ਸਿਆਸੀ ਖਬਰਾਂ

ਬਾਦਲ ਦਲ ਯੂ.ਪੀ. ’ਚ ਵਿਧਾਨ ਸਭਾ ਚੋਣਾ ਲੜੇਗਾ: ਸੁਖਬੀਰ ਬਾਦਲ

May 3, 2016 | By

ਨਵੀਂ ਦਿੱਲੀ/ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਯੂ.ਪੀ. ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸਿਆਸੀ ਤੌਰ ’ਤੇ ਮਜਬੂਤ ਕਰਨ ਤੋਂ ਇਲਾਵਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 40-45 ਅਜਿਹੀਆਂ ਸੀਟਾਂ ਦੀ ਭਾਲ ਕੀਤੀ ਜਾਏਗੀ ਜਿੱਥੇ ਸਿੱਖਾਂ ਅਤੇ ਪੰਜਾਬੀ ਭਾਈਚਾਰੇ ਦੀ ਬਹੁਗਿਣਤੀ ਹੋਵੇ ਅਤੇ ਜਿਥੋਂ ਬਾਦਲ ਦਲ ਉਮੀਦਵਾਰਾਂ ਦੀ ਜਿੱਤ ਦੀ ਵੱਧ ਸੰਭਾਵਨਾ ਹੋਵੇ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਾਦਲ ਦਲ ਵੱਲੋਂ ਬਲਵੰਤ ਸਿੰਘ ਰਾਮੂਵਾਲੀਆ ਨੂੰ ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਾਦਲ ਦਲ ਲਈ ਸਰਗਰਮੀ ਕਰਨ ਲਈ ਕਿਹਾ ਗਿਆ ਸੀ। ਪਰ ਰਾਮੂਵਾਲੀਆ ਨੇ ਬਾਦਲਾਂ ਨੂੰ ਝਟਕਾ ਦਿੰਦਿਆਂ ਸਮਾਜਵਾਦੀ ਪਾਰਟੀ ਵਿਚ ਸ਼ਮੂਲੀਅਤ ਕਰ ਲਈ। ਬਾਦਲ ਦਲ ਵੱਲੋਂ ਸਿੱਖ ਭਾਈਚਾਰੇ ਵਿਚ ਵਿਚਰਦਿਆਂ ਕੀਤੀ ਸਰਗਰਮੀ ਦਾ ਮੁੱਲ ਵੀ ਰਾਮੂਵਾਲੀਆ ਨੇ ਸਮਾਜਵਾਦੀ ਪਾਰਟੀ ਤੋਂ ਵਸੂਲ ਕੀਤਾ ਤੇ ਉਸ ਨੂੰ ਅਖਿਲੇਸ਼ ਯਾਦਵ ਸਰਕਾਰ ਵਿਚ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਇਸ ਝਟਕੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਾਰਟੀ ਨੇ ਹੁਣ ਮੁੜ ਯੂ. ਪੀ. ਵਿਚ ਸਰਗਰਮੀ ਦਾ ਐਲਾਨ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸਰਗਰਮੀ ਦਾ ਮਨੋਰਥ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿਚਲੇ ਰਾਜਸੀ ਗਠਜੋੜ ਵਿਚ ਭਾਪਜਾ ਨੂੰ ਟਿਕਾਣੇ ਸਿਰ ਰੱਖਣਾ ਹੈ। ਬਾਦਲ ਦਲ ਦੇ ਯੂ. ਪੀ. ਵਿਚ ਚੋਣਾਂ ਲੜਨ ਦੇ ਐਲਾਨ ਨਾਲ ਭਾਜਪਾ ਲਈ ਕਸੂਤੀ ਹਾਲਤ ਪੈਦਾ ਹੋ ਸਕਦੀ ਹੈ, ਜਿਸ ਦਾ ਭਾਰਤ ਦੀ ਸਿਆਸਤ ਵਿਚ ਪੈਂਠ ਜਮਾਉਣ ਦਾ ਦਾਰੋਮਦਾਰ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਭਾਪਜਾ ਕਿੰਨੇ ਵੱਧ ਸੂਬਿਆਂ ਦੀ ਸੱਤਾ ਉੱਤੇ ਕਾਬਜ਼ ਹੁੰਦੀ ਹੈ।

ਸੁਖਬੀਰ ਬਾਦਲ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ

ਸੁਖਬੀਰ ਬਾਦਲ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ

ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੁਮਾਜਰਾ, ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ, ਬਾਦਲ ਦਲ ਦੀ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਸੀਨੀਅਰ ਆਗੂ ਅਵਤਾਰ ਸਿੰਘ ਹਿੱਤ ਬਾਦਲ ਦਲ ਦੇ ਪ੍ਰਧਾਨ ਨੂੰ ਇਸ ਕਾਰਜ ਲਈ ਬਣਾਈ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ ਜੋ ਕਿ ਦੋ ਹਫਤਿਆਂ ਦੇ ਅੰਦਰ-ਅੰਦਰ ਆਪਣੀ ਰਿਪੋਰਟ ਪੇਸ਼ ਕਰਨਗੇ।

ਯੂ.ਪੀ. ਦੇ ਸਾਬਕਾ ਮੁੱਖ ਸਕੱਤਰ ਸ੍ਰੀ ਰਾਏ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਯੂ.ਪੀ. ਮਾਮਲਿਆਂ ਦਾ ਇੰਚਾਰਜ ਵੀ ਨਿਯੁਕਤ ਕੀਤਾ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਅੱਗੇ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੀ ਇੱਛਾ ਹੈ ਕਿ ਯੂ.ਪੀ. ਵਿਚ ਵਸਦੇ ਪੰਜਾਬੀਆਂ ਅਤੇ ਸਿੱਖਾਂ ਦੀ ਕਾਬਲੀਅਤ ਨੂੰ ਪਾਰਟੀ ਦੇ ਝੰਡੇ ਹੇਠਾਂ ਇਕੱਠਿਆਂ ਕੀਤਾ ਜਾਵੇ ਕਿਉਂਕਿ ਹੁਣ ਤੱਕ ਵੱਖੋ-ਵੱਖਰੇ ਸਿਆਸੀ ਦਲਾਂ ਨੇ ਇਨ੍ਹਾਂ ਨੂੰ ਵੋਟ ਬੈਂਕ ਦੇ ਤੌਰ ’ਤੇ ਵਰਤਣ ਲਈ ਝੂਠੇ ਵਾਅਦੇ ਕੀਤੇ ਹਨ ਅਤੇ ਮਤਲਬ ਨਿਕਲ ਜਾਣ ’ਤੇ ਇਨ੍ਹਾਂ ਦੀ ਸਾਰ ਵੀ ਨਹੀਂ ਲਈ।

ਇਸ ਮੌਕੇ ਸ. ਬਾਦਲ ਨੇ ਯੂ.ਪੀ. ਕਾਂਗਰਸ ਦੇ ਆਗੂ ਤੇਜਵੰਤ ਸਿੰਘ ਅਤੇ ਸਮਾਜਵਾਦੀ ਪਾਰਟੀ ਦੇ ਆਗੂ ਹਰਜੀਤ ਸਿੰਘ ਵਲੋਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕਰਨ ’ਤੇ ਖੁਸ਼ੀ ਜਾਹਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਕੱਦਾਵਰ ਆਗੂਆਂ ਦੀ ਮੌਜੂਦਗੀ ਦਾ ਪਾਰਟੀ ਨੂੰ 2017 ਚੋਣਾਂ ਵਿਚ ਬੇਮਿਸਾਲ ਫਾਇਦਾ ਹੋਵੇਗਾ।

ਇਸ ਮੌਕੇ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਉਪ ਮੁੱਖ ਮੰਤਰੀ ਦੇ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ, ਅਵਤਾਰ ਸਿੰਘ ਹਿੱਤ ਅਤੇ ਓਂਕਾਰ ਸਿੰਘ ਥਾਪਰ ਤੋਂ ਇਲਾਵਾ ਜੀਤ ਸਿੰਘ ਨਾਨਕਮੱਤਾ, ਲੱਛਮਣ ਸਿੰਘ ਖਾਲਸਾ ਲਖਨਊ, ਦਲਜੀਤ ਸਿੰਘ ਕਥੂਰੀਆ ਆਗਰਾ, ਭੁਪਿੰਦਰ ਸਿੰਘ ਗਾਜੀਆਬਾਦ, ਸਤਨਾਮ ਸਿੰਘ ਹੰਸਪਾਲ, ਜਗਤਾਰ ਸਿੰਘ ਪੱਟੀ ਅਤੇ ਗੁਰਪ੍ਰੀਤ ਸਿੰਘ ਬੱਗਾ ਵੀ ਸ਼ਾਮਲ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,