October 4, 2011 | By ਸਿੱਖ ਸਿਆਸਤ ਬਿਊਰੋ
ਜਲੰਧਰ (28 ਸਤੰਬਰ 2011): ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ (ਪੀਰਮੁਹੰਮਦ) ਨੇ ਮੰਗ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦਿੱਲੀ ਪ੍ਰਸ਼ਾਸਨ ਨੂੰ ਫੌਰੀ ਤੌਰ ’ਤੇ ਆਖੇ ਕਿ ਫਾਂਸੀ ਦੀ ਸਜ਼ਾ ਦੀ ਉਡੀਕ ਵਿਚ ਹਸਪਤਾਲ ਵਿਚ ਦਾਖਲ ਪ੍ਰੋਫੈਸਰ ਭੁਲਰ ਨੂੰ ਉਸ ਦੇ ਆਪਣੇ ਸੂਬੇ ਪੰਜਾਬ ਵਿਚ ਭੇਜ ਦਿੱਤਾ ਜਾਵੇ ਤੇ ਨਾਲ ਹੀ ਮੰਗ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਰਕਾਰ ਪ੍ਰੋਫੈਸਰ ਭੁਲਰ ਦੇ ਪਿਤਾ ਤੇ ਚਾਚੇ ਦੇ ਲਾਪਤਾ ਲਈ ਜ਼ਿੰਮੇਵਾਰ ਪੁਲਿਸ ਅਫਸਰਾਂ ਦਾ ਬਚਾਅ ਕਰਨਾ ਛਡ ਦੇਵੇ।
ਵਰਣਨਯੋਗ ਹੈ ਕਿ ਦਸੰਬਰ 1991 ਵਿਚ ਪ੍ਰੋਫੈਸਰ ਭੁਲਰ ਦੇ ਪਿਤਾ ਤੇ ਚਾਚੇ ਨੂੰ ਉਦੋਂ ਦੇ ਐਸ ਐਸ ਪੀ ਸੁਮੇਧ ਸੈਣੀ ਦੇ ਹੁਕਮਾਂ ’ਤੇ ਪੁਲਿਸ ਵਲੋਂ ਅਗਵਾ ਕਰ ਲਿਆ ਗਿਆ ਸੀ। ਜੁਲਾਈ 2008 ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਸੀ ਬੀ ਆਈ ਨੇ ਪ੍ਰੋਫੈਸਰ ਭੁਲਰ ਦੇ ਪਿਤਾ ਤੇ ਚਾਚੇ ਨੂੰ ਮਾਰਨ ਦੀ ਨੀਅਤ ਨਾਲ ਅਗਵਾ ਕਰਨ ਲਈ ਸੁਮੇਧ ਸੈਣੀ ਦੇ ਖਿਲਾਫ ਅਪਰਾਧਕ ਕੇਸ ਦਾਇਰ ਕੀਤਾ ਸੀ। ਸੁਮੇਧ ਸੈਣੀ ਖਿਲਾਫ ਮੁਕੱਦਮਾ ਚਲਾਉਣ ਦੇ ਹਾਈ ਕੋਰਟ ਦੇ ਇਨ੍ਹਾਂ ਹੁਕਮਾਂ ਦੇ ਖਿਲਾਫ ਮੌਜੂਦਾ ਪੰਜਾਬ ਸਰਕਾਰ ਨੇ ਇਨ੍ਹਾਂ ਹੁਕਮਾਂ ਨੂੰ ਰੱਦ ਕਰਵਾਉਣ ਲਈ ਸੁਪਰੀਮ ਕੋਰਟ ਵਿਚ ਅਪੀਲ ਦਾਇਰ ਕੀਤੀ ਹੈ। ਮੌਜੂਦਾ ਪੰਜਾਬ ਸਰਕਾਰ ਨੇ ਪ੍ਰੋਫੈਸਰ ਭੁਲਰ ਨੂੰ ਪੰਜਾਬ ਦੀ ਕਿਸੇ ਜੇਲ ਵਿਚ ਤਬਦੀਲ ਕਰਨ ਨੂੰ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਇਹ ਕਹਿੰਦਿਆਂ ਕਿ ਪ੍ਰੋਫੈਸਰ ਭੁਲਰ ਇਕ ਖਤਰਨਾਕ ਅੱਤਵਾਦੀ ਹੈ।
ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਹੁਣ ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਭੁਲਰ ਦੀ ਸਜ਼ਾ ਮੁਆਫੀ ਦੀ ਮੰਗ ਕਰਕੇ ਸਿਖ ਵੋਟਾਂ ਹਾਸਿਲ ਕਰਨ ਲਈ ਭੁਲਰ ਦਾ ਪੱਤਾ ਖੇਡ ਰਹੀ ਹੈ ਇਸ ਲਈ ਉਸ ਨੂੰ ਚਾਹੀਦਾ ਹੈ ਕਿ ਉਹ ਸੁਮੇਧ ਸੈਣੀ ਨੂੰ ਮੁਕੱਦਮੇ ਤੋਂ ਬਚਾਉਣਾ ਛਡ ਦੇਵੇ ਤੇ ਭੁਲਰ ਨੂੰ ਪੰਜਾਬ ਤਬਦੀਲ ਕਰਨ ਲਈ ਦਿੱਲੀ ਪ੍ਰਸ਼ਾਸਨ ਨੂੰ ਵੀ ਕਹੇ।
ਪੀਰ ਮੁਹੰਮਦ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਤੇ ਸਮੁੱਚੇ ਵਿਸ਼ਵ ਦਾ ਸਿਖ ਭਾਈਚਾਰਾ ਪ੍ਰੋਫੈਸਰ ਭੁਲਰ ਦੀ ਜਾਨ ਬਚਾਉਣ ਲਈ ਇਕਜੁਟ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਬੜੀ ਚਲਾਕੀ ਨਾਲ ਸਿਖਾਂ ਦੀਆਂ ਭਾਵਨਾਵਾਂ ਨੂੰ ਪਛਾਣਦਿਆਂ ਪ੍ਰੋਫੈਸਰ ਭੁਲਰ ਦੀ ਹਮਾਇਤ ਕਰਨੀ ਸ਼ੁਰੂ ਕਰ ਦਿੱਤੀ ਹੈ। ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਪ੍ਰੋਫੈਸਰ ਭੁਲਰ ਦੇ ਪਿਤਾ ਤੇ ਚਾਚੇ ਨੂੰ ਅਗਵਾ ਕਰਨ ਲਈ ਜ਼ਿੰਮੇਵਾਰ ਪੁਲਿਸ ਅਫਸਰਾਂ ਦਾ ਲਗਾਤਾਰ ਬਚਾਅ ਕਰ ਰਹੀ ਹੈ।
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਮੰਗ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਫੌਰੀ ਤੌਰ ’ਤੇ ਚਾਹੀਦਾ ਹੈ ਕਿ ਉਹ-
(ਏ) ਪ੍ਰੋਫੈਸਰ ਭੁਲਰ ਨੂੰ ਪੰਜਾਬ ਦੀ ਕਿਸੇ ਜੇਲ ਵਿਚ ਤਬਦੀਲ ਕਰਨ ਲਈ ਦਿੱਲੀ ਪ੍ਰਸ਼ਾਸਨ ਨੂੰ ਆਖੇ
(ਬੀ) ਪ੍ਰੋਫੈਸਰ ਭੁਲਰ ਦੇ ਪਿਤਾ ਤੇ ਚਾਚੇ ਨੂੰ ਅਗਵਾ ਕਰਨ ਲਈ ਜਿੰਮੇਵਾਰ ਪੁਲਿਸ ਅਫਸਰਾਂ ਦਾ ਬਚਾਅ ਕਰਨਾ ਛਡ ਦੇਵੇ।
Related Topics: All India Sikh Students Federation (AISSF), Prof. Devinder Pal Singh Bhullar