ਸਿਆਸੀ ਖਬਰਾਂ

ਯੂ.ਪੀ. ਦੇ ਜੇਲ੍ਹ ਮੰਤਰੀ ਰਾਮੂਵਾਲੀਆ ਨੇ ਨੌਂ ਸਾਲਾਂ ਤੋਂ ਬੰਦ ਪਈ ਪੰਜਾਬੀ ਅਕੈਡਮੀ ਮੁੜ ਬਹਾਲ ਕਰਵਾਈ

July 24, 2016 | By

ਨਵੀਂ ਦਿੱਲੀ: ਨੌਂ ਸਾਲਾਂ ਤੋਂ ਬੰਦ ਪਈ ਪੰਜਾਬੀ ਅਕੈਡਮੀ ਨੂੰ ਉੱਤਰ ਪ੍ਰਦੇਸ਼ ਦੇ ਜੇਲ੍ਹ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਦੁਬਾਰਾ ਚਾਲੂ ਕਰਵਾਉਣ ਦੇ ਨਾਲ ਹੀ ਸਾਲਾਨਾ ਬਜਟ 22 ਗੁਣਾ ਵਧਾ ਕੇ 1 ਕਰੋੜ 10 ਲੱਖ ਰੁਪਏ ਕਰਵਾਇਆ ਗਿਆ ਹੈ। ਰਾਮੂਵਾਲੀਆ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਸ਼ਤਾਬਦੀ ਮੌਕੇ ਉੱਤਰ ਪ੍ਰਦੇਸ਼ ਵਿੱਚ ਛੁੱਟੀ ਕੀਤੀ ਜਾਵੇਗੀ।

balwant-singh-ramuwalia

ਯੂ.ਪੀ. ਦੇ ਜੇਲ੍ਹ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ (ਫਾਈਲ ਫੋਟੋ)

ਰਾਮੂਵਾਲੀਆ ਨੇ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਮੌਕੇ ਦੱਸਿਆ ਕਿ ਸਿੰਘ ਸਭਾ ਸਦਰ ਲਖਨਊ ਦੇ ਪ੍ਰਧਾਨ ਹਰਪਾਲ ਸਿੰਘ ਜੱਗੀ ਨੂੰ ਇਸ ਅਕੈਡਮੀ ਦਾ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਪੰਜਾਬੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਤਰਾਈ ਖੇਤਰਾਂ ਵਿੱਚ 20 ਲੱਖ ਰੁਪਏ ਖ਼ਰਚ ਕੇ ਸਾਰੰਗੀ ਅਤੇ ਅਲਗੋਜ਼ੇ ਦੇ ਅਖਾੜੇ ਲਵਾ ਕੇ ਇਸ ਕਲਾ ਨੂੰ ਪ੍ਫੁੱਲਤ ਕੀਤਾ ਜਾਵੇਗਾ ਅਤੇ 70 ਸਾਲ ਦੀ ਉਮਰ ਵਾਲੇ ਪਰਵਾਸੀ ਲੇਖਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਆਉਣ ਵਾਲੇ ਟਰੱਕਾਂ ਅਤੇ ਕੰਬਾਈਨਾਂ ਵਾਲਿਆਂ ਦੀ ਲੁੱਟ ਬੰਦ ਕਰਵਾਈ ਗਈ ਹੈ। ਇਸ ਤੋਂ ਇਲਾਵਾ ਕੰਬੋਜ, ਸੈਣੀ ਅਤੇ ਹੋਰ ਪੰਜਾਬੀਆਂ ਦੇ ਜਾਤੀ ਸਰਟੀਫਿਕੇਟ ਬਣਵਾਉਣ ਦੀ ਪ੍ਰਕਿਰਿਆ ਸਰਲ ਕਰਦਿਆਂ ਤੁਰੰਤ ਸਰਟੀਫਿਕੇਟ ਜਾਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਯੂ.ਪੀ. ਦੀਆਂ ਜੇਲ੍ਹਾਂ ਵਿੱਚ ‘ਵਰਲਡ ਕੈਂਸਰ ਕੇਅਰ ਸੰਸਥਾ ਲੰਡਨ’ ਵੱਲੋਂ ਮੁਫ਼ਤ ਕੈਂਸਰ ਚੈਕਅਪ ਕੈਂਪ ਲਗਾ ਕੇ ਦਵਾਈਆਂ ਵੰਡੀਆਂ ਗਈਆਂ ਹਨ। ਅਕਾਲੀਆਂ ਵੱਲੋਂ ਯੂ.ਪੀ. ਵਿਧਾਨ ਸਭਾ ਚੋਣਾਂ ਲੜਨ ਦੇ ਮੱਦੇਨਜ਼ਰ ਪੰਜਾਬੀ ਅਕਾਦਮੀ ਨੂੰ ਅਚਾਨਕ ਅਖਿਲੇਸ਼ ਸਰਕਾਰ ਦੇ ਆਖ਼ਰੀ ਵਰ੍ਹੇ ਦੌਰਾਨ ਸਰਗਰਮ ਕਰਨ ਸਬੰਧੀ ਪੁੱਛੇ ਸਵਾਲ ’ਤੇ ਰਾਮੂਵਾਲੀਆ ਨੇ ਕਿਹਾ ਕਿ ਮਾਇਆਵਤੀ ਸਰਕਾਰ ਦੌਰਾਨ ਇਹ ਅਕਾਦਮੀ ਬੰਦ ਵਰਗੀ ਹੋ ਗਈ ਸੀ ਤੇ 75 ਜ਼ਿਲ੍ਹਿਆਂ ਲਈ ਸਿਰਫ਼ 5 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਸੀ। ਅਕਾਲੀਆਂ ਵੱਲੋਂ ਯੂ.ਪੀ. ਚੋਣਾਂ ਲੜਨ ਤੇ ਸਮਾਜਵਾਦੀ ਪਾਰਟੀ ਦਰਮਿਆਨ ਰਾਮੂਵਾਲੀਆ ਦੇ ਸੂਤਰਧਾਰ ਬਣਨ ਬਾਰੇ ਉਨ੍ਹਾਂ ਕਿਸੇ ਸੰਭਾਵਨਾ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਯੂ.ਪੀ. ਦੇ ਪੰਜਾਬੀ ਸਮਾਜਵਾਦੀ ਪਾਰਟੀ ਨਾਲ ਜੁੜ ਗਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,