ਸਿੱਖ ਖਬਰਾਂ

11 ਸਿੱਖ ਸਖਸ਼ੀਅਤਾਂ ਨੂੰ ਅਕਾਲ ਤਖਤ ਸਾਹਿਬ ਤੋਂ ਸਨਮਾਨਿਤ ਕੀਤਾ ਜਾਵੇਗਾ

August 30, 2020 | By

ਅੰਮਿ੍ਰਤਸਰ: ਅਕਾਲ ਤਖਤ ਸਾਹਿਬ ਵੱਲੋਂ 11 ਸਿੱਖ ਸਖਸ਼ੀਅਤਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਿਹਨਾਂ 11 ਸਿੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ ਉਹਨਾ ਵਿੱਚੋਂ ਚਾਰ ਇਸ ਸੰਸਾਰ ਵਿੱਚ ਨਹੀਂ ਹਨ ਤੇ ਅਕਾਲ ਚਲਾਣਾ ਕਰ ਚੁੱਕੀਆਂ ਹਨ।

ਇਹਨਾਂ ਸਖਸ਼ੀਅਤਾਂ ਵਿਚੋਂ ਗੁਰਪੁਰਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ‘ਪੰਥ ਰਤਨ‘ ਸਨਮਾਨ ਦਿੱਤਾ ਜਾਵੇਗਾ।

ਗੁਰਪੁਰਵਾਸੀ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਨੂੰ ‘ਗੁਰਮਤਿ ਮਾਰਤੰਡ‘ ਸਨਮਾਨ ਅਤੇ ਗੁਰਪੁਰਵਾਸੀ ਗਿਆਨੀ ਮੇਵਾ ਸਿੰਘ ਸਾਬਕਾ ਮੈਂਬਰ ਧਰਮ ਪ੍ਰਚਾਰ ਕਮੇਟੀ ਨੂੰ ‘ਸ਼੍ਰੋਮਣੀ ਗੁਰਮਤਿ ਪ੍ਰਚਾਰਕ‘ ਸਨਮਾਨ ਦਿੱਤਾ ਜਾਵੇਗਾ।

ਗੁਰਪੁਰਵਾਸੀ ਸ਼ਹੀਦ ਬਾਬਾ ਚਰਨ ਸਿੰਘ ਬੀੜ ਸਾਹਿਬ (ਕਾਰਸੇਵਾ) ਵਾਲਿਆਂ ਨੂੰ ‘ਕੌਮੀ ਸ਼ਹੀਦ‘ ਦਾ ਸਨਮਾਨ ਦਿੱਤਾ ਜਾਵੇਗਾ।

ਭਾਈ ਗਜਿੰਦਰ ਸਿੰਘ ਦਲ ਖਾਲਸਾ ਅਤੇ ਭਾਈ ਹਰਿੰਦਰ ਸਿੰਘ ਖਾਲਸਾ ਬਠਿੰਡਾ ਨੂੰ ‘ਪੰਥ ਸੇਵਕ‘ ਸਨਮਾਨ ਅਤੇ ਡਾ: ਦਰਸ਼ਨ ਸਿੰਘ ਸਾਬਕਾ ਪ੍ਰੋਫੈਸਰ ਅਤੇ ਮੁਖੀ ਧਰਮ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ‘ਭਾਈ ਗੁਰਦਾਸ ਜੀ ਯਾਦਗਾਰੀ ਸਨਮਾਨ’ ਦਿੱਤਾ ਜਾਣਾ ਹੈ।

ਡਾ: ਗੁਰਨਾਮ ਸਿੰਘ ਖ਼ਾਲਸਾ ਮੁਖੀ ਗੁਰਮਤਿ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ‘ਭਾਈ ਮਰਦਾਨਾ ਜੀ ਯਾਦਗਾਰੀ ਐਵਾਰਡ‘, ਭਾਈ ਹਰਸਿਮਰਨ ਸਿੰਘ ਸ੍ਰੀ ਅਨੰਦਪੁਰ ਸਾਹਿਬ ਨੂੰ ‘ਕੌਮੀ ਚਿੰਤਕ‘ ਸਨਮਾਨ, ਗਿਆਨੀ ਗੁਰਚਰਨ ਸਿੰਘ ਮੁਕਤਸਰੀ ਨੂੰ ‘ਸ਼੍ਰੋਮਣੀ ਸੇਵਕ‘ ਅਤੇ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਨੂੰ ‘ਵਿਦਿਆ ਮਾਰਤੰਡ‘ ਦੇ ਸਨਮਾਨ ਦਿੱਤੇ ਜਾਣਗੇ।

ਭਾਵੇਂ ਕਿ ਇਹ ਫੈਸਲਾ ਬੀਤੇ ਦਿਨੀਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ 24 ਅਗਸਤ ਨੂੰ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਕੀਤਾ ਗਿਆ ਸੀ ਪਰ ਇਸ ਦੀ ਜਾਣਕਾਰੀ 29 ਅਗਸਤ ਨੂੰ ਛਪੀਆਂ ਖਬਰਾਂ ਰਾਹੀਂ ਹੀ ਨਸ਼ਰ ਹੋਈ ਹੈ। ਉਸ ਦਿਨ ਅਕਾਲ ਤਖਤ ਸਾਹਿਬ ਸਕੱਤਰੇਤ ਤੋਂ ਜਾਰੀ ਕੀਤੇ ਗਏ ਬਿਆਨ ਵਿੱਚ ਇਸ ਫੈਸਲੇ ਦਾ ਜ਼ਿਕਰ ਨਹੀਂ ਸੀ।

ਇਹਨਾਂ ਸਖਸ਼ੀਅਤਾਂ ਵਿੱਚੋਂ ਸ਼ਹੀਦ ਬਾਬਾ ਚਰਨ ਸਿੰਘ ਜੀ ਨੂੰ ਬਿੱਪਰਵਾਦੀ ਦਿੱਲੀ ਸਾਮਰਾਜ ਦੀ ਪੁਲਿਸ ਵੱਲੋਂ ਭਾਰੀ ਤੇ ਅਕਹਿ ਤਸ਼ੱਦਦ ਕਰਕੇ ਸ਼ਹੀਦ ਕੀਤਾ ਗਿਆ ਸੀ।

ਭਾਈ ਗਜਿੰਦਰ ਸਿੰਘ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗਿ੍ਰਫਤਾਰੀ ਮੌਕੇ ਵਿਰੋਧ ਵਿੱਚ ਜਹਾਜ਼ ਅਗਵਾਹ ਕੀਤਾ ਸੀ, ਜਿਸ ਬਦਲੇ ਪਾਕਿਸਤਾਨ ਵਿੱਚ ਕੈਦ ਕੱਟਣ ਤੋਂ ਬਾਅਦ ਉਹ ਇੰਡੀਆ ਵਾਪਿਸ ਨਹੀਂ ਪਰਤੇ ਅਤੇ ਇਸ ਵਕਤ ‘ਜਲਾਵਤਨ’ ਹਨ।  ਭਾਈ ਹਰਸਿਮਰਨ ਸਿੰਘ ਵੀ ਦਲ ਖਾਲਸਾ ਦੇ ਮੋਢੀ ਜੀਆਂ ਵਿਚੋਂ ਹਨ।

ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂਵਾਲੇ ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਦੇ ਮੁਖੀ ਸਨ ਉਹਨਾ ਦਾ ਸਿੱਖਾਂ ਵਿੱਚ ਪੰਥਕ ਚੇਤਨਾ ਅਤੇ ‘ਸੁਤੰਤਰ ਵਿਚਰਨਾ‘ ਦੀ ਭਾਵਨਾ ਉਭਾਰਨ ਵਿੱਚ ਅਹਿਮ ਯੋਗਦਾਨ ਰਿਹਾ ਹੈ।

ਭਾਈ ਹਰਿੰਦਰ ਸਿੰਘ ਖਾਲਸਾ ਬਠਿੰਡਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਸੰਬੰਧਤ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,