ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ

ਪੰਜਾਬ ਦੀ ਆਰਥਿਕ ਸਿਹਤ ਦੀ ਬਦਹਾਲੀ ਬਿਆਨਦਾ ਪੰਜਾਬ ਬਜਟ

March 25, 2018 | By

ਚੰਡੀਗੜ੍ਹ: ਵੱਡੀਆਂ ਸਿਫਤੀ ਤਬਦੀਲੀਆਂ ਦੀਆਂ ਸੌਂਹਾਂ ਖਾ ਕੇ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਬੀਤੇ ਕੱਲ੍ਹ ਪੰਜਾਬ ਦੀ ਵਿਧਾਨ ਸਭਾ ਵਿਚ ਬਜਟ ਪੇਸ਼ ਕੀਤਾ ਗਿਆ। ਹਰ ਬਜਟ ਵਾਂਗ ਇਹ ਬਜਟ ਵੀ ਲਾਰਿਆਂ ਵਰਗੇ ਦਾਅਵਿਆਂ ਅਤੇ ਠੋਸ ਪਹਿਲਕਦਮੀਆਂ ਤੋਂ ਸੱਖਣਾ ਦਸਤਾਵੇਜ ਹੀ ਪ੍ਰਤੀਕ ਹੋ ਰਿਹਾ ਹੈ। ਸਾਲ 2018-19 ਲਈ ਖਜ਼ਾਨਾ ਮੰਤਰੀ ਵਲੋਂ 12539 ਕਰੋੜ ਰੁਪਏ ਦੇ ਆਰਥਿਕ ਘੱਟੇ ਵਾਲਾ ਬਜਟ ਪੇਸ਼ ਕੀਤਾ ਗਿਆ, ਜੋ ਪੰਜਾਬ ਦੀ ਆਰਥਿਕ ਸਿਹਤ ਦੀ ਬਦਹਾਲੀ ਨੂੰ ਸਾਫ ਬੇਆਨਦਾ ਹੈ। ਪਰ ਇਸ ਬਦਹਾਲੀ ਦੇ ਬਾਵਜੂਦ ਪੰਜਾਬ ਦੀ ਨੌਜਵਾਨੀ ਨੂੰ ਝੂਠੇ ਮੁਕਾਬਲਿਆਂ ਵਿਚ ਮਾਰ ਮੁਕਾਉਣ ਦੇ ਦੋਸ਼ੀ ਮੰਨੇ ਜਾਂਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਯਾਦਗਾਰ ਲਈ ਸਰਕਾਰ ਨੇ 2 ਕਰੋੜ ਰੁਪਏ ਖਰਚਣ ਦਾ ਐਲਾਨ ਕੀਤਾ ਹੈ।

ਬਜਟ ਵਿਚ ਨਵੇਂ ਟੈਕਸਾਂ ਦਾ ਤੋਹਫਾ ਦਿੰਦਿਆਂ ਸਰਕਾਰ ਨੇ ਨੌਕਰੀਪੇਸ਼ਾ ਵਿਅਕਤੀਆਂ ਉੱਤੇ 200 ਰੁਪਏ ਪ੍ਰਤੀ ਮਹੀਨਾ ‘ਵਿਕਾਸ’ ਟੈਕਸ’ ਲਾ ਦਿੱਤਾ ਹੈ। ਸਰਕਾਰ ਨੂੰ ਇਸ ਨਵੇਂ ਕਰ ਤੋਂ ਸਾਲਾਨਾ 150 ਕਰੋੜ ਰੁਪਏ ਮਾਲੀਆ ਆਉਣ ਦੀ ਉਮੀਦ ਹੈ ਜਦੋਂ ਕਿ ਵਿੱਤ ਮੰਤਰੀ ਨੇ ਆਗਾਮੀ ਵਿੱਤੀ ਵਰ੍ਹੇ ਦੌਰਾਨ 1500 ਕਰੋੜ ਰੁਪਏ ਦਾ ਵਾਧੂ ਮਾਲੀਆ ਜੁਟਾਉਣ ਦਾ ਟੀਚਾ ਮਿੱਥਿਆ ਹੈ। ਸਰਕਾਰ ਵੱਲੋਂ ਆਗਾਮੀ ਵਿੱਤੀ ਵਰ੍ਹੇ ਦੌਰਾਨ ਖਰਚਿਆਂ ਅਤੇ ਆਮਦਨ ਦਾ ਪਾੜਾ ਪੂਰਨ ਲਈ 15545 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਜਾਣਾ ਹੈ ਤੇ ਕਰਜ਼ਾ ਚੁੱਕ ਕੇ ਵੀ ਮਾਲੀ ਘਾਟੇ ਦਾ ਖੱਪਾ ਪੂਰਿਆ ਨਹੀਂ ਜਾ ਰਿਹਾ। ਪੇਸ਼ ਕੀਤੇ ਬਜਟ ਅਨੁਸਾਰ 31 ਮਾਰਚ, 2019 ਤੱਕ ਪੰਜਾਬ ਸਿਰ ਕਰਜ਼ੇ ਭਾਰ 2 ਲੱਖ 11 ਹਜ਼ਾਰ 523 ਕਰੋੜ ਰੁਪਏ ਹੋ ਜਾਵੇਗਾ।

ਵਿੱਤ ਮੰਤਰੀ ਨੇ ਕੈਪਟਨ ਸਰਕਾਰ ਦੀ ਕਰਜ਼ਾ ਮੁਆਫ਼ੀ ਸਕੀਮ ਨੂੰ ਜਾਰੀ ਰੱਖਣ ਦਾ ਸੰਕੇਤ ਦਿੰਦਿਆਂ 4250 ਕਰੋੜ ਰੁਪਏ ਦਾ ਬਜਟ ਇਸ ਕਾਰਜ ਲਈ ਰੱਖਿਆ ਹੈ। ਖੇਤੀ ਖੇਤਰ, ਗਰੀਬਾਂ ਅਤੇ ਉਦਯੋਗਾਂ ਨੂੰ ਬਿਜਲੀ ਸਬਸਿਡੀ ਦੇਣ ਲਈ ਬਜਟ ਵਿੱਚ 12950 ਕਰੋੜ ਰੁਪਏ ਦੇਣ ਦੀ ਵਿਵਸਥਾ ਕੀਤੀ ਗਈ ਹੈ। ਖੇਤੀ ਖੇਤਰ ਲਈ ਕੁੱਲ ਬਜਟ 14737 ਕਰੋੜ ਰੁਪਏ ਰੱਖਿਆ ਗਿਆ ਹੈ। ਵਿਭਾਗਾਂ ਨੂੰ ਦਿੱਤੇ ਗਏ ਬਜਟ ’ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸਿੱਖਿਆ ਖੇਤਰ ਲਈ 11357 ਕਰੋੜ ਰੁਪਏ, ਸਹਿਕਾਰਤਾ ਲਈ 426 ਕਰੋੜ ਰੁਪਏ, ਸਿਹਤ ਤੇ ਪਰਿਵਾਰ ਭਲਾਈ ਲਈ 4015 ਕਰੋੜ ਰੁਪਏ ਦੀ ਵਿਵਸਥਾ ਹੈ। ਉਦਯੋਗਾਂ ਲਈ 1676 ਕਰੋੜ ਰੁਪਏ, ਸਿੰਜਾਈ ਤੇ ਬਿਜਲੀ ਲਈ 5121 ਕਰੋੜ ਰੁਪਏ, ਲੋਕ ਨਿਰਮਾਣ ਤੇ ਜਲ ਸਪਲਾਈ ਸੈਨੀਟੇਸ਼ਨ ਲਈ 3137 ਕਰੋੜ ਰੁਪਏ, ਪੰਚਾਇਤ ਵਿਭਾਗ ਲਈ 3020 ਕਰੋੜ ਰੁਪਏ, ਸਮਾਜਿਕ ਸੁਰੱਖਿਆ ਤੇ ਭਲਾਈ ਸਕੀਮਾਂ ਲਈ 3806 ਕਰੋੜ ਰੁਪਏ, ਸੈਰ ਸਪਾਟਾ ਵਿਭਾਗ ਲਈ 424 ਕਰੋੜ ਰੁਪਏ, ਗ੍ਰਹਿ ਵਿਭਾਗ, ਪੁਲੀਸ ਆਦਿ ਲਈ ਲਈ 7066 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਵਿੱਤ ਮੰਤਰੀ ਨੇ ਹਰ ਬਲਾਕ ਵਿੱਚ ਇੱਕ ਸਰਕਾਰੀ ਸਕੂਲ ਨੂੰ ਅਧੁਨਿਕ ਸਹੂਲਤਾਂ ਦੇ ਕੇ ਸਮਾਰਟ ਸਕੂਲ ਬਨਾਉਣ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨੇ ਸਥਾਨਕ ਸਰਕਾਰਾਂ ਵਿਭਾਗ ਅਧੀਨ ਸਮਾਰਟ ਸਿਟੀ ਪ੍ਰਾਜੈਕਟ ਤਹਿਤ 500 ਕਰੋੜ ਰੁਪਏ, ਅਮਰੁਤ ਯੋਜਨਾ ਤਹਿਤ 500 ਕਰੋੜ ਰੁਪਏ ਰੱਖੇ ਹਨ। ਇਸੇ ਤਰ੍ਹਾਂ 122 ਸ਼ਹਿਰਾਂ ਵਿੱਚ ਜਲ ਸਪਲਾਈ ਅਤੇ ਸੀਵਰੇਜ ਦੀ ਸਮੱਸਿਆ ਲਈ ਹੁਡਕੋ ਤੋਂ 1540 ਕਰੋੜ ਰੁਪਏ ਦੀ ਮਦਦ ਲੈਣ ਦਾ ਐਲਾਨ ਵੀ ਕੀਤਾ ਹੈ। ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਗੁਰਦਾਸਪੁਰ, ਰਾਮਪੁਰਾ ਫੂਲ, ਗਿੱਦੜਬਾਹਾ, ਮੋਰਿੰਡਾ ਅਤੇ ਸੁਜਾਨਪੁਰ ਵਿਖੇ ਰੇਲ ਅੰਡਰ ਬਰਿੱਜ ਬਣਾਏ ਜਾਣਗੇ। ਜਦੋਂ ਕਿ ਢੱਕੀ, ਮੰਡੀ ਗੋਬਿੰਦਗੜ੍ਹ, ਮਲੇਰਕੋਟਲਾ, ਦੀਨਾਨਗਰ, ਜਲੰਧਰ ’ਚ ਰੇਲਵੇ ਓਵਰ ਬਰਿੱਜ ਬਣਨਗੇ ਤੇ ਤਲਵਾੜਾ ਜੱਟਾਂ (ਪਠਾਨਕੋਟ) ਵਿੱਚ ਹਾਈ ਲੈਵਲ ਬਰਿੱਜਾਂ ਦੀ ਉਸਾਰੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਤਲੁਜ ਦਰਿਆ ਉੱਤੇ ਪੁਲਾਂ ਦੀ ਉਸਾਰੀ ਲਈ ਵੀ ਬਜਟ ਵਿੱਚ ਪੈਸਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਲ 2018-19 ਦੌਰਾਨ 7000 ਕਿਸਾਨਾਂ ਦੀ ਸਹਾਇਤਾ ਅਤੇ 10000 ਏਕੜ ਕਾਸ਼ਤਯੋਗ ਰਕਬੇ ਨੂੰ ਫ਼ਸਲੀ ਵਿਭਿੰਨਤਾ ਅਧੀਨ ਲਿਆਉਣ ਦਾ ਉਦੇਸ਼ ਹੈ।

ਵਿੱਤ ਮੰਤਰੀ ਨੇ ਦੱਸਿਆ ਕਿ ਸਾਲ 2019 ਦੌਰਾਨ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀਆਂ ਤਿਆਰੀਆਂ ਲਈ ਸਾਲ 2018-19 ਦੇ ਬਜਟ ਵਿੱਚ 100 ਕਰੋੜ ਰੁਪਏ ਰਾਖਵੇਂ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸੁਲਤਾਨਪੁਰ ਲੋਧੀ ਲਈ 10 ਕਰੋੜ ਰੁਪਏ ਅਤੇ ਡੇਰਾ ਬਾਬਾ ਨਾਨਕ ਲਈ 10 ਕਰੋੜ ਰੁਪਏ ਦੀ ਵਿਸ਼ੇਸ਼ ਗਰਾਂਟ ਦਿੱਤੀ ਜਾਵੇਗੀ।

ਬਜਟ ਅਨੁਸਾਰ ਰਾਜ ਸਰਕਾਰ ਦੀ ਆਪਣੇ ਸਰੋਤਾਂ ਤੋਂ ਆਮਦਨ 41064.31 ਕਰੋੜ ਰੁਪਏ ਹੋਵੇਗੀ।(ਇਸ ਵਿੱਚ ਜੀਐਸਟੀ 21440 ਕਰੋੜ ਰੁਪਏ, ਵੈਟ 6333 ਕਰੋੜ ਰੁਪਏ, ਸ਼ਰਾਬ ਤੋਂ 6000 ਕਰੋੜ ਰੁਪਏ, ਅਸ਼ਟਾਮ ਤੇ ਰਜਿਸਟਰੀਆਂ ਤੋਂ 2500 ਕਰੋੜ ਰੁਪਏ, ਵਾਹਨਾਂ ਉੱਤੇ ਕਰ 2140 ਕਰੋੜ, ਬਿਜਲੀ ’ਤੇ ਕਰ 2500 ਕਰੋੜ ਰੁਪਏ, ਹੋਰ 150 ਕਰੋੜ ਰੁਪਏ) ਇਸੇ ਤਰ੍ਹਾਂ ਗੈਰ ਕਰਾਂ ਵਿੱਚ ਫੁਟਕਲ ਪ੍ਰਾਪਤੀਆਂ 6831 ਕਰੋੜ ਰੁਪਏ, ਪੰਜਾਬ ਰੋਡਵੇਜ਼ 258.81 ਕਰੋੜ ਰੁਪਏ, ਸ਼ਹਿਰੀ ਵਿਕਾਸ 116.03 ਕਰੋੜ ਰੁਪਏ, ਹੋਰ 3042 ਕਰੋੜ ਜੋ ਕਿ ਕੁੱਲ 10248 ਕਰੋੜ ਰੁਪਏ ਬਣਦਾ ਹੈ। ਕੇਂਦਰੀ ਕਰਾਂ ਤੋਂ ਹਿੱਸਾ 12428 ਕਰੋੜ ਰੁਪਏ, ਕੇਂਦਰ ਤੋਂ ਗਰਾਂਟਾਂ 8570 ਕਰੋੜ ਰੁਪਏ, ਵਾਧੂ ਵਸੀਲੇ 1500 ਕਰੋੜ ਰੁਪਏ ਜੁਟਾਏ ਜਾਣਗੇ। ਇਹ ਕੁੱਲ ਆਮਦਨ 73812 ਕਰੋੜ ਰੁਪਏ ਬਣਦੀ ਹੈ।

ਇਸੇ ਤਰ੍ਹਾਂ ਖਰਚਿਆਂ ਦੇ ਦਿੱਤੇ ਵੇਰਵਿਆਂ ਅਨੁਸਾਰ ਤਨਖਾਹਾਂ ਦਾ ਭੁਗਤਾਨ 25708.54 ਕਰੋੜ ਰੁਪਏ, ਪੈਨਸ਼ਨਾਂ ਦਾ ਭੁਗਤਾਨ 10304.50 ਕਰੋੜ ਰੁਪਏ, ਵਿਆਜ਼ ਅਦਾਇਗੀਆਂ 16260.09 ਕਰੋੜ ਰੁਪਏ, ਬਿਜਲੀ ਸਬਸਿਡੀ 12950 ਕਰੋੜ ਰੁਪਏ, ਪੇਂਡੂ ਤੇ ਸ਼ਹਿਰੀ ਸੰਸਥਾਵਾਂ ਨੂੰ ਸਪੁਰਦਗੀ 4268.67 ਕਰੋੜ ਰੁਪਏ ਅਤੇ ਹੋਰ ਫੁਟਕਲ ਤੇ ਮਾਲੀ ਖ਼ਰਚ 16859.47 ਕਰੋੜ ਰੁਪਏ ਸ਼ਾਮਲ ਹੈ। ਇਸ ਤਰ੍ਹਾਂ ਨਾਲ ਆਮਦਨ ਨਾਲੋਂ ਖ਼ਰਚ ਵਧਣ ਕਰਕੇ 12539 ਕਰੋੜ ਰੁਪਏ ਦੇ ਘਾਟੇ ਵਾਲਾ ਬਜਟ ਹੈ। ਸਰਕਾਰ ਵੱਲੋਂ ਡੰਗ ਟਪਾਉਣ ਲਈ 15545 ਕਰੋੜ ਰੁਪਏ ਦਾ ਕਰਜ਼ਾ ਵੀ ਲਿਆ ਜਾਣਾ ਹੈ। ਇਹ ਕਰਜ਼ਾ ਵੀ ਨਿੱਤ ਦਿਨ ਦੇ ਖ਼ਰਚੇ ਹੀ ਪੂਰੇ ਕਰ ਸਕੇਗਾ।

ਬਜਟ ਸਰਕਾਰ ਵਲੋਂ ਕਿਸਾਨਾਂ, ਦਲਿਤਾਂ, ਗਰੀਬਾਂ, ਨੌਜਵਾਨਾਂ, ਮੁਲਾਜ਼ਮਾਂ ਅਤੇ ਲਾਚਾਰ ਸੀਨੀਅਰ ਨਾਗਰਿਕਾਂ ਨਾਲ ਕੀਤੇ ‘ਧੋਖੇ’ ਦਾ ਦਸਤਾਵੇਜ਼: ਬਾਦਲ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਵਿਚ ਪੇਸ਼ ਬਜਟ ਨੂੰ ‘ਦਿਸ਼ਾਹੀਣ, ਅਰਥਹੀਣ ਅਤੇ ਦ੍ਰਿਸ਼ਟੀ ਤੋਂ ਸੱਖਣਾ’ ਕਰਾਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਵੀ ਬਜਟ ਦੀ ਨਿਖੇਧੀ ਕੀਤੀ ਹੈ। ਬਾਦਲ ਨੇ ਬਜਟ ਨੂੰ ਸਰਕਾਰ ਵੱਲੋਂ ਕਿਸਾਨਾਂ, ਦਲਿਤਾਂ, ਗਰੀਬਾਂ, ਨੌਜਵਾਨਾਂ, ਮੁਲਾਜ਼ਮਾਂ ਅਤੇ ਲਾਚਾਰ ਸੀਨੀਅਰ ਨਾਗਰਿਕਾਂ ਨਾਲ ਕੀਤੇ ‘ਧੋਖੇ’ ਦਾ ਦਸਤਾਵੇਜ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਕਿਸੇ ਵੀ ਪੱਖ ਤੋਂ ਆਰਥਿਕ ਦਸਤਾਵੇਜ਼ ਨਹੀਂ ਲੱਗਦਾ। ਇਸ ਤੋਂ ਸਾਫ਼ ਹੈ ਕਿ ਇਸ ਵਿਚ ਆਰਥਿਕ ਯੋਜਨਾਬੰਦੀ ਜਾਂ ਸੂਬੇ ਨੂੰ ਖੁਸ਼ਹਾਲ ਬਣਾਉਣ ਲਈ ਕੋਈ ਨੀਤੀ ਤੇ ਪ੍ਰੋਗਰਾਮ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਅੰਕੜਿਆਂ ਦਾ ਹੇਰਫੇਰ ਕਰਕੇ ਕੀਤੀ ਬਹੁਤ ਵੱਡੀ ਧੋਖਾਧੜੀ ਹੈ ਤੇ ਬਜਟ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ‘ਬੌਧਿਕ ਦੀਵਾਲੀਏਪਣ’ ਦੀ ਦੱਸ ਪਾਉਂਦਾ ਹੈ। ਬਾਦਲ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਰਕਾਰ ਦਾ ਘਰ ਘਰ ਨੌਕਰੀ ਦਾ ਧੋਖਾ ਵੀ ਨੰਗਾ ਹੋ ਗਿਆ ਹੈ। ਉਨ੍ਹਾਂ ਵਿੱਤ ਮੰਤਰੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਉੱਤੇ ਬਜਟ ਨੂੰ ਸਦਨ ਵਿਚ ਪੇਸ਼ ਕਰਨ ਤੋਂ ਪਹਿਲਾਂ ਹੀ ਲੀਕ ਕਰਨ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਵੱਲੋਂ ਇਨ੍ਹਾਂ ਦੋਵੇਂ ਮੰਤਰੀਆਂ ਖ਼ਿਲਾਫ ਮਰਿਆਦਾ ਮਤਾ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਬਜਟ ਇਸ ਗੱਲ ਨੂੰ ਤਸਦੀਕ ਕਰਦਾ ਹੈ ਕਿ ਸਰਕਾਰ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਆਪਣੇ ਸਾਰੇ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ। ਇਸ ਨੇ ਕਿਸਾਨਾਂ ਦੀ 90 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ-ਮੁਆਫੀ ਦੇ ਵਾਅਦੇ ਤੋਂ ਮੁੱਕਰ ਉਨ੍ਹਾਂ ਦੀ ਪਿੱਠ ਵਿਚ ‘ਛੁਰਾ’ ਮਾਰਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,