
May 2, 2011 | By ਪਰਦੀਪ ਸਿੰਘ
ਫ਼ਤਹਿਗੜ੍ਹ ਸਾਹਿਬ (30 ਅਪ੍ਰੈਲ, 2011): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਨਰਲ ਸਕੱਤਰ ਅਮਰੀਕ ਸਿੰਘ ਈਸੜੂ ਨੇ 1978ਵਿਆਂ ਤੋਂ ਹੁਣ ਤੱਕ ਪੰਜਾਬ ਵਿੱਚ ਤਾਇਨਾਤ ਰਹੇ ਆਈ.ਏ.ਐਸ, ਆਈ.ਪੀ.ਐਸ, ਪੀ.ਸੀ ਐਸ. ਤੇ ਪੀ.ਪੀ.ਐਸ. ਅਫਸਰਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜਿਵੇਂ ਗੁਜਰਾਤ ਦੇ ਮੁਸਲਿਮ ਕਤਲੇਆਮ, ਮੁੰਬਈ ‘ਹਮਲੇ’ ਤੇ ਘੱਟਗਿਣਤੀਆਂ ਨੂੰ ਨਿਸ਼ਾਨਾਂ ਬਣਾ ਕੇ ਕੀਤੇ ਗਏ ਬੰਬ ਧਮਾਕਿਆਂ ਬਾਰੇ ਆਈ.ਏ.ਐਸ ਤੇ ਆਈ.ਪੀ.ਐਸ ਅਫਸਰ ਅੱਗੇ ਆ ਕੇ ਸਚਾਈ ਸਾਹਮਣੇ ਲਿਅ ਰਹੇ ਹਨ ਉਸੇ ਤਰ੍ਹਾਂ ਉਹ ਵੀ ਅਪਣੀ ਜ਼ਮੀਰ ਦੀ ਆਵਾਜ਼ ’ਤੇ ਸਿੱਖਾਂ ਅਤੇ ਪੰਜਾਬ ਨਾਲ ਵਾਪਰੇ ਦੁਖਾਂਤ ਦੀ ਸਚਾਈ ਸਾਹਮਣੇ ਲਿਆ ਕੇ ਲੋਕਾਂ ਪ੍ਰਤੀ ਅਪਣੀ ਜ਼ਿੰਮੇਵਾਰੀ ਤੇ ਸੰਵਿਧਾਨਕ ਫ਼ਰਜ਼ ਪੂਰਾ ਕਰਨ।
ਉਕਤ ਆਗੂਆਂ ਨੇ ਕਿਹਾ ਕਿ ਹੁਣ ਤੱਕ ਕਈ ਅਫਸਰ ਨਰਿੰਦਰ ਮੋਦੀ, ਉਸਦੀ ਸਰਕਾਰ ਅਤੇ ਸਥਾਨਕ ਪ੍ਰਸਾਸ਼ਨ ਦੀ ਗੁਜਰਾਤ ਦੇ ਮੁਸਲਿਮ ਕਤਲੇਆਮ ਵਿੱਚ ਭੂਮਿਕਾ ਦਾ ਖੁਲਾਸਾ ਕਰ ਚੁੱਕੇ ਹਨ। ਸਾਬਕਾ ਆਈ.ਪੀ.ਐਸ. ਅਫਸਰ ਐਸ.ਐਮ. ਮੁਸਰਿਫ ਵੀ ਅਪਣੀ ਕਿਤਾਬ ‘ਹੂ ਕਿਲਡ ਕਰਕਰੇ’ ਵਿਚ ਹਿੰਦੁਸਤਾਨ ਦੀ ਅੰਦਰੂਨੀ ਪਾਲਿਸੀ ਦੀ ਸਚਾਈ ਨੂੰ ਵਿਸਥਾਰ ਨਾਲ ਜਨਤਕ ਕਰ ਚੁੱਕੇ ਹਨ। ਇਸ ਕਿਤਾਬ ਵਿੱਚ ਉਨ੍ਹਾ ਦੱਸਿਆ ਹੈ ਕਿ ਕਿਹੜੀਆਂ ਸ਼ਕਤੀਆਂ ਘੱਟਗਿਣਤੀ ਵਰਗ ਦੇ ਨੌਜਵਾਨਾਂ ਦੇ ਨਾਂ ’ਤੇ ਮੜ੍ਹੇ ਜਾਂਦੇ ਬੰਬ ਧਮਾਕਿਆਂ ਨੂੰ ਕਿਵੇਂ ਅੰਜ਼ਾਮ ਦਿੰਦੀਆਂ ਹਨ। ਅਫਸਰਾਂ ਵਲੋਂ ਅੱਗੇ ਆ ਕੇ ਸਚਾਈ ਦੱਸਣ ਦੇ ਡਰ ਤੋਂ ਬੁਖਲਾ ਇਹ ਫਿਰਕੂ ਲਾਬੀ ਸੇਵਾ ਅਧੀਨ ਜਾਂ ਸੇਵਾ-ਮੁਕਤ ਅਫਸਰਾਂ ’ਤੇ ‘ਸਰਕਾਰੀ ਭੇਤ’ ਪ੍ਰਗਟ ਕਰਨ ’ਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਵੀ ਕਰ ਚੁੱਕੀ ਹੈ।
ਭਾਈ ਚੀਮਾ ਤੇ ਈਸੜੂ ਨੇ ਕਿਹਾ ਕਿ ਪਹਿਲਾਂ ਆਈ.ਸੀ.ਐਸ. ਅਫਸਰ ਸਿਰਦਾਰ ਕਪੂਰ ਸਿੰਘ ਨੇ ਦੇਸ਼ ਦੀ ਪ੍ਰਭੂਸੱਤਾ ’ਤੇ ਕਾਬਜ਼ ਵਿਚਾਰਧਾਰਾ ਦੀ ਸਿੱਖ ਵਿਰੋਧੀ ਕਾਰਗੁਜ਼ਾਰੀ ਅਪਣੀ ਕਿਤਾਬ ‘ਸਾਚੀ ਸਾਖੀ’ ਰਾਹੀਂ ਸਾਹਮਣੇ ਲਿਆਂਦੀ।ਸਾਬਕਾ ਭਾਰਤੀ ਗ੍ਰਹਿ ਮੰਤਰੀ ਵਲਭ ਭਾਈ ਪਾਟੇਲ ਵਲੋਂ ਦੇਸ਼ ਦੇ ਡਿਪਟੀ ਕਮਿਸ਼ਨਰਾਂ ਨੂੰ ਕੀਤੀ ਗਈ ਹਿਦਾਇਤ ਕਿ ‘ਸਿੱਖ ਜ਼ਰਾਇਮ ਪੇਸ਼ਾ ਹਨ ਤੇ ਇਨ੍ਹਾਂ ਤੇ ਸਖਤਾਈ ਰੱਖੀ ਜਾਵੇ’ ਦਾ ਇਸੇ ਕਿਤਾਬ ਵਿੱਚ ਖੁਲਾਸਾ ਕਰਦਿਆਂ ਉਨ੍ਹਾਂ ਦੱਸਿਆ ਹੈ ਕਿ ਦੇਸ਼ ਦੀ ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਕਿਵੇਂ ਸਿੱਖ ਘੱਟਗਿਣਤੀ ਵਿਰੁੱਧ ਕੰਮ ਕਰ ਰਹੀ ਹੈ।ਸ: ਗੁਰਤੇਜ ਸਿੰਘ ਆਈ.ਏ.ਐਸ. ਨੇ ਵੀ ਦੇਸ਼ ਦੇ ਸਿਸਟਮ ਵਲੋਂ ਸਿੱਖ ਕੌਮ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਨੂੰ ਲੋਕਾਂ ਸਾਹਮਣੇ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸੇਧ ਲੈ ਕੇ ਹੋਰ ਇਮਾਨਦਾਰ ਅਫਸਰ ਵੀ ਅਪਣੀ ਜ਼ਮੀਰ ਦੀ ਆਵਾਜ਼ ’ਤੇ ਪੰਜਾਬ ’ਚ ਵਾਪਰੇ ਦੁਖਾਂਤ ਦੀ ਪਰਦੇ ਪਿਛਲੀ ਅਸਲੀਅਤ ਸਾਹਮਣੇ ਲਿਆ ਕੇ ਲੋਕਾਂ ਪ੍ਰਤੀ ਅਪਣਾ ਫ਼ਰਜ਼ ਪੂਰਾ ਕਰਨ।
Related Topics: Akali Dal Panch Pardhani, Punjab