈ ਵੀ ਸਭ ਸਿਆਸੀ ਧਿਰਾਂ ਤਰਲੋ ਮੱਛੀ ਹੁੰਦੀਆਂ ਨਜਰ ਆ ਰਹੀਆਂ ਹਨ।ਧਾਰਮਿਕ ਦਿਹਾੜਿਆਂ ਤੇ ਲਗਾਈਆਂ ਜਾਂਦੀਆਂ ਸਿਆਸੀ ਕਾਨਫਰੰਸਾਂ ਵਿਰੋਧੀ ਧਿਰਾਂ ਦੀ ਦੂਸ਼ਣਬਾਜੀ ਤੱਕ ਹੀ ਕੇਂਦਰਿਤ ਹੁੰਦੀਆਂ ਹਨ, ਉਨ੍ਹਾਂ ਸਟੇਜਾਂ ਤੋਂ ਉਸ ਦਿਹਾੜੇ ਦੇ ਇਤਿਹਾਸਿਕ ਅਤੇ ਧਾਰਮਿਕ ਪਰਿਪੇਖ ਸੰਬੰਧੀ ਕੋਈ ਜਿਕਰ ਨਹੀਂ ਸੁਣਨ ਨੂੰ ਮਿਲਦਾ।
ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਤੇ ਹੋਈਆਂ ਸਿਆਸੀ ਕਾਨਫਰੰਸਾਂ ਵਿੱਚ ਵੀ ਅਜਿਹਾ ਹੀ ਵਰਤਾਰਾ ਨਜਰ ਆਇਆ ਸੀ। ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸ਼ਹੀਦ ਹੋਏ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਦਾ ਸ਼ਾਇਦ ਸਿਆਸੀ ਸਟੇਜਾਂ ਤੇ ਬੈਠੇ ਆਗੂਆਂ ਨੂੰ ਕੋਈ ਚਿੱਤ ਚੇਤਾ ਨਹੀਂ ਸੀ, ਜੇ ਕਿਤੇ ਕੋਈ ਜਿਕਰ ਕਰਦਾ ਵੀ ਤਾਂ ਉਸ ਦੀ ਵਰਤੋਂ ਆਪਣੇ ਵਿਰੋਧੀ ਨੂੰ ਛਟਿਆਉਣ ਲਈ ਕਰਦਾ ਨਜਰ ਆਇਆ।
ਹੁਣ ਆਉਣ ਵਾਲੇ ਕੱਲ੍ਹ ਚਾਲੀ ਮੁਕਤਿਆਂ ਦੀ ਸ਼ਹਾਦਤ ਵਾਲੇ ਪਵਿੱਤਰ ਸਥਾਨ ਮੁਕਤਸਰ ਸਾਹਿਬ ਵਿਖੇ ਉਨ੍ਹਾਂ ਦੀ ਪਵਿੱਤਰ ਸ਼ਹਾਦਤ ਨੂੰ ਸਮਰਪਿਤ ਦਿਹਾੜੇ ਤੇ ਸਿਆਸੀ ਧਿਰਾਂ ਵੱਲੋਂ ਆਪਣੀਆਂ ਵੋਟਾਂ ਵਧਾਉਣ ਲਈ ਇੱਕ ਵਾਰ ਫੇਰ ਸਿਆਸੀ ਪੰਡਾਲ ਸਜਾਏ ਜਾ ਰਹੇ ਹਨ।ਸਭ ਸਿਆਸੀ ਧਿਰਾਂ ਲੱਖਾਂ ਦੇ ਵੱਡੇ ਇਕੱਠ ਕਰਨ ਦਾ ਦਾਅਵਾ ਕਰ ਰਹੀਆਂ ਹਨ। ਵੱਖੋ ਵੱਖ ਢੰਗਾਂ ਨਾਲ ਵੱਖੋ ਵੱਖ ਸਿਆਸੀ ਧਿਰਾਂ ਵੱਲੋਂ ਲੋਕਾਂ ਨੂੰ ਆਪਣੇ ਪੰਡਾਲ ਵੱਲ ਖਿੱਚਣ ਲਈ ਯਤਨ ਕੀਤੇ ਜਾ ਰਹੇ ਹਨ। ਜਿੱਥੇ ਮਾਲਵੇ ਦਾ ਇਹ ਇਲਾਕਾ ਪੰਜਾਬ ਦੀ ਸੱਤਾ ਤੇ ਕਾਬਜ ਬਾਦਲ ਪਰਿਵਾਰ ਦਾ ਘਰੇਲੂ ਗੜ੍ਹ ਹੈ, ਉੱਥੇ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਸੋਸ਼ਲ ਮੀਡੀਆ ਤੇ ਵੱਡੇ ਆਗੂਆਂ ਵੱਲੋਂ ਅਪੀਲ ਦੀਆਂ ਫਿਲਮਾਂ ਪਾਈਆਂ ਗਈਆਂ ਹਨ।ਤੀਜੀ ਵੱਡੀ ਧਿਰ ਵਜੋਂ ਉੱਭਰ ਰਹੀ ਆਮ ਆਦਮੀ ਪਾਰਟੀ ਦਾ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਕਾਨਫਰੰਸ ਵਿੱਚ ਸ਼ਮੂਲੀਅਤ ਕਰਨ ਲਈ ਮੁਕਤਸਰ ਸਾਹਿਬ ਪਹੁੰਚ ਰਹੇ ਹਨ।ਮੁਕਤਸਰ ਸਾਹਿਬ ਦੀ ਧਰਤੀ ਤੇ ਵੀ ਸ਼ਹਾਦਤਾਂ ਨੂੰ ਵਿਸਾਰ ਕੇ ਵੋਟਾਂ ਹੀ ਭਾਰੂ ਰਹਿਣਗੀਆਂ।
ਭਾਵੇਂ ਕਿ ਸਿਆਸੀ ਧਿਰਾਂ ਵੱਲੋਂ ਪੰਥਕ ਚੋਲਾ ਪਾਉਣ ਦੇ ਕੀਤੇ ਜਾ ਰਹੇ ਯਤਨ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦੇ ਹਨ ਕਿ ਪੰਜਾਬ ਦੀ ਸਿਆਸਤ ਵਿੱਚੋਂ ਪੰਥਕ ਸਿਆਸਤ ਨੂੰ ਕਦੇ ਮਨਫੀ ਨਹੀਂ ਕੀਤਾ ਜਾ ਸਕਦਾ ਪਰ ਪੰਥ ਨੂੰ ਵੀ ਇਹ ਸੋਚਣਾ ਪਵੇਗਾ ਕਿ ਉਨ੍ਹਾਂ ਨੇ ਪੰਥ ਦੀ ਆਤਮਾ ਨੂੰ ਜਿਉਂਦਾ ਰੱਖਣ ਲਈ ਸਿਆਸਤ ਵਿੱਚ ਸਰਗਮਰਮ ਹਿੱਸਾ ਪਾਉਣਾ ਹੈ ਜਾ ਸਿਰਫ ਪੰਥਕ ਚੋਲੇ ਨੂੰ ਇੱਕ ਸੰਦ ਵਜੋਂ ਵਰਤਣ ਵਾਲੀਆਂ ਧਿਰਾਂ ਦੀ ਤਾਕਤ ਬਣਨਾ ਹੈ।
Related Topics: Aam Aadmi Party, Badal Dal, Congress Government in Punjab 2017-2022, Shiromani Akali Dal Amritsar (Mann)