March 7, 2017 | By ਸਿੱਖ ਸਿਆਸਤ ਬਿਊਰੋ
ਵਾਸ਼ਿੰਗਟਨ: ਇਥੇ ਕੈਂਟ ’ਚ ਘਰ ਬਾਹਰ ਸਿੱਖ ਨੌਜਵਾਨ ਦੀਪ ਰਾਏ ਨੂੰ ਗੋਲੀ ਮਾਰੇ ਜਾਣ ਦੀ ਜਾਂਚ ਐਫਬੀਆਈ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸ਼ੱਕੀ ਨਫ਼ਰਤੀ ਅਪਰਾਧ ਦੇ ਮੁਲਜ਼ਮ ਨੇ ਹਮਲੇ ਸਮੇਂ ਕਿਹਾ ਸੀ, ‘ਆਪਣੇ ਦੇਸ਼ ਵਾਪਸ ਜਾਓ।’ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫਬੀਆਈ) ਵੱਲੋਂ ਇਸ ਘਟਨਾ ਦੀ ਨਫ਼ਰਤੀ-ਮੰਤਵ ਵਾਲੇ ਅਪਰਾਧ ਵਜੋਂ ਪੜਤਾਲ ਕੀਤੀ ਜਾ ਰਹੀ ਹੈ।
ਐਫਬੀਆਈ ਸਿਆਟਲ ਦੇ ਤਰਜਮਾਨ ਆਈਨ ਡਾਈਟ੍ਰਿਚ ਨੇ ਦੱਸਿਆ, ‘ਸਿਆਟਲ ਐਫਬੀਆਈ ਵੱਲੋਂ ਗੋਲੀਬਾਰੀ ਦੀ ਘਟਨਾ ਦੀ ਸਾਂਝੀ ਪੜਤਾਲ ਵਿੱਚ ਕੈਂਟ ਪੁਲਿਸ ਵਿਭਾਗ ਦੀ ਮਦਦ ਕੀਤੀ ਜਾ ਰਹੀ ਹੈ।’
ਸਿੱਖ ਕੁਲੀਸ਼ਨ ਨੇ ਕੈਂਟ ਪੁਲਿਸ ਵੱਲੋਂ ਇਸ ਘਟਨਾ ਦੀ ਨਫ਼ਰਤੀ ਅਪਰਾਧ ਵਜੋਂ ਪੜਤਾਲ ਕੀਤੇ ਜਾਣ ਦੀ ਪ੍ਰਸ਼ੰਸਾ ਕੀਤੀ ਹੈ। ਇਸ ਸਿੱਖ ਜਥੇਬੰਦੀ ਦੇ ਅੰਤ੍ਰਿਮ ਪ੍ਰੋਗਰਾਮ ਮੈਨੇਜਰ ਰਾਜਦੀਪ ਸਿੰਘ ਨੇ ਕਿਹਾ ਕਿ ਕੁਲੀਸ਼ਨ ਵੱਲੋਂ ਅਜਿਹੇ ਅਪਰਾਧਾਂ ਨੂੰ ਰੋਕਣ ਲਈ ਟਰੰਪ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕਣ ਵਾਸਤੇ ਅਪੀਲ ਕੀਤੀ ਜਾਂਦੀ ਹੈ।
ਸਿੱਖ ਨੌਜਵਾਨ ਨੂੰ ਉਸ ਦੇ ਘਰ ਅੱਗੇ ਗੋਲੀ ਮਾਰੇ ਜਾਣ ਬਾਅਦ ਰੈਂਟਨ ਦੇ ਗੁਰਦੁਆਰੇ ਵਿੱਚ ਇਕੱਤਰ ਹੋਏ ਸਿੱਖ ਭਾਈਚਾਰੇ ਦੇ ਲੋਕਾਂ ਦੇ ਮਨਾਂ ’ਚ ਜ਼ਖ਼ਮ ਤੇ ਬੇਵਿਸਾਹੀ ਦੀ ਭਾਵਨਾ ਸੀ। ਸਿੱਖ ਭਾਈਚਾਰੇ ਦੀ ਆਗੂ ਬੀਬੀ ਸਤਵਿੰਦਰ ਕੌਰ ਨੇ ਕਿਹਾ, ‘ਸਿੱਖ ਭਾਈਚਾਰੇ ਦੇ ਸਾਰੇ ਮੈਂਬਰਾਂ ਨੂੰ ਚੌਕੰਨੇ ਰਹਿਣ ਦੀ ਲੋੜ ਹੈ। ਗੋਲੀਬਾਰੀ ਦੀ ਘਟਨਾ ਬੇਹੱਦ ਭਿਆਨਕ ਹੈ ਅਤੇ ਭਾਈਚਾਰਾ ਧੁਰ ਅੰਦਰੋਂ ਹਿੱਲ ਗਿਆ ਹੈ।’ 24 ਸਾਲਾ ਸੰਦੀਪ ਸਿੰਘ ਨੇ ਕਿਹਾ, ‘ਸਿੱਖ ਧਰਮ ਸਮਾਨਤਾ ਅਤੇ ਸ਼ਾਂਤੀ ਦਾ ਪਾਠ ਪੜ੍ਹਾਉਂਦਾ ਹੈ। ਇਹ ਹਰੇਕ ਦਾ ਦੇਸ਼ ਹੈ।’ ਇਰਾਕ ਜੰਗ ਲੜਨ ਵਾਲੇ ਤੇ ਮੈਰੀਨ ਕੋਰ ’ਚ ਸੇਵਾਵਾਂ ਦੇਣ ਵਾਲੇ ਗੁਰਜੋਤ ਸਿੰਘ (39) ਨੇ ਕਿਹਾ ਕਿ ਉਹ ਅਜਿਹੀਆਂ ਘਟਨਾਵਾਂ ਕਾਰਨ ਦੁਖੀ ਹੈ।
ਸਬੰਧਤ ਖ਼ਬਰ:
ਮੀਡੀਆ ਰਿਪੋਰਟ: ਅਮਰੀਕਾ ‘ਚ ਸਿੱਖ ‘ਤੇ ਹਮਲਾ; ਹਮਲਾਵਰ ਨੇ ਕਿਹਾ; ਆਪਣੇ ਦੇਸ਼ ਵਾਪਸ ਚਲੇ ਜਾਓ …
Related Topics: Racism in America, Racism in USA