ਵਿਦੇਸ਼

ਲੰਡਨ ਵਿਖੇ ਸਿੱਖ ਜਥੇਬੰਦੀਆਂ ਵਲੋਂ ਭਾਈ ਬਿੱਟੂ ਦੀ ਰਿਹਾਈ ਲਈ ਰੋਸ ਮੁਜ਼ਾਹਰੇ ਦਾ ਫੈਂਸਲਾ

November 24, 2010 | By

ਭਾਈ ਦਲਜੀਤ ਸਿੰਘ ਬਿੱਟੂ

ਭਾਈ ਦਲਜੀਤ ਸਿੰਘ ਬਿੱਟੂ

ਲੰਡਨ (24 ਨਵੰਬਰ, 2010): ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ ਬਿੱਟੂ ਚੇਅਰਮੈਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਤੇ ਸ੍ਰ. ਜਸਪਾਲ ਸਿੰਘ ਮੰਝਪੁਰ ਸਮੇਤ ਭਾਰਤ ਦੀਆਂ ਵੱਖ ਵੱਖ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਦਲ ਖਾਲਸਾ (ਯੂ. ਕੇ.) ਅਤੇ ਯੂਨਾਈਟਿਡ ਖਾਲਸਾ ਦਲ (ਯੂ. ਕੇ.) ਵਲੋਂ ਲੰਡਨ ਸਥਿਤ ਭਾਰਤੀ ਸਫਾਰਤਖਾਨੇ ਅੱਗੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਹ ਜਾਣਕਾਰੀ ਉਕਤ ਜਥੇਬੰਦੀਆਂ ਦੇ ਆਗੂਆਂ ਸ੍ਰ. ਗੁਰਚਰਨ ਸਿੰਘ, ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ, ਸ੍ਰ. ਮਨਮੋਹਣ ਸਿੰਘ ਖਾਲਸਾ, ਸ੍ਰ. ਨਿਰਮਲ ਸਿੰਘ ਸੰਧੂ ਅਤੇ ਸ੍ਰ. ਜਤਿੰਦਰ ਸਿੰਘ ਅਠਵਾਲ ਵਲੋਂ ਸਾਂਝੇ ਤੌਰ ਤੇ ਦਿੱਤੀ ਗਈ ਹੈ।ਪੰਜਾਬ ਨਿਊਜ਼ ਨੈਟਵਰਕ ਨੂੰ ਬਿਜਲ-ਸੁਨੇਹੇਂ ਰਾਹੀਂ ਭੇਜੀ ਗਈ ਜਾਣਕਾਰੀ ਅਨੁਸਾਰ ਇਹ ਰੋਸ ਮੁਜ਼ਾਹਰਾ ਭਾਰਤ ਦੇ ਗਣਤੰਤਰ ਦਿਵਸ 26 ਜਨਵਰੀ ਵਾਲੇ ਦਿਨ ਕੀਤਾ ਜਾਵੇਗਾ।

ਵਰਨਣਯੋਗ ਹੈ ਕਿ ਭਾਈ ਦਲਜੀਤ ਸਿੰਘ ਬਿੱਟੂ ਪਿਛਲੇ ਪੰਦਰਾਂ ਮਹੀਨਿਆਂ ਤੋਂ ਅੰਮ੍ਰਿਤਸਰ ਦੀ ਕੇਂਦਰੀ ਜੇਹਲ ਵਿੱਚ ਬੰਦ ਹਨ। ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਦੇ ਉਕਤ ਆਗੂਆਂ ਨੇ ਦੋਸ਼ ਲਾਇਆ ਹੈ ਕਿ ਭਾਈ ਦਲਜੀਤ ਸਿੰਘ ਤੇ ਸਾਥੀਆਂ ਦੀ ਗ੍ਰਿਫਤਾਰੀ ਸਿਆਸੀ ਮੰਤਵਾਂ ਤੋਂ ਪ੍ਰੇਰਿਤ ਹੈ ਅਤੇ ਉਹਨਾਂ ਨੂੰ ਪੰਜਾਬ ਸਰਕਾਰ ਨੇ ਡੇਰਾ ਸੌਦਾ ਸਿਰਸਾ ਦੀਆਂ ਕਾਰਵਾਈਆਂ ਖਿਲਾਫ ਚੱਲ ਰਹੀ ਪੰਥਕ ਮੁਹਿੰਮ ਨੂੰ ਢਾਅ ਲਾਉਣ ਅਤੇ ਸ਼੍ਰ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਅਗਾਮੀ ਚੋਣਾਂ ਦੇ ਮੱਦੇਨਜ਼ਰ ਝੂਠੇ ਕੇਸਾਂ ਵਿੱਚ ਫਸਾਇਆ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਭਾਈ ਦਲਜੀਤ ਸਿੰਘ ਬਿੱਟੂ ਨੇ ਸਿੱਖ ਸੰਘਰਸ਼ ਵਿੱਚ ਗਿਆਰਾਂ ਸਾਲ ਰੂਪੋਸ਼ ਰਹਿੰਦਿਆਂ ਕੌਮ ਦੀ ਵੱਡਮੁੱਲੀ ਸੇਵਾ ਕੀਤੀ ਅਤੇ ਸੰਘਰਸ਼ ਦੀ ਸੁਚੱਜੀ ਅਗਵਾਈ ਕੀਤੀ। ਐਪਰੈਲ 1996 ਵਿੱਚ ਰੋਪੜ ਤੋਂ ਗ੍ਰਿਫਤਾਰ ਹੋਣ ਮਗਰੋਂ ਨੌਂ ਸਾਲ ਜੇਲ੍ਹ ਵਿੱਚ ਨਜ਼ਰਬੰਦ ਰਹੇ ਹਨ। ਉਨਹਾਂ ਖਿਲਾਫ ਸਰਕਾਰ ਵੱਲੋਂ ਦਰਜ ਕਰਵਾਏ ਗਏ ਬਹੁਤੇ ਕੇਸ ਅਦਾਲਤ ਵਿੱਚ ਸਾਬਿਤ ਨਹੀਂ ਹੋ ਸਕੇ। ਜੇਹਲ ਚੋਂ ਬਾਹਰ ਆਉਂਦਿਆਂ ਹੀ ਉਹਨਾਂ ਸ਼ਹੀਦ ਪਰਿਵਾਰਾਂ ਦੀ ਸਾਰ ਲੈਣੀ ਅਰੰਭ ਕੀਤੀ। ਪਿੰਡ ਪੱਧਰ ਤੱਕ ਜਾਣ ਦੀ ਉਹਨਾਂ ਵਲੋਂ ਅਪਣਾਈ ਗਈ ਪਹੁੰਚ ਅਤੇ ਸਫਲ ਜਥੇਬੰਦਕ ਢਾਂਚੇ ਤੋਂ ਸਿੱਖ ਵਿਰੋਧੀ ਲਾਬੀ ਅਜਿਹੀ ਭੈਭੀਤ ਹੋ ਗਈ ਕਿ ਉਹਨਾਂ ਨੂੰ ਪਾਰਟੀ ਦੇ ਸਿਰਕੱਢ ਆਗੂਆਂ ਸਣੇ ਗ੍ਰਿਫਤਾਰ ਕਰਕੇ ਜੇਹਲਾਂ ਵਿੱਚ ਬੰਦ ਕਰ ਦਿੱਤਾ। ਆਗੂਆਂ ਨੇ ਇਹ ਕਾਰਵਾਈ ਨੂੰ ਕਿ ਲੋਕਤੰਤਰ ਦਾ ਕਤਲ ਕਰਾਰ ਦਿੱਤਾ।

ਪੰਜਾਬ ਦੀਆਂ ਸਮੂਹ ਪੰਥਕ ਜਥੇਬੰਦੀਆਂ ਅਤੇ ਆਗੂਆਂ ਸੰਬੋਧਿਤ ਹੁੰਦਿਆਂ ਉਕਤ ਸਿੱਖ ਆਗੂਆਂ ਨੇ ਕਿਹਾ ਕਿ ਭਾਈ ਬਿੱਟੂ ਸਮੇਤ ਜੇਹਲਾਂ ਵਿੱਚ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਸੁਹਿਰਦਤਾ ਸਹਿਤ ਸਾਰਥਕ ਯਤਨ ਕੀਤੇ ਜਾਣ। ਸਿੱਖ ਜਥੇਬੰਦੀਆਂ ਵਲੋਂ ਦੁਨੀਆਂ ਭਰ ਵਿੱਚ ਵਸਦੇ ਇਨਸਾਫ ਅਤੇ ਅਜ਼ਾਦੀ ਪਸੰਦ ਸਿੱਖਾਂ ਨੂੰ ਸਨਿਮਰ ਅਪੀਲ ਕੀਤੀ ਗਈ ਕਿ ਇਸੇ ਦਿਨ ਭਾਰਤੀ ਅੰਬੈਸੀਆਂ ਦੇ ਮੂਹਰੇ ਮੁਜ਼ਾਹਰੇ ਕਰਕੇ ਜੇਹਲਾਂ ਵਿੱਚ ਬੰਦ ਸਿਖਾਂ ਦੇ ਹੱਕ ਵਿੱਚ ਅਵਾਜ਼ ਨੂੰ ਬੁਲੰਦ ਕੀਤੀ ਜਾਵੇ ਜਿਹੜੇ ਸਿੱਖ ਕੌਮ ਨੂੰ ਅਜ਼ਾਦ ਕਰਵਾਉਣ ਲਈ ਜੇਹਲਾਂ ਵਿੱਚ ਸੰਤਾਪ ਭੋਗ ਰਹੇ ਹਨ। ਉਹਨਾਂ ਸੂਰਬੀਰਾਂ ਪ੍ਰਤੀ ਕੌਮ ਆਪਣਾ ਫਰਜ਼ ਜਰੂਰ ਪਛਾਣੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,