ਸਿੱਖ ਖਬਰਾਂ

ਕਸ਼ਮੀਰੀ ਬੀਬੀਆਂ ਸਾਡੇ ਸਾਮਜ ਦਾ ਹਿੱਸਾ, ਸਿੱਖ ਉਨ੍ਹਾਂ ਨਾਲ ੧੯੮੪ ਵਾਲਾ ਵਰਤਾਰਾ ਨਹੀਂ ਹੋਣ ਦੇਣਗੇ: ਗਿਆਨੀ ਹਰਪ੍ਰੀਤ ਸਿੰਘ

August 10, 2019 | By

ਅੰਮ੍ਰਿਤਸਰ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਲਾਏ ਗਏ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਲੰਘੇ ਕੱਲ੍ਹ ( ਅਗਸਤ ਨੂੰ) ਜਾਰੀ ਕੀਤੇ ਗਏ ਇਕ ਬਿਆਨ ਵਿਚ ਕਿਹਾ ਹੈ ਕਿ ਪ੍ਰਮਾਤਮਾ ਨੇ ਸਭ ਇਨਸਾਨਾਂ ਨੂੰ ਜੀਵਨ ਜਿਊਣ ਲਈ ਬਰਾਬਰ ਦੇ ਹੱਕ ਦਿੱਤੇ ਹਨ ਕਿਸੇ ਇਨਸਾਨ ਨਾਲ ਲੰਿਗ, ਜਾਤ-ਪਾਤ ਜਾਂ ਨਸਲੀ ਅਧਾਰ ’ਤੇ ਵਿਤਕਰਾ ਕਰਕੇ ਕਿਸੇ ਵਰਗ ਨੂੰ ਮਾਨਸਿਕ ਪੀੜਾ ’ਚ ਧੱਕਣ ਦਾ ਗੁਨਾਹ ਨਾ ਮੁਆਫ਼ੀ ਯੋਗ ਹੁੰਦਾ ਹੈ।

ਗਿਆਨੀ ਹਰਪ੍ਰੀਤ ਸਿੰਘ

ਕਸ਼ਮੀਰ ‘ਚ ਧਾਰਾ ੩੭੦ ਖਤਮ ਕਰਨ ਤੋਂ ਬਾਅਦ ਪੈਦਾ ਹੋਏ ਨਾਜੁਕ ਹਲਾਤਾਂ ਵਿਚ ਸੋਸ਼ਲ ਮੀਡੀਆ ਖੇਤਰ ਦੀ ਇਕ ਖਾਸ ਕਿਸਮ ਦੀ ਭੀੜ ਸਮੇਤ ਚੁਣੇ ਹੋਏ ਕੁਝ ਸਿਆਸੀ ਆਗੂਆਂ ਅਤੇ ਧਾਰਮਿਕ ਪਹਿਰਾਵੇ ਵਾਲੇ ਲੋਕਾਂ ਵੱਲੋਂ ਵੀ ਕਸ਼ਮੀਰ ਦੀਆਂ ਸਮੂਹ ਬਹੁ-ਬੇਟੀਆਂ ਦੀ ਇੱਜਤ ਆਬਰੂ ਅਤੇ ਸਵੈਮਾਣ ਬਾਰੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਅਤੇ ਐਲਾਨ, ਜਿੱਥੇ ਸਮੁੱਚੇ ਔਰਤ ਜਗਤ ਦਾ ਅਪਮਾਨ ਕਰ ਰਹੇ ਹਨ ਉੱਥੇ ਹੀ ਇਹ ਵੱਡੇ ਗੁਨਾਹ ਹਨ ਜੋ ਬਖਸ਼ਣਯੋਗ ਨਹੀਂ। ਅਸਭਿਅਕ ਮਾਨਸਿਕਤਾ ਵਾਲੇ ਲੋਕਾਂ ਦੀ ਭੀੜ ਵੱਲੋਂ ਕਸ਼ਮੀਰ ਦੀਆਂ ਨੌਜਵਾਨ ਧੀਆਂ ਦੀਆਂ ਸੋਸ਼ਲ ਮੀਡੀਏ ‘ਤੇ ਫੋਟੋਆਂ ਪਾ ਕੇ ਉਨ੍ਹਾਂ ‘ਤੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਨੇ ਭਾਰਤ ਦਾ ਦੁਨੀਆਂ ਭਰ ਵਿਚ ਸਿਰ ਨੀਵਾਂ ਕੀਤਾ ਹੈ। ਇਨ੍ਹਾਂ ਅਨਸਰਾਂ ਦੇ ਐਲਾਨਾਂ ਨਾਲ ਪ੍ਰਗਟ ਹੋਈ ਮਾਨਸਿਕਤਾ ਨੇ ਜਿੱਥੇ ਰੱਬ ਦਾ ਦੂਜਾ ਰੂਪ ਮੰਨੀ ਜਾਂਦੀ ਔਰਤ ਨੂੰ ਕੇਵਲ ਦੇਹ ਦੇ ਰੂਪ ਤੱਕ ਸੀਮਤ ਕਰ ਦਿੱਤਾ ਹੈ ਉੱਥੇ ਹੀ ਔਰਤ ਦੇ ਬਾਕੀ ਮਾਂ, ਭੈਣ, ਪਤਨੀ, ਦਾਦੀ ਵਾਲੇ ਮਹਾਨ ਪਵਿੱਤਰ ਰੂਪਾਂ ਨੂੰ ਦਫ਼ਨਾ ਦਿੱਤਾ ਹੋਇਆ ਹੈ। ਜਿਨ੍ਹਾਂ ਰੂਪਾਂ ਸਦਕਾ ਸਮੁੱਚੀ ਸ੍ਰਿਸ਼ਟੀ ਚੱਲ ਰਹੀ ਹੈ, ਅੱਗੇ ਵੱਧ ਰਹੀ ਹੈ ਅਤੇ ਸੰਤੁਲਨ ਬਣਾ ਕੇ ਰੱਖਦੀ ਹੈ। ਕਸ਼ਮੀਰੀ ਬੇਟੀਆਂ ਦੀ ਆੜ ‘ਚ ਸਮੁੱਚੇ ਔਰਤ ਵਰਗ ਬਾਰੇ ਪ੍ਰਗਟ ਹੋ ਰਹੀ ਇਸ ਮਾਨਸਿਕਤਾ ਨੂੰ ਹਲਕੇ ‘ਚ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਇਕ ਭੀੜ ਵੱਲੋਂ ਸੋਚੀ ਸਮਝੀ ਸਾਜਿਸ਼ ਅਧੀਨ ਉਭਾਰਿਆ ਗਿਆ ਬਹੁਤ ਹੀ ਗੰਭੀਰ ਮਾਮਲਾ ਹੈ।

 

ਇਸ ਨੀਚ ਮਾਨਸਿਕਤਾ ਵਾਲੇ ਵਰਗ ਨੇ ਹੀ ਨਵੰਬਰ ੧੯੮੪ ‘ਚ ਨਿਹੱਥੇ ਸਿੱਖਾਂ ਦੀ ਨਸਲਕੁਸ਼ੀ ਦੌਰਾਨ ਦਿੱਲੀ ਦੀ ਤੱਤਕਾਲੀ ਹਕੂਮਤ ਦੀ ਛਤਰ ਛਾਇਆ ਹੇਠ ਸਿੱਖ ਬੀਬੀਆਂ ਨਾਲ ਅਜਿਹਾ ਕੁਝ ਹੀ ਕੀਤਾ ਸੀ ਜੋ ਔਰਤਾਂ ਬਾਰੇ ਅੱਜ ਖੁੱਲੇਆਮ ਐਲਾਨ ਹੋ ਰਹੇ ਹਨ। ਕਸ਼ਮੀਰ ਦੀਆਂ ਬਹੁ-ਬੇਟੀਆਂ ਸਾਡੇ ਸਮਾਜ ਦਾ ਅੰਗ ਹਨ। ਕਸ਼ਮੀਰੀ ਔਰਤਾਂ ਦੇ ਗੌਰਵ ਅਤੇ ਸਵੈਮਾਣ ਦੀ ਰੱਖਿਆ ਕਰਨਾ ਸਾਡਾ ਧਰਮ ਹੈ। ਅਸੀਂ ਆਪਣਾ ਧਰਮ ਨਿਭਾਉਣ ‘ਚ ਕਦੇ ਵੀ ਪਿੱਛੇ ਨਹੀਂ ਹਟਾਂਗੇ। ਸਿੱਖ ਕਦੇ ਵੀ ਮਾੜੇ ਅਨਸਰਾਂ ਨੂੰ ਕਸ਼ਮੀਰੀ ਔਰਤਾਂ ਵੱਲ ਅੱਖ ਚੱੁਕਣ ਨਹੀਂ ਦੇਵੇਗਾ, ਇਹੀ ਸਾਡਾ ਇਤਿਹਾਸ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,