
January 6, 2011 | By ਪਰਦੀਪ ਸਿੰਘ
ਫ਼ਤਿਹਗੜ੍ਹ ਸਾਹਿਬ (6 ਜਨਵਰੀ, 2011) : ਬੁੜੈਲ (ਚੰਡੀਗੜ੍ਹ) ਤੋਂ ਅਗਵਾ ਕਰਕੇ ਫਿਰੌਤੀ ਲੈਣ ਦੇ ਬਾਵਜ਼ੂਦ ਕਤਲ ਕਰ ਦਿੱਤੇ ਗਏ 5 ਸਾਲਾ ਬੱਚੇ ਖੁਸ਼ਪ੍ਰੀਤ ਸਿੰਘ ਦੇ ਕਾਤਲਾਂ ਨੂੰ ਤੁਰੰਤ ਫੜ ਕੇ ਸਖਤ ਸਜ਼ਾਵਾਂ ਦਿੱਤੇ ਜਾਣ ਦੀ ਮੰਗ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਕੌਮੀ ਵਿਸ਼ੇਸ਼ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਬੱਚੇ ਦੇ ਕਤਲ ਲਈ ਚੰਡੀਗੜ੍ਹ ਪੁਲਿਸ ਜਿੰਮੇਵਾਰ ਹੈ ਜਿਸਦੀ ਨਾਲਾਇਕੀ, ਲਾਪ੍ਰਵਾਹੀ ਤੇ ਪੁਲਿਸ ਵਿਭਾਗ ਵਿੱਚ ਸ਼ਾਮਿਲ ਕਾਲੀਆ ਭੇਡਾਂ ਕਾਰਨ ਇਹ ਕਾਂਡ ਵਾਪਰਿਆ।
ਉਕਤ ਨਾਜ਼ੁਕ ਮਾਮਲੇ ’ਤੇ ਇਹ ਤਿੱਖਾ ਰੋਸ ਪ੍ਰਗਟਾਉਂਦਿਆਂ ਉਕਤ ਆਗੂਆਂ ਨੇ ਕਿਹਾ ਕਿ 16 ਪੁਲਿਸ ਮੁਲਾਜ਼ਮਾਂ ਦੇ ਘੇਰੇ ਵਿੱਚੋਂ ਅਗਵਾਕਾਰਾਂ ਵਲੋਂ ਫਿਰੌਤੀ ਦੀ ਰਕਮ ਲੈ ਜਾਣਾ ਅਤਿਅੰਤ ਗੰਭੀਰ ਮਾਮਲਾ ਹੈ ਜਿਸ ਕਾਰਨ ਪੁਲਿਸ ’ਤੇ ਉਂਗਲ ਉਠਣੀ ਲਾਜ਼ਮੀ ਹੈ। ਉਕਤ ਆਗੂਆਂ ਨੇ ਕਿਹਾ ਕਿ ਸਾਰੇ ਮਾਮਲੇ ਦੇ ਤੱਥਾਂ ਤੋਂ ਅਗਵਾਕਾਰਾਂ ਦੇ ਤਾਰ ਪੁਲਿਸ ਨਾਲ ਜੁੜੇ ਹੋਣ ਦੇ ਪੁਖਤਾ ਸਬੂਤ ਮਿਲਦੇ ਹਨ। ਇਸ ਲਈ ਇਨ੍ਹਾਂ ਨੂੰ ਵੀ ਖੁਸ਼ੀ ਦੇ ਕਾਤਲਾਂ ਦੇ ਬਰਾਬਰ ਸ਼ਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਭੱਵਿਖ ਵਿੱਚ ਕਿਸੇ ਹੋਰ ਮਾਸੂਮ ਨਾਲ ਅਜਿਹੀ ਘਟਨਾ ਨਾ ਵਾਪਰੇ। ਇਹ ਘਟਨਾ ਸਾਬਤ ਕਰਦੀ ਹੈ ਕਿ ਆਮ ਵਿਅਕਤੀ ਦੇ ਮਾਸੂਮ ਬੱਚੇ ਦੀ ਜ਼ਿੰਦਗੀ ਦੀ ਪੁਲਿਸ ਲਈ ਕੋਈ ਅਹਿਮੀਅਤ ਨਹੀਂ।
ਖੁਸ਼ਪ੍ਰੀਤ ਦੇ ਕਤਲ ਦੇ ਮਾਮਲੇ ਵਿਚ ਇਨਸਾਫ ਮੰਗਦੇ ਲੋਕਾਂ ’ਤੇ ਪੁਲਿਸ ਵਲੋਂ ਕੀਤੇ ਲਾਠੀਚਾਰਜ਼, ਪਾਣੀ ਦੀਆ ਬੁਛਾਰਾਂ ਤੇ ਅੱਥਰੂ-ਗੈਸ ਦੇ ਗੋਲੇ ਛੱਡਣ ਦੀ ਉਕਤ ਆਗੂਆਂ ਨੇ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਪੁਲਿਸ ਦੀ ਇਹ ‘ਬਹਾਦਰੀ’ ੳਸ ਵਕਤ ਕਿੱਥੇ ਸੀ ਜਦੋਂ ਉਨ੍ਹਾਂ ਦੇ ਘੇਰੇ ਵਿੱਚੋਂ ਅਗਵਾਕਾਰ 4 ਲੱਖ ਦੀ ਫਿਰੌਤ ਲੈ ਕੇ ਭੱਜ ਗਏ?
Related Topics: Akali Dal Panch Pardhani, Bhai Harpal Singh Cheema (Dal Khalsa), Punjab Police