February 22, 2010 | By ਸਿੱਖ ਸਿਆਸਤ ਬਿਊਰੋ
ਮੋਹਾਲੀ (22 ਫਰਵਰੀ, 2010): ਬੀਤੇ ਦਿਨੀਂ ਹਿੰਦੂ ਜਥੇਬੰਦੀਆਂ ਵਲੋਂ ਰਾਮ ਨੌਮੀ ਦੇ ਇਕ ਪ੍ਰੋਗਰਾਮ ਦੌਰਾਨ ਈਸਾ ਮਸੀਹ ਦੀ ਅਪਮਾਨਜਨਕ ਤਸਵੀਰ ਦਾ ਪ੍ਰਦਰਸ਼ਨ ਕਰਕੇ ਈਸਾਈ ਭਾਈਚਾਰੇ ਨੂੰ ਜ਼ਲੀਲ ਕਰਨ ਦੀ ਕਾਰਵਾਈ ਦੀ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਮੋਹਾਲੀ ਵਿੱਚ ਕੀਤੀ ਗਈ ਇੱਕ ਮੀਟਿੰਗ ਦੌਰਾਨ ਸਖ਼ਤ ਨਿਖੇਧੀ ਕੀਤੀ ਗਈ। ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਅਤੇ ਯੂਤ ਵਿੰਗ ਦੇ ਕੌਮੀ ਜਨਰਲ ਸਕੱਤਰ ਸੰਦੀਪ ਸਿੰਘ ਕੈਨੇਡੀਅਨ ਨੇ ਕਿਹਾ ਕਿ ਪੰਜਾਬ ਕੈਬਨਿਟ ਵੀ ਇਸ ਬਾਰੇ ਫੈਸਲਾ ਕਰ ਚੁੱਕੀ ਹੈ ਕਿ ਧਾਰਮਿਕ ਭਾਵਨਾਵਾਂ ਭੜਕਾਉਣ ਵਾਲਿਆਂ ਵਿਰੁੱਧ ਸਖਤੀ ਨਾਲ ਨਿਪਟਿਆ ਜਾਵੇਗਾ। ਇਸ ਲਈ ਇਸ ਕਾਰੇ ਦੇ ਅਸਲ ਜਿੰਮੇਵਾਰ ਵਿਅਕਤੀਆਂ ਨੂੰ ਤੁਰੰਤ ਧਾਰਾ 295-ਏ ਤਹਿਤ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਜੋ ਅੱਗੋਂ ਤੋਂ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਘਟੀਆ ਜ਼ੁਰਤ ਨਾ ਕਰ ਸਕੇ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾ ਇਹੋ ਸਮਝਿਆ ਜਾਵੇਗਾ ਪੰਜਾਬ ਕੈਬਨਿਟ ਦਾ ਉਕਤ ਫੈਸਲਾ ਸਿਰਫ਼ ਘੱਟਗਿਣਤੀਆਂ ਦੇ ਮੈਗਜ਼ੀਨਾਂ ਜਾਂ ਪੱਤਰਕਾਰਾਂ, ਲੇਖਕਾਂ ਆਦਿ ਦੇ ਦਮਨ ਲਈ ਹੀ ਕੀਤਾ ਗਿਆ ਹੈ।
ਉਕਤ ਆਗੂਆਂ ਨੇ ਕਿਹਾ ਕਿ ਅਜੇ ਤੱਕ ਇਸ ਸਬੰਧ ਵਿਚ ਦੋ ਦੋਸ਼ੀਆਂ ਨੂੰ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਇਸ ਮਾਮਲੇ ਪਿੱਛੇ ਛੁਪੇ ਹੋਏ ਅਸਲ ਫ਼ਿਰਕੂ ਲੋਕਾਂ ਤੇ ਸਬੰਧਿਤ ਰਾਮ ਨੌਮੀ ਸਮਾਗਮ ਦੇ ਪ੍ਰਬੰਧਕਾਂ ਖ਼ਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਜਾਨ ਬੁੱਝ ਕੇ ਇਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਲਈ ਉਕਤ ਤਸਵੀਰ ਦੀ ਵਰਤੋਂ ਕੀਤੀ ਹੈ ਅਤੇ ਹੁਣ ਉਨ੍ਹਾਂ ਦੇ ਗਿਰਜਾਘਰ ਸਾੜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਜਾਂ ਕਿਸੇ ਵੀ ਧਾਰਮਿਕ ਸੰਸਥਾ ਨੂੰ ਕੋਈ ਹੱਕ ਨਹੀਂ ਕਿ ਅਪਣੇ ਧਾਰਮਿਕ ਸਥਾਨਾ ਜਾਂ ਸਮਾਗਮਾਂ ਆਦਿ ’ਤੇ ਦੂਜੇ ਧਰਮ ਨਾਲ ਸਬੰਧਿਤ ਤਸਵੀਰਾਂ ਜਾਂ ਹੋਰ ਸਮੱਗਰੀ ਦੀ ਜਾਇਜ਼ ਜਾਂ ਨਜਾਇਜ਼ ਵਰਤੋਂ ਕਰੇ।
Related Topics: Akali Dal Panch Pardhani