ਕੌਮਾਂਤਰੀ ਖਬਰਾਂ » ਸਿਆਸੀ ਖਬਰਾਂ

ਕਸ਼ਮੀਰ ਦੇ ਹਾਲਾਤ ‘ਪੇਚੀਦਾ’ ਅਤੇ ‘ਵਿਸਫੋਟਕ’: ਟਰੰਪ; ਕਿਹਾ ਕਿ ਸਾਲਸ ਬਣਨ ਲਈ ਤਿਆਰ ਹਾਂ

August 21, 2019 | By

ਵਾਸ਼ਿੰਗਟਨ: ਕਸ਼ਮੀਰ ਦੇ ਹਾਲਾਤ ਨੂੰ ਪੇਚੀਦਾ ਅਤੇ ਵਿਸਫੋਟਕ ਦੱਸਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵਾਰ ਮੁੜ ਕਸ਼ਮੀਰ ਮਾਮਲੇ ਵਿਚ ਸਾਲਸੀ (ਵਿਚੋਲਗੀ) ਕਰਨ ਦੀ ਪੇਸ਼ਕਸ਼ ਕੀਤੀ ਹੈ।

ਟਰੰਪ ਨੇ ਕਿਹਾ ਕਿ ਕਸ਼ਮੀਰ ਮਾਮਲੇ ਕਾਰਨ ਭਾਰਤ ਤੇ ਪਾਕਿਸਤਾਨ ਵਿਚ ਬਣ ਰਹੇ ਤਣਾਅ ਨੂੰ ਘੱਟ ਕਰਨ ਲਈ ਉਹ ਸਾਲਸੀ ਜਾਂ ਹੋਰ ਜੋ ਵੀ ਲੋੜੀਂਦਾ ਹੋਵੇ, ਕਰਨ ਲਈ ਤਿਆਰ ਹੈ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਨੂੰ ਕਸ਼ਮੀਰ ਮਾਮਲੇ ਵਿਚ ਸਾਲਸੀ ਕਰਨ ਲਈ ਕਿਹਾ ਹੈ। ਟਰੰਪ ਦੇ ਉਸ ਬਿਆਨ ਬਾਰੇ ਭਾਰਤੀ ਪ੍ਰਧਾਨ ਮੰਤਰੀ ਨੇ ਭਾਵੇਂ ਚੁੱਪ ਵੱਟ ਛੱਡੀ ਸੀ ਪਰ ਭਾਰਤ ਸਰਕਾਰ ਨੇ ਬੁਲਾਰਿਆਂ ਨੇ ਇਸ ਬਿਆਨ ਨੂੰ ਰੱਦ ਕੀਤਾ ਸੀ।

ਬੀਤੇ ਕੱਲ੍ਹ ‘ਵਾਈਟ ਹਾਊਸ’ ਵਿਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਟਰੰਪ ਨੇ ਕਿਹਾ ਕਿ ‘ਕਸ਼ਮੀਰ ਇਕ ਬਹੁਤ ਹੀ ਪੇਚੀਦਾ ਖਿੱਤਾ ਹੈ। ਇੱਥੇ ਹਿੰਦੂ ਅਤੇ ਮੁਸਲਮਾਨ ਹਨ ਜਿਨ੍ਹਾਂ ਦੀ ਆਪਸ ਵਿਚ ਬਹੁਤੀ ਨਹੀਂ ਬਣਦੀ। ਅਤੇ ਇਹ ਉੱਥੇ ਦੇ ਮੌਜੂਦਾ ਹਾਲਾਤ ਹਨ’।

ਟਰੰਪ ਨੇ ਕਿਹਾ ਕਿ ਉਹ ਭਾਰਤੀ ਪ੍ਰਧਾਨ ਮੰਤਰੀ ਨੂੰ ਜੀ-7 ਮੁਲਕਾਂ ਦੀ ਫਰਾਂਸ ਵਿਚ ਹੋਣ ਵਾਲੀ ਇਕੱਤਰਤਾ ਵਿਚ ਮਿਲੇਗਾ, ਤੇ ਉਸਨੇ ਇਸ਼ਾਰਾ ਕੀਤਾ ਕਿ ਉਸ ਮੌਕੇ ਉਨ੍ਹਾਂ ਦੀ ਆਪਸੀ ਗੱਲਬਾਤ ਵਿਚ ਕਸ਼ਮੀਰ ਦੇ ਮੁੱਦੇ ਤੇ ਚਰਚਾ ਕੀਤੀ ਜਾ ਸਕਦੀ ਹੈ

ਜ਼ਿਕਰਯੋਗ ਹੈ ਕਿ ਆਉਂਦੇ ਮਹੀਨੇ ਦੌਰਾਨ ਅਫਗਾਨਿਸਤਾਨ ਵਿਚੋਂ ਅਮਰੀਕੀ ਫੌਜਾਂ ਬਾਹਰ ਕੱਢਣ ਦੇ ਫੈਸਲੇ ਦੇ ਮੱਦੇਨਜ਼ਰ ਕਸ਼ਮੀਰ ਦੇ ਖਿੱਤੇ ਵਿਚ ਅਮਰੀਕਾ ਦੀ ਰਣਨੀਤਕ ਰੁਚੀ ਵਧੀ ਹੋਈ ਹੈ। ਦੂਜੇ ਬੰਨੇ ਭਾਰਤ ਸਰਕਾਰ ਵੱਲੋਂ ਕਸ਼ਮੀਰ ਦੇ ਖਾਸ ਸਿਆਸੀ ਰੁਤਬੇ (ਧਾਰਾ 370) ਨੂੰ ਖਤਮ ਕਰਨ ਦੀ ਕਾਰਵਾਈ ਨੇ ਇਸ ਮਾਮਲੇ ਨੂੰ ਇਕ ਵਾਰ ਮੁੜ ਕੌਮਾਂਤਰੀ ਮੰਚ ਉੱਤੇ ਉਭਾਰ ਦਿੱਤਾ ਹੈ। ਲੰਘੇ ਦਿਨਾਂ ਦੌਰਾਨ ਇਸ ਮਾਮਲੇ ਉੱਤੇ ਪਾਕਿਸਤਾਨ ਵੱਲੋਂ ਚੀਨ ਦੀ ਮਦਦ ਨਾਲ ਯੁਨਾਇਟਡ ਨੇਸ਼ਨਜ਼ ਸੁਰੱਖਿਆ ਕੌਂਸਲ ਦੀ ਇਕ ਗੈਰ-ਰਸਮੀ ਇਕੱਤਰਤਾ ਵੀ ਕਰਵਾਈ ਗਈ ਸੀ ਜਿਸ ਵਿਚ ਤਕਰੀਬਨ ਪੰਜ ਦਹਾਕੇ ਬਾਅਦ ਇਸ ਕੌਮਾਂਤਰੀ ਮੰਚ ਉੱਤੇ ਕਸ਼ਮੀਰ ਦੇ ਮਾਮਲੇ ’ਤੇ ਚਰਚਾ ਹੋਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , ,