ਸਿੱਖ ਖਬਰਾਂ

ਸਿੱਖ ਜਥੇਬੰਦੀਆਂ ਦੀ ਮਹਿਤਾ ਵਿਖੇ ਹੋਈ ਇਕੱਰਤਾ ਦੇ ਅਹਿਮ ਵੇਰਵੇ – ਸੰਤ ਸਮਾਜ ਵੱਲੋਂ ਆਸ਼ੂਤੋਸ਼ ਦੇ ਸਮਾਗਮ ਨਾ ਹੋਣ ਦੇਣ ਸਮੇਤ ਕਈ ਅਹਿਮ ਐਲਾਨ ਹੋਏ

December 13, 2009 | By

ਚੌਕ ਮਹਿਤਾ (13 ਦਸੰਬਰ, 2009): ਪੰਜਾਬੀ ਦੇ ਰੋਜ਼ਾਨਾ ਅਖਬਾਰ ਅਜੀਤ ਵਿੱਚ ਪ੍ਰਕਾਸ਼ਿਤ ਹੋਈ ਇੱਕ ਅਹਿਮ ਖਬਰ ਅਨੁਸਾਰ ਬੀਤੇ ਦਿਨ ਦਮਦਮੀ ਟਕਸਾਲ ਦੇ ਮੁੱਖ ਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਕ ਵਿਖੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਮਹਾਂਪੁਰਖਾਂ, ਨਿਹੰਗ ਸਿੰਘ ਜਥੇਬੰਦੀਆਂ, ਫੈਡਰਸ਼ਨ ਦੇ ਵੱਖ-ਵੱਖ ਧੜਿਆਂ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਪ੍ਰਧਾਨਗੀ ਹੇਠ ਇਕ ਵਿਸ਼ਾਲ ਇਕੱਠ ਦੇ ਰੂਪ ਵਿਚ ਇਕੱਤਰਤਾ ਕੀਤੀ।

ਬਾਦਲ ਨੂੰ ਤਲਬ ਕੀਤਾ ਜਾਵੇ:

ਖਬਰ ਅਨੁਸਾਰ ਲੁਧਿਆਣਾ ਵਿਖੇ 5 ਦਸੰਬਰ ਨੂੰ ਵਾਪਰੇ ਗੋਲੀ ਕਾਂਡ ਅਤੇ ਉਸ ਵਿਚ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਦੀ ਸਰਕਾਰ ਦੀ ਪੱਖਪਾਤੀ ਕਾਰਵਾਈ ਕਰਕੇ ਟਕਸਾਲ ਮੁਖੀ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਇਸ ਸਾਰੇ ਕਾਂਡ ਦੇ ਮੁੱਖ ਦੋਸ਼ੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕਰਕੇ ਸਖ਼ਤ ਸਜ਼ਾ ਦੇਣ, ਕਿਉਂਕਿ ਸਿੱਖ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਸਮਾਗਮ ਕਰਨ ਦੀ ਇਜਾਜ਼ਤ ਦੇਣ ਦਾ ਦੋਸ਼ੀ ਵੀ ਮੁੱਖ ਮੰਤਰੀ ਹੈ।

ਸੰਤ ਸਮਾਜ ਦੇ ਆਗੂ ਅਹਿਮ ਐਲਾਨ ਕਰਦੇ ਹੋਏ

ਸੰਤ ਸਮਾਜ ਦੇ ਆਗੂ ਅਹਿਮ ਐਲਾਨ ਕਰਦੇ ਹੋਏ

ਸਰਨਾ ਵਿਰੁੱਧ ਕਾਰਵਾਈ ਦੀ ਮੰਗ:

ਇਸ ਤੋਂ ਇਲਾਵਾ ਪੰਥ ਦੋਖੀ ਤਾਕਤਾਂ ਦੀ ਪਿੱਠ ਥਾਪੜਨ ਵਾਲਾ ਦਿੱਲੀ ਕਮੇਟੀ ਦਾ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਵੀ ਬਰਾਬਰ ਦਾ ਦੋਸ਼ੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੋਵਾਂ ਨੂੰ ਤਲਬ ਕਰਕੇ ਸਖ਼ਤ ਸਜ਼ਾ ਦੇਣ।

ਪ੍ਰਸ਼ਾਸਨ ਮੁਖੀ, ਰਜਿੰਦਰ ਭੰਡਾਰੀ ਤੇ ਵਾਸਤਵ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ:

ਟਕਸਾਲ ਮੁਖੀ ਨੇ ਕਿਹਾ ਕਿ ਉਕਤ ਦੋਵਾਂ ਆਗੂਆਂ ਤੋਂ ਇਲਾਵਾ ਲੁਧਿਆਣਾ ਕਾਂਡ ਵਿਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਭਾਜਪਾ ਵਿਧਾਇਕ ਹਰੀਸ਼ ਬੇਦੀ, ਹਨੀ ਬੇਦੀ, ਪੁਲਿਸ ਅਫ਼ਸਰ, ਭਾਜਪਾ ਪ੍ਰਧਾਨ ਪ੍ਰੋ: ਰਜਿੰਦਰ ਭੰਡਾਰੀ ਅਤੇ ਆਸ਼ੂਤੋਸ਼ ਦਾ ਚੇਲਾ ਵਾਸਤਵ ਜਿਨ੍ਹਾਂ ਨੇ ਭੜਕਾਹਟ ਪੈਦਾ ਕੀਤੀ ਹੈ, ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਕੇ ਸਜ਼ਾਵਾਂ ਦਿੱਤੀਆਂ ਜਾਣ।

30 ਦਸੰਬਰ ਨੂੰ ਚੰਡੀਗੜ੍ਹ ਤੱਕ ਮਾਰਚ ਕਰਨ ਦਾ ਐਲਾਨ:

ਉਨ੍ਹਾਂ ਹੋਰ ਕਿਹਾ ਕਿ ਜੇ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ ਤਾਂ 30 ਦਸੰਬਰ ਨੂੰ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਇਕ ਸ਼ਾਂਤਮਈ ਰੋਸ ਮਾਰਚ ਚੰਡੀਗੜ੍ਹ੍ਹ ਵੱਲ ਕੀਤਾ ਜਾਵੇਗਾ ਅਤੇ ਉ¤ਥੇ ਪਹੁੰਚ ਕੇ ਇਕ ਮੰਗ ਪੱਤਰ ਪੰਜਾਬ ਦੇ ਰਾਜਪਾਲ ਨੂੰ ਦਿੱਤਾ ਜਾਵੇਗਾ।

24 ਦਸੰਬਰ ਨੂੰ ਅਰਦਾਸ ਦਿਵਸ:

ਇਸ ਤੋਂ ਪਹਿਲਾਂ 24 ਦਸੰਬਰ ਨੂੰ ਸਵੇਰੇ 9 ਤੋਂ 10 ਵਜੇ ਤਕ ਸਮੂਹ ਸੰਗਤਾਂ ਨੂੰ ਗੁਰਦੁਆਰਿਆਂ ’ਚ ਗੁਰਬਾਣੀ ਪਾਠ ਅਤੇ ਕੀਰਤਨ ਕਰਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਕੇ ‘ਅਰਦਾਸ ਦਿਵਸ’ ਮਨਾਉਣ ਦੀ ਅਪੀਲ ਉਨ੍ਹਾਂ ਸਿੱਖ ਜਗਤ ਨੂੰ ਕੀਤੀ।

ਪੀਰਮੁਹੰਮਦ ਫੈਡਰੇਸ਼ਨ ਵੱਲੋਂ ਇਨਸਾਫ ਮਾਰਚ 14 ਨੂੰ:

14 ਦਸੰਬਰ ਨੂੰ ਗੁਰਦੁਆਰਾ ਆਲਮਗੀਰ ਲੁਧਿਆਣਾ ਤੋਂ ਸ਼ਹੀਦ ਦਰਸ਼ਨ ਸਿੰਘ ਦੇ ਪਿੰਡ ਲੁਹਾਰਕਾ ਤਕ ਇਕ ਇਨਸਾਫ਼ ਮਾਰਚ ਫੈਡਰੇਸ਼ਨ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਵੱਲੋਂ ਲਿਜਾਏ ਜਾਣ ਦਾ ਐਲਾਨ ਵੀ ਉਨ੍ਹਾਂ ਕੀਤਾ।

ਅਮਲਾਂ ਨਾਲ ਹੋਣੇ ਨੇ ਨਿਬੇੜੇ:

ਸਿੱਖ ਜਥੇਬੰਦੀਆਂ ਵੱਲੋਂ ਕਈ ਅਹਿਮ ਐਲਾਨ ਤਾਂ ਕੀਤੇ ਗਏ ਹਨ ਜਿਨ੍ਹਾਂ ਉੱਪਰ ਸਿਦਕ ਦਿਲੀ ਨਾਲ ਪਹਿਰਾ ਦਿੱਤਾ ਜਾਵੇ ਤਾਂ ਯਕੀਕਨ ਹੀ ਪੰਥਕ ਸੰਘਰਸ਼ ਕਿਸੇ ਸਹੀ ਲੀਹੇ ਪਾਇਆ ਜਾ ਸਕਦਾ ਹੈ। ਆਸ ਹੈ ਕਿ ਡੇਰਾ ਸਿਰਸਾ ਸਬੰਧੀ ਦਿੱਤੇ ਪ੍ਰੋਗਰਾਮਾਂ ਵਾਙ ਇਸ ਵਾਰ ਆਗੂਆਂ ਵੱਲੋਂ ਸੰਗਤਾਂ ਨੂੰ ਬੁਲਾ ਕੇ ਆਖਰੀ ਮੌਕੇ ਪੈਰ ਪਿੱਛੇ ਨਹੀਂ ਖਿੱਚੇ ਜਾਣਗੇ।

ਮਹਿਤਾ ਵਿਖੇ ਹੋਈ ਇਕੱਤਰਤਾ ਵਿੱਚ ਸ਼ਾਮਿਲ ਹੋਏ ਆਗੂ ਅਤੇ ਸਖਸ਼ੀਅਤਾਂ:

ਇਸ ਇਕੱਤਰਤਾ ਵਿਚ ਹੋਰਨਾਂ ਤੋਂ ਇਲਾਵਾ ਮੁੱਖ ਤੌਰ ’ਤੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ, ਬਾਬਾ ਬਲਜੀਤ ਸਿੰਘ ਦਾਦੂਵਾਲ, ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਸਿੰਘ ਸਾਹਿਬ ਗਿਆਨੀ ਜਸਬੀਰ ਸਿੰਘ ਰੋਡੇ, ਬਾਬਾ ਪਰਮਜੀਤ ਸਿੰਘ ਮਾਹਿਲਪੁਰ, ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਖ਼ਾਲਸਾ ਐਕਸ਼ਨ ਕਮੇਟੀ, ਬਾਬਾ ਲੱਖਾ ਸਿੰਘ ਰਾਮ ਥੰਮਣ, ਬਾਬਾ ਬੂਟਾ ਸਿੰਘ ਗੁਰਥੜੀ, ਦਇਆ ਸਿੰਘ ਕੱਕੜ, ਬਾਬਾ ਸੁਖਚੈਨ ਸਿੰਘ ਧਰਮਪੁਰਾ, ਬਾਬਾ ਕਰਤਾਰ ਸਿੰਘ ਨਿਹੰਗ ਮੁਖੀ, ਬਾਬਾ ਅਮਰਜੀਤ ਸਿੰਘ ਬਰਨਾਲਾ, ਬਾਬਾ ਸੁੰਦਰ ਸਿੰਘ ਹਰਿਆਣਾ, ਕਰਨੈਲ ਸਿੰਘ ਪੀਰ ਮੁਹੰਮਦ, ਸਵਰਨ ਸਿੰਘ ਖ਼ਾਲਸਾ, ਜਗਦੀਸ਼ ਸਿੰਘ ਮੱਲ੍ਹੀ, ਕਸ਼ਮੀਰ ਸਿੰਘ ਸਰਪੰਚ ਮਹਿਤਾ, ਬਲਵਿੰਦਰ ਸਿੰਘ ਝਬਾਲ (ਪੰਚ ਪ੍ਰਧਾਨੀ), ਬਲਦੇਵ ਸਿੰਘ ਸਿਰਸਾ (ਪੰਚ ਪ੍ਰਧਾਨੀ), ਭਾਈ ਅਜੈਬ ਸਿੰਘ ਅਭਿਆਸੀ, ਮਨਜੀਤ ਸਿੰਘ ਭੋਮਾ, ਕੰਵਰਪਾਲ ਸਿੰਘ ਬਿੱਟੂ ਦਲ ਖ਼ਾਲਸਾ, ਨਰੈਣ ਸਿੰਘ ਚੌੜਾ, ਪਰਮਜੀਤ ਸਿੰਘ ਸਹੋਲੀ, ਜਸਪਾਲ ਸਿੰਘ ਜਨਰਲ ਸਕੱਤਰ ਫੈਡਰੇਸ਼ਨ, ਹਰਪਾਲ ਸਿੰਘ ਚੀਮਾ, (ਸਕੱਤਰ ਜਨਰਲ, ਪੰਚ ਪ੍ਰਧਾਨੀ), ਰਾਜਵਿੰਦਰ ਸਿੰਘ ਰਾਜੂ (ਯੂਥ ਦਲ, ਪੰਚ ਪ੍ਰਧਾਨੀ), ਭਾਈ ਬਲਵੰਤ ਸਿੰਘ ਗੋਪਾਲਾ (ਯੂਥ ਦਲ, ਪੰਚ ਪ੍ਰਧਾਨੀ), ਦਰਸ਼ਨ ਸਿੰਘ ਘੋਲੀਆਂ, ਮਨਜੀਤ ਸਿੰਘ ਮਨਾਵਾਂ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,