ਸਿਆਸੀ ਖਬਰਾਂ

ਰੌਲੇ-ਰੱਪੇ ‘ਚ ਹੀ ਰਾਣਾ ਕੇ.ਪੀ. ਸਿੰਘ ਨੂੰ ਪੰਜਾਬ ਵਿਧਾਨ ਸਭਾ ਦਾ ਸਪੀਕਰ ਚੁਣਿਆ ਗਿਆ

March 28, 2017 | By

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਸੋਮਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਣ ’ਤੇ ਬਹਿਸ ਦੀ ਮੰਗ ਕੀਤੀ ਅਤੇ ਸਪੀਕਰ ਦੀ ਚੋਣ ਦੌਰਾਨ ਸਦਨ ਦੀ ਕਾਰਵਾਈ ਦਾ ਬਾਈਕਾਟ ਵੀ ਕੀਤਾ। ‘ਆਪ’ ਵਿਧਾਇਕਾਂ ਦੇ ਸ਼ੋਰ-ਸ਼ਰਾਬੇ ਦੌਰਾਨ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਣਾ ਕੇ.ਪੀ. ਸਿੰਘ ਨੂੰ ਸਪੀਕਰ ਚੁਣੇ ਜਾਣ ਦਾ ਮਤਾ ਰੱਖਿਆ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਇਸ ਦੀ ਤਾਈਦ ਕੀਤੀ। ਨਾਅਰੇਬਾਜ਼ੀ ਦੌਰਾਨ ਹੀ ਰਾਣਾ ਕੇ.ਪੀ. ਸਿੰਘ ਨੇ ਸਪੀਕਰ ਦੀ ਚੋਣ ‘ਸਰਬਸੰਮਤੀ’ ਨਾਲ ਹੋਣ ਦਾ ਐਲਾਨ ਕਰ ਦਿੱਤਾ।

AAP MLA

ਆਮ ਆਦਮੀ ਪਾਰਟੀ ਦੇ ਵਿਧਾਇਕ ਵਿਧਾਨ ਸਭਾ ਸੈਸ਼ਨ ’ਚੋਂ ਵਾਕਆਊਟ ਕਰਨ ਮਗਰੋਂ ਰੋਸ ਮੁਜ਼ਾਹਰਾ ਕਰਦੇ ਹੋਏ (ਇਨਸੈੱਟ: ਰਾਣਾ ਕੇ.ਪੀ. ਸਿੰਘ)

ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਦੇ ਆਗੂ ਐਚ.ਐਸ. ਫੂਲਕਾ ਨੇ ਨਿਯਮਾਂ ਦਾ ਹਵਾਲਾ ਦਿੰਦਿਆਂ ਰਾਜਪਾਲ ਵੱਲੋਂ ਮੰਗਲਵਾਰ ਨੂੰ ਸਦਨ ਵਿੱਚ ਦਿੱਤੇ ਜਾਣ ਵਾਲੇ ਭਾਸ਼ਣ ਤੋਂ ਬਾਅਦ ਇਸ ਉਤੇ ਬਹਿਸ ਦੀ ਮੰਗ ਕੀਤੀ। ‘ਆਪ’ ਦੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਨਸ਼ਿਆਂ ਦੀ ਸਮਗਲਿੰਗ, ਭ੍ਰਿਸ਼ਟਾਚਾਰ ਅਤੇ ਮੁੱਖ ਮੰਤਰੀ ਵੱਲੋਂ ਕੀਤੀਆਂ ਸਿਆਸੀ ਨਿਯੁਕਤੀਆਂ ਸਮੇਤ ਕਈ ਮੁੱਦਿਆਂ ਬਾਰੇ ਸਦਨ ਵਿੱਚ ਬਹਿਸ ਹੋਣੀ ਲਾਜ਼ਮੀ ਹੈ। ਸਪੀਕਰ ਨੇ ਜਦੋਂ ਉਨ੍ਹਾਂ ਦੀ ਮੰਗ ਰੱਦ ਕਰਦਿਆਂ ਸਦਨ ਦੀ ਕਾਰਵਾਈ ਚਲਾਉਣ ਦਾ ਐਲਾਨ ਕੀਤਾ ਤਾਂ ‘ਆਪ’ ਵਿਧਾਇਕ ਖੜ੍ਹੇ ਹੋ ਕੇ ਨਾਅਰੇਬਾਜ਼ੀ ਕਰਨ ਲੱਗੇ। ਇਸ ਦੌਰਾਨ ਬਾਦਲ ਦਲ ਦੇ ਮੈਂਬਰ ਚੁੱਪ-ਚਾਪ ਬੈਠੇ ਰਹੇ। ਉਨ੍ਹਾਂ ‘ਆਪ’ ਦੀ ਹਮਾਇਤ ਨਹੀਂ ਕੀਤੀ।

ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਵਿਧਾਇਕ ਵਜੋਂ ਰਾਣਾ ਕੇ.ਪੀ. ਸਿੰਘ ਕੋਲ ਸਹੁੰ ਚੁੱਕਦੇ ਹੋਏ

ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਵਿਧਾਇਕ ਵਜੋਂ ਰਾਣਾ ਕੇ.ਪੀ. ਸਿੰਘ ਕੋਲ ਸਹੁੰ ਚੁੱਕਦੇ ਹੋਏ

ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਕਿਹਾ ਕਿ ਸਰਕਾਰ ਬਹਿਸ ਤੋਂ ਨਹੀਂ ਭੱਜਦੀ, ਪਰ ਜਦੋਂ ਅਜੇ ਸਰਕਾਰ ਨੇ ਕੋਈ ਕੰਮ ਹੀ ਸ਼ੁਰੂ ਨਹੀਂ ਕੀਤਾ ਤਾਂ ਬਹਿਸ ਕਿਸ ਮੁੱਦੇ ’ਤੇ ਹੋਵੇਗੀ। ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ ਵੀ ਬਹਿਸ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਪਿੱਛੋਂ ‘ਆਪ’ ਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਵਾਕਆਊਟ ਕਰ ਗਏ ਤੇ ਵਾਪਸ ਨਹੀਂ ਆਏ।

ਇਸ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੇ ਪੰਜਾਬ ਵਿਧਾਨ ਸਭਾ ਵਿੱਚ ਸਪੀਕਰ ਰਾਣਾ ਕੇ.ਪੀ. ਸਿੰਘ ਕੋਲ ਜਾ ਕੇ ਵਿਧਾਇਕ ਵਜੋਂ ਸਹੁੰ ਚੁੱਕੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,