ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਬਾਗੀ ਆਗੂ ਆਮ ਆਦਮੀ ਪਾਰਟੀ ਆਗੂਆਂ ਨਾਲ ਗੱਲਬਾਤ ਕਰਨ ਲਈ ਤਿਆਰ

February 15, 2016 | By

ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਸੂਬਾ ਇਕਾਈ ਦੇ ਵਿੱਚ ਪੈਦਾ ਹੋਏ ਬਗਾਵਤੀ ਸੁਰਾਂ ਨੂੰ ਠੱਲ ਪਾਉਣ ਲਈ ਪਾਰਟੀ ਤੋਂ ਬਾਗੀ ਹੋਏ ਆਗੂਆਂ ਨਾਲ ਗੱਲਬਾਤ ਸ਼ੁਰੂ ਕਰਨ ਦੇ ਇਸ਼ਾਰੇ ਦਿੱਤੇ ਜਾ ਰਹੇ ਹਨ ਤੇ ਬਾਗੀ ਹੋਏ ਕਈ ਆਗੂ ਜਿਵੇਂ ਪਟਿਆਲਾ ਤੋਂ ਐਮ.ਪੀ ਧਰਮਵੀਰ ਗਾਂਧੀ ਨੇ ਵੀ ਪਾਰਟੀ ਵਿੱਚ ਵਾਪਿਸ ਆਉਣ ਦੀ ਆਪਣੀ ਇੱਛਾ ਦਾ ਪ੍ਰਗਟਾਵਾ ਕੀਤਾ ਹੈ। ਹਲਾਂਕਿ ਉਨ੍ਹਾਂ ਕਿਹਾ ਕਿ ਪਾਰਟੀ ਦੇ ਸਿਧਾਂਤ ਅਤੇ ਵੀਚਾਰਧਾਰਾ ਦੇ ਮਸਲੇ ਤੇ ਕੋਈ ਸਮਝੌਤਾ ਨਹੀ ਕੀਤਾ ਜਾਵੇਗਾ।

ਡਾ. ਧਰਮਵੀਰ ਗਾਂਧੀ

ਡਾ. ਧਰਮਵੀਰ ਗਾਂਧੀ

ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਨਿਜੀ ਤੌਰ ਤੇ ਅਤੇ ਪਾਰਟੀ ਪੱਧਰ ਤੇ ਪਾਰਟੀ ਦੇ ਸਾਰੇ ਆਗੂਆਂ ਨੂੰ ਸਾਂਝੇ ਮੰਚ ਤੇ ਲਿਆਉਣ ਦੇ ਲਗਾਤਾਰ ਯਤਨ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਉਹ ਧਰਮਵੀਰ ਗਾਂਧੀ ਅਤੇ ਸ. ਹਰਿੰਦਰ ਸਿੰਘ ਖਾਲਸਾ ਨਾਲ ਮੁਲਾਕਾਤ ਕਰ ਕੇ ਵਖਰੇਵੇਂ ਦੂਰ ਕਰਨ ਦੀ ਕੋਸ਼ਿਸ਼ ਕਰਨਗੇ।

ਛੋਟੇਪੁਰ ਦੇ ਬਿਆਨ ਦੇ ਜਵਾਬ ਵਿੱਚ ਧਰਮਵੀਰ ਗਾਂਧੀ ਨੇ ਕਿਹਾ ਕਿ ਜਦੋਂ ਪਾਰਟੀ ਦੇ ਆਗੂ ਪਾਰਟੀ ਦੇ ਨਿਸ਼ਾਨੇ ਅਤੇ ਰਾਜਸੀ ਮੰਤਵਾਂ ਤੋਂ ਭਟਕੇ ਤਾਂ ਉਨ੍ਹਾਂ ਨੇ ਆਪਣੀ ਅਵਾਜ ਚੁੱਕੀ ਸੀ। ਜਿਕਰਯੋਗ ਹੈ ਕਿ ਧਰਮਵੀਰ ਗਾਂਧੀ ਅਤੇ ਫਤਿਹਗੜ੍ਹ ਸਾਹਿਬ ਤੋਂ ਪਾਰਟੀ ਦੇ ਐਮ ਪੀ ਹਰਿੰਦਰ ਸਿੰਘ ਖਾਲਸਾ ਨੂੰ ਬਟਾਲਾ ਵਿਖੇ ਵੱਖਰੀ ਸਟੇਜ ਲਾਉਣ ਤੋਂ ਬਾਅਦ ਪਾਰਟੀ ਹਾਈਕਮਾਂਡ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਸੀ।

ਅੰਗਰੇਜੀ ਵਿੱਚ ਪੜਨ ਲਈ ਵੇਖੋ: Rebel leaders ready to talk with the Aam Aadmi Party leadership

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੇਜਰੀਵਾਲ ਨਾਲ ਕੋਈ ਸਮੱਸਿਆ ਨਹੀਂ, ਪਰ ਪਾਰਟੀ ਵਿੱਚ ਵਿੱਤੀ ਪਾਰਦਰਸ਼ਿਤਾ ਅਤੇ ਅੰਦਰੂਨੀ ਲੋਕਤੰਤਰ ਨੂੰ ਮੁੜ ਬਹਾਲ ਕੀਤਾ ਜਾਵੇ।

ਉਨ੍ਹਾਂ ਸਾਫ ਕੀਤਾ ਕਿ ਉਹ ਭਾਵੇਂ ਆਪ ਪਾਰਟੀ ਦੇ ਐਮ.ਪੀ ਸੀ ਪਰ, 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਸਾਫ ਸੁਥੇ ਅਤੇ ਇਮਾਨਦਾਰ ਅਕਸ ਵਾਲੇ ਉਮੀਦਵਾਰਾਂ ਦੀ ਹੀ ਮਦਦ ਕਰਨਗੇ।

ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਉਹ ਆਪ ਪਾਰਟੀ ਦੇ ਆਗੂਆਂ ਨਾਲ ਗੱਲਬਾਤ ਕਰਨ ਲਈ ਤਿਆਰ ਹਨ ਪਰ ਜਿਨ੍ਹਾਂ ਮੁੱਦਿਆਂ ਤੇ ਉਹ ਪਾਰਟੀ ਦਾ ਹਿੱਸਾ ਬਣੇ ਸਨ ਉਨ੍ਹਾਂ ਤੇ ਕੋਈ ਸਮਝੌਤਾ ਨਹੀਂ ਹੋ ਸਕਦਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,