ਪੱਤਰ

ਸੰਤ ਭਿੰਡਰਾਂਵਾਲੇ ਬਨਾਮ ਕੋਲਿਆਂ ਦੇ ਦਲਾਲ

February 13, 2010 | By

ਜਿਉਂ-ਜਿਉਂ ਅਜੋਕੇ ਸਿੱਖ ਆਗੂ ਕੌਮ ਪ੍ਰਤੀ ਜ਼ਿੰਮੇਵਾਰੀਆਂ ਤੋਂ ਘੇਸਲ ਵੱਟ ਕੇ ਨਿੱਜਵਾਦੀ ਹੋ ਰਹੇ ਹਨ, ਤਿਉਂ-ਤਿਉਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਦਾ ਅਕਸ਼ ਸਿੱਖਾਂ ਵਿਚ ਵਧੇਰੇ ਰੋਸ਼ਨ ਹੋ ਰਿਹਾ ਹੈ। ਸੰਸਾਰ ਦੀਆਂ ਗਤੀਸ਼ੀਲ ਕੌਮਾਂ ਦਾ ਇਹ ਇਤਿਹਾਸ ਰਿਹਾ ਹੈ ਕਿ ਜਦੋਂ ਉਸ ਕੌਮ ਜਾਂ ਭਾਈਚਾਰੇ ਦੇ ਆਗੂ ਆਪਣੀ ਜ਼ਿੰਮੇਵਾਰੀਆਂ ਤੋਂ ਕੁਝ ਅਵੇਸਲੇ ਹੋਏ ਹਨ ਤਾਂ ਉਸ ਸਮੇਂ ਹੀ ਆਮ ਲੋਕਾਂ ਨੇ ਕੌਮ ਪ੍ਰਤੀ ਆਪਾ ਵਾਰਨ ਵਾਲੀਆਂ ਸ਼ਖਸੀਅਤਾਂ ਦੀਆਂ ਮਸਾਲਾਂ ਦੇ ਕੇ ਫਿਰ ਕੌਮੀ ਆਗੂਆਂ ਨੂੰ ਮਜ਼ਬੂਰ ਕੀਤਾ ਹੈ ਕਿ ਜੇਕਰ ਉਹਨਾਂ ਕੌਮ ਦੇ ਲੋਕਾਂ ਦੀ ਅਗਵਾਈ ਕਰਨੀ ਹੈ ਤਾਂ ਕੌਮ ਲਈ ਪੂਰਨੇ ਪਾ ਗਏ ਆਗੂਆਂ ਜਿਹਾ ਕਿਰਦਾਰ ਬਣਾਇਆ ਜਾਵੇ। ਜਿਹੜੇ ਕੌਮੀ ਆਗੂ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦੇ ਉਹ ਵਕਤੀ ਤੌਰ ’ਤੇ ਤਾਂ ਭਾਵੇਂ ਆਪਣੀ ਕੌਮ ਦੇ ਨੁਮਾਇੰਦੇ ਅਖਵਾ ਲੈਣ, ਪਰ ਇਤਿਹਾਸ ਵਿਚ ਉਹਨਾਂ ਦਾ ਨਾਮ ਕੌਮੀ ਗਦਾਰਾਂ ਵਜੋਂ ਹੀ ਲਿਖਿਆ ਜਾਂਦਾ ਹੈ।

ਹੁਣ ਜਦੋਂ ਸਿੱਖ ਕੌਮ ਸਿੱਖ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਨ ਮਨਾ ਰਹੀ ਹੈ ਤਾਂ ਇਸ ਗੱਲ ਪਿੱਛੇ ਵੀ ਸਿੱਖ ਆਗੂਆਂ ਵੱਲੋਂ ਕੌਮੀ ਮਾਮਲਿਆਂ ਨੂੰ ਵਿਸਾਰ ਦੇ ਇਵਜ ਵਜੋਂ ਰੁਸੇਵੇਂ ਦੀ ਭਾਵਨਾ ਮਾਨਸਿਕਤਾ ਵੱਧ ਕੰਮ ਕਰ ਰਹੀ ਹੈ। ਸਾਨੂੰ ਸੋਚਣਾ ਪਵੇਗਾ ਕਿ ਅੱਜ ਤੋਂ ਕੋਈ ਛੱਬੀ ਸਾਲ ਪਹਿਲਾਂ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਹਰਮਨ ਪਿਆਰਤਾ ਇੰਨੀ ਕਿਵੇਂ ਵਧ ਗਈ ਹੈ, ਜਦ ਕਿ ਸਰਕਾਰ ਵੱਲੋਂ ਉਹਨਾਂ ਦੀ ਸ਼ਖਸੀਅਤ ਨੂੰ ਧੁੰਦਲਾ ਕਰਨ ਦੇ ਸਾਰੇ ਯਤਨ ਵੀ ਕੀਤੇ ਜਾ ਚੁੱਕੇ ਹਨ? ਆਖਰ ਕੀ ਕਾਰਨ ਹੈ ਕਿ ਜਿਸ ਦਮਦਮੀ ਟਕਸਾਲ ਦੇ ਮੁਖੀ ਸੰਤ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਸਿੱਖ ਨੌਜੁਆਨ ਆਪਣੇ ਵਹੀਕਲਾਂ ’ਤੇ ਲਗਾਈ ਫਿਰਦੇ ਹਨ, ਜਿਸ ਸੰਤ ਜੀ ਦੀਆਂ ਤਸਵੀਰਾਂ ਵਾਲੀਆਂ ਟੀ-ਸ਼ਰਟਾਂ ਪਾ ਕੇ ਨੌਜੁਆਨੀ ਨੂੰ ਸਕੂਨ ਮਿਲ ਰਿਹਾ ਹੈ, ਜਿਸ ਦਮਦਮੀ ਟਕਸਾਲ ਦੇ ਮੁਖੀ ਸੰਤ ਜੀ ਦੇ ਅਖੇ ਸ਼ਬਦ ਲੋਕਾਂ ਨੇ ਆਪਣੇ ਲੋਗੋ ਬਣਵਾਏ ਹਨ, ਉਸੇ ਦਮਦਮੀ ਟਕਸਾਲ ਦੇ ਅਜੋਕੇ ਮੁਖੀ ਦੇ ਪੁਤਲੇ ਵੀ ਉਹ ਹੀ ਲੋਕ ਸਾੜ ਰਹੇ ਹਨ, ਜੋ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਹੱਦੋਂ ਵੱਧ ਸਤਿਕਾਰ ਦਿੰਦੇ ਹਨ। ਬੀਤੇ ਮਹੀਨੇ ਜਦੋਂ ਕੁਝ ਹਿੰਦੂ ਆਗੂਆਂ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਸਟਿੱਕਰ ਵਹੀਕਲਾਂ ਤੋਂ ਲਾਹੁਣ ਦੀ ਗੱਲ ਆਖੀ ਤਾਂ ਇਸ ਦੇ ਉਲਟ ਸਗੋਂ ਨੌਜੁਆਨਾਂ ਵਿਚ ਸੰਤਾਂ ਦੀ ਤਸਵੀਰ ਵਾਲੇ ਸਟਿੱਕਰ ਲਗਾਉਣ ਦੀ ਗੱਲ ਨੇ ਮੁਹਿੰਮ ਦਾ ਰੂਪ ਧਾਰਨ ਕਰ ਲਿਆ। ਦੂਸਰੇ ਪਾਸੇ ਸਾਡੇ ਅੱਜ ਦੇ ਬਹੁਤੇ ਪੰਥਕ ਆਗੂਆਂ, ਸਿੱਖ ਸਟੂਡੈਂਟਸ ਫੈਡਰੇਸ਼ਨਾਂ, ਨਾਲ ਗੱਡੀ ਨੂੰ ਧੱਕਾ ਲਾਉਣ ਜਿੰਨੇ ਵੀ ਸਿੱਖ ਹਿਮੈਤੀ ਨਹੀਂ ਹਨ, ਭਾਵੇਂ ਇਹ ਫੈਡਰੇਸ਼ਨਾਂ ਅਤੇ ਪੰਥਕ ਆਗੂ ਆਪਣੇ ਆਪ ਦੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੋਚ ਦੇ ਪਹਿਰੇਦਾਰ ਵਜੋਂ ਪਛਾਣ ਕਰਵਾਉਂਦੇ ਹਨ।

ਜੇਕਰ ਆਮ ਸਿੱਖਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤੇ ਸਿੱਖ ਭਾਵੇਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਹਥਿਆਰਬੰਦ ਬਗਾਵਤ ਦੇ ਵਿਰੋਧੀ ਵੀ ਹਨ, ਪਰ ਇਹ ਵਿਰੋਧੀ ਸਿੱਖ ਵੀ ਸੰਤਾਂ ਦੀ ਇਮਾਨਦਾਰੀ ਅਤੇ ਕੁਰਬਾਨੀ ਵਾਲੇ ਜੀਵਨ ਦੀ ਸ਼ਾਹਦੀ ਭਰਦੇ ਹਨ। ਇਸ ਸਮੇਂ ਕਥਿਤ ਸੰਤਾਂ ਦੀ ਸਤਾਈ ਹੋਈ ਕੌਮ ‘ਸੰਤ’ ਸ਼ਬਦ ਨੂੰ ਹੀ ਨਫਰਤ ਕਰਨ ਲੱਗ ਗਈ ਹੈ, ਕਿਉਂਕਿ ਬਹੁਤੇ ਵਿਹਲੜ ਕਿਸਮ ਦੇ ਆਗੂਆਂ ਨੇ ਅਖੇ ਜਾਂਦੇ ਸੰਤ ਭੇਖ ਵਿਚ ਸਿੱਖੀ ਦਾ ਬਹੁਤ ਨੁਕਸਾਨ ਕੀਤਾ ਹੈ, ਇਸ ਲਈ ਜੋ ਸਿੱਖ ‘ਸੰਤ’ ਸ਼ਬਦ ਕਿਸੇ ਮਨੁੱਖ ਲਈ ਵਰਤਨ ਦੇ ਵਿਰੋਧੀ ਹਨ ਉਹ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਮ ਨਾਲ ਅਦਬ ਵਜੋਂ ‘ਸੰਤ’ ਲਫਜ ਵਰਤਦੇ ਹਨ। ਇਹ ਵਿਚਾਰ ‘ਸੰਤਾਂ’ ਦੇ ਮਹਾਨ ਹੋਣ ਦੀ ਮਸਾਲ ਹਨ।

ਸੰਤਾਂ ਦੀ ਸ਼ਖਸੀਅਤ ਦਾ ਇਕ ਹੋਰ ਗੁਣ ਵੀ ਬਹੁਤ ਵੱਡਾ ਅਸਰ ਰੱਖਦਾ ਹੈ। ਸੰਤ ਜਰਨੈਲ ਸਿੰਘ ਖੁਦ ਦਮਦਮੀ ਟਕਸਾਲ ਵਿਚ ਪੜ੍ਹੇ ਲਿਖੇ ਅਤੇ ਵੱਡੇ ਹੋਏ ਸਨ, ਇਸ ਲਈ ਉਹਨਾਂ ਦੇ ਜੀਵਨ ’ਤੇ ਇਸ ਟਕਸਾਲ ਦੀਆਂ ਆਪਣੀਆਂ ਰਹੁ-ਰੀਤਾਂ ਦਾ ਪ੍ਰਭਾਵ ਸੀ ਜਿਨ੍ਹਾਂ ਰੀਤਾਂ ਵਿਚ ਰਾਗਮਾਲਾ ਪੜ੍ਹਨ ‘ਖੰਡੇ ਦੀ ਪਹੁਲ ਵਿਧੀ’ ਅਤੇ ‘ਦਸਮ ਗ੍ਰੰਥ’ ਸਬੰਧੀ ਵਿਚਾਰਧਾਰਕ ਮੱਤਭੇਦ ਸਨ। ਇਸ ਤੋਂ ਇਲਾਵਾ ਕੌਮੀ ਸੰਘਰਸ਼ ਵਿਚ ਜੂਝ ਰਹੀਆਂ ਜਥੇਬੰਦੀਆਂ ਅਤੇ ਰਾਜਨੀਤਕ ਵਿਖਰੇਵਿਆਂ ਸਬੰਧੀ ਅਨੇਕਾਂ ਮੱਤਭੇਦ ਚੱਲ ਰਹੇ ਸਨ, ਪ੍ਰੰਤੂ ਫਿਰ ਵੀ ਉਹਨਾਂ ਇਹਨਾਂ ਵਿਚਾਰਧਾਰਕ ਵਖਰੇਵਿਆਂ ਤੋਂ ਉਪਰ ਉਠ ਕੇ ਸਿਰਫ਼ ਕੌਮ ਦੇ ਭਲੇ ਲਈ ਹੀ ਸੰਘਰਸ਼ ਜਾਰੀ ਹੀ ਨਹੀਂ ਰੱਖਿਆ ਸਗੋਂ ਕੌਮ ਵਿਚ ਪੂਰੀ ਏਕਤਾ ਵੀ ਬਣਾਈ ਰੱਖੀ। ਉਹਨਾਂ ਭਰਾ ਮਾਰੂ ਜੰਗ ਦਾ ਅਖਾੜਾ ਬਣਨ ਦੀ ਥਾਂ ਆਪਣੇ ਬਾਹੂਬਲ ਨੂੰ ਸਰਕਾਰ ਵੱਲ ਸੇਧਿਤ ਹੀ ਰੱਖਿਆ। ਸੰਤ ਜੀ ਦੀ ਇਸ ਵਿਸ਼ਾਲ ਸੂਝ ਸਦਕਾ ਸਰਕਾਰ ਲੰਮਾ ਸਮਾਂ ਸਿੱਖ ਜਾਗ੍ਰਿਤੀ ਨੂੰ ਦਬਾਉਣ ਵਿਚ ਬੇਵੱਸ ਰਹੀ।

ਸੰਸਾਰ ਭਰ ਵਿਚ ਵਸਦੀਆਂ ਕੌਮਾਂ ਦਾ ਇਹ ਇਤਿਹਾਸ ਹੈ ਕਿ ਜਦ ਉਹ ਸੰਘਰਸ਼ਸੀਲ ਕੌਮਾਂ ਦੀ ਵਿਚਾਰਧਾਰਕ ਲੜਾਈ ਅੱਗੇ ਬੇਵੱਸ ਹੋ ਜਾਂਦੀਆਂ ਹਨ ਤਾਂ ਉਹਨਾਂ ਨੂੰ ਹਿੰਸਾ ਦੇ ਰਾਹ ਤੋਰ ਦਿੱਤਾ ਜਾਂਦਾ ਹੈ। ਜਿਸ ਨਾਲ ਉਹ ਕੌਮੀ ਆਗੂਆਂ ਦੀ ਅਵਾਜ਼ ਨੂੰ ਸੰਸਾਰ ਪੱਧਰ ’ਤੇ ਬਦਨਾਮ ਕਰਨ ਵਿਚ ਸਫਲ ਰਹਿੰਦੀਆਂ ਹਨ (ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਬਾਅਦ ਉਸਾਮਾ ਬਿਨ ਲਾਦੇਨ, ਇਰਾਕੀ ਰਾਸ਼ਟਰਪਤੀ ਸੁਦਾਮ ਹੁਸੈਨ, ਲਿਟੇ ਮੁਖੀ ਪ੍ਰਭਾਕਰਨ ਦੀਆਂ ਉਦਾਹਰਣਾਂ ਸਭ ਦੇ ਸਾਹਮਣੇ ਹਨ)। ਇਸ ਤਰ੍ਹਾਂ ਸਰਕਾਰਾਂ ਆਪਣੇ ਅਸੀਮਤ ਰੱਖਿਅਕ ਤਾਕਤ ਦੀ ਵਰਤੋਂ ਕਰਨ ਲਈ ਰਾਹ ਪੱਧਰਾ ਕਰ ਲੈਂਦੀਆਂ ਹਨ ਅਤੇ ਕੌਮੀ ਆਗੂਆਂ ਨੂੰ ਬਾਹੂਬਲ ਨਾਲ ਦਬਾਉਣ ਵਿਚ ਕੁਝ ਸਮੇਂ ਲਈ ਸਫਲਤਾ ਵੀ ਮਿਲ ਜਾਂਦੀ ਹੈ। ਅਜਿਹੇ ਸਮੇਂ ਸੰਘਰਸ਼ ਕਰ ਰਹੀਆਂ ਕੌਮਾਂ ਨੂੰ ਟੀਚੇ ਦੀ ਪ੍ਰਾਪਤੀ ਲਈ ਹਥਿਆਰਬੰਦ ਬਗਾਵਤ ਵਿਚ ਕੁੱਦਣਾ ਇਕ ਮਜ਼ਬੂਰੀ ਹੁੰਦੀ ਹੈ। ਸੰਸਾਰ ਪੱਧਰ ਵਿਚ ਬਦਨਾਮ ਇਹ ਨੀਤੀ ਸਿੱਖ ਸੰਘਰਸ਼ ਵਿਚ ਵੀ ਵਰਤੀ ਗਈ ਜਿਸ ਨਾਲ ਸਿੱਖ ਸੰਘਰਸ਼ ਹਥਿਆਰਬੰਦ ਰੂਪ ਵਿਚ ਬਦਲ ਗਿਆ। ਹਥਿਆਰਬੰਦ ਸੰਘਰਸ਼ ਵੀ ਸਿੱਖ ਇਤਿਹਾਸ ਦੀ ਲਾਸਾਨੀ ਪ੍ਰੰਪਰਾ ਰਹੀ ਹੈ। ਇਸ ਪਰਖ ਦੀ ਘੜੀ ਵਿਚ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਬੜੀ ਸੂਝ-ਬੂਝ ਨਾਲ ਕਮਾਂਡ ਸੰਭਾਲੀ ਰੱਖੀ ਅਤੇ ਅਖੀਰੀ ਸਾਹ ਤੱਕ ਸਿੱਖ ਸਿਧਾਂਤਾਂ ਅਨੁਸਾਰ ਹੀ ਸ਼ਹੀਦੀ ਪ੍ਰਾਪਤ ਕੀਤੀ। ਹੁਣ ਜਦੋਂ ਸਿੱਖ ਜਗਤ ਸੰਤ ਜਰਨੈਲ ਸਿੰਘ ਜੀ ਦੀ ਸੋਚ ਦੇ ਅਲੰਬਰਦਾਰ ਅਖਵਾਉਣ ਵਾਲੇ ਸਿੱਖ ਆਗੂਆਂ ਦੇ ਕਿਰਦਾਰ ਵੱਲ ਦੇਖਦਾ ਹੈ ਤਾਂ ਉਹਨਾਂ ਨੂੰ ਇਹਨਾਂ ਦਾਅਵਿਆਂ ’ਤੇ ਖਿਜ਼੍ਹ ਚੜ੍ਹਦੀ ਹੈ ਕਿਉਂਕਿ ਸਿੱਖ ਸਮਾਜ ਨੂੰ ਇਹਨਾਂ ਦੇ ‘ਪੱਲੇ ਵਿਚ ਸੱਚ’ ਨਹੀਂ ਦਿਸਦਾ। ਸਗੋਂ ਇਹ ਧਾਰਮਿਕ ਆਗੂ ਹੋਣ ਦੀ ਥਾਂ ‘ਕੋਲਿਆਂ ਦੇ ਦਲਾਲ’ ਵਧੇਰੇ ਪ੍ਰਤੀਤ ਹੁੰਦੇ ਹਨ ਜਿਨ੍ਹਾਂ ਦਾ ਮੂੰਹ ਪ੍ਰਮਾਤਮਾ ਦੀ ਦਰਗਾਹ ਅਤੇ ਸਿੱਖ ਸਮਾਜ ਵਿਚ ਕਾਲਾ ਹੀ ਹੋਵੇਗਾ। ਜੇਕਰ ਇਹਨਾਂ ਆਗੂਆਂ ਨੇ ਕਾਲਖ ਦੇ ਇਸ ਟਿੱਕੇ ਤੋਂ ਬਚਣਾ ਹੈ ਤਾਂ ਆਪਣੀ ਕੌਮ ਲਈ ਸੱਚੇ ਦਿਲੋਂ ਪਹਿਰੇਦਾਰੀ ਕਰਨੀ ਹੋਵੇਗੀ।

ਗੁਰਸੇਵਕ ਸਿੰਘ ਧੌਲਾ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,