ਸਿੱਖ ਖਬਰਾਂ

ਕਰੋਨਾਵਾਇਰਸ ਬਾਰੇ ਅਕਾਲ ਤਖ਼ਤ ਸਾਹਿਬ ਵਲੋਂ ਸਿੱਖ ਸੰਗਤਾਂ ਲਈ ਖਾਸ ਸੰਦੇਸ਼

March 22, 2020 | By

ਸ੍ਰੀ ਅੰਮ੍ਰਿਤਸਰ: ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਜਾਰੀ ਕੀਤੇ ਗਏ ਸੁਨੇਹੇ ਵਿਚ ਕਿਹਾ ਗਿਆ ਹੈ ਕਿ:

“ਅੱਜ ਸਮੁੱਚੇ ਵਿਸ਼ਵ ਵਿਚ ਮਾਨਵ ਜਾਤੀ ਕੋਰੋਨਾ ਵਾਇਰਸ ਕਾਰਣ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਹ ਵਾਇਰਸ ਕੁਦਰਤੀ ਫੈਲਿਆ ਜਾਂ ਗ਼ੈਰ ਕੁਦਰਤੀ ਪਰ ਇਸਨੇ ਕਈ ਮੁਲਕਾਂ ਵਿੱਚ ਵੱਡੀ ਗਿਣਤੀ ਲੋਕਾਂ ਨੂੰ ਮੌਤ ਦੇ ਮੁੰਹ ਵਿੱਚ ਪਹੁੰਚਾ ਦਿੱਤਾ ਹੈ। ਇਸ ਵਾਇਰਸ ਕਾਰਣ ਦੁਨੀਆਂ ਪੂਰੀ ਤਰ੍ਹਾਂ ਭੈਭੀਤ ਹੈ, ਸਿੱਖ ਆਪਣੇ ਫ਼ਲਸਫ਼ੇ ਨੂੰ ਪ੍ਰਵਾਨਦਿਆਂ ਸਰਬੱਤ ਦੇ ਭਲੇ ਦੀ ਕਾਮਨਾ ਕਰਦਾ ਹੈ। ਇਸ ਲਈ ਮਾਨਵਤਾ ਦੀ ਇਸ ਖ਼ਤਰੇ ਵਿਚ ਮਦੱਦ ਕਰਨੀ ਸਿੱਖ ਕੌਮ ਦਾ ਜ਼ਰੂਰੀ ਫਰਜ਼ ਹੈ। ਇਸ ਕਰਕੇ ਹੇਠ ਲਿਖੇ ਆਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ:

1.‘ਗੁਰੂ ਦੀ ਗੋਲਕ ਗਰੀਬ ਦਾ ਮੂੰਹ’ ਅਨੁਸਾਰ ਵਿਸ਼ਵ ਭਰ ਦੀਆਂ ਸਮੂਹ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਆਪਣੇ ਆਪਣੇ ਖਿੱਤਿਆਂ ਵਿਚ ਜ਼ਰੂਰਤਮੰਦਾਂ ਦੀ ਹਰ ਤਰ੍ਹਾਂ ਦੀ ਮਦੱਦ (ਲੰਗਰ, ਦਵਾਈਆਂ, ਜ਼ਰੂਰੀ ਸਮਾਨ ਆਦਿ) ਕਰਨ ਲਈ ਅੱਗੇ ਆਉਣ, ਖ਼ਾਸ ਕਰ ਵਿਦੇਸ਼ਾਂ ਵਿਚ ਪੜ੍ਹਨ ਗਏ ਵਿਦਿਆਰਥੀਆਂ ਦੀ ਸਹਾਇਤਾ ਲਈ ਗੁਰੂ ਘਰਾਂ ਦੇ ਖਜ਼ਾਨਿਆਂ ਦੀ ਵਰਤੋਂ ਖੁਲ੍ਹਦਿਲੀ ਨਾਲ ਕੀਤੀ ਜਾਵੇ।

2. ਗੁਰੂ ਘਰ ਦੀਆਂ ਸਰਾਵਾਂ ਨੂੰ ਲੋੜ ਪੈਣ ਤੇ ਵਾਇਰਸ ਪੀੜਿਤਾਂ ਨੂੰ ਅਲਾਹਿਦਗੀ (quarantine) ਲਈ ਤਿਆਰ ਰੱਖਿਆ ਜਾਵੇ।

3. ਆਪਣੇ ਆਪਣੇ ਮੁਲਕ ਦੀਆਂ ਸਰਕਾਰਾਂ ਅਤੇ ਸਿਹਤ ਵਿਭਾਗਾਂ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਜਾਵੇ ਅਤੇ ਗੁਰੂ ਘਰਾਂ ਵਿੱਚ ਨਿਤਾ-ਪ੍ਰਤੀ ਮਰਿਯਾਦਾ ਤੋਂ ਬਿਨਾਂ ਫ਼ਿਲਹਾਲ ਵੱਡੇ ਧਾਰਮਿਕ ਸਮਾਗਮ ਦੋ ਹਫ਼ਤਿਆਂ ਲਈ ਮੁਲਤਵੀ ਕਰ ਦਿੱਤੇ ਜਾਣ।

4. ਹਰ ਸਿੱਖ ਪਰਿਵਾਰ ਆਪਣੇ ਘਰ ਵਿਚ ਰਹੇ, ਗੁਰਬਾਣੀ ਦਾ ਪਾਠ ਕਰੇ, ਅਕਾਲ ਪੁਰਖ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕਰੇ ਅਤੇ ਸਵੈ-ਅਲਾਹਿਦਗੀ (self quarantine) ਧਾਰਣ ਕਰੇ।

5. ਸਿੱਖ ਧਰਮ ਵਿਚ ਵਹਿਮ ਭਰਮ ਲਈ ਕੋਈ ਥਾਂ ਨਹੀਂ ਇਸ ਲਈ ਸਿੱਖ, ਵਹਿਮ ਭਰਮ ਤੋਂ ਰਹਿਤ ਰਹਿੰਦਿਆਂ ਅਫਵਾਹਾਂ ਤੋਂ ਬਚੇ, ਹਰ ਹਾਲ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖੋ।”



ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,