ਲੇਖ

ਪੰਜਾਬ ਦੀ ਸਿਆਸਤ ਉੱਤੇ ਕੀ ਅਸਰ ਪਾਵੇਗਾ ਤੀਜਾ ਮੋਰਚਾ? – ਸੁਰਜੀਤ ਸਿੰਘ ਗੋਪੀਪੁਰ

October 23, 2011 | By

ਪੰਜਾਬੀ ਦੇ ਰੋਜਾਨਾ ਅਖਬਾਰ ਅਜੀਤ ਦੇ ਉਪ-ਸੰਪਾਦਕ ਸ੍ਰ. ਸੁਰਜੀਤ ਸਿੰਘ ਗੋਪੀਪੁਰ ਦੀ ਮਿਤੀ 22 ਅਕਤੂਬਰ, 2011 ਨੂੰ ਰੋਜਾਨਾ ਅਜੀਤ ਵਿਚ ਛਪੀ ਇਹ ਲਿਖਤ ਅਸੀਂ ਧੰਨਵਾਦ ਸਹਿਤ ਹੇਠਾਂ ਛਾਪ ਰਹੇ ਹਾਂ: ਸੰਪਾਦਕ।

ਪੰਜਾਬ ਦੀ ਸਿਆਸਤ ਨੂੰ ਮੋੜਾ ਦੇਣ ਲਈ ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.), ਮੁੱਖ ਧਾਰਾ ਦੀਆਂ ਦੋਵੇਂ ਖੱਬੇ-ਪੱਖੀ ਪਾਰਟੀਆਂ ਸੀ.ਪੀ.ਆਈ. ਤੇ ਸੀ.ਪੀ.ਐਮ. ਅਤੇ ਅਕਾਲੀ ਦਲ (ਲੌਂਗੋਵਾਲ) ਵੱਲੋਂ ਬਣਾਇਆ ‘ਸਾਂਝਾ ਮੋਰਚਾ’ ਪੰਜਾਬ ਵਿਚ ਤੀਜਾ ਸਿਆਸੀ ਬਦਲ ਬਣੇ ਭਾਵੇਂ ਨਾ ਪਰ ਇਸ ਨੇ ਰਾਜ ਵਿਚ ਬਣੀ ਸਿਆਸੀ ਖੜੋਤ ਨੂੰ ਤੋੜਨ ਦੀ ਦਿਸ਼ਾ ‘ਚ ਕੁਝ ਹਲਚਲ ਜ਼ਰੂਰ ਮਚਾਈ ਹੈ। ਇਸ ਮੋਰਚੇ ਨੂੰ ਹੋਰ ਮਜ਼ਬੂਤ ਬਣਾਉਣ ਲਈ ਬਹੁਜਨ ਸਮਾਜ ਪਾਰਟੀ (ਬਸਪਾ) ਨੂੰ ਵੀ ਅਕਾਲੀ ਦਲ (ਲੌਂਗੋਵਾਲ) ਦੇ ਸਰਪ੍ਰਸਤ ਸ: ਸੁਰਜੀਤ ਸਿੰਘ ਬਰਨਾਲਾ ਰਾਹੀਂ ਨਾਲ ਰਲਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜੇਕਰ ਬਸਪਾ ਇਸ ਵਿਚ ਸ਼ਾਮਿਲ ਹੁੰਦੀ ਹੈ ਤਾਂ ਇਸ ਦੀ ਅਹਿਮੀਅਤ ਕਾਫੀ ਵਧ ਜਾਵੇਗੀ ਕਿਉਂਕਿ ਪੰਜਾਬ ਦੇ ਵਿਸ਼ਾਲ ਦਲਿਤ ਭਾਈਚਾਰੇ ਦਾ ਇਕ ਵੱਡਾ ਵਰਗ ਅਜੇ ਵੀ ਬਸਪਾ ਨਾਲ ਜੁੜਿਆ ਹੋਇਆ ਹੈ।

ਕੁੱਲ ਮਿਲਾ ਕੇ ਇਹੀ ਮੰਨਿਆ ਜਾ ਰਿਹਾ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਇਹ ਮੋਰਚਾ ਅਕਾਲੀ -ਭਾਜਪਾ ਗਠਜੋੜ ਅਤੇ ਕਾਂਗਰਸ ਦੋਵਾਂ ਦੇ ਵੋਟ ਬੈਂਕ ਨੂੰ ਬਰਾਬਰ ਰੂਪ ‘ਚ ਖੋਰਾ ਲਾਵੇਗਾ। ਅਕਾਲੀ ਦਲ (ਬਾਦਲ) ਨੂੰ ਇਸ ਲਈ ਕਿਉਂਕਿ ਇਸ ਮੋਰਚੇ ਦੀ ਸਭ ਤੋਂ ਵੱਡੀ ਸ: ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਪਾਰਟੀ ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.) ਦਾ ਬਹੁਤਾ ਕੇਡਰ ਇਸ ਵਿਚੋਂ ਹੀ ਬਾਗੀ ਹੋ ਕੇ ਗਿਆ ਹੈ। ਕਾਂਗਰਸ ਨੂੰ ਇਸ ਲਈ ਖੋਰਾ ਲੱਗੇਗਾ ਕਿਉਂਕਿ ਮਨਪ੍ਰੀਤ ਸਿੰਘ ਬਾਦਲ ਆਪਣੀ ਪਾਰਟੀ ਦਾ ਅਕਸ ਧਰਮ-ਨਿਰਪੱਖ ਬਣਾਉਣ ‘ਚ ਕਾਮਯਾਬ ਰਹੇ ਹਨ। ਇਸ ਵਿਚ ਸ਼ਾਮਿਲ ਹੋਈਆਂ ਖੱਬੇ-ਪੱਖੀ ਪਾਰਟੀਆਂ ਪੂਰੀ ਤਰ੍ਹਾਂ ਧਰਮ-ਨਿਰਪੱਖ ਮੰਨੀਆਂ ਜਾਂਦੀਆਂ ਹਨ, ਇਸ ਲਈ ਵੀ ਮੋਰਚੇ ਦੇ ਧਰਮ-ਨਿਰਪੱਖ ਅਕਸ ਨੂੰ ਮਜ਼ਬੂਤੀ ਮਿਲੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਸਾਬਕ ਮੁੱਖ ਮੰਤਰੀ ਸ: ਬਰਨਾਲਾ ਭਾਵੇਂ ਅਕਾਲੀ ਦਲ ਜੋ ਕਿ ਇਕ ਪੰਥਕ ਪਾਰਟੀ ਮੰਨੀ ਜਾਂਦੀ ਹੈ, ਦੇ ਇਕ ਗੁੱਟ ਦੇ ਆਗੂ ਹਨ ਪਰ ‘ਨਰਮ ਖਿਆਲੀ’ ਹੋਣ ਕਾਰਨ ਉਹ ਗ਼ੈਰ-ਸਿੱਖ ਹਲਕਿਆਂ ‘ਚ ਵੀ ਪ੍ਰਵਾਨ ਕੀਤੇ ਜਾਂਦੇ ਹਨ। ਇਹ ਸਥਿਤੀ ਇਸ ਮੋਰਚੇ ਨੂੰ ਕਾਂਗਰਸ ਦੀ ਧਰਮ-ਨਿਰਪੱਖ ਵੋਟ ਨੂੰ ਆਪਣੇ ਵੱਲ ਖਿੱਚਣ ਦੇ ਸਮਰੱਥ ਬਣਾਉਂਦੀ ਹੈ।

ਇਸ ਨਾਲ ਜੁੜਿਆ ਇਕ ਦਿਲਚਸਪ ਪਹਿਲੂ ਇਹ ਹੈ ਕਿ ਧਰਮ ਯੁੱਧ ਮੋਰਚੇ ਦੌਰਾਨ ਲੱਗੇ ਕਪੂਰੀ ਮੋਰਚੇ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਅਕਾਲੀ ਦਲ ਦਾ ਇਕ ਧੜਾ ਅਤੇ ਕਮਿਊਨਿਸਟ ਸਾਂਝੀ ਸਿਆਸੀ ਸਰਗਰਮੀ ਕਰਨ ਜਾ ਰਹੇ ਹਨ। 1982 ਵਿਚ ਸਤਲੁਜ ਯਮੁਨਾ ਲਿੰਕ ਨਹਿਰ ਦੇ ਵਿਰੋਧ ‘ਚ ਲੱਗੇ ਕਪੂਰੀ ਮੋਰਚੇ ਵਿਚ ਸੀ.ਪੀ.ਐਮ ਵੀ ਅਕਾਲੀ ਦਲ ਦੇ ਨਾਲ ਸੀ ਪਰ ਬਾਅਦ ‘ਚ ਸਿੱਖ ਲਹਿਰ ਦੇ ਹਿੰਸਕ ਰੂਪ ਧਾਰਨ ਕਰਨ ਤੇ ਭਾਰਤੀ ਮੁੱਖ ਧਾਰਾ ਤੋਂ ਵੱਖ ਹੋਣ ਕਾਰਨ ਸਿੱਖ ਸਿਆਸੀ ਧਿਰਾਂ ਅਤੇ ਕਮਿਊਨਿਸਟਾਂ ਵਿਚਕਾਰ ਡੂੰਘੀਆਂ ਦਰਾੜਾਂ ਪੈ ਗਈਆਂ ਸਨ। ਇਥੋਂ ਤੱਕ ਕਿ ਇਨ੍ਹਾਂ ਦੋਵਾਂ ਧਿਰਾਂ ਵਿਚਕਾਰ ਹਿੰਸਕ ਟਕਰਾਅ ਵੀ ਦੇਖਣ ਨੂੰ ਮਿਲਿਆ ਸੀ, ਚਾਹੇ ਇਹ ਵਧੇਰੇ ਕਰਕੇ ਨਕਸਲੀ ਪਿਛੋਕੜ ਵਾਲੇ ਕਮਿਊਨਿਸਟਾਂ ਤੇ ਸਿੱਖ ਖਾੜਕੂਆਂ ਵਿਚਾਲੇ ਹੀ ਸੀ। ਕਮਿਊਨਿਸਟ ਸਿੱਖ ਧਿਰਾਂ ਦਾ ਇਨ੍ਹਾਂ ਦੋਸ਼ਾਂ ਦੇ ਆਧਾਰ ‘ਤੇ ਵਿਰੋਧ ਕਰਦੇ ਰਹੇ ਹਨ ਕਿ ਉਨ੍ਹਾਂ ਦੇ ਸੰਘਰਸ਼ ਦਾ ਆਧਾਰ ‘ਫਿਰਕਾਪ੍ਰਸਤੀ’ ਹੈ। ਸਿੱਖ ਧਿਰਾਂ ਕਮਿਊਨਿਸਟਾਂ ‘ਤੇ ਇਹ ਦੋਸ਼ ਲਾਉਂਦੀਆਂ ਰਹੀਆਂ ਹਨ ਕਿ ਉਹ ਉਨ੍ਹਾਂ ਦੇ ਸੰਘਰਸ਼ ਦੇ ਵਿਰੁੱਧ ਭੁਗਤ ਕੇ ਹਾਕਮ ਧਿਰ ਦਾ ਸਾਥ ਦੇ ਰਹੀਆਂ ਹਨ ਤੇ ਉਨ੍ਹਾਂ ਦੇ ਸੰਘਰਸ਼ ਨੂੰ ਕੁਚਲਣ ਦੀ ਸਰਕਾਰੀ ਸਰਗਰਮੀ ਦਾ ਹਿੱਸਾ ਬਣ ਰਹੀਆਂ ਹਨ। ਅਜਿਹੀ ਲੰਮਾ ਸਮਾਂ ਚੱਲੀ ਡੂੰਘੀ ਕਸ਼ਮਕਸ਼ ਤੋਂ ਬਾਅਦ ਦੋਵਾਂ ਵਿਚਕਾਰ ਹੋਈ ਏਕਤਾ ਸਿਧਾਂਤ ਆਧਾਰਿਤ ਸਿਆਸੀ ਸਰਗਰਮੀ ਲਈ ਖਾਸ ਅਹਿਮੀਅਤ ਰੱਖਦੀ ਹੈ, ਚਾਹੇ ਇਹ ਦੋਵਾਂ ਵਰਗਾਂ ਦੇ ਖ਼ਾਸ ਗੁੱਟਾਂ ਵਿਚਕਾਰ ਹੀ ਹੋਈ ਹੈ। ਵੈਸੇ ਇਹ ਗਠਜੋੜ ਦੋਵਾਂ ਵੱਲੋਂ ਮਿਥ ਕੇ ਨਹੀਂ ਕੀਤਾ ਗਿਆ, ਸਗੋਂ ਇਹ ਤਾਂ ਦੋਵਾਂ ਦੀ ਪੰਜਾਬ ਦੇ ਸਿਆਸੀ ਪਿੜ ‘ਚ ਆਪਣੀ-ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਤਹਿਤ ਵੱਡੇ ਸਿਆਸੀ ਚਿਹਰੇ ਮਨਪ੍ਰੀਤ ਸਿੰਘ ਬਾਦਲ ਦੇ ‘ਘਨੇਰੀ ਚੜ੍ਹਨ’ ਦਾ ਸੁਭਾਵਿਕ ਸਿੱਟਾ ਹੈ। ਇਨ੍ਹਾਂ ਦੋਵਾਂ ਪੱਖਾਂ ਨੂੰ ਲਗ ਰਿਹਾ ਸੀ ਕਿ ਉਹ ਇਕੱਲਿਆਂ ਸੂਬੇ ਦੇ ਸਿਆਸੀ ਦ੍ਰਿਸ਼ ‘ਤੇ ਕਿਤੇ ਵੀ ਨਹੀਂ ਠਹਿਰ ਸਕਣਗੇ, ਇਸ ਲਈ ਉਨ੍ਹਾਂ ਨੇ ਮਨਪ੍ਰੀਤ ਦੇ ਸਹਾਰੇ ਉੱਭਰਨ ਦਾ ਪੈਂਤੜਾ ਖੇਡਿਆ ਹੈ। ਇਸੇ ਲਈ ਇਨ੍ਹਾਂ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਹੀ ਮੋਰਚੇ ਵਿਚ ਅੱਗੇ ਲਾਇਆ ਹੈ ਅਤੇ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕੀਤਾ ਹੈ। ਇਹ ਗੱਲ ਅਹਿਮੀਅਤ ਰੱਖਦੀ ਹੈ ਕਿ ਦੋ ਦੇਸ਼ ਪੱਧਰ ਦੀਆਂ ਪਾਰਟੀਆਂ (ਸੀ.ਪੀ.ਆਈ ਤੇ ਸੀ.ਪੀ.ਐਮ.) ਅਤੇ ਸੂਬੇ ਦੀ ਮੁੱਖ ਮੰਤਰੀ ਰਹੀ ਕੱਦਾਵਰ ਤੇ ਪ੍ਰੋੜ੍ਹ ਸਿਆਸੀ ਹਸਤੀ ਥੋੜ੍ਹਾ ਸਮਾਂ ਪਹਿਲਾਂ ਉੱਭਰੇ ਨੌਜਵਾਨ ਸਿਆਸੀ ਚਿਹਰੇ ਦਾ ਸਹਾਰਾ ਲੈਣ ਲਈ ਮਜਬੂਰ ਹੈ। ਉਧਰ ਮਨਪ੍ਰੀਤ ਨੇ ਵੀ ਇਨ੍ਹਾਂ ਧਿਰਾਂ ਨਾਲ ਰਲ ਕੇ ਮੋਰਚਾ ਇਸ ਲਈ ਹੋਂਦ ‘ਚ ਲਿਆਂਦਾ ਹੈ ਕਿਉਂਕਿ ਉਨ੍ਹਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਕਿ ਉਹ ਇਕੱਲਿਆਂ ਪੰਜਾਬ ਦੇ ਸਿਆਸੀ ਮਾਹੌਲ ਨੂੰ ਮੋੜਾ ਨਹੀਂ ਦੇ ਸਕਣਗੇ, ਚਾਹੇ ਸ਼ੁਰੂ ਵਿਚ ਉਹ ਇਕੱਲਿਆਂ ਅਜਿਹਾ ਕਰਨ ਲਈ ਉਤਸ਼ਾਹਵਾਨ ਸਨ। ਬਿਨਾਂ ਸ਼ੱਕ ਉਨ੍ਹਾਂ ਦੇ ਪ੍ਰਭਾਵ ‘ਚ ਓਨਾ ਤਿੱਖਾਪਣ ਹੁਣ ਨਹੀਂ ਦਿਸ ਰਿਹਾ, ਜਿੰਨਾ ਸ਼ੁਰੂ-ਸ਼ੁਰੂ ਵਿਚ ਦੇਖਣ ਨੂੰ ਮਿਲਿਆ ਸੀ।

20111018 Manpreet Badal Surjeet Singh Barnala Joginder Comrade Joint Third Front Punjabਇਹ ਤੱਥ ਵੀ ਨਵੇਂ ਬਣੇ ਮੋਰਚੇ ਦੇ ਹੱਕ ‘ਚ ਨਹੀਂ ਜਾਂਦਾ ਕਿ ਪੰਜਾਬ ਵਿਚ ਕਮਿਊਨਿਸਟਾਂ ਦੀ ਬੇਹੱਦ ਸੀਮਤ ਵੋਟ ਵੀ ਕਈ ਧੜਿਆਂ ‘ਚ ਵੰਡੀ ਹੋਈ ਹੈ। ਇਨ੍ਹਾਂ ਧੜਿਆਂ ਵਿਚਕਾਰ ਕਈ ਨੁਕਤਿਆਂ ਨੂੰ ਲੈ ਕੇ ਤਾਂ ਡੂੰਘੇ ਮੱਤਭੇਦ ਵੀ ਹਨ। ਇਸ ਸੰਦਰਭ ‘ਚ ਜ਼ਿਕਰਯੋਗ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੇ ਉਭਾਰ ਸਮੇਂ ਉਨ੍ਹਾਂ ਦਾ ਓਨਾ ਵਿਰੋਧ ਅਕਾਲੀ ਦਲ (ਬਾਦਲ) ਦੇ ਆਗੂਆਂ ਨੇ ਨਹੀਂ ਸੀ ਕੀਤਾ ਜਿੰਨਾ ਕੁੱਲ ਮਿਲਾ ਕੇ ਪੰਜਾਬ ਦੇ ਕਮਿਊਨਿਸਟਾਂ ਨੇ ਕੀਤਾ ਸੀ। ਉਨ੍ਹਾਂ ਵੱਲੋਂ ਵੱਖ-ਵੱਖ ਪਰਚਿਆਂ ‘ਚ ਵੱਡੇ-ਵੱਡੇ ਲੇਖ ਲਿਖ ਕੇ ਇਹ ਸਿੱਧ ਕਰਨ ਦਾ ਯਤਨ ਕੀਤਾ ਗਿਆ ਕਿ ਮਨਪ੍ਰੀਤ ਸਿੰਘ ਬਾਦਲ ਵੀ ਬਾਕੀਆਂ ਵਾਂਗ ਮੁੱਖ ਧਾਰਾ ਸਿਆਸਤ ਦਾ ਇਕ ‘ਮੋਹਰਾ’ ਹੀ ਹੈ ਅਤੇ ਉਸ ਵੱਲੋਂ ਕੀਤਾ ਜਾ ਰਿਹਾ ਬਦਲਵੇਂ ਨਿਜ਼ਾਮ ਦਾ ਪ੍ਰਚਾਰ ਰਵਾਇਤੀ ਸਿਆਸੀ ਪਾਰਟੀਆਂ ਵਾਂਗ ਵੋਟਾਂ ਬਟੋਰਨ ਦੀ ਨੀਤੀ ਤੋਂ ਇਲਾਵਾ ਕੁਝ ਨਹੀਂ ਹੈ। ਇਸ ਗੱਲ ਨੂੰ ਸਾਬਤ ਕਰਨ ਲਈ ਉਹ ਮਨਪ੍ਰੀਤ ਸਿੰਘ ਬਾਦਲ ਦੇ ਆਪਣੇ ਇਲਾਕੇ ਗਿੱਦੜਬਾਹਾ ਵਿਚ ਚੋਣਾਂ ਦੌਰਾਨ ਹੁੰਦੀਆਂ ਰਹੀਆਂ ਧਾਂਦਲੀਆਂ ਤੇ ਪ੍ਰਸ਼ਾਸਨ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਸਬੂਤਾਂ ਵਜੋਂ ਕੱਢ ਕੇ ਸਾਹਮਣੇ ਵੀ ਲਿਆਉਂਦੇ ਰਹੇ ਹਨ। (ਕਮਿਊਨਿਸਟਾਂ ਵੱਲੋਂ ਵਿਸ਼ੇਸ਼ ਤੀਬਰਤਾ ਨਾਲ ਮਨਪ੍ਰੀਤ ਦੇ ਕੀਤੇ ਗਏ ਇਸ ਵਿਰੋਧ ਦਾ ਕਾਰਨ ਕਈ ਸਿਆਸੀ ਚਿੰਤਕ ਇਹ ਦੱਸਦੇ ਹਨ ਕਿ ਦੋਵਾਂ ਦੇ ਸਿਆਸੀ ਪ੍ਰਾਜੈਕਟ ਭਾਵੇਂ ਦੇਖਣ ਨੂੰ ਇਕ-ਦੂਜੇ ਤੋਂ ਉਲਟ ਲਗਦੇ ਹਨ ਪਰ ਦੋਵਾਂ ਦਾ ਵਿਚਾਰਧਾਰਕ ਆਧਾਰ ਸਾਂਝਾ ਹੈ। ਮਨਪ੍ਰੀਤ ਸਿੰਘ ਬਾਦਲ ਨੇ ਖ਼ੁਦ ਵੀ ਇਹ ਗੱਲ ਇਕ ਅਖ਼ਬਾਰ ਨੂੰ ਦਿੱਤੀ ਇਕ ਇੰਟਰਵਿਊ ਵਿਚ ਇਹ ਕਹਿੰਦਿਆਂ ਮੰਨੀ ਸੀ ਕਿ ਉਹ ਮਾਰਕਸਵਾਦ ਤੋਂ ਪ੍ਰੇਰਿਤ ਹਨ। ਇਸ ਤੋਂ ਇਲਾਵਾ ਉਹ ਆਪਣੇ-ਆਪ ਨੂੰ ਸ਼ਹੀਦ ਭਗਤ ਸਿੰਘ ਤੇ ਉਸ ਦੀ ਵਿਚਾਰਧਾਰਾ ਦੇ ਪੈਰੋਕਾਰ ਵਜੋਂ ਵੀ ਉਭਾਰ ਰਹੇ ਹਨ, ਜਿਸ ਨੂੰ ਹੁਣ ਤੱਕ ਪੰਜਾਬ ਦੇ ਕਮਿਊਨਿਸਟ ਆਪਣੀ ‘ਸਮਾਜਵਾਦੀ’ ਤੇ ‘ਤਰਕਸ਼ੀਲ’ ਵਿਚਾਰਧਾਰਾ ਦੇ ਪਸਾਰ ਲਈ ਲੋਕ ਨਾਇਕ ਵਜੋਂ ਪ੍ਰਚਾਰਦੇ ਆ ਰਹੇ ਹਨ। ਪੰਜਾਬ ਦੇ ਕਮਿਊਨਿਸਟਾਂ ਦੇ ਸਮੁੱਚੇ ਸਿਧਾਂਤਕ ਏਜੰਡੇ ਨੂੰ ਕਾਫੀ ਹੱਦ ਤਕ ‘ਅਗਵਾ’ ਕਰ ਲਿਆ ਗਿਆ ਹੈ। ਇਸ ਗੱਲ ‘ਚੋਂ ਹੀ ਕਮਿਊਨਿਸਟਾਂ ਦੇ ਅਨੇਕਾਂ ਧੜਿਆਂ ਵਿਚ ਉਚੇਚੇ ਤੌਰ ‘ਤੇ ਮਨਪ੍ਰੀਤ ਸਿੰਘ ਬਾਦਲ ਵਿਰੋਧੀ ਭਾਵਨਾ ਉਪਜਣ ਦਾ ਪ੍ਰਭਾਵ ਮਿਲਦਾ ਹੈ।) ਇਸ ਸਥਿਤੀ ਦੇ ਮੱਦੇਨਜ਼ਰ ਅਸੀਂ ਇਹ ਨਹੀਂ ਆਖ ਸਕਦੇ ਕਿ ਸਿਰਫ ਦੋ ਧੜਿਆਂ ਦੀ ਹਮਾਇਤ ਮਿਲਣ ਨਾਲ ਮਨਪ੍ਰੀਤ ਦੇ ਹੱਕ ‘ਚ ਪੰਜਾਬ ਦੀ ਸਮੱਚੀ ਖੱਬੇ-ਪੱਖੀ ਵੋਟ ਭੁਗਤ ਜਾਏਗੀ। ਸਗੋਂ ਇਸ ਨਾਲ ਮਨਪ੍ਰੀਤ ਨੂੰ ਉਲਟਾ ਨੁਕਸਾਨ ਇਹ ਹੋ ਸਕਦਾ ਹੈ ਕਿ ਜਿਹੜੀ ਰਵਾਇਤੀ ਅਕਾਲੀ ਵੋਟ ਕਿਸੇ ਕਾਰਨ ਸੱਤਾਧਾਰੀ ਅਕਾਲੀ ਦਲ (ਬਾਦਲ) ਤੋਂ ਖਫ਼ਾ ਹੈ ਤੇ ਮਨਪ੍ਰੀਤ ਸਿੰਘ ਬਾਦਲ ਦੇ ਹੱਕ ‘ਚ ਭੁਗਤਣ ਦਾ ਸੰਕੇਤ ਦੇ ਰਹੀ ਹੈ, ਉਹ ਕਮਿਊਨਿਸਟਾਂ ਨਾਲ ਗਠਜੋੜ ਕਰਨ ਕਾਰਨ ਉਨ੍ਹਾਂ ਤੋਂ ਦੂਰ ਹੋ ਸਕਦੀ ਹੈ, ਕਿਉਂਕਿ ਸਿੱਖ ਹਲਕਿਆਂ ਵਿਚ ਕਮਿਊਨਿਸਟਾਂ ਬਾਰੇ ਆਮ ਪ੍ਰਭਾਵ ਇਹ ਬਣਿਆ ਹੋਇਆ ਹੈ ਕਿ ਉਹ ਬੁਨਿਆਦੀ ਤੌਰ ‘ਤੇ ਧਰਮ ਵਿਰੋਧੀ ਹਨ।

ਜਿਥੋਂ ਤੱਕ ਬਰਨਾਲਾ ਗਰੁੱਪ ਦਾ ਸਬੰਧ ਹੈ, ਇਸ ਦੀ ਕਾਰਗੁਜ਼ਾਰੀ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਸਾਹਮਣੇ ਆ ਗਈ ਹੈ। ਜਿਹੜੀ ਪੰਥਕ ਪਾਰਟੀ ਹੋਣ ਕਾਰਨ ਵੀ ਨਿਰੋਲ ਪੰਥਕ ਵੋਟਰਾਂ ਨੂੰ ਆਪਣੇ ਹੱਕ ਵਿਚ ਕਰਨ ‘ਚ ਅਸਫਲ ਰਹੀ ਹੈ, ਉਸ ਤੋਂ ਹੋਰ ਬਹੁਤੀ ਆਸ ਨਹੀਂ ਰੱਖੀ ਜਾ ਸਕਦੀ। ਇਸ ਤੋਂ ਇਲਾਵਾ ਖਾੜਕੂਵਾਦ ਦੌਰਾਨ ਸ: ਬਰਨਾਲਾ ਦੀ ਸਿਆਸੀ ਸਰਗਰਮੀ ‘ਤੇ ਕਈ ਤਰ੍ਹਾਂ ਦੇ ਸਵਾਲ ਉਠਦੇ ਰਹੇ ਹਨ। ਇਹ ਗੱਲ ਵੀ ਉਨ੍ਹਾਂ ਦੇ ਵਿਰੋਧ ‘ਚ ਜਾਂਦੀ ਹੈ। ਜਿਹੜੇ ਹੋਰ ਅਕਾਲੀ ਆਗੂ ਬਾਦਲ ਦਲ ਤੋਂ ਬਾਗੀ ਹੋ ਕੇ ਮਨਪ੍ਰੀਤ ਬਾਦਲ ਦੇ ਖੇਮੇ ‘ਚ ਆਏ ਹਨ, ਉਨ੍ਹਾਂ ‘ਚੋਂ ਬਹੁਤੇ ਤਾਂ ਪ੍ਰਭਾਵਹੀਣ ਹੋ ਚੁੱਕੇ ਸਨ। ਅਜਿਹੇ ਆਗੂਆਂ ਦਾ ਰਲੇਵਾਂ ਮਨਪ੍ਰੀਤ ਨੂੰ ਬਹੁਤਾ ਲਾਭ ਨਹੀਂ ਪਹੁੰਚਾਉਣ ਵਾਲਾ। ਮਨਪ੍ਰੀਤ ਬਾਦਲ ਦਾ ਖ਼ੁਦ ਦਾ ਆਧਾਰ ਵੀ ਬਹੁਤਾ ਮਾਲਵੇ ਦੇ ਕੁਝ ਜ਼ਿਲ੍ਹਿਆਂ ਵਿਚ ਹੀ ਹੈ। ਇਥੋਂ ਹੀ ਉਹ ਕੁਝ ਕੁ ਸੀਟਾਂ ਕੱਢਣ ਦੀ ਆਸ ਲਾ ਸਕਦੇ ਹਨ। ਇਨ੍ਹਾਂ ਸਮੁੱਚੇ ਪੱਖਾਂ ਨੂੰ ਵਿਚਾਰਨ ਤੋਂ ਬਾਅਦ ਤਾਂ ਇਹੀ ਲਗਦਾ ਹੈ ਕਿ ਤੀਜਾ ਮੋਰਚਾ ਅਜੇ ਸੂਬੇ ‘ਚ ਤੀਜਾ ਸਿਆਸੀ ਬਦਲ ਦੇਣ ਦੀ ਸਥਿਤੀ ‘ਚ ਨਹੀਂ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,