ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਜਗਮੀਤ ਬਰਾੜ ਨੇ ਚੱਪੜਚਿੜੀ ’ਚ ਵੱਡਾ ਇਕੱਠ ਕਰਕੇ ਕੈਪਟਨ ਬਾਦਲ ਨੂੰ ਲਾਂਭੇ ਕਰਨ ਦਾ ਐਲਾਨ ਕੀਤਾ

May 22, 2016 | By

ਐੱਸ.ਏ.ਐੱਸ. ਨਗਰ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਕਾਂਗਰਸ ਤੋਂ ਬਾਹਰ ਜਾਣ ਪਿੱਛੋਂ ਪੰਜਾਬ ਅੰਦਰ ਨਵੀਂ ਸਿਆਸੀ ਜ਼ਮੀਨ ਦੀ ਤਲਾਸ਼ ਵਿਚ ਚੱਪੜਚਿੜੀ ਦੇ ਇਤਿਹਾਸਕ ਮੈਦਾਨ ਵਿਚ ਕੀਤੇ ਪ੍ਰਭਾਵਸ਼ਾਲੀ ਇਕੱਠ ਨਾਲ ਜਿੱਥੇ ਆਪਣੀ ਸਿਆਸੀ ਤਾਕਤ ਦਾ ਪ੍ਰਗਟਾਵਾ ਕੀਤਾ ਹੈ, ਉਥੇ ਉਨ੍ਹਾਂ ਅੱਜ ਇਸ ਇਕੱਠ ਵਿਚ ਸੂਬੇ ਵਿਚੋਂ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਦੇ ਪਰਿਵਾਰ ਦੇ ਪਰਿਵਾਰਵਾਦ ਤੇ ਰਜਵਾੜਾਸ਼ਾਹੀ ਦੇ ਖਿਲਾਫ ਜੰਗ ਦੱਸਦਿਆਂ ਕਿਹਾ ਕਿ ਉਹ ਪੰਜਾਬ ਦੇ ਆਮ ਲੋਕਾਂ, ਕਿਸਾਨਾਂ, ਦਲਿਤਾਂ, ਮਜ਼ਦੂਰਾਂ ਅਤੇ ਸੂਝਵਾਨ ਲੋਕਾਂ ਦੀ ਮਦਦ ਨਾਲ ਪੰਜਾਬ ‘ਤੇ ਕਾਬਜ਼ ਬਾਦਲ ਅਤੇ ਅਗਲੀਆਂ ਚੋਣਾਂ ਵਿਚ ਸੱਤਾ ਵਿਚ ਆਉਣ ਦੇ ਸੁਪਨੇ ਲੈਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਸਿਆਸਤ ਤੋਂ ਲਾਂਭੇ ਕਰਕੇ ਹੀ ਸਾਹ ਲੈਣਗੇ।

ਜਗਮੀਤ ਬਰਾੜ ਆਪਣੇ ਸਮਰਥਕਾਂ ਨੂੰ ਸੰਬੋਧਿਤ ਹੁੰਦੇ ਹੋਏ

ਜਗਮੀਤ ਬਰਾੜ ਆਪਣੇ ਸਮਰਥਕਾਂ ਨੂੰ ਸੰਬੋਧਿਤ ਹੁੰਦੇ ਹੋਏ

ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜੇਕਰ ਮੌਜੂਦਾ ਸਰਕਾਰ ਨੇ 15 ਅਗਸਤ ਤੱਕ ਕਰਜ਼ੇ ਦੀ ਦਲ-ਦਲ ਵਿਚ ਫਸੇ ਕਿਸਾਨਾਂ ਨੂੰ ਰਾਹਤ ਦੇਣ ਲਈ ਕੋਈ ਠੋਸ ਨੀਤੀ ਨਾ ਘੜੀ ਤਾਂ ਉਹ ਘਰ-ਘਰ ਜਾ ਕੇ ਲੋਕਾਂ ਨੂੰ ਲਾਮਬੰਦ ਕਰਨਗੇ ਅਤੇ ਕਰਜ਼ੇ ਨਾ ਮੋੜਨ ਲਈ ਉਨ੍ਹਾਂ ਨੂੰ ਇਕੱਠੇ ਕਰਕੇ ਸਰਕਾਰ ਦੇ ਖਿਲਾਫ਼ ਇਕ ਮੰਚ ‘ਤੇ ਇਕੱਠਾ ਕਰਨਗੇ। ਉਨ੍ਹਾਂ ਕਿਹਾ ਕਿ ਅੱਜ ਦਾ ਇਕੱਠ ਕੋਈ ਸਿਆਸੀ ਨਹੀਂ, ਬਲਕਿ ਪਰਿਵਾਰਵਾਦ ਤੇ ਰਜਵਾੜਾਸ਼ਾਹੀ ਦੇ ਖਿਲਾਫ ਜੰਗ ਦਾ ਐਲਾਨ ਹੈ।

ਨਸ਼ਿਆਂ ਦੇ ਮੁੱਦੇ ਉਤੇ ਜਗਮੀਤ ਬਰਾੜ ਨੇ ਕਿਹਾ ਕਿ ਸਰਕਾਰ ਚਲਾ ਰਹੇ ਸਾਲਾ ਤੇ ਭਣੋਈਆ ਚਿੱਟਾ ਵੇਚ-ਵੇਚ ਕੇ ਪੰਜਾਬ ਦੀ ਜਵਾਨੀ ਨੂੰ ਗਰਕ ਕਰ ਰਹੇ ਹਨ। ਉਨ੍ਹਾਂ ਨਸ਼ਿਆਂ ਦੇ ਮੁੱਦੇ ਉਤੇ ਕੈਪਟਨ ਤੇ ਬਾਦਲ ਨੂੰ ਇਕੋ ਹੀ ਦੱਸਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਡਰੱਗ ਮਾਫੀਆ ਤੋਂ ਕਰੋੜਾਂ ਰੁਪਏ ਵਸੂਲੇ ਹਨ, ਜਿਸ ਦਾ ਡਰੱਗ ਮਾਮਲੇ ਵਿਚ ਫਸੇ ਜਗਦੀਸ਼ ਸਿੰਘ ਭੋਲਾ ਨੇ ਖੁਲਾਸਾ ਕੀਤਾ ਹੈ, ਲਿਹਾਜ਼ਾ ਇਸ ਪੂਰੇ ਮਾਮਲੇ ਦੀ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਜਦਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਦਲ-ਦਲ ਵਿਚ ਧੱਕਿਆ ਜਾ ਰਿਹਾ ਹੈ ਅਤੇ ਅੱਜ ਸੂਬਾ ਇਸ ਕਗਾਰ ‘ਤੇ ਖੜ੍ਹਾ ਹੈ ਕਿ ਕਿਸਾਨਾਂ ਦੇ ਸਿਰ 69 ਹਜ਼ਾਰ ਕਰੋੜ ਦਾ ਕਰਜ਼ ਚੜ੍ਹਿਆ ਹੋਇਆ ਹੈ।

ਸੂਬੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਦੀਆਂ ਘਟਨਾਵਾਂ ਪਿੱਛੇ ਬਾਦਲਾਂ ਦੇ ਰਾਜਸੀ ਹਿੱਤ ਛੁਪੇ ਹੋਏ ਹਨਙ ਉਨ੍ਹਾਂ ਕਿਹਾ ਕਿ ਸੂਬੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਬੁਰੀ ਤਰ੍ਹਾਂ ਤਹਿਸ ਨਹਿਸ ਹੋ ਚੁੱਕੀ ਹੈ ਅਤੇ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਵਾਲਿਆਂ ਨੂੰ ਲਾਠੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈਙ ਬਰਾੜ ਨੇ ਕਿਹਾ ਕਿ ਸੂਬੇ ਅੰਦਰ ਖੇਡਾਂ, ਸੱਭਿਆਚਾਰ, ਵਿੱਦਿਅਕ, ਸਿਹਤ ਅਤੇ ਗਰੀਬਾਂ ਨੂੰ ਆਰਥਿਕ ਮੰਦਹਾਲੀ ‘ਚੋਂ ਕੱਢਣ ਸਬੰਧੀ ਕੋਈ ਵੀ ਨੀਤੀ ਨਾ ਹੋਣ ਕਾਰਨ ਆਮ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਹਨ।

ਉਨ੍ਹਾਂ ਇਕੱਠ ਨੂੰ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਪਹਿਲਾਂ ਆਪਣੇ 40 ਸਾਲਾਂ ਦੇ ਸਿਆਸੀ ਜੀਵਨ ਵਿਚ ਹਮੇਸ਼ਾ ਹੀ ਗਰੀਬਾਂ, ਕਿਸਾਨਾਂ, ਮਜ਼ਦੂਰਾਂ ਅਤੇ ਪੰਜਾਬ ਦੇ ਹਿੱਤਾਂ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ, ਇਸੇ ਤਰ੍ਹਾਂ ਉਹ ਆਪਣੇ ਆਖਰੀ ਸਾਹ ਤੱਕ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਲਈ ਲੜਾਈ ਲੜਦੇ ਰਹਿਣਗੇ ਅਤੇ ਲੋਕਾਂ ਨੂੰ ਲਾਮਬੰਦ ਕਰਕੇ ਸੂਬੇ ਨੂੰ ਘੁਣ ਵਾਂਗ ਖਾਣ ਵਾਲੇ ਨੇਤਾਵਾਂ ਨੂੰ ਸੱਤਾ ਤੋਂ ਲਾਂਭੇ ਕਰਕੇ ਹੀ ਪੰਜਾਬ ਨੂੰ ਇਕ ਵਾਰ ਫਿਰ ਤਰੱਕੀ ਦੀਆਂ ਲੀਹਾਂ ‘ਤੇ ਪਾਉਣਗੇ।

ਇਸ ਤੋਂ ਪਹਿਲਾਂ ਹਰਬੰਸ ਲਾਲ ਸਾਬਕਾ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਗਮੀਤ ਸਿੰਘ ਬਰਾੜ ਹੀ ਅਜਿਹੇ ਆਗੂ ਹਨ ਜੋ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਗੱਲ ਕਰਦੇ ਹਨ ਅਤੇ ਸੱਚ ‘ਤੇ ਪਹਿਰਾ ਦੇਣ ਕਾਰਨ ਕਾਂਗਰਸ ਨੇ ਉਨ੍ਹਾਂ ਦਾ ਸਿਆਸੀ ਕਤਲ ਕੀਤਾ ਹੈ ਅਤੇ ਚੋਣਾਂ ਦੌਰਾਨ ਉਨ੍ਹਾਂ ਨੂੰ ਹਰਾਉਣ ਦੀ ਹੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਦਾ ਕਾਰਨ ਬਰਾੜ ਦਾ ਸੱਚੇ ਸੁੱਚੇ ਆਗੂ ਹੋਣਾ ਹੈ।

ਇਸ ਮੌਕੇ ਸਾਬਕਾ ਵਿਧਾਇਕਾਂ ਵਿਜੈ ਸਾਥੀ ਤੇ ਤਰਸੇਮ ਜੋਧਾਂ ਨੇ ਆਪਣੇ ਸੰਬੋਧਨ ਵਿਚ ਬਰਾੜ ਦੇ ਨਾਲ ਡੱਟ ਕੇ ਖੜ੍ਹਨ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਹਰ ਫ਼ੈਸਲੇ ‘ਤੇ ਫੁੱਲ ਚੜ੍ਹਾਉਣਗੇ। ਜਗਮੀਤ ਸਿੰਘ ਬਰਾੜ ਦੇ ਨਜ਼ਦੀਕੀ ਸਾਥੀ ਮਨਜੀਤ ਸਿੰਘ ਝਲਬੂਟੀ ਨੇ ਇਸ ਇਕੱਠ ਨੂੰ ਕਾਂਗਰਸ ਤੇ ਅਕਾਲੀ ਦਲ ਦੇ ਇਕੱਠਾਂ ਤੋਂ ਪ੍ਰਭਾਵਸ਼ਾਲੀ ਦੱਸਦਿਆਂ ਕਿਹਾ ਕਿ ਇੰਨੀ ਤਿੱਖੀ ਧੁੱਪ ਵਿਚ ਵੀ ਲੋਕਾਂ ਵੱਲੋਂ ਜਗਮੀਤ ਸਿੰਘ ਬਰਾੜ ਨਾਲ ਦਿਖਾਏ ਸੁਨੇਹ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਉਹ ਪੰਜਾਬ ਦੇ ਮਾੜੇ ਹਾਲਾਤ ਲਈ ਜ਼ਿੰਮੇਵਾਰ ਬਾਦਲਾਂ ਅਤੇ ਕਾਂਗਰਸ ਪਾਰਟੀ ਨੂੰ ਸੂਬੇ ਵਿਚੋਂ ਲਾਂਭੇ ਕਰਨਾ ਚਾਹੁੰਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,