ਕੌਮਾਂਤਰੀ ਖਬਰਾਂ » ਸਿਆਸੀ ਖਬਰਾਂ

ਚੀਨ ਪਹਿਲਾਂ ਤੋਂ ਹੀ ਕਈ ਥਾਵਾਂ ‘ਤੇ ਐੱਲ.ਏ.ਸੀ. ਨੂੰ ਨਹੀਂ ਮੰਨਦਾ ਰਿਹਾ; ਅਸੀਂ ਕਿਸੇ ਗਵਾਂਢੀ ਦੇਸ਼ ਨੂੰ ਅੱਖਾਂ ਨਹੀਂ ਵਿਖਾਉਣਾ ਚਾਹੁੰਦੇ: ਰੱਖਿਆ ਮੰਤਰੀ ਰਾਜਨਾਥ ਸਿੰਘ

May 31, 2020 | By

ਨਵੀਂ ਦਿੱਲੀ: ਲੱਦਾਖ ਖੇਤਰ ਵਿੱਚ ਭਾਰਤ ਅਤੇ ਚੀਨ ਦਰਮਿਆਨ ਸਰਹੱਦ ਦਾ ਮਾਮਲਾ ਕਰੀਬ ਇੱਕ ਮਹੀਨੇ ਤੋਂ ਗਰਮਾਇਆ ਹੋਇਆ ਹੈ। ਇਸ ਦੌਰਾਨ ਦੋ ਵਾਰ (5 ਅਤੇ 9 ਮਈ ਨੂੰ) ਦੋਵਾਂ ਮੁਲਕਾਂ ਦੇ ਫੌਜੀ ਆਪੋ ਵਿੱਚੀ ਹੱਥੋਂ ਪਾਈ ਵੀ ਹੋ ਹਟੇ ਹਨ।

ਭਾਰਤੀ ਖਬਰਖਾਨੇ ਵਿੱਚ ਹੀ ਇਹ ਖਬਰਾਂ ਨਸ਼ਰ ਹੋ ਚੁੱਕੀਆਂ ਹਨ ਕਿ ਚੀਨੀ ਫੌਜ ਲੱਦਾਖ ਵਿੱਚ ਕਾਫੀ ਅੱਗੇ ਵਧ ਆਈ ਹੈ ਅਤੇ ਉਨ੍ਹਾਂ ਨੇ ਇਸ ਖੇਤਰ ਵਿੱਚ ਆਪਣਾ ਪਡ਼ਾਅ ਕਰ ਲਿਆ ਹੈ। ਜੇਕਰ ਇਨ੍ਹਾਂ ਖਬਰਾਂ ਨੂੰ ਸੱਚ ਮੰਨਿਆ ਜਾਵੇ ਤਾਂ ਚੀਨੀ ਫੌਜੀਆਂ ਵੱਲੋਂ ਇਸ ਇਲਾਕੇ ਵਿੱਚ ਬੰਕਰਾਂ ਸਮੇਤ ਹੋਰ ਢਾਂਚੇ ਵੀ ਬਣਾਏ ਜਾ ਰਹੇ ਹਨ।

ਰਾਜਨਾਥ ਸਿੰਘ ਦੀ ਇਕ ਪੁਰਾਣੀ ਤਸਵੀਰ

ਖਾਸ ਧਿਆਨ ਦੇਣ ਵਾਲੀ ਗੱਲ ਹੈ ਕਿ ਇਸ ਸਾਰੇ ਮਸਲੇ ਬਾਰੇ ਭਾਰਤ ਸਰਕਾਰ ਵੱਲੋਂ ਅਧਿਕਾਰਤ ਤੌਰ ਉੱਤੇ ਕੋਈ ਵੀ ਬਿਆਨ ਨਹੀਂ ਸੀ ਦਿੱਤਾ ਜਾ ਰਿਹਾ ਅਤੇ ਨਾ ਹੀ ਭਾਰਤ ਸਰਕਾਰ ਦੇ ਕਿਸੇ ਮੰਤਰੀ ਜਾਂ ਹੋਰ ਸਬੰਧਤ ਉੱਚ-ਅਧਿਕਾਰੀ ਵੱਲੋਂ ਅਧਿਕਾਰਤ ਤੌਰ ਉੱਪਰ ਕੁੱਝ ਕਿਹਾ ਜਾ ਰਿਹਾ ਸੀ।

⊕ ਇਹ ਖਬਰ ਅੰਗਰੇਜੀ ਵਿੱਚ ਪੜ੍ਹੋ – India’s Defence Minister ‘Defensively’ Talks About Ladakh Standoff at LAC with China

ਇਸ ਦੌਰਾਨ ਬੀਤੇ ਕੱਲ੍ਹ (30 ਮਈ ਨੂੰ) ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਆਜ ਤੱਕ ਨਾਲ ਇੱਕ ਖਾਸ ਮੁਲਾਕਾਤ ਵਿੱਚ ਇਸ ਮਸਲੇ ਬਾਰੇ ਕੁਝ ਗੱਲਾਂ ਕਹੀਆਂ ਗਈਆਂ ਹਨ। ਇਹ ਗੱਲਬਾਤ ਦੂਜੀ ਮੋਦੀ ਸਰਕਾਰ ਦਾ ਪਹਿਲਾ ਵਰ੍ਹਾ ਪੂਰਾ ਹੋਣ ਦੇ ਸਬੰਧ ਵਿੱਚ ਕੀਤੀ ਗਈ ਸੀ।

ਇਸ ਗੱਲਬਾਤ ਦੇ ਅੰਸ਼ ਅਤੇ ਉਨ੍ਹਾਂ ਉੱਪਰ ਆਧਾਰਿਤ ਬਿਆਨ ਹੇਠਾਂ ਸਾਂਝੇ ਕੀਤੇ ਜਾ ਰਹੇ ਹਨ:-

ਰਾਜਨਾਥ ਸਿੰਘ ਨੇ ਕਿਹਾ ਕਿ: “ਮੈਂ ਦੇਸ਼ ਨੂੰ ਇੰਨਾ ਹੀ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਪੂਰੀ ਤਰ੍ਹਾਂ ਨਾਲ ਦੇਸ਼ ਨੂੰ ਭਰੋਸੇ ‘ਚ ਰਹਿਣਾ ਚਾਹੀਦਾ ਹੈ ਕਿ ਅਸੀਂ ਕਿਸੇ ਵੀ ਤਰੀਕੇ ਨਾਲ ਭਾਰਤ ਦੇ ਆਤਮ ਸਨਮਾਨ ਨੂੰ ਸੱਟ ਨਹੀਂ ਵੱਜਣ ਦਿਆਂਗੇ”।

ਸਾਡੀ ਨੀਤੀ ਤਾਂ ਗੁਆਂਢੀਆਂ ਨਾਲ ਚੰਗੇ ਰਿਸ਼ਤੇ ਬਣਾ ਕੇ ਚੱਲਣ ਦੀ ਹੈ:

ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ: “ਵੈਸੇ ਭਾਰਤ ਦੀ ਬਹੁਤ ਹੀ ਸਪੱਸ਼ਟ ਨੀਤੀ ਰਹੀ ਹੈ ਕਿ ਅਸੀਂ ਆਪਣੇ ਗੁਆਂਢੀ ਮੁਲਕਾਂ ਨਾਲ ਆਪਣੇ ਰਿਸ਼ਤੇ ਚੰਗੇ ਬਣਾ ਕੇ ਚੱਲੀਏ। ਅਤੇ ਇਹ ਕੋਸ਼ਿਸ਼ਾਂ ਸਾਡੀਆਂ ਅੱਜ ਤੋਂ ਹੀ ਨਹੀਂ ਬਲਕਿ ਭਾਰਤ ਅਜਿਹਾ ਪਹਿਲਾਂ ਤੋਂ ਹੀ ਕਰਦਾ ਰਿਹਾ ਹੈ। ਪਰ ਕਦੀ-ਕਦੀ ਚੀਨ ਨਾਲ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਅਤੇ ਇਸ ਤੋਂ ਪਹਿਲਾਂ ਵੀ ਪੈਦਾ ਹੁੰਦੇ ਰਹੇ ਹਨ ਅਤੇ ਹਾਲ ਫਿਲਹਾਲ ਵਿੱਚ ਮਈ ਦੇ ਮਹੀਨੇ ਵਿੱਚ ਲਾਈਨ ਆਫ ਐਕਚੁਅਲ ਕੰਟਰੋਲ ਉੱਤੇ ਜਿਵੇਂ ਕਿ ਤੁਸੀਂ ਕਿਹਾ ਇਹ ਹਾਲਾਤ ਪੈਦਾ ਹੋਈ ਹੈ। ਪਰ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਜਾਰੀ ਹੈ”।

ਚੀਨ ਵੀ ਇਸ ਮਸਲੇ ਦਾ ਹੱਲ ਚਾਹੁੰਦਾ ਹੈ:

ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ “ਤੁਸੀਂ ਚੀਨ ਦੇ ਪ੍ਰੈਜ਼ੀਡੈਂਟ ਦਾ ਵੀ ਬਿਆਨ ਅਖਬਾਰਾਂ ਵਿੱਚ ਪੜ੍ਹਿਆ ਹੋਵੇਗਾ ਅਤੇ ਚੈਨਲਾਂ ਉੱਤੇ ਵੀ ਵੇਖਿਆ ਹੋਵੇਗਾ। ਉਨ੍ਹਾਂ ਨੇ ਸਪੱਸ਼ਟ ਤੌਰ ਤੇ ਕਿਹਾ ਹੈ ਕਿ ਅਸੀਂ ਕੂਟਨੀਤਕ ਗੱਲਬਾਤ ਰਾਹੀਂ ਇਸ ਮਸਲੇ ਨੂੰ ਹੱਲ ਕਰਨਾ ਚਾਹੁੰਦੇ ਹਾਂ”।

ਭਾਰਤ ਦੀ ਕੋਸ਼ਿਸ਼ ਹੈ ਕਿ ਤਣਾਅ ਕਿਸੇ ਵੀ ਸੂਰਤ ਵਿੱਚ ਨਾ ਵਧੇ:

“ਭਾਰਤ ਦੀ ਵੀ ਇਹੀ ਕੋਸ਼ਿਸ਼ ਹੈ ਕਿ ਤਣਾਅ ਕਿਸੇ ਵੀ ਸੂਰਤ ਵਿੱਚ ਨਾ ਵਧੇ”, ਰਾਜਨਾਥ ਸਿੰਘ ਨੇ ਕਿਹਾ।

ਮਾਮਲਾ ਗੱਲਬਾਤ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ:

“ਬਲਕਿ ਜੇ ਫੌਜੀ ਪੱਧਰ ਉੱਤੇ ਗੱਲਬਾਤ ਕਰਨੀ ਹੈ ਤਾਂ ਫੌਜੀ ਪੱਧਰ ਉੱਤੇ ਗੱਲਬਾਤ ਕਰਕੇ, ਅਤੇ ਜੇਕਰ ਕੂਟਨੀਤਕ ਪੱਧਰ ਉੱਤੇ ਗੱਲਬਾਤ ਕਰਨੀ ਹੈ ਤਾਂ ਕੂਟਨੀਤਕ ਪੱਧਰ ਉੱਤੇ ਗੱਲਬਾਤ ਕਰਕੇ, ਇਸ ਮਾਮਲੇ ਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ”, ਉਸਨੇ ਕਿਹਾ।

ਫੌਜੀ ਅਤੇ ਕੂਟਨੀਤਕ ਪੱਧਰ ਉੱਤੇ ਚੀਨ ਨਾਲ ਗੱਲਬਾਤ ਕਰ ਰਹੇ ਹਾਂ:

“ਮੈਂ ਇਸ ਵੇਲੇ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਇਸ ਵੇਲੇ ਚੀਨ ਨਾਲ ਫੌਜੀ ਅਤੇ ਕੂਟਨੀਤਕ ਪੱਧਰ ਉੱਤੇ ਗੱਲਬਾਤ ਚੱਲ ਰਹੀ ਹੈ। ਅਤੇ ਖੁਦ ਚੀਨ ਨੇ ਵੀ ਇਸ ਮਾਮਲੇ ਨੂੰ ਹੱਲ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ”, ਮੋਦੀ ਸਰਕਾਰ ਤੇ ਰੱਖਿਆ ਮੰਤਰੀ ਨੇ ਕਿਹਾ।

ਅਮਰੀਕਾ ਵੱਲੋਂ ਵਿਚੋਲਗੀ ਦੀ ਪੇਸ਼ਕਸ਼ ਬਾਰੇ:

ਅਮਰੀਕੀ ਰਾਸ਼ਟਰਪਤੀ ਵੱਲੋਂ ਚੀਨ ਭਾਰਤ ਸਰਹੱਦ ਮਾਮਲੇ ਵਿੱਚ ਵਿਚੋਲਗੀ ਕਰਨ ਬਾਰੇ ਕੀਤੀ ਗਈ ਪੇਸ਼ਕਸ਼ ਦੇ ਹਵਾਲੇ ਨਾਲ ਪੁੱਛੇ ਗਏ ਇੱਕ ਸੁਆਲ ਬਾਰੇ ਰਾਜਨਾਥ ਸਿੰਘ ਨੇ ਕਿਹਾ: “ਕੱਲ੍ਹ ਸਾਡੀ ਜੋ ਅਮਰੀਕਾ ਦੇ ਡਿਫੈਂਸ ਮਨਿਸਟਰ ਹੁੰਦੇ ਨੇ, ਉਸ ਨੂੰ ਉੱਥੇ ਸੈਕਟਰੀ ਡਿਫੈਂਸ ਕਹਿੰਦੇ ਹਨ, ਨਾਲ ਵੀ ਗੱਲਬਾਤ ਹੋਈ ਸੀ। ਮੈਂ ਉਨ੍ਹਾਂ ਨੂੰ ਦੱਸਿਆ ਕਿ ਭਾਰਤ ਵਿੱਚ ਅਸੀੰ ਇੱਕ ਇਸ ਤਰ੍ਹਾਂ ਦਾ ਪ੍ਰਬੰਧ ਬਣਾਇਆ ਹੋਇਆ ਹੈ ਕਿ ਜੇਕਰ ਇਸ ਤਰ੍ਹਾਂ ਦੀ ਕੋਈ ਗੱਲਬਾਤ ਭਾਰਤ ਅਤੇ ਚੀਨ ਦੇ ਵਿੱਚ ਹੁੰਦੀ ਹੈ ਤਾਂ ਉਸ ਨੂੰ ਅਸੀਂ ਫੌਜੀ ਗੱਲਬਾਤ ਅਤੇ ਕੂਤਨੀਤਿਕ ਗੱਲਬਾਤ ਰਾਹੀਂ ਹੱਲ ਕਰਦੇ ਹਾਂ। ਇਹ ਗੱਲ ਕੱਲ੍ਹ ਮੈਂ ਅਮਰੀਕਾ ਦੇ ਸੈਕਟਰੀ ਡਿਫੈਂਸ ਨੂੰ ਦੱਸ ਦਿੱਤੀ ਸੀ”।

“ਅਤੇ ਸਾਡਾ ਇਸ ਤਰ੍ਹਾਂ ਦਾ ਇੱਕ ਪ੍ਰਬੰਧ ਹੈ ਵੀ ਅਤੇ ਉਸ ਦੇ ਆਧਾਰ ਉੱਤੇ ਗੱਲਬਾਤ ਚੱਲ ਰਹੀ ਹੈ”, ਰਾਜਨਾਥ ਸਿੰਘ ਨੇ ਆਪਣੀ ਗੱਲ ਵਿੱਚ ਪਕਿਆਈ ਲਿਆਉਣ ਲਈ ਕਿਹਾ ।

ਚੀਨ ਨਾਲ ਸਰਹੱਦ ਉੱਤੇ ਧਾਰਨਾ ਦਾ ਫਰਕ ਤਾਂ ਰਿਹਾ ਹੀ ਹੈ, ਇਸ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ:

ਗੱਲਬਾਤ ਦੀ ਮੇਜ਼ਬਾਨ ਵੱਲੋਂ ਜਦੋਂ ਇਸ ਬਾਰੇ ਗੱਲ ਤੋਰਨ ਦੀ ਕੋਸ਼ਿਸ਼ ਕੀਤੀ ਗਈ ਕਿ ਚੀਨ ਨਾਲ ਭਾਰਤ ਦੀ ਸਰਹੱਦ ਵਿਵਾਦ ਪੂਰਨ ਰਹੀ ਹੈ ਤਾਂ ਰਾਜਾ ਰਾਜ ਸਿੰਘ ਨੇ ਵਿੱਚ ਰੋਕਦਿਆਂ ਕਿਹਾ ਕਿ: “ਧਾਰਨਾ ਦਾ ਫਰਕ ਰਿਹਾ ਹੈ। ਭਾਰਤ-ਚੀਨ ਦੀ ਹੱਦ ਨੂੰ ਲੈ ਕੇ ਧਾਰਨਾ ਦਾ ਫਰਕ ਤਾਂ ਰਿਹਾ ਹੀ ਹੈ। ਇਸ ਸੱਚਾਈ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ”।

ਗੱਲਬਾਤ ਦੀ ਮੇਜ਼ਬਾਨ ਵੱਲੋਂ ਇਹ ਸੁਝਾਏ ਜਾਣ ਉੱਤੇ ਕਿ “ਹੁਣ ਭਾਰਤ ਦੀ ਕੋਈ ਬਾਂਹ ਨਹੀਂ ਮਰੋੜ ਸਕਦਾ”, ਰਾਜਨਾਥ ਸਿੰਘ ਨੇ ਮੁਸਕਰਾਂਦਿਆਂ ਹੋਇਆਂ ਕਿਹਾ “ਕੋਈ ਸਵਾਲ ਹੀ ਨਹੀਂ ਹੈ, ਇਸ ਬਾਰੇ ਤਾਂ ਸੋਚਿਆ ਵੀ ਨਹੀਂ ਜਾ ਸਕਦਾ”।

ਉਸ ਨੇ ਅੱਗੇ ਕਿਹਾ ਕਿ: “ਵੇਖੋ ਹੁਣ ਤਾਂ ਦੇਸ਼ ਦੇ ਕੋਲ ਇੱਕ ਤਾਕਤਵਰ ਅਤੇ ਸਮਰੱਥ ਅਗਵਾਈ ਵੀ ਹੈ। ਦੇਸ਼ ਦਾ ਸਿਰ ਝੁਕਣ ਨਹੀਂ ਦਿਆਂਗੇ”।

ਇਸੇ ਭਾਵਨਾਤਮਕ ਸੁਰ ਨੂੰ ਹੋਰ ਅੱਗੇ ਚੁੱਕਦੇ ਰਾਜਨਾਥ ਸਿੰਘ ਨੇ ਕਿਹਾ ਕਿ: “ਇਹ ਭਰੋਸਾ ਤਾਂ ਹੁਣ ਦੇਸ਼ ਦੀ ਜਨਤਾ ਨੂੰ ਹੈ (ਹੀ)। ਮੈਂ ਸਮਝਦਾ ਹਾਂ ਕਿ ਦੇਸ਼ ਦੀ ਜਨਤਾ ਨੂੰ ਇਸ ਗੱਲ ਦਾ ਭਰੋਸਾ ਦੇਣ ਦੀ ਮੈਨੂੰ ਲੋੜ ਨਹੀਂ ਹੈ (ਕਿਉਂਕਿ) ਦੇਸ਼ ਦੀ ਜਨਤਾ ਨੂੰ ਇਹ ਭਰੋਸਾ ਹੈ”।

ਕੀ ਚੀਨੀ ਫੌਜੀ ਕਾਫੀ ਅੱਗੇ ਵਾਧਾ ਆਏ ਹਨ ਜਾਂ ਹਾਲਾਤ ਭਾਰਤ ਦੇ ਕਾਬੂ ਵਿੱਚ ਹਨ?

ਮੇਜ਼ਬਾਨ ਵੱਲੋਂ ਇਹ ਸਵਾਲ ਪੁੱਛੇ ਜਾਣ ਉੱਤੇ ਕਿ “ਰਾਜਨਾਥ ਜੀ, ਬੜੇ ਲੋਕਾਂ ਨੂੰ ਉਹਨਾਂ ਰਿਪੋਰਟਾਂ ਤੋਂ ਵੀ ਡਰ ਲੱਗਾ ਕੇ ਕੇ ਚੀਨੀ ਫੌਜੀ ਬੜੇ ਅੱਗੇ ਤੱਕ ਵੱਧ ਆਏ ਹਨ, (ਕੀ) ਅਜਿਹਾ (ਹੀ) ਹੈ ਜਾਂ ਸਾਰੇ ਹਾਲਾਤ ਸਾਡੇ ਹੀ ਕਾਬੂ ਵਿੱਚ ਹਨ?” ਰਾਜਨਾਥ ਸਿੰਘ ਨੇ ਕਿਹਾ “ਦੇਖੋ ਚੀਨ ਦਾ ਬੜੀ ਪਹਿਲਾਂ ਤੋਂ ਹੀ ਇਹ ਮੰਨਣਾ ਹੈ ਕਿ ਲਾਈਨ ਆਫ ਐਕਚੁਅਲ ਕੰਟਰੋਲ (ਐੱਲ.ਏ.ਸੀ.) ਹੈ। ਕੁਝ ਥਾਵਾਂ ਉੱਤੇ ਤਾਂ ਉਹ ਸਹਿਮਤ ਹੁੰਦੇ ਹਨ (ਸਵੀਕਾਰ ਕਰਦੇ ਹਨ) ਪਰ ਕੁਝ ਥਾਵਾਂ ਉੱਤੇ ਉਹ ਮੰਨਦੇ ਹਨ ਕਿ ਇਹ ਲਾਈਨ ਆਫ ਕੰਟਰੋਲ ਉਹ ਲਾਈਨ ਨਹੀਂ ਹੈ ਜੋ ਭਾਰਤ ਅਤੇ ਚੀਨ ਨੂੰ ਵੰਡਦੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ (ਇਹ ਲਾਈਨ) ਅੱਗੇ ਤੱਕ ਹੈ। ਅਤੇ ਸਾਡੀ ਵੀ ਕੁਝ ਥਾਵਾਂ ਤੇ ਅਜਿਹੀ ਧਾਰਨਾ ਹੈ। ਸਾਡੀ ਗਸ਼ਤ ਕਦੀ ਐੱਲ.ਏ.ਸੀ. ਤੱਕ ਹੁੰਦੀ ਹੈ ਕਦੀ ਉਨ੍ਹਾਂ ਦੇ ਲੋਕ (ਫੌਜੀ) ਵੀ ਐੱਲ.ਏ.ਸੀ. ਲੰਘ ਕੇ ਇਧਰ ਆ ਜਾਂਦੇ ਹਨ ਇਹ ਸਿਲਸਿਲਾ ਪਹਿਲਾਂ ਵੀ ਚੱਲਦਾ ਰਿਹਾ ਹੈ। ਮਤਲਬ ਕਿ ਅਜਿਹਾ ਨਹੀਂ ਹੈ ਕਿ ਪਹਿਲੀ ਵਾਰ ਹੋ ਰਿਹਾ ਹੈ। ਗੱਲਬਾਤ ਰਾਹੀਂ ਸਮੇਂ-ਸਮੇਂ ਉੱਤੇ ਭਾਰਤ ਵੀ ਇਸ ਨੂੰ ਹੱਲ ਕਰਦਾ ਰਿਹਾ ਹੈ ਅਤੇ ਚੀਨ ਵੀ ਗੱਲਬਾਤ ਰਾਹੀਂ ਹੱਲ ਕਰਦਾ ਰਿਹਾ ਹੈ। ਡੋਕਲਾਮ ਵਿੱਚ ਵੀ ਜੋ ਵੀ ਹਾਲਾਤ ਪੈਦਾ ਹੋਏ ਸੀ, 2017 ਵਿੱਚ ਹੀ, ਤੁਸੀਂ ਵੇਖਿਆ ਕਿ ਲੱਗਿਆ (ਸੀ) ਕਿ ਤਣਾਅ ਬਹੁਤ ਹੀ ਵੱਧ ਗਿਆ ਹੈ”।

ਇੱਥੇ ਮੇਜ਼ਬਾਨ ਨੇ ਸੁਝਾਇਆ ਕਿ “ਪਰ ਅਸੀਂ ਪਿੱਛੇ ਨਹੀਂ ਹਟੇ” ਤਾਂ ਰਾਜਨਾਥ ਸਿੰਘ ਨੇ ਹਲਕੀ ਜਿਹੀ ਸਹਿਮਤੀ ਦਿੱਤੀ ਅਤੇ ਕਿਹਾ ਕਿ: “ਅਸੀਂ ਪਿੱਛੇ ਨਹੀਂ ਹਟੇ। ਪਰ ਉਸ ਮਾਮਲੇ ਨੂੰ ਹੱਲ ਕਰਨ ਵਿੱਚ ਅਸੀਂ ਕਾਮਯਾਬੀ ਹਾਸਲ ਕੀਤੀ”।

ਅਸੀਂ ਕਿਸੇ ਦੇਸ਼ ਨੂੰ ਅੱਖਾਂ ਨਹੀਂ ਵਿਖਾਉਣਾ ਚਾਹੁੰਦੇ:

ਮੇਜ਼ਬਾਨ ਵੱਲੋਂ ਇਹ ਕਹੇ ਜਾਣ ਉੱਤੇ ਕਿ “ਹੁਣ ਵੀ ਡਟੇ ਰਹਾਂਗੇ” ਤਾਂ ਰਾਜਨਾਥ ਸਿੰਘ ਨੇ ਮੁਸਕਰਾਉਂਦਿਆਂ ਹੋਇਆਂ ਕਿਹਾ ਕਿ: ਡਟੇ ਰਹਾਂਗੇ ਪਰ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਕਿਸੇ ਵੀ ਦੇਸ਼ ਨੂੰ ਅੱਖਾਂ ਨਹੀਂ ਵਿਖਾਉਣੀਆਂ ਚਾਹੁੰਦੇ (ਤੇ) ਕਿਸੇ ਦੇ ਅੰਦਰ ਡਰ ਨਹੀੰ ਪੈਦਾ ਕਰਨਾ ਚਾਹੁੰਦੇ। ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਨ ਸਾਡੀ ਕੋਸ਼ਿਸ਼ ਹੀ ਇਹ ਹੈ”।

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,